Rural Women: ਪੇਂਡੂ ਔਰਤਾਂ ਵਲੋਂ ਹੁਣ ਨਹੀਂ ਪਾਈਆਂ ਜਾਂਦੀਆਂ ਕੱਚੀਆਂ ਕੰਧਾਂ ’ਤੇ ਮੋਰਨੀਆਂ
Published : Sep 17, 2024, 7:49 am IST
Updated : Sep 17, 2024, 7:49 am IST
SHARE ARTICLE
Mornias on the mud walls are no longer used by rural women
Mornias on the mud walls are no longer used by rural women

Rural Women: ਫ਼ਰਸ਼ ਵੀ ਬਿਲਕੁਲ ਕੱਚੇ ਅਤੇ ਵਿਹੜੇ ਵੀ ਮਿੱਟੀ ਨਾਲ ਭਰੇ ਹੁੰਦੇ ਸਨ

 

Rural Women: ਜੇ ਅਸੀਂ ਆਜ਼ਾਦੀ ਤੋਂ ਪਹਿਲਾਂ ਜਾਂ ਆਜ਼ਾਦੀ ਦੇ ਇਕ ਦਿਹਾਕੇ ਬਾਅਦ ਵਾਲੇ ਪੰਜਾਬ ਦੀ ਗੱਲ ਕਰੀਏ ਤਾਂ ਉਸ ਸਮੇਂ ਪੰਜਾਬ ਦੇ ਪਿੰਡ ਵਿਕਾਸ ਦੇ ਪੱਖੋਂ ਬਹੁਤ ਪਛੜੇ ਹੋਏ ਸਨ। ਪਿੰਡਾਂ ਵਿਚ ਗ਼ਰੀਬੀ ਬੇਰੁਜ਼ਗਾਰੀ, ਕੱਚੀਆਂ ਸੜਕਾਂ ਅਤੇ ਲੋਕਾਂ ਦੇ ਕੱਚੇ ਘਰ ਸਨ। ਮੁਸ਼ਕਲ ਨਾਲ ਕਿਸੇ-ਕਿਸੇ ਦਾ ਘਰ ਪੱਕਾ ਦੇਖਣ ਨੂੰ ਮਿਲਦਾ ਸੀ। ਪਰ ਇਹ ਕੱਚੇ ਘਰਾਂ ਵਿਚ ਵੱਡੇ-ਵੱਡੇ ਟੱਬਰਾਂ ਦਾ ਵਸੇਬਾ ਹੁੰਦਾ ਸੀ।

ਪਿੰਡ ਵਿਚ ਲੋਕਾਂ ਦੇ ਕੱਚੇ ਘਰ ਹੋਣ ਦਾ ਕਾਰਨ ਵੀ ਉਨ੍ਹਾਂ ਦੀ ਆਰਥਕ ਸਥਿਤੀ ਦਾ ਕਮਜ਼ੋਰ ਹੋਣਾ ਸੀ। ਆਮਦਨ ਦੇ ਸਾਧਨ ਘੱਟ ਸਨ ਅਤੇ ਸਾਰਾ-ਸਾਰਾ ਟੱਬਰ ਬੜੀ ਮਿਹਨਤ ਕਰਦਾ ਸੀ ਤਾਂ ਪ੍ਰਵਾਰ ਦੀ ਰੋਟੀ ਤੁਰਦੀ ਸੀ। ਦੂਜੇ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਲੋਕਾਂ ਦਾ ਜੀਵਨ ਬਹੁਤਾ ਖੇਤੀ ਪਰ ਹੀ ਨਿਰਭਰ ਕਰਦਾ ਸੀ ਪਰ ਖੇਤੀ ਕੁਦਰਤ ਦੇ ਰਹਿਮ-ਕਰਮਾਂ ਪਰ ਨਿਰਭਰ ਕਰਦੀ ਸੀ। 

ਭਾਵੇਂ ਲੋਕਾਂ ਦਾ ਸਮਾਜਕ ਜੀਵਨ ਬਹੁਤ ਵਧੀਆ ਸੀ ਪਰ ਉਨ੍ਹਾਂ ਦਾ ਗੁਜ਼ਾਰਾ ਮਿੱਟੀ ਦੇ ਬਣੇ ਕੱਚੇ ਘਰਾਂ ਵਿਚ ਹੀ ਹੁੰਦਾ ਸੀ। ਇਹ ਕੱਚੇ ਘਰ ਮਿੱਟੀ ਦੀਆਂ ਦੀਵਾਰਾਂ ਵਾਲੇ ਅਤੇ ਛੱਤਾਂ ਘਾਹ ਫੂਸ ਵਾਲੀਆਂ ਜਾਂ ਸ਼ਤੀਰੀਆਂ ਅਤੇ ਬਾਲਿਆਂ ਵਾਲੀਆਂ ਹੁੰਦੀਆਂ ਸਨ।

ਫ਼ਰਸ਼ ਵੀ ਬਿਲਕੁਲ ਕੱਚੇ ਅਤੇ ਵਿਹੜੇ ਵੀ ਮਿੱਟੀ ਨਾਲ ਭਰੇ ਹੁੰਦੇ ਸਨ। ਪਰ ਇਨ੍ਹਾਂ ਮਿੱਟੀ ਦੇ ਕੱਚਿਆਂ ਘਰਾਂ ਨੇ ਪੇਂਡੂ ਔਰਤਾਂ ਨੂੰ ਕਲਾ ਨਿਪੁੰਨ ਬਣਾ ਦਿਤਾ ਸੀ। ਅਪਣੇ ਘਰਾਂ ਨੂੰ ਸਾਫ਼ ਅਤੇ ਸੁੰਦਰ ਰੱਖਣ ਦੇ ਮਨੋਰਥ ਨਾਲ ਉਹ ਔਰਤਾਂ ਬਾਹਰੋਂ ਮਿੱਟੀ ਲਿਆ ਕੇ ਅਪਣੇ ਘਰਾਂ ਦੀਆਂ ਕੰਧਾਂ ਅਤੇ ਫ਼ਰਸ਼ ਨੂੰ ਵਾਰ-ਵਾਰ ਲਿੱਪਦੀਆਂ ਰਹਿੰਦੀਆਂ ਸਨ। ਰੋਟੀ ਟੁਕ ਦਾ ਕੰਮ ਕਰਨ ਲਈ ਵੀ ਵਖਰੀਆਂ ਕੱਚੀਆਂ ਰਸੋਈਆਂ ਹੁੰਦੀਆਂ ਸਨ ਜਾਂ ਘਰ ਦੇ ਹੀ ਕਿਸੇ ਕੰਧ ਦੇ ਕੋਨੇ ਵਿਚ ਚੁੱਲ੍ਹਾ ਬਣਾ ਲਿਆ ਜਾਂਦਾ ਸੀ। ਘਰ ਭਾਵੇਂ ਕੱਚੇ ਸਨ ਪਰ ਔਰਤਾਂ ਵਿਚ ਦੂਜੇ ਘਰਾਂ ਦੇ ਮੁਕਾਬਲੇ ਅਪਣੇ ਘਰ ਨੂੰ ਸੋਹਣਾ ਬਣਾਉਣ ਜਾਂ ਚੰਗਾ ਦਿਖਾਉਣ ਦੀ ਭਾਵਨਾ ਬਹੁਤ ਪ੍ਰਬਲ ਸੀ।

ਇਹੀ ਕਾਰਨ ਸੀ ਕਿ ਇਸ ਭਾਵਨਾ ਨੇ ਪੇਂਡੂ ਔਰਤਾਂ ਨੂੰ ਪੰਜਾਬੀ ਵਿਰਾਸਤੀ ਕਲਾ ਨਾਲ ਜੋੜ ਦਿਤਾ ਅਤੇ ਔਰਤਾਂ ਅਪਣੇ-ਅਪਣੇ ਘਰਾਂ ਦੀਆਂ ਕੰਧਾਂ ਨੂੰ ਖ਼ੂਬ ਲਿਪ-ਪੋਚ ਕੇ ਰਖਦੀਆਂ ਅਤੇ ਕੁੱਝ ਔਰਤਾਂ ਤਾਂ ਕਲਾ ਵਿਚ ਇੰਨੀਆਂ ਮਾਹਰ ਸਨ ਕਿ ਉਹ ਕੰਧਾਂ ਨੂੰ ਚੰਗਾ ਦਰਸਾਉਣ ਲਈ ਪਾਂਡੂ ਨਾਲ ਲਿਪ ਕੇ ਖ਼ੂਬ ਮੁਲਾਇਮ ਜਿਹਾ ਬਣਾ ਲੈਂਦੀਆਂ ਅਤੇ ਉਨ੍ਹਾਂ ਪਰ ਵਧੀਆ-ਵਧੀਆ ਮੋਰਨੀਆਂ ਜਾਂ ਦੂਜੇ ਚਿੜੀਆਂ ਜਨੌਰਾਂ ਦੀਆਂ ਤਸਵੀਰਾਂ ਬਣਾ ਦੇਂਦੀਆਂ। ਕਮਾਲ ਦੀ ਗੱਲ ਤਾਂ ਇਹ ਹੁੰਦੀ ਸੀ ਕਿ ਪਿੰਡਾਂ ਦੀਆਂ ਅਨਪੜ੍ਹ ਔਰਤਾਂ ਵੀ ਇਸ ਕਲਾਂ ਵਿਚ ਇੰਨੀਆਂ ਪਰਪੱਕ ਸਨ ਕਿ ਉਨ੍ਹਾਂ ਵਲੋਂ ਬਣਾਏ ਇਹ ਕੰਧ ਚਿੱਤਰ ਬਹੁਤ ਹੀ ਮਨਮੋਹਕ ਹੁੰਦੇ ਸਨ। 

ਬਹੁਤ ਘਰਾਂ ਵਿਚ ਤਾਂ ਤ੍ਰਿਮਤਾ ਵਲੋਂ ਬਣਾਏ ਮਿੱਟੀ ਦੇ ਪੀੜੇ, ਜਿਹੜੇ ਕੇਵਲ ਮਿੱਟੀ ਅਤੇ ਕਾਨਿਆਂ ਦੀ ਮਦਦ ਨਾਲ ਬਣਾਏ ਹੁੰਦੇ ਸਨ, ਇੰਨੇ ਵਧੀਆ ਹੁੰਦੇ ਸਨ ਕਿ ਮਨ ਚਾਹੁੰਦਾ ਸੀ ਕਿ ਦੇਖਦੇ ਹੀ ਰਹੀਏ। ਉਨ੍ਹਾਂ ਨੂੰ ਰੰਗ ਕਰ ਕੇ ਹੋਰ ਵੀ ਸੁੰਦਰ ਬਣਾਇਆ ਜਾਂਦਾ ਸੀ। ਵੇਲ-ਬੂਟਿਆਂ, ਮੋਰਨੀਆਂ ਅਤੇ ਘੁੱਗੀਆਂ, ਚਿੜੀਆਂ ਨਾਲ ਚਿੱਤਰੀਆਂ ਇਹ ਕਲਾਂ ਕ੍ਰਿਤੀਆਂ ਹਰ ਇਕ ਲਈ ਖਿੱਚ ਦਾ ਕਾਰਨ ਬਣਦੀਆਂ ਸਨ। ਇਥੋਂ ਤਕ ਕਿ ਇਸ ਕਲਾਂ ਵਿਚ ਵੱਡੀ ਉਮਰ ਦੀਆਂ ਔਰਤਾਂ ਪ੍ਰਵਾਰਾਂ ਦੀਆਂ ਮੁਟਿਆਰਾਂ ਨੂੰ ਵੀ ਇਸ ਕੰਮ ਵਿਚ ਮਾਹਰ ਬਣਾ ਦੇਂਦੀਆਂ।

ਇਹ ਵੀ ਸਬੱਬ ਹੀ ਹੁੰਦਾ ਸੀ ਕਿ ਜਦੋਂ ਉਨ੍ਹਾਂ ਮੁਟਿਆਰਾਂ ਦਾ ਵਿਆਹ ਹੁੰਦਾ ਤਾਂ ਪ੍ਰਾਹੁਣਿਆਂ ਦੇ ਮੰਜੇ ਉਸ ਪੀੜੇ ਦੇ ਅੱਗੇ ਕਰ ਕੇ ਡਾਹੇ ਜਾਂਦੇ ਅਤੇ ਮਹਿਮਾਨ ਉਨ੍ਹਾਂ ਕਲਾਂ ਕਿਰਤੀਆਂ ਨੂੰ ਦੇਖਦੇ ਹੀ ਰਹਿੰਦੇ ਤਾਂ ਪ੍ਰੀਵਾਰ ਵਾਲੇ ਵੀ ਬੜੇ ਮਾਣ ਨਾਲ ਮਹਿਮਾਨਾਂ ਨੂੰ ਦਸਦੇ ਕਿ ਇਹ ਸੱਭ ਕੁੱਝ ਉਨ੍ਹਾਂ ਦੀ ਬੇਟੀ ਨੇ ਹੀ ਬਣਾਇਆ ਹੈ। ਅਜਿਹਾ ਕਰਨ ਨਾਲ ਜਿਥੇ ਕੱਚੀਆਂ ਕੰਧਾਂ ਸੁੰਦਰ ਲਗਦੀਆਂ ਉੱਥੇ ਹੀ ਪੇਂਡੂ ਔਰਤਾਂ ਵਿਚ ਹੁਨਰ ਸਿੱਖਣ ਦੀ ਭਾਵਨਾ ਜਾਗਦੀ ਅਤੇ ਖ਼ਾਸ ਕਰ ਕੇ ਮੁਟਿਆਰਾਂ ਅਪਣੇ ਸਹੁਰੇ ਘਰਾਂ ਵਿਚ ਜਾ ਕੇ ਵੀ ਅਪਣੇ ਇਸ ਹੁਨਰ ਦਾ ਵਿਖਾਰਾ ਕਰਦੀਆਂ।

ਇਥੇ ਹੀ ਬਸ ਨਹੀਂ, ਇਨ੍ਹਾਂ ਕੱਚੀਆਂ ਕੰਧਾਂ ਤੇ ਬਣੀਆਂ ਮੋਰਨੀਆਂ ਜਾਂ ਚਿੜੀਆਂ, ਘੁੱਗੀਆਂ ਨੂੰ ਦੇਖ, ਔਰਤਾਂ ਵਿਚ ਹੋਰ ਵੀ ਨਵੇਂ-ਨਵੇਂ ਉਤਸ਼ਾਹਤ ਹੁਨਰ ਘਰ ਕਰ ਜਾਂਦੇ। ਜਿਵੇਂ ਔਰਤਾਂ ਘਰਾਂ ਵਿਚ ਪਈ ਰੱਦੀ ਨੂੰ ਵਰਤੋਂ ਵਿਚ ਲਿਆ ਕੇ ਉਨ੍ਹਾਂ ਦੇ ਗੋਹੀਏ ਬਣਾ ਕੇ, ਰੰਗ ਬੰਨ ਕਰ ਕੇ ਕੰਧਾਂ ਪਰ ਲਟਕਾ ਦੇਂਦੀਆਂ ਜਿਸ ਨਾਲ ਕੰਧਾਂ ਦੀ ਸਜਾਵਟ ਹੀ ਨਹੀਂ ਸੀ ਬਣਦੀ ਸਗੋਂ ਉਹ ਗੋਹੀਏ, ਵਿਆਹਾਂ ਸ਼ਾਦੀਆਂ ਵਿਚ ਮਠਿਆਈਆਂ ਵੰਡਣ ਦੇ ਕੰਮ ਵੀ ਆਉਂਦੇ।

ਇਸ ਨਾਲ ਸਾਡਾ ਪੇਂਡੂ ਸਮਾਜਕ ਜੀਵਨ ਬਹੁਤ ਹੀ ਰੰਗੀਨ ਅਤੇ ਖ਼ੁਸ਼ਗਵਾਰ ਬਣ ਜਾਂਦਾ। ਭਾਵੇਂ ਕਿਸੇ ਵੀ ਕਲਾਂ ਲਈ ਮਨੁੱਖ ਵਿਚ ਕੁਦਰਤੀ ਗੁਣ ਹੁੰਦੇ ਹਨ ਪਰ ਜਦੋਂ ਮਨੁੱਖ ਸਮਾਜ ਵਿਚ ਵਿਚਰਦਾ ਹੈ ਤਾਂ ਅਪਣੇ ਆਲੇ-ਦੁਆਲੇ ਤੋਂ ਬੜਾ ਕੁੱਝ ਸਿੱਖਦਾ ਹੈ ਅਤੇ ਉਸ ਨੂੰ ਕੁੱਝ ਨਵਾਂ ਕਰਨ ਦਾ ਚਾਅ ਵੀ ਚੜ੍ਹਦਾ ਹੈ। ਇਹ ਹਾਲ ਹੁੰਦਾ ਸੀ ਸਾਡੇ ਪੰਜਾਬ ਦੀਆਂ ਉਨ੍ਹਾਂ ਪੇਂਡੂ ਪੰਜਾਬੀ ਔਰਤਾਂ ਦਾ ਜਿਨ੍ਹਾਂ ਨੂੰ ਸਭਿਆਚਾਰ ਅਤੇ ਆਪਣਾ ਵਿਰਸਾ ਸੰਭਾਲਣ ਦਾ ਚਾਅ ਚੜਿ੍ਹਆ ਰਹਿੰਦਾ ਸੀ।

ਉਨ੍ਹਾਂ ਦੀ ਸਮਝ ਹੀ ਕਮਾਲ ਦੀ ਸੀ ਕਿ ਉਹ ਰੰਗਦਾਰ ਪੀੜੇ ਨੂੰ ਤਾਂ ਘਰ ਦੇ ਭਾਂਡੇ ਆਦਿ ਰੱਖਣ ਦੇ ਲਈ ਵਰਤਦੀਆਂ ਸਨ ਪਰ ਉਸ ਪੀੜੇ ਦੇ ਹੇਠਾਂ ਮਿੱਟੀ ਦੇ ਹੀ ਭੜੋਲੇ ਬਣਾ ਲੈਂਦੀਆਂ ਸਨ ਜਿਨ੍ਹਾਂ ਵਿਚ ਪ੍ਰੀਵਾਰਾਂ ਲਈ ਸਾਰਾ ਸਾਲ ਵਰਤਣ ਲਈ ਖੰਡ, ਗੁੜ ਜਾਂ ਆਟਾ, ਛੋਲੇ ਆਦਿ ਭਰ ਲੈਂਦੀਆਂ ਸਨ। ਇਸ ਤਰ੍ਹਾਂ ਜਿਥੇ ਘਰ ਦੀ ਖ਼ੂਬਸੂਰਤੀ ਬਣਦੀ ਸੀ ਉਥੇ ਹੀ ਘਰਾਂ ਵਿਚ ਥਾਂ ਘੱਟ ਹੋਣ ਕਾਰਨ, ਥੋੜ੍ਹੀ-ਥੋੜ੍ਹੀ ਥਾਂ ਤੋਂ ਵੀ ਲਾਹਾ ਲਿਆ ਜਾਂਦਾ ਸੀ।

ਅੱਜ ਸਮਾਂ ਬਦਲਣ ਨਾਲ ਅਸੀਂ ਵਿਕਾਸ ਦੀ ਦੌੜ ਵਿਚ ਬਹੁਤ ਅੱਗੇ ਨਿਕਲ ਗਏ ਹਾਂ। ਕੱਚੀਆਂ ਕੰਧਾਂ ਅਤੇ ਕੱਚੇ ਘਰਾਂ ਦੇ ਖ਼ਤਮ ਹੋਣ ਤੇ ਪੱਕੀਆਂ ਸੀਮਿੰਟਿਡ ਕੋਠੀਆਂ ਬਣ ਗਈਆਂ ਹਨ ਤਾਂ ਕਿਸ ਨੇ ਲਿੱਪਣੀਆਂ ਹਨ ਕੱਚੀਆਂ ਕੰਧਾਂ, ਭੁੱਲ ਗਿਆ ਪਾਂਡੂ ਫੇਰਨਾ ਅਤੇ ਨਜ਼ਰ ਨਹੀਂ ਆਉਂਦੀਆਂ ਕੰਧਾਂ ਤੇ ਬਣੀਆਂ ਰੰਗਦਾਰ ਮੋਰਨੀਆਂ। ਇੰਝ ਲਗਦਾ ਹੈ ਜਿਵੇਂ ਸਾਡੀਆਂ ਪੇਂਡੂ ਪੰਜਾਬ ਦੀਆਂ ਔਰਤਾਂ ਸਾਡੇ ਪੰਜਾਬੀ ਸਭਿਆਚਾਰ ਅਤੇ ਨਿਵੇਕਲੇ ਵਿਰਸੇ ਤੋਂ ਕਿਤੇ ਬਹੁਤ ਦੂਰ ਚਲੀਆਂ ਗਈਆਂ ਹੋਣ। 

-ਬਹਾਦਰ ਸਿੰਘ ਗੋਸਲ,
ਮਕਾਨ ਨੰਬਰ 3098, ਸੈਕਟਰ 37-ਡੀ,
ਚੰਡੀਗੜ੍ਹ। 98764-52223 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Panchayat Election ਨੂੰ ਲੈ ਕੇ ਇੱਕ ਹੋਰ Big Update

11 Oct 2024 1:16 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM

ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਕਮਾਲ,,ਬਿਜਲੀ ਬਣਾਉਣ ਵਾਲਾ ਛੋਟਾ ਜਿਹਾ ਜੈਨਰੇਟਰ ਕੀਤਾ ਤਿਆਰ,

10 Oct 2024 1:17 PM

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM
Advertisement