
ਗੱਲ ਦਹਾਕਾ ਕੁ ਪੁਰਾਣੀ ਹੈ। ਇਕ ਦਿਨ ਸਕੂਲ ਵਿਚ ਖੜੇ-ਖੜੇ ਅਚਾਨਕ ਮੇਰੇ ਪੇਟ ਵਿਚ ਜ਼ਬਰਦਸਤ ਦਰਦ ਹੋਣ ਲੱਗਾ
ਗੱਲ ਦਹਾਕਾ ਕੁ ਪੁਰਾਣੀ ਹੈ। ਇਕ ਦਿਨ ਸਕੂਲ ਵਿਚ ਖੜੇ-ਖੜੇ ਅਚਾਨਕ ਮੇਰੇ ਪੇਟ ਵਿਚ ਜ਼ਬਰਦਸਤ ਦਰਦ ਹੋਣ ਲੱਗਾ। ਮੈਂ ਬੇਵਸ ਜਿਹਾ ਹੋ ਗਿਆ। ਮੇਰੇ ਕੋਲ ਖੜਾ ਕੁਲੀਗ ਮੈਨੂੰ ਸ਼ਹਿਰ ਦੇ ਇਕ ਨਾਮੀ ਹਸਪਤਾਲ ਲੈ ਗਿਆ। ਡਾਕਟਰ ਨੇ ਚੈੱਕਅਪ ਕੀਤਾ ਤਾਂ ਅਪੈਂਡਕਸ ਦੀ ਸ਼ਿਕਾਇਤ ਆਈ। ਡਾਕਟਰ ਨੇ ਕਿਹਾ ਕਿ ਆਪ੍ਰੇਸ਼ਨ ਕਰਨਾ ਪਵੇਗਾ। ਪਹਿਲਾਂ ਤਾਂ ਮੈਂ ਇਕਦਮ ਡਰ ਗਿਆ ਪਰ ਪਿੱਛੋਂ ਮੇਰੇ ਹਾਂ ਕਰਨ ਤੇ ਡਾਕਟਰ ਨੇ ਆਪ੍ਰੇਸ਼ਨ ਕਰ ਦਿਤਾ।
ਉਸ ਹਸਪਤਾਲ ਦੇ ਡਾਕਟਰ ਵਲੋਂ ਅੱਗੇ ਮਾਹਰ ਡਾਕਟਰ ਹਾਇਰ ਕੀਤੇ ਹੋਏ ਸਨ। ਜੋ ਵੱਖ-ਵੱਖ ਬੀਮਾਰੀਆਂ ਦੇ ਮਾਹਰ ਸਨ। ਮੇਰਾ ਅਪੈਂਡਕਸ ਦਾ ਆਪ੍ਰੇਸ਼ਨ ਵੀ ਸਾਡੇ ਸ਼ਹਿਰ ਦੇ ਸਿਵਲ ਹਸਪਤਾਲ ਤੋਂ ਰਿਟਾਇਰ ਇਕ ਡਾਕਟਰ ਨੇ ਕੀਤਾ। ਆਪ੍ਰੇਸ਼ਨ ਠੀਕ ਠਾਕ ਹੋ ਗਿਆ ਸੀ। ਆਪ੍ਰੇਸ਼ਨ ਦਾ ਜਿਉਂ-ਜਿਉਂ ਮੇਰੇ ਯਾਰਾਂ ਦੋਸਤਾ ਨੂੰ ਪਤਾ ਚਲਦਾ ਗਿਆ, ਉਹ ਮੇਰਾ ਪਤਾ ਲੈਣ ਲਈ ਹਸਪਤਾਲ ਆਉਣ ਲੱਗੇ। ਇਕ ਦਿਨ ਹਸਪਤਾਲ ਵਿਚ ਪਤਾ ਲੈਣ ਆਏ ਮੇਰੇ ਇਕ ਦੋਸਤ ਨਾਨਕ ਮਹਿਤਾ ਨੇ ਮੈਨੂੰ ਗੱਲਬਾਤ ਦੌਰਾਨ ਪੁੱਛ ਲਿਆ ਕਿ ''ਕੀ ਤੁਸੀ ਕੋਈ ਹੈਲਥ ਪਾਲਿਸੀ ਨਹੀਂ ਕਰਵਾਈ?'' ਉਸ ਦੇ ਕਹਿਣ ਤੇ ਮੈਨੂੰ ਯਾਦ ਆ ਗਿਆ ਕਿ ਕੁੱਝ ਸਮਾਂ ਪਹਿਲਾਂ ਮੇਰੇ ਇਕ ਜਾਣਕਾਰ ਨੇ ਮੇਰੀ ਇਕ ਹੈਲਥ ਪਾਲਿਸੀ ਕੀਤੀ ਸੀ।
ਬਸ ਫਿਰ ਕੀ ਸੀ, ਮੈਂ ਉਸ ਪਾਲਿਸੀ ਵਾਲਾ ਕਾਰਡ ਘਰੋਂ ਮੰਗਵਾ ਲਿਆ। ਡਾਕਟਰ ਨੂੰ ਕਾਰਡ ਵਿਖਾਇਆ ਤਾਂ ਡਾਕਟਰ ਨੇ ਹੈਲਥ ਪਾਲਿਸੀ ਬਾਰੇ ਕੰਪਨੀ ਨੂੰ ਮੇਲ ਪਾ ਕੇ ਪ੍ਰਵਾਨਗੀ ਲੈ ਲਈ। ਮੈਂ ਖ਼ੁਸ਼ ਹੋ ਗਿਆ ਕਿ ਹੁਣ ਮੇਰੇ ਇਲਾਜ ਦਾ ਕੋਈ ਪੈਸਾ ਨਹੀਂ ਲੱਗੇਗਾ। ਡਾਕਟਰ ਦੇ ਹਸਪਤਾਲ ਵਿਚਲੇ ਸਟੋਰ ਨੇ ਮੇਰੇ ਤੋਂ ਦਵਾਈ ਦੇ ਪੈਸੇ ਲੈਣੇ ਬੰਦ ਕਰ ਦਿਤੇ। ਬਸ ਪਰਚੀ ਵਿਖਾਉ ਤੇ ਦਵਾਈ ਲੈ ਆਉ।
ਮੈਨੂੰ ਲੱਗਾ ਕਿ ਹੈਲਥ ਪਾਲਿਸੀ ਦੇ ਤਾਂ ਫਾਇਦੇਮੰਦ ਹੀ ਬਹੁਤ ਹਨ, ਇਹ ਤਾਂ ਹਰ ਬੰਦੇ ਨੂੰ ਕਰਵਾਉਣੀ ਚਾਹੀਦੀ ਹੈ। ਚਲੋ ਖ਼ੈਰ! ਇਲਾਜ ਚਲਦਾ ਰਿਹਾ। ਮੈਨੂੰ ਕੀ ਪਤਾ ਸੀ ਕਿ ਇਹੀ ਹੈਲਥ ਪਾਲਿਸੀ ਮੇਰੇ ਲਈ ਮੁਸੀਬਤ ਵੀ ਬਣ ਸਕਦੀ ਹੈ। ਹਫ਼ਤੇ ਕੁ ਦੇ ਵਕਫ਼ੇ ਮਗਰੋਂ ਮੇਰੀ ਸਿਹਤ ਵਿਚ ਸੁਧਾਰ ਹੋ ਗਿਆ ਤੇ ਮੈਂ ਡਾਕਟਰ ਕੋਲ ਹਸਪਤਾਲ ਵਿਚੋਂ ਘਰ ਜਾਣ ਵਾਸਤੇ ਛੁੱਟੀ ਮੰਗੀ। ਮੈਨੂੰ ਜਾਪਣ ਲੱਗਾ ਕਿ ਮੈਂ ਬਿਲਕੁਲ ਤੁਰ ਫਿਰ ਸਕਦਾ ਹਾਂ। ਇਸ ਲਈ ਮੈਨੂੰ ਛੁੱਟੀ ਲੈ ਕੇ ਘਰ ਚਲੇ ਜਾਣਾ ਚਾਹੀਦਾ ਹੈ ਤਾਕਿ ਜਲਦੀ ਠੀਕ ਹੋ ਜਾਵਾਂ ਕਿਉਂਕਿ ਹਸਪਤਾਲ ਵਿਚ ਮੇਰਾ ਦਿਲ ਅੱਕ ਚੁੱਕਾ ਸੀ।
File photo
ਪਰ ਡਾਕਟਰ ਛੁੱਟੀ ਦੇਣ ਤੋਂ ਇਨਕਾਰ ਕਰ ਰਿਹਾ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਡਾਕਟਰ ਛੁੱਟੀ ਕਿਉਂ ਨਹੀਂ ਦੇ ਰਿਹਾ। ਇਸੇ ਦੌਰਾਨ ਇਕ ਦਿਨ ਮੈਂ ਹਸਪਤਾਲ ਦੇ ਕਮਰੇ ਤੋਂ ਬਾਹਰ ਬੈਠ ਕੇ ਧੁੱਪ ਸੇਕ ਰਿਹਾ ਸਾਂ ਤਾਂ ਅਪਣੇ ਕੋਲ ਬੈਠੇ ਇਕ ਮਰੀਜ਼ ਨੂੰ ਪੁਛਿਆ ਕਿ, ''ਤੁਹਾਨੂੰ ਕੀ ਤਕਲੀਫ਼ ਹੈ?'' ਤਾਂ ਉਸ ਨੇ ਦਸਿਆ ਕਿ ''ਮੇਰੇ ਪੇਟ ਵਿਚ ਕੱਲ ਥੋੜਾ ਦਰਦ ਹੋਇਆ ਸੀ ਜੋ ਹੁਣ ਬਿਲਕੁੱਲ ਠੀਕ ਹੈ। ਪਰ ਡਾਕਟਰ ਮੈਨੂੰ ਛੁੱਟੀ ਨਹੀਂ ਦੇ ਰਿਹਾ। ਕਾਰਨ ਪੁਛਿਆ ਤਾਂ ਉਸ ਨੇ ਦਸਿਆ ਕਿ ਇਹ ਡਾਕਟਰ ਹੈਲਥ ਪਾਲਿਸੀ ਵਾਲੇ ਮਰੀਜ਼ ਨੂੰ ਜਲਦੀ ਛੁੱਟੀ ਨਹੀਂ ਦਿੰਦਾ।
ਸਗੋਂ ਪਾਲਸੀ ਦੀ ਰਾਸ਼ੀ ਪੂਰੀ ਹੋਣ ਉਤੇ ਹੀ ਘਰ ਭੇਜਦਾ ਹੈ। ਮੇਰੀ ਵੀ ਮਿੱਲ ਮਾਲਕਾਂ ਨੇ ਹੈਲਥ ਪਾਲਸੀ ਕਰਵਾਈ ਹੋਈ ਹੈ। ਬੱਸ ਫਿਰ ਕੀ ਸੀ। ਮੈਨੂੰ ਸਮਝ ਆ ਗਈ ਕਿ ਡਾਕਟਰ ਮੈਨੂੰ ਇਸੇ ਕਰ ਕੇ ਛੁੱਟੀ ਨਹੀਂ ਦੇ ਰਿਹਾ।'' ਇਲਾਜ ਦੌਰਾਨ ਡਾਕਟਰ ਵਲੋਂ ਮੇਰੇ ਕਈ ਟੈਸਟ ਅਜਿਹੇ ਕਰ ਦਿਤੇ ਗਏ, ਜਿਨ੍ਹਾਂ ਦੀ ਬਿਲਕੁੱਲ ਲੋੜ ਨਹੀਂ ਸੀ। ਸਿਰਫ਼ ਇਸ ਕਰ ਕੇ ਕਿ ਬੀਮਾ ਕੰਪਨੀ ਤੋਂ ਬੀਮੇ ਦੇ ਹੋਰ ਪੈਸੇ ਵਸੂਲੇ ਜਾ ਸਕਣ। ਪਰ ਪਤਾ ਲੱਗਣ ਉਤੇ ਜਦੋਂ ਮੈਂ ਛੁੱਟੀ ਲਈ ਜ਼ਿਆਦਾ ਜ਼ਿੱਦ ਕਰਨ ਲੱਗਾ ਤਾਂ ਡਾਕਟਰ ਕਹਿਣ ਲੱਗਾ ਕਿ ਇਕ ਆਖ਼ਰੀ ਟੈਸਟ ਹੈ, ਉਹ ਕਰਨ ਤੋਂ ਬਾਦ ਛੁੱਟੀ ਕਰ ਦਿੰਦੇ ਹਾਂ।
ਡਾਕਟਰ ਨੇ ਮੈਨੂੰ ਸੀਟੀ ਸਕੈਨ ਕਰਵਾਉਣ ਲਈ ਆਖਿਆ ਜਿਸ ਦਾ ਮੇਰੀ ਬਿਮਾਰੀ ਨਾਲ ਕੋਈ ਸਰੋਕਾਰ ਨਹੀਂ ਸੀ। ਪਰ ਮੈਨੂੰ ਡਾਕਟਰ ਦੀ ਗੱਲ ਸਮਝਣ ਵਿਚ ਦੇਰ ਨਾ ਲੱਗੀ ਕਿਉਂਕਿ ਮੇਰੀ ਬੀਮਾ ਪਾਲਸੀ ਇਕ ਲੱਖ ਦੀ ਸੀ ਤੇ 10 ਹਜ਼ਾਰ ਹਾਲੇ ਪਾਲਸੀ ਵਿਚੋਂ ਰਹਿੰਦੇ ਸੀ। ਮੈਂ ਹੈਰਾਨ ਰਹਿ ਗਿਆ ਜਦੋਂ ਡਾਕਟਰ ਨੇ 95 ਹਜ਼ਾਰ ਦਾ ਬਿੱਲ ਤਿਆਰ ਕਰ ਕੇ ਮੇਰੇ ਹਸਤਾਖ਼ਰ ਕਰਵਾਏ। ਉਹ ਆਪ੍ਰੇਸ਼ਨ ਜਿਸ ਤੇ 15-20 ਹਜ਼ਾਰ ਖ਼ਰਚ ਆਉਂਦਾ ਸੀ, ਡਾਕਟਰ ਨੇ ਬੀਮਾ ਕੰਪਨੀ ਤੋਂ ਉਸ ਦਾ 95 ਹਜ਼ਾਰ ਵਸੂਲਿਆ ਤਾਂ ਜਾ ਕੇ ਮੈਨੂੰ ਹਸਪਤਾਲ ਤੋਂ ਛੁੱਟੀ ਮਿਲੀ।
ਹਸਪਤਾਲ ਤੋਂ ਘਰ ਆÀੁਂਦੇ ਵਕਤ ਮੈਂ ਸੋਚ ਰਿਹਾ ਸਾਂ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਹਨ ਜਾਂ ਫਿਰ... ਜੋ ਬਿਨਾਂ ਵਜ੍ਹਾ ਬੀਮਾ ਕੰਪਨੀਆ ਨਾਲ ਤਾਂ ਧੋਖਾ ਕਰਦੇ ਹੀ ਹਨ, ਨਾਲ ਹੀ ਅਪਣੇ ਲਾਲਚ ਵਿਚ ਮਰੀਜ਼ਾਂ ਦੇ ਬੇਲੋੜੇ ਟੈਸਟ ਕਰ ਕੇ ਉਨ੍ਹਾਂ ਦੀ ਸਿਹਤ ਨਾਲ ਵੀ ਖਿਲਵਾੜ ਕਰਦੇ ਹਨ। ਉਸ ਦਿਨ ਸਮਝ ਆਈ ਕਿ ਡਾਕਟਰਾਂ ਦਾ ਇਕ ਰੂਪ ਇਹ ਵੀ ਹੁੰਦਾ ਹੈ।
ਸੰਪਰਕ : 70095-29004