ਸ਼ਹੀਦ ਭਾਈ ਤਾਰੂ ਸਿੰਘ ਜੀ 'ਤੇ ਵਿਸ਼ੇਸ ਲੇਖ
Published : Jul 17, 2024, 12:15 pm IST
Updated : Jul 17, 2024, 12:15 pm IST
SHARE ARTICLE
Shaheed Bhai Taru Singh Article
Shaheed Bhai Taru Singh Article

ਸ਼ਹੀਦ ਭਾਈ ਤਾਰੂ ਸਿੰਘ ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਈ. ਨੂੰ ਸੈਂਕੜੇ ਸਾਥੀਆਂ ਸਮੇਤ ਕਤਲ ਕਰ ਕੇ ਦਿੱਲੀ ਦੇ ਤਖ਼ਤ 'ਤੇ ਬਾਦਸ਼ਾਹ ਫ਼ਰੁਖ਼ਸੀਅਰ ਨੇ ਸਮਝ ਲਿਆ

ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਈ. ਨੂੰ ਸੈਂਕੜੇ ਸਾਥੀਆਂ ਸਮੇਤ ਕਤਲ ਕਰ ਕੇ ਦਿੱਲੀ ਦੇ ਤਖ਼ਤ ’ਤੇ ਉਸ ਸਮੇਂ ਦੇ ਬਾਦਸ਼ਾਹ ਫ਼ਰੁਖ਼ਸੀਅਰ ਨੇ ਸਮਝ ਲਿਆ ਕਿ ਉਸ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿਤਾ ਹੈ। ਦਲੇਰਿ-ਜੰਗ ਨੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਪਿੱਛੋਂ ਪੰਜ-ਛੇ ਸਾਲ ਬੜੀ ਸਖ਼ਤੀ ਕੀਤੀ ਪਰ ਪਿੱਛੋਂ ਜਾ ਕੇ ਆਯਾਸ਼ੀ ’ਚ ਪੈ ਗਿਆ ਜਿਸ ਕਾਰਨ ਸਖ਼ਤੀ ਦੇ ਦੌਰ ’ਚ ਢਿੱਲ ਆ ਗਈ। ਇਸ ਨਾਲ ਸਿੰਘ ਜੰਗਲਾਂ ਨੂੰ ਛੱਡ ਕੇ ਅਪਣੇ ਪਿੰਡਾਂ ਵਿਚ ਆ ਗਏ ਤੇ ਵਾਹੀ ਦੇ ਕੰਮ ਵਿਚ ਲੱਗ ਗਏ। ਇਸ ਢਿੱਲ ਕਾਰਨ ਲੁੱਟਾਂ-ਖੋਹਾਂ, ਡਾਕੇ, ਚੋਰੀਆਂ ’ਚ ਤੇਜ਼ੀ ਆ ਗਈ। ਜਦ ਇਸ ਦੀ ਖ਼ਬਰ ਦਿੱਲੀ ਪਹੁੰਚੀ ਤਾਂ ਉਸ ਨੂੰ ਲਾਹੌਰ ਤੋਂ ਮੁਲਤਾਨ ਬਦਲ ਦਿਤਾ ਗਿਆ ਤੇ ਉਸ ਦੇ ਪੁੱਤਰ ਜ਼ਕਰੀਆ ਖ਼ਾਨ ਨੂੰ ਕਸ਼ਮੀਰ ਤੋਂ ਲਾਹੌਰ ਲਿਆਂਦਾ ਗਿਆ।
ਜ਼ਕਰੀਆ ਖ਼ਾਨ ਨੇ ਗੱਦੀ ਸੰਭਾਲਦਿਆਂ ਹੀ ਸਿੱਖਾਂ ਨੂੰ ਖ਼ਤਮ ਕਰਨ ਦਾ ਮਨ ਬਣਾਇਆ। ਪਰ ਇਸ ਸਖ਼ਤੀ ਦੇ ਬਾਵਜੂਦ ਕਈ ਸਿੰਘ ਪਿੰਡਾਂ ਵਿਚ ਰਹਿੰਦੇ ਸਨ, ਜੋ ਰਾਹਗੀਰਾਂ ਨੂੰ ਲੰਗਰ ਛਕਾਉਂਦੇ ਸਨ। ਅਜਿਹੀਆਂ ਸ਼ਖ਼ਸੀਅਤਾਂ ’ਚ ਪੂਹਲਾ ਪਿੰਡ ਜੋ ਕਿ ਪਹਿਲਾਂ ਲਾਹੌਰ ਜ਼ਿਲ੍ਹੇ ਦੀ ਤਹਿਸੀਲ ਕਸੂਰ ਵਿਚ ਹੁੰਦਾ ਸੀ ਤੇ ਹੁਣ ਇਹ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ’ਚ ਹੈ, ਦੇ ਭਾਈ ਤਾਰੂ ਸਿੰਘ ਰਹਿੰਦੇ ਸਨ, ਜੋ ਕਿ ਛੋਟੇ ਜ਼ਿੰਮੀਦਾਰ ਸਨ। ਉਹ ਬਚਪਨ ਵਿਚ ਅੰਮ੍ਰਿਤਪਾਨ ਕਰ ਕੇ ਸਿੰਘ ਸੱਜ ਗਏ। ਉਨ੍ਹਾਂ ਦੇ ਪਿਤਾ ਭਾਈ ਜੋਧ ਸਿੰਘ ਸੂਬਾ ਸਰਹੰਦ ਦੀ ਫ਼ੌਜ ਨਾਲ ਲੜਦੇ ਹੋਏ ਮੁਕਤਸਰ ਸਾਹਿਬ ਦੀ ਲੜਾਈ ’ਚ ਸ਼ਹੀਦ ਹੋਏ ਸਨ। ਭਾਈ ਤਾਰੂ ਸਿੰਘ ਨੇ ਭਾਈ ਮਨੀ ਸਿੰਘ ਦੀ ਜਥੇਦਾਰੀ ’ਚ ਅੰਮ੍ਰਿਤ ਛਕਿਆ ਸੀ। ਉਨ੍ਹਾਂ ਦੇ ਘਰ ਤਿੰਨ ਜੀਅ ਸਨ। ਭਾਈ ਜੀ, ਮਾਤਾ ਜੀ ਤੇ ਉਨ੍ਹਾਂ ਦੀ ਛੋਟੀ ਭੈਣ ਬੀਬੀ ਤਾਰੋ ਜਿਸ ਦਾ ਪਤੀ ਸਵਰਗਵਾਸ ਹੋ ਚੁੱਕਾ ਸੀ ਤੇ ਉਹ ਅਪਣੇ ਪੇਕੇ ਹੀ ਰਹਿੰਦੀ ਸੀ।
ਇਹ ਸਾਰਾ ਪ੍ਰਵਾਰ ਲੰਗਰ ਤਿਆਰ ਕਰ ਕੇ ਲੋੜਵੰਦਾਂ ਨੂੰ ਛਕਾਉਂਦਾ ਸੀ। ਕਈ ਰਾਹਗੀਰ ਉਨ੍ਹਾਂ ਦੇ ਘਰ ਰਾਤ ਨੂੰ ਠਹਿਰ ਵੀ ਜਾਂਦੇ ਸਨ। ਉਨ੍ਹਾਂ ਦੇ ਦਰਵਾਜ਼ੇ ਬਿਨਾਂ ਭੇਦ-ਭਾਵ ਦੇ ਸਭ ਲਈ ਖੁੱਲ੍ਹੇ ਸਨ। ਪਿੰਡ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਵਾਲੇ ਇਸ ਗੁਰਸਿੱਖ ਪ੍ਰਵਾਰ ਨੂੰ ਪਿਆਰ ਕਰਦੇ ਸਨ। ਇਲਾਕੇ ’ਚ ਉਨ੍ਹਾਂ ਦਾ ਮਾਣ ਸਤਿਕਾਰ ਸੀ। ਇਹ ਪਿੰਡ ਲਾਹੌਰ ਤੋਂ ਕੋਈ 45 ਕਿਲੋਮੀਟਰ ਦੂਰ ਸੀ। ਲਾਹੌਰ ਵਿਚ ਜੋ ਕੁੱਝ ਵਾਪਰਦਾ ਸੀ, ਇਸ ਦੀ ਖ਼ਬਰ ਇਸ ਪਿੰਡ ’ਚ ਵੀ ਪਹੁੰਚ ਜਾਂਦੀ ਸੀ। ਇਥੋਂ ਹੀ ਜੰਗਲਾਂ ’ਚ ਰਹਿੰਦੇ ਸਿੰਘਾਂ ਨੂੰ ਲਾਹੌਰ ਦੀਆਂ ਖ਼ਬਰਾਂ ਪੁੱਜ ਜਾਂਦੀਆਂ ਸਨ।
1740 ਈ. ਵਿਚ ਮੱਸੇ ਰੰਘੜ ਦਾ ਕਤਲ ਦਰਬਾਰ ਸਾਹਿਬ ਅੰਮ੍ਰਿਤਸਰ ’ਚ ਹੋਇਆ। ਇਸ ਸਮੇਂ ਮੁਖ਼ਬਰਾਂ ਨੇ ਸਿੱਖਾਂ ਨੂੰ ਫੜਾਉਣ ’ਚ ਕੋਈ ਕਸਰ ਨਾ ਛੱਡੀ। ਪਰ ਕਿਸੇ ਨੇ ਭਾਈ ਤਾਰੂ ਸਿੰਘ ਬਾਰੇ ਜਾਣਕਾਰੀ ਨਾ ਦਿਤੀ ਕਿਉਂਕਿ ਮੁਸਲਮਾਨ ਵੀ ਉਸ ਨਾਲ ਪਿਆਰ ਕਰਦੇ ਸਨ। ਸਰਕਾਰ ਦੇ ਵਫ਼ਾਦਾਰਾਂ ’ਚ ਜੰਡਿਆਲਾ ਗੁਰੂ ਦਾ ਮੁਖ਼ਬਰ ਹਰ ਭਗਤ ਨਿਰੰਜਨੀਆ ਵੀ ਸੀ ਜੋ ਕਿ ਬਹੁਤ ਨਿਰਦਈ ਸੀ ਤੇ ਸਿੱਖਾਂ ਦਾ ਕੱਟੜ ਵੈਰੀ ਸੀ। ਇਸ ਨੇ ਜ਼ਕਰੀਆ ਖ਼ਾਨ ਨਾਲੋਂ ਵੀ ਵੱਧ ਅਤਿ ਚੁਕੀ ਹੋਈ ਸੀ। ਇਸ ਨੇ ਜ਼ਕਰੀਆ ਖ਼ਾਨ ਪਾਸ ਲਾਹੌਰ ਜਾ ਕੇ ਭਾਈ ਤਾਰੂ ਸਿੰਘ ਵਿਰੁਧ ਉਸ ਦੇ ਕੰਨ ਭਰੇ ਤੇ ਦੋਸ਼ ਲਾਇਆ ਕਿ ਇਸ ਪਾਸ ਸਰਕਾਰ ਦੇ ਵਿਦਰੋਹੀ ਸਿੰਘ ਰਾਤਾਂ ਕਟਦੇ ਹਨ। ਇਹ ਉਨ੍ਹਾਂ ਨੂੰ ਲੰਗਰ ਖੁਆਉਂਦਾ ਹੈ। ਸਿੰਘ ਬਾਹਰ ਇਸ ਦੇ ਖੇਤਾਂ ਵਿਚ ਠਹਿਰਦੇ ਹਨ। ਇਹ ਦਿਨੇ ਹਲ ਚਲਾਉਂਦਾ ਹੈ ਤੇ ਰਾਤ ਨੂੰ ਸੰਨ੍ਹਾਂ ਲਾਉਂਦਾ ਹੈ। ਆਪ ਮਾੜਾ ਖਾਂਦਾ ਹੈ ਪਰ ਸਿੰਘਾਂ ਨੂੰ ਵਧੀਆ ਅੰਨ ਪਾਣੀ ਛਕਾਉਂਦਾ ਹੈ ਤੇ ਕਪੜਾ ਲੀੜਾ ਵੀ ਦੇਂਦਾ ਹੈ। ਚੌਧਰੀ ਮੱਸੇ ਦਾ ਕਾਤਲ ਮਹਿਤਾਬ ਸਿੰਘ ਮੀਰਾਂਕੋਟ ਤੇ ਹੋਰ ਖ਼ਤਰਨਾਕ ਸਿੰਘ ਇਸ ਪਾਸ ਠਹਿਰਦੇ ਹਨ। ਇਹ ਤੁਹਾਨੂੰ ਕਤਲ ਕਰਨ ਦੀਆਂ ਵਿਉਂਤਾਂ ਬਣਾ ਰਹੇ ਹਨ। ਸਰਕਾਰ ਨੂੰ ਹੁਣ ਬੰਦੋਬਸਤ ਕਰਨਾ ਚਾਹੀਦੈ। ਇਸ ਤੋਂ ਪਹਿਲਾਂ ਕਿ ਉਹ ਕੋਈ ਕਾਰਾ ਕਰੇ, ਹੁਣੇ ਹੀ ਉਸ ਨੂੰ ਫੜ ਕੇ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਹੈ।
ਬਸ ਫਿਰ ਕੀ ਸੀ ਪੁਲੀਸ ਨੇ ਭਾਈ ਤਾਰੂ ਸਿੰਘ ਨੂੰ ਹੱਥਕੜੀਆਂ ਤੇ ਬੇੜੀਆਂ ਪਾ ਕੇ ਲਾਹੌਰ ਜ਼ਕਰੀਆ ਖ਼ਾਨ ਦੀ ਕਚਹਿਰੀ ’ਚ ਪੇਸ਼ ਕੀਤਾ ਤੇ ਅਪਣੀ ਜਾਨ ਬਚਾਉਣ ਲਈ ਇਸਲਾਮ ਕਬੂਲ ਕਰ ਲੈਣ ਲਈ ਕਿਹਾ। ਭਾਈ ਸਾਹਿਬ ਨੇ ਜਵਾਬ ਦਿਤਾ ਕਿ ਮੁਸਲਮਾਨ ਬਣ ਕੇ ਵੀ ਤਾਂ ਆਖ਼ਰ ਮਰਨਾ ਹੀ ਹੈ। ਇਹ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇਗੀ। ਜੋ ਜੀਅ ਆਵੇ ਤੂੰ ਉਸੇ ਤਰ੍ਹਾਂ ਕਰ ਲੈ। ਮੈਂ ਤੈਥੋਂ ਰਹਿਮ ਦੀ ਭੀਖ ਨਹੀਂ ਮੰਗਣੀ।
ਭਾਈ ਤਾਰੂ ਸਿੰਘ ਨੂੰ ਜ਼ਲਾਦਾਂ ਪਾਸੋਂ ਪਹਿਲਾਂ ਚਰਖੀ ਚੜ੍ਹਾਇਆ ਗਿਆ ਫਿਰ ਮੋਚੀ ਪਾਸੋਂ ਭਾਈ ਜੀ ਦੀ ਖੋਪਰੀ ਲੁਹਾਈ ਗਈ। ਕਚਹਿਰੀ ਦੇ ਦੁਆਲੇ ਡੂੰਘੀ ਖਾਈ ਸੀ, ਜਿੱਥੇ ਭਾਈ ਤਾਰੂ ਸਿੰਘ ਨੂੰ ਨੀਮ ਮੁਰਦਾ ਹਾਲਤ ਵਿਚ ਸੁਟਿਆ ਗਿਆ।
ਸਾਰੇ ਸ਼ਹਿਰ ਵਿਚ ਤੇ ਪਿੰਡਾਂ ’ਚ ਇਹ ਖ਼ਬਰ ਅੱਗ ਵਾਂਗ ਫੈਲ ਗਈ ਕਿ ਖ਼ਾਨ ਬਹਾਦਰ ਨੇ ਭਾਈ ਤਾਰੂ ਸਿੰਘ ਦੀ ਖੋਪਰੀ ਉਤਰਵਾ ਦਿਤੀ ਹੈ ਤੇ ਉਹ ਅਜੇ ਜੀਉਂਦਾ ਹੈ ਤੇ ਬਾਹਰ ਖਾਈ ਵਿਚ ਪਿਆ ਹੈ। ਇਹ ਦੁਖਦਾਈ ਖ਼ਬਰ ਜਦੋਂ ਲਾਹੌਰ ’ਚ ਰਹਿੰਦੇ ਰਾਮਗੜ੍ਹੀਆਂ ਨੂੰ ਮਿਲੀ ਤਾਂ ਉਹ ਜਰ ਨਾ ਸਕੇ। ਕਿਸੇ ਵਸੀਲੇ ਰਾਹੀਂ ਸਰਕਾਰੀ ਆਗਿਆ ਲੈ ਕੇ ਉਹ ਭਾਈ ਜੀ ਨੂੰ ਇਕ ਧਰਮਸ਼ਾਲਾ ’ਚ ਲੈ ਗਏ। ਜ਼ਕਰੀਆ ਖ਼ਾਨ ਦੇ ਡਰੋਂ ਕੋਈ ਵੀ ਹਕੀਮ ਜਾਂ ਡਾਕਟਰ ਇਲਾਜ ਕਰਨ ਲਈ ਨਾ ਮੰਨਿਆ। ਉਨ੍ਹਾਂ ਨੇ ਕੋਈ ਚਾਰਾ ਨਾ ਚਲਦਾ ਵੇਖ ਕੇ ਨਿੰਮ ਦੇ ਗਰਮ ਪਾਣੀ ਨਾਲ ਪਹਿਲਾ ਸਾਰੇ ਸਿਰ ਜੋ ਕਿ ਇਕ ਵੱਡੇ ਜ਼ਖ਼ਮ ਵਾਂਗ ਬਣ ਚੁੱਕਾ ਸੀ, ਨੂੰ ਧੋਤਾ ਤੇ ਫਿਰ ਕੜਾਹ ਬਣਾ ਕੇ ਕੋਸਾ ਕੋਸਾ ਭਾਈ ਜੀ ਦੇ ਸਿਰ ’ਤੇ ਬੰਨ੍ਹਣਾ ਸ਼ੁਰੂ ਕਰ ਦਿਤਾ। ਹੌਲੀ-ਹੌਲੀ ਭਾਈ ਸਾਹਿਬ ਹੋਸ਼ ਵਿਚ ਆਏ ਤੇ ਫਿਰ ਕਾਇਮ ਹੋਣ ਲੱਗੇ।
ਰੱਬ ਦੀ ਕਰਨੀ ਵੇਖੋ! ਉਸੇ ਰਾਤ ਜ਼ਕਰੀਆ ਖ਼ਾਨ ਨੂੰ ਪੇਸ਼ਾਬ ਦਾ ਬੰਨ੍ਹ ਪੈ ਗਿਆ। ਉਸ ਨੂੰ ਬੜੀ ਤਕਲੀਫ਼ ਹੋਣ ਲੱਗੀ। ਹਕੀਮ ਸੱਦੇ ਗਏ। ਜਦ ਕੋਈ ਫ਼ਰਕ ਨਾ ਪਿਆ ਤਾਂ ਮੌਲਵੀ ਮਲਾਣੇ, ਪੀਰ ਫ਼ਕੀਰ ਬੁਲਾਏ ਗਏ। ਤਵੀਤ ਬਣਾ ਕੇ ਗੱਲ ਪਾਏ ਗਏ ਪਰ ਫਿਰ ਵੀ ਉਸ ਦੀ ਤਕਲੀਫ਼ ਵਧਦੀ ਗਈ। ਉਸ ਦੀਆਂ ਹਾਏ ਹਾਏ ਦੀਆਂ ਆਵਾਜ਼ਾਂ ਦੂਰ ਤਕ ਸੁਣਾਈ ਦੇਣ ਲਗੀਆਂ। ਸਭ ਕਹਿਣ ਲੱਗੇ ਕਿ ਉਸ ਨੇ ਰੱਬ ਦੇ ਪਿਆਰੇ ਨਾਲ ਘੋਰ ਅਪਰਾਧ ਕੀਤਾ ਹੈ। ਜ਼ੁਲਮ ਵਾਲੀ ਅੱਤ ਕਰ ਦਿਤੀ ਹੈ। ਅਖ਼ੀਰ ਇਕ ਪ੍ਰਸਿੱਧ ਸਿੱਖ ਭਾਈ ਸੁਬੇਗ ਸਿੰਘ ਨੂੰ ਧਰਮਸ਼ਾਲਾ ਭੇਜਿਆ ਗਿਆ ਜਿੱਥੇ ਰਾਮਗੜ੍ਹੀਏ ਭਾਈ ਤਾਰੂ ਸਿੰਘ ਦਾ ਇਲਾਜ ਕਰ ਰਹੇ ਸਨ।
ਜਦ ਉਹ ਭਾਈ ਤਾਰੂ ਸਿੰਘ ਪਾਸ ਗਏ ਤਾਂ ਉਨ੍ਹਾਂ ਕਿਹਾ ਕਿ ਹੁਣ ਖ਼ਾਲਸਾ ਹੀ ਬਖ਼ਸ਼ ਸਕਦਾ ਹੈ। ਭਾਈ ਸੁਬੇਗ ਸਿੰਘ ਸਿੱਧੇ ਜੰਗਲ ਨੂੰ ਗਏ ਜਿਥੇ ਖ਼ਾਲਸਾ ਜੀ ਦਾ ਵੱਡਾ ਜਥਾ ਸ. ਕਪੂਰ ਸਿੰਘ ਦੀ ਅਗਵਾਈ ਵਿਚ ਡੇਰੇ ਲਾਈ ਬੈਠਾ ਸੀ। ਸ. ਕਪੂਰ ਸਿੰਘ ਤੇ ਕੱੁਝ ਬਜ਼ੁਰਗ ਸਿੰਘਾਂ ਨੇ ਕਿਹਾ ਪਿਸ਼ਾਬ ਦਾ ਬੰਨ੍ਹ ਟੁੱਟ ਸਕਦਾ ਹੈ ਜੇ ਭਾਈ ਸਾਹਿਬ ਦੀਆਂ ਜੁਤੀਆਂ ਖੜ ਕੇ ਸੂਬੇ ਦੇ ਸਿਰ ’ਚ ਮਾਰੀਆਂ ਜਾਣ। ਇਸ ਦੇ ਨਾਲ ਹੀ ਸ਼ਹੀਦ ਸਿੰਘਾਂ ਦੇ ਸਿਰਾਂ ਦੇ ਮੁਨਾਰੇ ਢਾਹ ਕੇ ਸਸਕਾਰ ਕੀਤਾ ਜਾਵੇ। ਬੰਦੀ ਸਿੰਘ ਛੱਡੇ ਜਾਣ, ਚਰਖੜੀਆਂ ਪਟਵਾਈਆਂ ਜਾਣ ਤੇ ਅੱਗੇ ਤੋਂ ਸਿੰਘਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ।
ਇੰਜ ਹੀ ਕੀਤਾ ਗਿਆ। ਭਾਈ ਸਾਹਿਬ ਦੀ ਜੁੱਤੀ ਖੜ ਕੇ ਜ਼ਕਰੀਆ ਖ਼ਾਨ ਦੇ ਸਿਰ ਮਾਰੀ ਗਈ ਜਿਸ ਨਾਲ ਪਿਸ਼ਾਬ ਦਾ ਬੰਨ੍ਹ ਟੁੱਟ ਗਿਆ। ਸਭ ਪਾਸੇ ਖ਼ੁਸ਼ੀਆਂ ਮਨਾਈਆਂ ਜਾਣ ਲਗੀਆਂ। ਸਿੰਘਾਂ ਦੇ ਸਿਰਾਂ ਦੇ ਮੁਨਾਰੇ ਢਾਹ ਕੇ ਸਸਕਾਰ ਕਰਵਾਏ ਗਏ। ਚਰਖੜੀਆਂ ਪੁਟਵਾਈਆਂ ਗਈਆਂ ਤੇ ਨਵਾਬ ਨੇ ਸਿੰਘਾਂ ਦੀਆਂ ਗ੍ਰਿਫ਼ਤਾਰੀਆਂ ਬੰਦ ਕਰਨ ਦਾ ਐਲਾਨ ਕੀਤਾ ਤੇ ਬੰਦੀ ਸਿੰਘ ਛੱਡੇ ਗਏ।
ਜ਼ਕਰੀਆ ਖ਼ਾਨ ਦੇ ਜਦ ਪਿਸ਼ਾਬ ਦਾ ਬੰਨ੍ਹ ਲਗਦਾ ਤਾਂ ਜੁੱਤੀ ਖਾਣ ਨਾਲ ਟੁੱਟ ਜਾਂਦਾ। ਇਸ ਤਰ੍ਹਾਂ 4 ਦਿਨ ਛਿੱਤਰ ਖਾਂਦਾ ਹੋਇਆ ਉਹ ਰੱਬ ਨੂੰ ਪਿਆਰਾ ਹੋ ਗਿਆ। ਜਦ ਭਾਈ ਤਾਰੂ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਮੇਰਾ ਸਮਾਂ ਵੀ ਹੁਣ ਆਣ ਪੁੱਜਾ ਹੈ। ਸਾਡਾ ਕੰਮ ਨਵਾਬ ਨੂੰ ਜੁੱਤੀਆਂ ਮਾਰ ਕੇ ਅੱਗੇ ਲਾਉਣਾ ਸੀ, ਉਹ ਪੂਰਾ ਹੋ ਗਿਆ। ਹੁਣ ਅਸੀਂ ਵੀ ਚਾਲੇ ਪਾਉਂਦੇ ਹਾਂ। ਇਸ ਤਰ੍ਹਾਂ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਂਦੇ ਹੋਏ ਭਾਈ ਤਾਰੂ ਸਿੰਘ ਦਿਨ ਸੋਮਵਾਰ ਪਹਿਲੀ ਸਾਵਣ ਸੰਮਤ 1802 ਬਿਕਰਮੀ ਮੁਤਾਬਕ ਪਹਿਲੀ ਜੁਲਾਈ ਸੰਨ 1745 ਈ. ਨੂੰ ਸ਼ਹੀਦੀ ਪਾ ਗਏ। ਉਨ੍ਹਾਂ ਦਾ ਸ਼ਹੀਦ ਗੰਜ ਲਾਹੌਰ ਰੇਲਵੇ ਸਟੇਸ਼ਨ ਕੋਲ ਲੰਡਾ ਬਜ਼ਾਰ ਵਿਚ ਸ਼ਹੀਦ ਗੰਜ ਸਿੰਘਣੀਆਂ ਦੇ ਲਾਗੇ ਹੀ ਹੈ ਜੋ ਕਿ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖ ਰਿਹਾ ਹੈ। ਭਾਈ ਸਾਹਿਬ ਦਾ ਸ਼ਹੀਦੀ ਦਿਹਾੜਾ ਸਾਰੇ ਸੰਸਾਰ ਵਿਚ ਬੜੀ ਸ਼ਰਧਾ ਮਨਾਇਆ ਜਾਂਦਾ ਹੈ।
ਮੋਬਾ : 93757-39812   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement