ਪਹਾੜਾਂ ਦੀ ਰਾਣੀ ਮਨਾਲੀ
Published : Apr 18, 2021, 8:27 am IST
Updated : Apr 18, 2021, 8:27 am IST
SHARE ARTICLE
Manali
Manali

ਰਾਤ ਸਮੇਂ ਮਨਾਲੀ ਦੇ ਮਾਲ ਰੋਡ ਦੀ ਉਚਾਈ ਤੋਂ ਸਾਰਾ ਸ਼ਹਿਰ ਕਿਸੇ ਸੱਜ-ਵਿਆਹੀ ਦੁਲਹਨ ਵਾਂਗ ਸਜਿਆ ਪ੍ਰਤੀਤ ਹੁੰਦਾ ਹੈ।

ਮਨਾਲੀ ਸ਼ਹਿਰ ਦਿੱਲੀ-ਲੇਹ ਨੈਸ਼ਨਲ ਹਾਈਵੇ ’ਤੇ ਖ਼ੂਬਸੂਰਤ ਤੇ ਦਿਲਕਸ਼ ਪਹਾੜੀਆਂ ’ਚ ਬਿਆਸ ਦਰਿਆ ਦੇ ਇਰਦ-ਗਿਰਦ ਵਸਿਆ ਹੋਇਆ ਹੈ। ਇਥੇ ਪਹੁੰਚਣ ਲਈ ਨੇੜਲਾ ਏਅਰਪੋਰਟ ਭੂੰਤਰ ਵਿਖੇ ਹੈ ਜਿਥੇ ਮਣੀਕਰਨ ਵਾਲੇ ਪਾਸਿਉਂ ਠਾਠਾਂ ਮਾਰਦੀ ਆਉਂਦੀ ਪਾਰਬਤੀ ਨਦੀ ਅਤੇ ਮਨਾਲੀ ਵਲੋਂ ਸ਼ਾਂਤ ਵਗਦੇ ਬਿਆਸ ਦਰਿਆ ਦਾ ਸੰਗਮ ਹੁੰਦਾ ਹੈ। ਇਸ ਥਾਂ ਨੂੰ ਵੇਖ ਕੇ ਮਨ ਰੁਮਾਂਚਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਇਸ ਸੰਗਮ ਵਾਲੇ ਸਥਾਨ ’ਤੇ ਹੀ ਰਿਵਰ-ਰਾਫ਼ਟਿੰਗ ਦਾ ਸਫ਼ਰ ਵੀ ਸਮਾਪਤ ਹੁੰਦਾ ਹੈ, ਜਿਥੇ ਵੱਡੀਆਂ-ਵੱਡੀਆਂ ਕਿਸ਼ਤੀਆਂ ਆ ਕੇ ਰੁਕਦੀਆਂ ਹਨ ਅਤੇ ਮੁੜ ਉਨ੍ਹਾਂ ਕਿਸ਼ਤੀਆਂ ਨੂੰ ਗੱਡੀਆਂ ਉਪਰ ਲੱਦ ਕੇ ਰਿਵਰ-ਰਾਫ਼ਟਿੰਗ ਦੇ ਸ਼ੁਰੂਆਤੀ ਪੁਆਇੰਟ ’ਤੇ ਲਿਜਾਇਆ ਜਾਂਦਾ ਹੈ। ਸੀਜ਼ਨ ਦੌਰਾਨ ਇਹ ਸਿਲਸਿਲਾ ਲਗਾਤਾਰ ਚਲਦਾ ਰਹਿੰਦਾ ਹੈ ਤੇ ਰਿਵਰ-ਰਾਫ਼ਟਿੰਗ ਕਰਨ ਦੇ ਸ਼ੌਕੀਨ ਸੈਲਾਨੀ ਇਸ ਦਾ ਪੂਰਾ ਲੁਤਫ਼ ਉਠਾਉਂਦੇ ਹਨ। 

Snowfall in Rohtang ManaliManali

ਰੇਲ ਗੱਡੀ ਰਾਹੀਂ ਜੋਗਿੰਦਰ ਨਗਰ ਤਕ ਪਹੁੰਚਿਆ ਜਾ ਸਕਦਾ ਹੈ ਜੋ ਕਿ ਮਨਾਲੀ ਤੋਂ 135 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ, ਜਿਥੋਂ ਅੱਗੇ ਜਾਣ ਲਈ ਟੈਕਸੀਆਂ ਤੇ ਬਸਾਂ ਆਮ ਮਿਲ ਜਾਂਦੀਆਂ ਹਨ। ਕੀਰਤਪੁਰ ਸਾਹਿਬ ਵਿਖੇ ਆਨੰਦੁਪਰ ਸਾਹਿਬ ਵਾਲੀ ਸੜਕ ਛੱਡ ਕੇ ਸੱਜੇ ਹੱਥ ਮੁੜ ਕੇ ਸੁੰਦਰਨਗਰ, ਮੰਡੀ ਹੁੰਦੇ ਹੋਏ ਸਿੱਧਾ ਹਾਈਵੇਅ ਕੁੱਲੂ-ਮਨਾਲੀ ਹੀ ਜਾਂਦਾ ਹੈ, ਜਿਥੇ ਸੜਕ ਦੇ ਇਕ ਪਾਸੇ ਵੱਡੇ-ਵੱਡੇ ਪਹਾੜ ਤੇ ਦੂਜੇ ਪਾਸੇ ਬਿਆਸ ਦਰਿਆ ਸੜਕ ਦੇ ਨਾਲ-ਨਾਲ ਵਗਦਾ ਹੈ। ਸੈਲਾਨੀ ਇਥੇ ਅਪਣੇ ਸਮੇਂ ਤੇ ਸ਼ੌਕ ਅਨੁਸਾਰ ਇਸੇ ਰਸਤੇ ਵਾਪਸ ਆ ਸਕਦੇ ਹਨ ਅਤੇ ਜਾਂ ਫਿਰ ਵਾਪਸੀ ਸਮੇਂ ਮੰਡੀ ਤੋਂ ਸੱਜੇ ਹੱਥ ਟਰੇਨ ਲੈ ਕੇ ਪਾਲਮਪੁਰ ਰਾਹੀਂ ਕਾਂਗੜੇ, ਧਰਮਸ਼ਾਲਾ ਹੁੰਦੇ ਹੋਏ ਮੈਕਲੌਡ ਗੰਜ ਵਿਖੇ ਵੀ ਜਾ ਸਕਦੇ ਹਨ ਅਤੇ ਊਨੇ ਰਾਹੀਂ ਵਾਪਸੀ ਕਰ ਸਕਦੇ ਹਨ।

manaliManali

ਮਨਾਲੀ ਦੇ ਰਸਤੇ ਵਿਚ ਰਿਵਰ-ਰਾਫ਼ਟਿੰਗ ਪੁਆਇੰਟ, ਪਿਕਨਿਕ ਸਪਾਟ, ਮਨਾਲੀ ਦਾ ਮਾਲ ਰੋਡ ਆਦਿ ਰਮਣੀਕ ਥਾਵਾਂ ’ਤੇ ਰੁਕ-ਰੁਕ ਕੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਿਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਕੈਮਰੇ ’ਚ ਕੈਦ ਕਰਨਾ ਕਦੇ ਨਾ ਭੁੱਲੋ। ਸੜਕ ਕਿਨਾਰੇ ਆਸਮਾਨ ਛੂੰਹਦੇ ਦੇਵਦਾਰ ਦੇ ਦਰਖ਼ਤਾਂ ਨੂੰ ਵੇਖਦਿਆਂ ਲਗਦਾ ਹੈ ਜਿਵੇਂ ਇਹ ਸੈਲਾਨੀਆਂ ਦਾ ਬਾਹਵਾਂ ਫੈਲਾ ਕੇ ਸਵਾਗਤ ਕਰ ਰਹੇ ਹੋਣ। ਪਿਕਨਿਕ ਸਪਾਟ ਵਿਖੇ ਨਦੀਉਂ ਪਾਰ ਵਾਲੇ ਪਾਸੇ ਸੇਬਾਂ ਦੇ ਵੱਡੇ-ਵੱਡੇ ਹਰੇ-ਭਰੇ ਬਾਗ਼ ਵੇਖ ਕੇ ਮਨ ਉਥੇ ਦਾ ਹੀ ਹੋ ਕੇ ਰਹਿ ਜਾਂਦਾ ਹੈ।  ਚੰਡੀਗੜ੍ਹ ਤੋਂ ਕਰੀਬ 315 ਕਿਲੋਮੀਟਰ ਪੈਂਦੇ ਮਨਾਲੀ ਵਿਖੇ ਸੇਬਾਂ, ਆਲੂ ਬੁਖ਼ਾਰਿਆਂ ਤੇ ਨਾਸ਼ਪਾਤੀਆਂ ਦੇ ਬਾਗ ਉਥੋਂ ਦੇ ਵਸਨੀਕਾਂ ਦੀ ਆਮਦਨ ਦਾ ਵੱਡਾ ਸਰੋਤ ਹਨ। ਇਸ ਤੋਂ ਇਲਾਵਾ ਟੂਰਿਜ਼ਮ ਤਾਂ ਸਾਰੇ ਹਿਮਾਚਲ ਦੀ ਆਤਮ ਨਿਰਭਰਤਾ ਦਾ ਸਰੋਤ ਹੈ। ਕਸ਼ਮੀਰ ਘਾਟੀ ’ਚ ਅਤਿਵਾਦ ਦੇ ਪ੍ਰਭਾਵ ਵਧਣ ਤੋਂ ਬਾਅਦ ਮਨਾਲੀ ਦੀਆਂ ਵਾਦੀਆਂ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਗਈਆਂ।

Manali Snowfall Manali Snowfall

ਗਰਮੀਆਂ ਦੀਆਂ ਛੁੱਟੀਆਂ ’ਚ ਇਥੇ ਸੜਕਾਂ ’ਤੇ ਵੱਡੇ-ਵੱਡੇ ਜਾਮ ਲੱਗੇ ਰਹਿੰਦੇ ਹਨ ਅਤੇ ਹੋਟਲਾਂ ਦੇ ਕਮਰਿਆਂ ਦੀ ਬੁਕਿੰਗ ਵੀ ਫ਼ੁਲ ਹੁੰਦੀ ਹੈ। ਇਸ ਲਈ ਆਫ਼ ਸੀਜ਼ਨ ’ਚ ਇਥੇ ਘੁੰਮਣ ਦਾ ਜ਼ਿਆਦਾ ਆਨੰਦ ਲਿਆ ਜਾ ਸਕਦਾ ਹੈ ਤੇ ਟੂਰ ਸਸਤਾ ਵੀ ਪੈਂਦਾ ਹੈ। ਇਥੇ ਹਰ ਬਜਟ ਦੇ ਹਿਸਾਬ ਨਾਲ ਬਹੁਤ ਸੋਹਣੀਆਂ ਲੋਕੇਸ਼ਨਾਂ ’ਤੇ ਹੋਟਲ ਬਣੇ ਹੋਏ ਹਨ, ਜਿਥੋਂ ਬਾਹਰ ਤਕਦਿਆਂ ਇਥੋਂ ਦੇ ਨਜ਼ਾਰੇ ਕਿਸੇ ਹੋਰ ਹੀ ਦੁਨੀਆਂ ਦੀ ਬਾਤ ਪਾਉਂਦੇ ਹਨ। ਨਦੀ ਕਿਨਾਰੇ ਬਣੇ ਹੋਟਲਾਂ ਦੇ ਕਮਰਿਆਂ ’ਚੋਂ ਨਦੀ ਤੇ ਪਹਾੜਾਂ ਦਾ ਦਿਲਕਸ਼ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। ਇਸ ਤੋਂ ਇਲਾਵਾ ਇਥੇ ਰਹਿਣ ਲਈ ਅਪਣੇ ਬਜਟ ਦੇ ਹਿਸਾਬ ਨਾਲ ਕਾਟੇਜ, ਹੱਟ ਅਤੇ ਕੈਂਪ (ਟੈਂਟ ਹਾਊਸ) ਦੀ ਸਹੂਲਤ ਵੀ ਉਪਲਬਧ ਹੈ। ਰਸਤੇ ’ਚ ਆਉਂਦੇ ਸੁੰਦਰਨਗਰ ਸ਼ਹਿਰ ਵਿਚਲੀ ਝੀਲ ਪਲਾਂ ’ਚ ਸਾਰਾ ਥਕੇਵਾਂ ਲਾਹ ਦਿੰਦੀ ਹੈ। ਭੂੰਤਰ ਤੋਂ ਸੱਜੇ ਹੱਥ 35 ਕੁ ਕਿਲੋਮੀਟਰ ਲਿੰਕ ਰੋਡ ਦੀ ਡਰਾਈਵ ’ਤੇ ਗੁਰਦਵਾਰਾ ਮਣੀਕਰਨ ਸਾਹਿਬ ਸੁਸ਼ੋਭਿਤ ਹੈ।

ManaliManali

ਇਥੇ ਆਉਣ ਵਾਲੇ ਸੈਲਾਨੀ ਗੁਰਦਵਾਰਾ ਸਾਹਿਬ ਦੇ ਦਰਸ਼ਨ ਵੀ ਜ਼ਰੂਰ ਕਰਦੇ ਹਨ। ਇਹ ਛੋਟੀ ਸੜਕ ਪਾਰਬਤੀ ਨਦੀ ਨੇ ਨਾਲ-ਨਾਲ ਜਾਂਦੀ ਹੈ। ਪਾਰਬਤੀ ਨਦੀ ਦਾ ਸ਼ੋਰ ਕਿਸੇ ਡਿਸਕੋ ’ਚ ਚਲਦੇ  ਸੰਗੀਤ ਦਾ ਭੁਲੇਖਾ ਪਾਉਂਦਾ ਹੈ। ਰਾਤ ਸਮੇਂ ਮਨਾਲੀ ਦੇ ਮਾਲ ਰੋਡ ਦੀ ਉਚਾਈ ਤੋਂ ਸਾਰਾ ਸ਼ਹਿਰ ਕਿਸੇ ਸੱਜ-ਵਿਆਹੀ ਦੁਲਹਨ ਵਾਂਗ ਸਜਿਆ ਪ੍ਰਤੀਤ ਹੁੰਦਾ ਹੈ। ਇੰਝ ਲਗਦਾ ਹੈ ਜਿਵੇਂ ਅਸਮਾਨ ਵਿਚਲੇ ਤਾਰੇ ਤੇ ਪਹਾੜੀ ਘਰਾਂ ’ਚ ਬਲ ਰਹੀਆਂ ਲਾਈਟਾਂ ਦੀ ਰੌਸ਼ਨੀ ਇਕ ਜਗ੍ਹਾ ’ਤੇ ਜਾ ਕੇ ਇਕ-ਮਿਕ ਹੋ ਗਏ ਹੋਣ। ਉਥੋਂ ਦੇ ਸਥਾਨਕ ਲੋਕ ਸੈਲਾਨੀਆਂ ਦੀ ਆਉ-ਭਗਤ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ। ਇਥੇ ਬਹੁਤ ਸਾਰੇ ਮੰਦਰ ਅਤੇ ਮੱਠ ਹਨ। ਦੂਰੋਂ-ਦੂਰੋਂ ਪਹੁੰਚੇ ਸੈਲਾਨੀਆਂ ਨੂੰ ਇਥੇ ਅਸੀਮ ਆਤਮਕ ਸ਼ਾਂਤੀ ਮਿਲਦੀ ਹੈ।

Manali Heavy SnowfallManali 

ਸਵੇਰੇ-ਸਵੇਰੇ ਨਦੀ ਕਿਨਾਰੇ ਚਲਦੇ ਠੰਢੀ ਹਵਾ ਦੇ ਬੁੱਲ੍ਹੇ ਫ਼ਿਜ਼ਾਵਾਂ ’ਚ ਸੰਗੀਤ ਘੋਲ ਦਿੰਦੇ ਹਨ, ਜੋ ਚਿਰਾਂ ਤਕ ਚੇਤਿਆਂ ’ਚ ਵਸੇ ਰਹਿੰਦੇ ਹਨ। ਸੁਵਖਤੇ ਚਲਦੀ ਤੇਜ਼ ਠੰਢੀ ਹਵਾ ਦੇ ਝੋਕੇ ਸਰੀਰ ’ਚ ਕੰਬਣੀ ਛੇੜ ਦਿੰਦੇ ਹਨ। ਕੋਈ ਇਸ ਨੂੰ ਦੇਵ ਭੂਮੀ, ਕੋਈ ਮਲਿਕਾ-ਏ-ਹੁਸਨ ਤੇ ਕੋਈ ਪਹਾੜਾਂ ਦੀ ਰਾਣੀ ਕਹਿ ਕੇ ਸੰਬੋਧਨ ਕਰਦਾ ਹੈ। ਹਾਈਵੇਅ ਦੇ ਨਾਲ-ਨਾਲ ਨਾਗ ਵੱਲ ਖਾਂਦੇ ਬਿਆਸ ਦਰਿਆ ਨੂੰ ਵੇਖ ਕੇ ਲਗਦਾ ਹੈ ਜਿਵੇਂ ਕਿਸੇ ਹਸੀਨ ਕੁੜੀ ਦੀਆਂ ਜ਼ੁਲਫ਼ਾਂ ਅਠਖੇਲੀਆਂ ਕਰਦੀਆਂ ਹੋਣ।
ਮਨਾਲੀ ਦੇ ਮਾਲ ਰੋਡ ’ਤੇ ਅੰਗਰੇਜ਼ਾਂ ਦੇ ਸਮੇਂ ਦੀਆਂ ਬਣੀਆਂ ਦੁਕਾਨਾਂ ਦਾ ਨਜ਼ਾਰਾ ਵੀ ਰਾਤ ਸਮੇਂ ਵੇਖਣਯੋਗ ਹੈ। ਟਕੈਕਿੰਗ ਕਰਨ ਦੇ ਸ਼ੌਕੀਨਾਂ ਲਈ ਇਥੇ ਕਈ ਬਦਲ ਹਨ। ਗਰਮੀਆਂ ਦੇ ਮੌਸਮ ’ਚ ਇਥੇ ਭਾਰਤੀ ਤੇ ਵਿਦੇਸ਼ੀ ਸੈਲਾਨੀਆਂ ਦਾ ਤਾਂਤਾ ਲਗਿਆ ਰਹਿੰਦਾ ਹੈ। ਅੰਗਰੇਜ਼ਾਂ ਦਾ ਅੱਜ ਵੀ ਇਹ ਪਸੰਦੀਦਾ ਸਥਾਨ ਹੈ। ਘੁੰਮਣ-ਫਿਰਨ ਦੇ ਸ਼ੌਕੀਨਾਂ ਲਈ ਮਨਾਲੀ ਦੇ ਨਾਂ ਦੀ ਖਾਸ ਮਹੱਹਤਾ ਹੈ, ਇਸ ਲਈ ਮਨਾਲੀ ਨੂੰ ਪਹਾੜਾਂ ਦੀ ਰਾਣੀ ਵੀ ਕਿਹਾ ਜਾਂਦਾ  ਹੈ। ਕੁੱਲੂ ਹੁੰਦੇ ਹੋਏ ਮਨਾਲੀ ਤੋਂ ਅੱਗੇ ਰੋਹਤਾਂਗ ਪਾਸ ਅਤੇ ਸੋਲਾਂਗ ਵਾਦੀ ਵੀ ਵੇਖਣਯੋਗ ਸਥਾਨ ਹਨ, ਜਿਹੜੇ ਪੈਰਾਗਲਾਡਿੰਗ ਵਰਗੇ ਐਡਵੈਂਚਰਾਂ ਲਈ ਵਿਸ਼ਵ ਪ੍ਰਸਿਧ ਹਨ ।
ਅਮਰਬੀਰ ਸਿੰਘ ਚੀਮਾ, ਸੰਪਰਕ :98889-40211

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement