
ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਸਾਹਿਬ ਨੇ ਅਪਣੀ ਜ਼ਿੰਦਗੀ ਦੇ ਬਹੁਮੁੱਲੇ ਕਈ ਸਾਲ ਲਗਾ ਕੇ ਇਸ ਬਾਗ਼ ਨੂੰ ਸਿੰਜਿਆ ਸੀ।
ਅੱਜ ਕਿਹੋ ਜਹੇ ਹਾਲਾਤ ਹਨ ਸਿੱਖ ਪੰਥ, ਸਿੱਖ ਧਰਮ ਤੇ ਸਿੱਖ ਕੌਮ ਦੇ ਰਹਿਬਰਾਂ ਦੇ? ਕੀ ਇਹ ਤ੍ਰਾਸਦੀ ਨਹੀਂ ਕਿ ਸਿੱਖ ਧਰਮ ਜੋ ਦੁਨੀਆਂ ਦੇ ਮੁੱਖ ਧਰਮਾਂ ਖ਼ਾਸ ਕਰ ਕੇ ਭਾਰਤ ਦੇ ਪੁਰਾਤਨ ਧਰਮਾਂ 'ਚ ਸੱਭ ਤੋਂ ਨਵੀਨ ਧਰਮ ਹੈ ਤੇ ਜੋ ਪੂਰੀ ਤਰ੍ਹਾਂ ਵਿਗਿਆਨਕ ਹੋਣ ਦੇ ਬਾਵਜੂਦ, ਇਹ ਪੂਰੀ ਤਰ੍ਹਾਂ ਪ੍ਰਫੁੱਲਤ ਨਹੀਂ ਹੋ ਸਕਿਆ। ਸਿੱਖ ਧਰਮ ਵਿਚ ਰੂੜੀਵਾਦੀ ਕਰਮ ਕਾਂਡਾਂ, ਵਹਿਮਾਂ-ਭਰਮਾਂ ਨੂੰ ਕੋਈ ਥਾਂ ਨਹੀਂ ਦਿਤੀ ਗਈ ਤੇ ਸ਼ੁੱਧ ਸਾਫ਼ ਤੇ ਸਾਦੀ ਜੀਵਨਸ਼ੈਲੀ ਨੂੰ ਸਤਿਕਾਰ ਦਿਤਾ ਗਿਆ ਹੈ, ਜਿਸ ਵਿਚ ਊਚ-ਨੀਚ, ਛੂਤ-ਛਾਤ ਤੇ ਵੱਡੇ-ਛੋਟੇ ਦਾ ਕੋਈ ਵਿਤਕਰਾ ਨਹੀਂ, ਜਿਸ ਵਿਚ ਅਮੀਰ-ਗ਼ਰੀਬ ਸੱਭ ਨੂੰ ਇਕੋ ਜਿਹਾ ਉਪਦੇਸ਼ ਹੈ, ਜਿਸ ਵਿਚ ਆਤਮਾ ਤੇ ਪ੍ਰਮਾਤਮਾ ਦੇ ਮਿਲਾਪ ਦਾ ਸੁਖੈਨ ਰਸਤਾ ਵਿਖਾਇਆ ਗਿਆ ਹੈ।
Sikh
ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਸਾਹਿਬ ਨੇ ਅਪਣੀ ਜ਼ਿੰਦਗੀ ਦੇ ਬਹੁਮੁੱਲੇ ਕਈ ਸਾਲ ਲਗਾ ਕੇ ਇਸ ਬਾਗ਼ ਨੂੰ ਸਿੰਜਿਆ ਸੀ। ਪੂਰੀ ਦੁਨੀਆਂ ਵਿਚ ਘੁੰਮ ਕੇ ਪ੍ਰਚਾਰ ਕੀਤਾ ਸੀ ਤੇ ਸੱਚ ਦਾ ਉਪਦੇਸ਼ ਦਿਤਾ ਸੀ। ਰੂੜੀਵਾਦੀ ਸੋਚ ਨੂੰ ਤਿਆਗਣ ਤੇ ਨਵੀਂ ਸੋਚ ਦੇ ਢੰਗ ਨਾਲ ਜੀਵਨ ਦਾ ਸੰਦੇਸ਼ ਦਿਤਾ ਸੀ ਅਤੇ ਇਕ ਵਖਰੀ ਕਿਸਮ ਦਾ ਬਾਗ਼ ਲਗਾਇਆ ਸੀ ਤੇ ਉਸ ਦੀ ਖ਼ੁਸ਼ਬੂ ਦੁਨੀਆਂ ਵਿਚ ਫੈਲਾਈ ਸੀ। ਉਹ ਬਾਗ਼ ਅੱਜ ਇਸ ਦੇ ਮਾਲੀਆਂ ਤੇ ਰਾਖਿਆਂ ਹੱਥੋਂ ਹੀ ਉਜੜ ਰਿਹਾ ਹੈ।
ਇਸ ਉਜਾੜੇ ਦੇ ਵਰਤਾਰੇ ਨੂੰ ਵੇਖ ਕੇ ਅੱਜ ਸੱਚੇ ਸੁੱਚੇ ਗੁਰਸਿੱਖ ਦੁਖੀ ਹਨ। ਸਿੱਖ ਕੌਮ ਦੀ ਵਾਗਡੋਰ ਅੱਜ ਉਨ੍ਹਾਂ ਦੇ ਹੱਥਾਂ ਵਿਚ ਹੈ ਜੋ ਪਰਾਏ ਹੱਥਾਂ ਵਿਚ ਖੇਡ ਰਹੇ ਹਨ। ਜੇ ਕੋਈ ਸੱਚਾ ਸੁੱਚਾ ਹਿਤੈਸ਼ੀ ਇਸ ਵਿਰੁਧ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਕੌਮ ਦਾ ਤੇ ਧਰਮ ਦਾ ਦੁਸ਼ਮਣ ਗਰਦਾਨ ਕੇ ਬਦਨਾਮ ਕੀਤਾ ਜਾ ਰਿਹਾ ਹੈ। ਧਰਮ ਦੇ ਠੇਕੇਦਾਰ, ਜਥੇਦਾਰ ਉਨ੍ਹਾਂ ਨੂੰ ਸਿੱਖ ਧਰਮ ਵਿਚੋਂ ਛੇਕੀ ਜਾ ਰਹੇ ਹਨ।
Guru Granth sahib ji
ਬਾਗ਼ ਦਿਨ-ਬ-ਦਿਨ ਉਜੜਦਾ ਤੇ ਸੁਕਦਾ ਜਾ ਰਿਹਾ ਹੈ। ਪਰ ਸਾਡੀ ਸਿੱਖ ਕੌਮ ਦੇ ਰਹਿਬਰਾਂ ਨੇ ਅਪਣੇ ਚਿਹਰਿਆਂ 'ਤੇ ਪੱਥਰ ਦੀਆਂ ਅੱਖਾਂ ਲਗਾ ਰਖੀਆਂ ਹਨ ਤੇ ਕੰਨਾਂ ਵਿਚ ਰੂੰ ਦੇ ਬੁੱਜੇ ਠੂਸ ਰੱਖੇ ਹਨ। ਉਹ ਬ੍ਰਾਹਮਣਵਾਦੀ ਡੇਰੇਦਾਰਾਂ ਦੇ ਬੋਹੜ ਦੇ ਰੁੱਖ ਹੇਠ ਬੈਠ ਕੇ ਐਸ਼ ਕਰ ਰਹੇ ਹਨ। ਇਉਂ ਗੁਰੂ ਸਾਹਿਬਾਨ ਦੀ ਵਿਗਿਆਨਕ ਤੇ ਸੱਚੀ ਸੁੱਚੀ ਸੋਚ ਨੂੰ ਮੁੜ ਬ੍ਰਾਹਮਣਵਾਦੀ ਸੋਚ ਦੇ ਜੱਫੇ ਵਿਚ ਭੇਜਣ ਨੂੰ ਤਤਪਰ ਦਿਸ ਰਹੇ ਹਨ। ਇਹ ਧਾਰਮਕ ਤੇ ਸਿਆਸੀ ਨੇਤਾ ਭੰਬਲਭੂਸੇ ਵਾਲੀ ਫਿੰਸੀ ਨੂੰ ਖ਼ਤਮ ਕਰਨ ਦੀ ਨਹੀਂ ਸੋਚਦੇ, ਸਗੋਂ ਉਸ ਨੂੰ ਨਾਸੂਰ ਬਣਦਾ ਵੇਖਣਾ ਚਾਹੁੰਦੇ ਹਨ।
ਇਨ੍ਹਾਂ ਵਿਚ ਸੱਭ ਤੋਂ ਨਿੱਗਰ ਰੋਲ ਸਾਡੇ ਤਖ਼ਤਾਂ 'ਤੇ ਬਿਰਾਜਮਾਨ ਡੇਰੇਦਾਰਾਂ ਤੇ ਸਿਆਸੀ ਆਗੂਆਂ ਵਲੋਂ ਥੋਪੇ ਜਾਂਦੇ 'ਜਥੇਦਾਰ' ਸਹਿਬਾਨ ਨਿਭਾਅ ਰਹੇ ਹਨ। ਇਨ੍ਹਾਂ ਉਤੇ ਬ੍ਰਾਹਮਣਵਾਦੀ ਸੋਚ ਦਾ ਬੋਹੜ ਪੂਰੀ ਤਰ੍ਹਾਂ ਛਾਇਆ ਹੋਇਆ ਹੈ ਤੇ ਇਸ ਬੋਹੜ ਨੂੰ ਪਾਣੀ ਸਾਡੇ ਸਿੱਖ ਪ੍ਰਚਾਰਕ ਤੇ ਸਿੱਖ ਆਗੂ ਪਾ ਰਹੇ ਹਨ। ਕਹਿੰਦੇ ਹਨ ਕਿ ਜਿਸ ਫੁਲਵਾੜੀ ਉਤੇ ਬੋਹੜ ਦੇ ਰੁੱਖ ਦੀ ਛਾਂ ਹੋਵੇ, ਉਹ ਕਦੇ ਵੀ ਵੱਧ-ਫੁਲ ਨਹੀਂ ਸਕਦੀ। ਇਹੀ ਹਾਲਤ ਹੋ ਚੁੱਕੀ ਹੈ ਅੱਜ ਸਿੱਖ ਪੰਥ ਦੀ। 550 ਸਾਲਾਂ ਤੋਂ ਬ੍ਰਾਹਮਣਵਾਦੀ ਡੇਰੇਦਾਰ ਤੇ ਕਿਸੇ ਹੱਦ ਤਕ ਮੁਸਲਮਾਨ ਲਾਬੀਆਂ, ਅਪਣੇ ਮਕਸਦ ਲਈ ਇਸ ਨੂੰ ਵਰਤਣ ਲਈ ਜੂਝਦੀਆਂ ਆ ਰਹੀਆਂ ਸਨ,
Joginder Singh
ਉਹ ਮਕਸਦ ਸਿੱਖ ਕੌਮ ਦੇ ਆਗੂਆਂ ਵਲੋਂ ਪੂਰਾ ਕਰਵਾਇਆ ਜਾ ਰਿਹਾ ਹੈ। ਇਹ ਲਾਬੀਆਂ ਸਿੱਖ ਇਤਿਹਾਸ ਤੇ ਗੁਰਇਤਿਹਾਸ ਵਿਚ ਲਗਾਤਾਰ ਘੁਸਪੈਠ ਕਰਦੀਆਂ ਜਾ ਰਹੀਆਂ ਹਨ ਅਤੇ ਕਿਸੇ ਹੱਦ ਤਕ ਸਫ਼ਲ ਵੀ ਹੋ ਰਹੀਆਂ ਹਨ। ਤਖ਼ਤਾਂ ਦੇ ਜਥੇਦਾਰਾਂ ਦੀ ਹਾਲਤ ਇਹ ਹੈ ਕਿ ਇਹ ਜਥੇਦਾਰ ਵੀ ਪੂਰੀ ਤਰ੍ਹਾਂ ਨਿਰਪੱਖ ਨਹੀਂ ਰਹੇ। ਇਨ੍ਹਾਂ ਦਾ ਹਰ ਫ਼ੈਸਲਾ ਪਾਰਟੀ ਦੇ ਪ੍ਰਧਾਨ, ਡੇਰੇਦਾਰਾਂ ਦੀ ਸਰਕਾਰ ਜਾਂ ਇਕ ਤਕੜੇ ਮਜ਼ਬੂਤ ਧੜੇ ਦੀ ਸਲਾਹ ਲੈ ਕੇ ਹੁੰਦਾ ਹੈ ਜਿਸ ਵਿਚ ਉਨ੍ਹਾਂ ਦਾ ਕੋਈ ਲਾਭ ਛੁਪਿਆ ਹੋਵੇ, ਜਿਵੇਂ ਪ੍ਰੋਫ਼ੈਸਰ ਦਰਸ਼ਨ ਸਿੰਘ, ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਸ. ਜੋਗਿੰਦਰ ਸਿੰਘ ਬਾਨੀ ਸੰਪਾਦਕ ਸਪੋਕਸਮੈਨ ਨੂੰ ਪੰਥ ਵਿਚੋਂ ਛੇਕੇ ਜਾਣ ਦਾ। ਇਸ ਤੋਂ ਬਾਅਦ ਸੌਦਾ ਸਾਧ ਜਾਂ ਫਿਰ ਨਾਨਕਸ਼ਾਹੀ ਕੈਲੰਡਰ ਦਾ ਫ਼ੈਸਲਾ ਲਿਆ ਤੇ ਫਿਰ ਵਾਪਸ ਵੀ ਲੈ ਲਿਆ।
ਸਿਰਫ਼ ਵਿਦਵਾਨਾਂ ਵਿਰੁਧ ਲਏ ਫ਼ੈਸਲੇ ਬਰਕਰਾਰ ਰੱਖੇ ਜਾਂਦੇ ਹਨ। ਅੱਜ ਬੜੇ ਅਫ਼ਸੋਸ ਦੀ ਗੱਲ ਹੈ ਕਿ ਉਪਰੋਕਤ ਸਿੱਖ ਵਿਰੋਧੀ ਲਾਬੀਆਂ ਤੇ ਕੁੱਝ ਕੁ ਲਾਲਚੀ ਤੇ ਮੌਕਾਪ੍ਰਸਤ ਲੀਡਰਾਂ ਅਤੇ ਵਿਕੇ ਹੋਏ ਸਿੱਖ ਵਿਦਵਾਨਾਂ ਦੇ ਜ਼ੋਰ ਕਾਰਨ ਸਾਡੀ ਸਿੱਖ ਧਰਮ ਦੀ ਸਿਰਮੌਰ ਲੀਡਰਸ਼ਿਪ, ਧਾਰਮਕ ਅਤੇ ਸਿਆਸੀ ਆਗੂਆਂ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਹਿੰਮਤ ਨਹੀਂ ਕਰ ਸਕਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜ਼ਬਰਦਸਤੀ ਘੁਸੇੜੀ ਗਈ ਰਾਗ ਮਾਲਾ ਹੀ ਗੁਰੂ ਗ੍ਰੰਥ ਸਾਹਿਬ ਵਿਚੋਂ ਕੱਢ ਸਕਣ ਦੀ ਹਿੰਮਤ ਕਰ ਸਕਣ।
Sri Guru Granth Sahib Ji
ਇਨ੍ਹਾਂ ਡੇਰੇਦਾਰਾਂ ਤੇ ਆਰ.ਐਸ.ਐਸ. ਦੀ ਸਿੱਖ ਵਿਰੋਧੀ ਰਾਸ਼ਟਰੀ ਸਿੱਖ ਸੰਗਤ ਵਲੋਂ ਅੱਖਾਂ ਵਿਖਾਉਣ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਕ ਹੁਕਮਨਾਮਾ ਜਾਰੀ ਕਰ ਦਿਤਾ ਕਿ ਰਾਗ ਮਾਲਾ ਗੁਰਬਾਣੀ ਹੈ ਜਾਂ ਨਹੀਂ ਇਸ ਨੂੰ ਪੜ੍ਹੋ ਜਾਂ ਨਾ ਪੜ੍ਹੋ ਪਰ ਇਸ ਰਾਗ ਮਾਲਾ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਕੱਢਣ ਜਾਂ ਗੁਰੂ ਗ੍ਰੰਥ ਸਾਹਿਬ ਰਾਗ ਮਾਲਾ ਰਹਿਤ ਛਾਪਣ ਦੀ ਕੋਈ ਵੀ ਪ੍ਰਕਾਸ਼ਕ ਹਿੰਮਤ ਨਾ ਕਰੇ। ਇਸ ਹੁਕਮਨਾਮੇ ਪਿੱਛੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ, ਨਿਹੰਗ ਸਿੰਘਾਂ ਦੇ ਕੁੱਝ ਲੀਡਰ ਡੇਰੇਦਾਰ ਤੇ ਇਨ੍ਹਾਂ ਨੂੰ ਪਾਲਣ ਪੋਸਣ ਵਾਲੀ ਆਰ.ਐਸ.ਐਸ. ਦਾ ਹੱਥ ਸਾਫ਼ ਵਿਖਾਈ ਦਿੰਦਾ ਹੈ।
ਸਿੱਖ ਕੌਮ ਵਿਚ ਇਹ ਇਕ ਅਦਿਖ ਫੰਦਾ ਹੈ। ਜਦੋਂ ਵੀ ਸਿੱਖ ਸੰਸਥਾਵਾਂ ਇਸ ਰਾਗ ਮਾਲਾ ਨੂੰ ਕੱਢਣ ਲਈ ਆਵਾਜ਼ ਲਗਾਉਂਦੇ ਹਨ ਤਾਂ ਆਰ.ਐਸ.ਐਸ. ਇਸ ਫੰਦੇ ਨੂੰ ਖਿਚਵਾ ਕੇ ਆਵਾਜ਼ ਨੂੰ ਬੰਦ ਕਰਵਾ ਦਿੰਦੀ ਹੈ। ਸਿੱਖ ਲੀਡਰਸ਼ਿਪ ਨੂੰ ਡਰ ਲਗਾ ਰਹਿੰਦਾ ਹੈ ਕਿ ਜੇ ਆਰ.ਐਸ.ਐਸ. ਤੇ ਡੇਰੇਦਾਰ ਨਾਰਾਜ਼ ਹੋ ਗਏ ਤਾਂ ਚੋਣਾਂ ਵਿਚ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪੈ ਸਕਦਾ ਹੈ। ਇਸ ਲਈ ਉਹ ਵੀ ਸਿੱਖ ਪੰਥ ਜਾਂ ਸਿੱਖ ਧਰਮ ਦਾ ਭਲਾ ਕਰਨ ਦੀ ਗੱਲ ਘੱਟ ਹੀ ਸੋਚਦੇ ਹਨ।
Sikh
ਮੈਂ ਅੱਜ 82 ਸਾਲ ਦਾ ਹੋ ਗਿਆ ਹਾਂ ਪਰ ਅੱਜ ਤਕ ਰਾਗ ਮਾਲਾ ਦੇ ਗੁਰਮਤਿ ਅਨੁਸਾਰ ਅਰਥ ਨਹੀਂ ਲੱਭ ਸਕਿਆ। ਇਸ ਵਿਚ ਗੁਰਮਤਿ ਦਾ ਕਿਹੜਾ ਗੂਹੜ ਗਿਆਨ ਭਰਿਆ ਹੋਇਆ ਹੈ? ਇਸ ਲਈ ਅੱਜ ਇਸ ਲੇਖ ਰਾਹੀਂ ਮੈਂ ਸਿੱਖ ਪੰਥ ਦੇ ਦੁਨੀਆਂ ਭਰ ਵਿਚ ਫੈਲੇ ਰਾਗ ਮਾਲਾ ਦੇ ਉਪਾਸਕਾਂ ਨੂੰ ਸਨਿਮਰ ਸੱਦਾ ਦਿੰਦਾ ਹਾਂ ਕਿ ਕੋਈ ਵੀ ਵਿਦਵਾਨ ਇਸ ਰਾਗ ਮਾਲਾ ਨੂੰ ਗੁਰਬਾਣੀ ਸਮਝਣ ਤੇ ਸਮਝਾਉਣ ਵਾਲਾ ਅਰਥ ਕਰ ਕੇ ਵਿਖਾਏ, ਮੈਂ ਉਸ ਨੂੰ ਪੰਜ ਹਜ਼ਾਰ ਰੁਪਏ ਇਨਾਮ ਦਿਆਂਗਾ ਪਰ ਸ਼ਰਤ ਇਹ ਹੋਵੇਗੀ ਕਿ ਇਸ ਦੇ ਅਰਥ ਉਵੇਂ ਹੀ ਹੋਣੇ ਚਾਹੀਦੇ ਹਨ ਜਿਵੇਂ ਜਪੁਜੀ ਸਾਹਿਬ ਤੋਂ ਲੈ ਕੇ ਤਨੁ ਮਨੁ ਥੀਵੇ ਹਰਿਆ ਦੇ ਅਰਥ ਕੀਤੇ ਜਾਂਦੇ ਹਨ।
ਸ਼ਰਤ ਇਹ ਵੀ ਹੋਵੇਗੀ ਕਿ ਰਾਗ ਮਾਲਾ ਦੇ ਅਰਥ ਕਰਨ ਵੇਲੇ ਇਹ ਵੀ ਦਸਣਾ ਹੋਵੇਗਾ ਕਿ ਇਹ ਜਿਸ ਇਤਿਹਾਸ ਜਾਂ ਮਿਥਿਹਾਸ ਦਾ ਵਰਨਣ ਹੈ, ਉਸ ਦਾ ਪਿਛੋਕੜ ਜਿਸ ਲਈ ਇਹ ਰਚਨਾ ਲਿਖੀ ਗਈ ਤੇ ਫਿਰ ਗੁਰੂ ਗ੍ਰੰਥ ਸਾਹਿਬ ਵਿਚ ਕਿਸ ਗੁਰੂ ਨੇ ਸ਼ਾਮਲ ਕੀਤੀ? ਇਹ ਜ਼ਿਕਰ ਵੀ ਹੋਣਾ ਜ਼ਰੂਰੀ ਹੋਵੇਗਾ ਕਿ ਕੀ ਇਸ ਰਾਗ ਮਾਲਾ ਵਿਚ ਕਿਸ ਪਰਮਾਰਥ ਦੀ ਗੱਲ ਕੀਤੀ ਗਈ ਹੈ? ਕੀ ਇਸ ਵਿਚ ਆਤਮਾ ਤੇ ਪ੍ਰਮਾਤਮਾ ਦੇ ਮਿਲਾਪ ਦੀ ਤਾਂਘ ਹੈ ਜਿਸ ਦਾ ਝਲਕਾਰਾ ਇਸ ਰਾਗ ਮਾਲਾ ਵਿਚ ਪੈਂਦਾ ਹੋਵੇ?
guru granth sahib ji
ਇਸ ਤਰ੍ਹਾਂ ਕਰਨ ਨਾਲ ਮੇਰੇ ਵਰਗੇ ਲੱਖਾਂ ਲੋਕ ਜੋ ਰਾਗ ਮਾਲਾ ਦੇ ਵਿਰੋਧੀ ਹਨ, ਦਾ ਮੂੰਹ ਬੰਦ ਹੋ ਜਾਏਗਾ ਤੇ ਅੰਨ੍ਹੀ ਸ਼ਰਧਾ ਵਾਲਿਆਂ ਦੀਆਂ ਅੱਖਾਂ ਵੀ ਖੁੱਲ੍ਹ ਜਾਣਗੀਆਂ ਤੇ ਰਾਗ ਮਾਲਾ ਦਾ ਵਿਰੋਧ ਬੰਦ ਹੋ ਜਾਏਗਾ। ਪਰ ਜੇਕਰ ਕੋਈ ਵੀ ਵਿਦਵਾਨ ਲੇਖਕ, ਧਾਰਮਕ ਕਥਾਵਾਚਕ, ਰਾਗੀ, ਗ੍ਰੰਥੀ ਇਸ ਵਿਸ਼ੇ 'ਤੇ ਕੁੱਝ ਨਹੀਂ ਲਿਖਦਾ ਜਾਂ ਬੋਲਦਾ ਤਾਂ ਇਸ ਦਾ ਮਤਲਬ ਹੋਵੇਗਾ ਕਿ ਇਹ ਸੱਭ ਅੰਦਰੋਂ ਰਾਗ ਮਾਲਾ ਦੇ ਵਿਰੋਧੀ ਹਨ ਪਰ ਅੰਨ੍ਹੀ ਸ਼ਰਧਾ ਰੱਖਣ ਵਾਲੇ ਸ਼ਰਧਾਲੂਆਂ, ਡੇਰੇਦਾਰਾਂ, ਤਖ਼ਤਾਂ ਦੇ ਜਥੇਦਾਰਾਂ ਦੇ ਡੰਡੇ ਤੋਂ ਡਰਦੇ ਕੁੱਝ ਵੀ ਬੋਲਣ ਤੋਂ ਡਰਦੇ ਹਨ।
ਫਿਰ ਮੈਂ ਨਿਮਾਣਾ ਸਿੱਖ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਅਤੇ ਦੂਜੇ ਤਖ਼ਤਾਂ ਦੇ ਜਥੇਦਾਰ ਸਹਿਬਾਨ ਨੂੰ ਬੇਨਤੀ ਕਰਾਂਗਾ ਕਿ ਉਹ ਅਪਣੇ ਪਹਿਲੇ ਉਪਦੇਸ਼ ਨੂੰ ਵਾਪਸ ਲੈ ਕੇ ਨਵਾਂ ਆਦੇਸ਼ ਜਾਰੀ ਕਰਨ ਤੇ ਸੰਗਤਾਂ ਵਿਚ ਫੈਲੀ ਦੁਵਿਧਾ ਨੂੰ ਦੂਰ ਕਰਨ ਤੇ ਰਾਗ ਮਾਲਾ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਕੱਢਣ ਦਾ ਹੁਕਮਨਾਮਾ ਜਾਰੀ ਕਰਨ ਤੇ ਨਵੀਆਂ ਬੀੜਾਂ ਵਿਚ ਰਾਗ ਮਾਲਾ ਨਾ ਛਾਪਣ ਦੀ ਹਦਾਇਤ ਜਾਰੀ ਕਰਨ। ਇਸ ਨਾਲ ਸਿੱਖ ਪੰਥ ਦਾ ਭਲਾ ਹੋਵੇਗਾ, ਏਕਤਾ ਆਵੇਗੀ ਤੇ ਸਾਰੇ ਝਗੜੇ ਮੁੱਕ ਜਾਣਗੇ।
Akal Takht Sahib
ਪਾਠਕਾਂ ਦੇ ਗਿਆਨ ਹਿਤ ਲਿਖ ਰਿਹਾ ਹਾਂ ਕਿ ਮੇਰਾ ਇਕ ਲੇਖ ਇਸ ਵਿਸ਼ੇ 'ਤੇ 'ਕੀ ਰਾਗ ਮਾਲਾ ਗੁਰਬਾਣੀ ਹੈ?' ਸਪੋਕਸਮੈਨ ਦੇ 6-4-2016 ਦੇ ਅੰਕ ਵਿਚ ਛਪਿਆ ਸੀ। ਇਸ ਲੇਖ ਦੇ ਛਪਣ ਉਤੇ ਜਿਥੇ ਬਹੁਤ ਸਾਰੇ ਮੁਬਾਰਕਬਾਦ ਦੇ ਫ਼ੋਨ ਆਏ ਤੇ ਹੌਸਲਾ ਅਫ਼ਜ਼ਾਈ ਕੀਤੀ ਗਈ, ਉਥੇ ਪਟਿਆਲਾ ਦੀ ਪੰਜਾਬੀ ਯੂਨੀਵਰਸਟੀ ਦੇ ਇਕ ਪ੍ਰੋਫ਼ੈਸਰ ਦਾ ਫ਼ੋਨ ਵੀ ਆਇਆ ਸੀ ਜਿਸ ਨੇ ਕਿਹਾ ਕਿ ਤੁਸੀ ਕੀ ਊਲ ਜਲੂਲ ਲਿਖੀ ਜਾ ਰਹੇ ਹੋ? ਸਾਡੇ ਕੋਲ ਕਈ ਪੁਰਾਤਨ ਹੱਥ ਲਿਖਤ ਅਤੇ ਛਾਪੇ ਵਾਲੀਆਂ ਕਈ ਬੀੜਾਂ ਪਈਆਂ ਹਨ ਜਿਨ੍ਹਾਂ ਵਿਚ ਇਹ ਰਾਗ ਮਾਲਾ ਅੰਕਿਤ ਹੈ।
ਉਸ ਵੀਰ ਪ੍ਰੋਫ਼ੈਸਰ ਦੇ ਗਿਆਨ ਹਿਤ ਇਹ ਲੇਖ ਲਿਖ ਰਿਹਾ ਹਾਂ ਤੇ ਬੇਨਤੀ ਕਰਾਂਗਾ ਕਿ ਉਹ ਗਿਆਨੀ ਗੁਰਦਿਤ ਸਿੰਘ ਹੋਰਾਂ ਦੀ ਪੁਸਤਕ ਮੁੰਦਾਵਣੀ ਨੂੰ ਜ਼ਰੂਰ ਪੜ੍ਹਨ, ਜਿਨ੍ਹਾਂ ਨੇ 50 ਸਾਲ ਤੋਂ ਜ਼ਿਆਦਾ ਸਮਾਂ ਲਗਾ ਕੇ ਇਹ ਪੁਸਤਕ 2003 ਵਿਚ ਪ੍ਰਕਾਸ਼ਤ ਕੀਤੀ ਹੈ। ਇਸ ਪੁਸਤਕ ਦੇ ਪ੍ਰਕਾਸ਼ਕ ਹਨ ਸਾਹਿਤ ਪ੍ਰਕਾਸ਼ਨ 46 ਸੈਕਟਰ 4 ਚੰਡੀਗੜ੍ਹ। ਇਸ ਪੁਸਤਕ ਨੂੰ ਤਿਆਰ ਕਰਨ ਵੇਲੇ, ਖੋਜ ਵਿਚ ਮਦਦ ਕਰਨ ਵਾਲੇ ਤੇ ਹੌਸਲਾ ਅਫ਼ਜ਼ਾਈ ਕਰਨ ਵਾਲਿਆਂ ਵਿਚ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਸੰਸਥਾਪਕ ਤੇ ਆਜ਼ਾਦੀ ਦੇ ਘੁਲਾਈਏ ਵੀ ਹਨ
Pandit Kartar Singh Dakha
ਇਨ੍ਹਾਂ ਤੋਂ ਇਲਾਵਾ ਪੰਡਤ ਕਰਤਾਰ ਸਿੰਘ ਜੀ ਦਾਖਾ ਜੋ ਕਦੇ ਪੁਰਾਤਨ ਹੱਥ ਲਿਖਤ ਬੀੜਾਂ ਨੂੰ ਲੱਭਣ ਤੇ ਦਰਸ਼ਨ ਕਰਵਾਉਣ ਲਈ ਹੋਰ ਉਨ੍ਹਾਂ ਥਾਵਾਂ ਉਤੇ ਗਏ, ਜਿਥੇ ਵੀ ਪੁਰਾਤਨ ਬੀੜ ਹੋਣ ਦੀ ਸੂਹ ਮਿਲੀ ਤੇ ਪੱਤਰਵਿਹਾਰ ਵੀ ਕਰਦੇ ਰਹੇ। ਪੁਸਤਕ ਦੇ ਲੇਖਕ ਦੀ ਪਤਨੀ ਸ੍ਰੀਮਤੀ ਇੰਦਰਜੀਤ ਕੌਰ ਸਾਬਕਾ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਟੀ ਪਟਿਆਲਾ, ਸ. ਅਰਜਨ ਸਿੰਘ ਘੁਮਾਣ, ਭਾਈ ਉਜਾਗਰ ਸਿੰਘ ਫਰਹਾਵਾੜੀ, ਮਹਾਰਾਜਾ ਪਟਿਆਲਾ ਦੇ ਪੀਏ ਸਰਦਾਰ ਬਸੰਤ ਸਿੰਘ ਸੋਹੀ ਨੇ ਬੀੜਾਂ ਦੀ ਭਾਲ ਵਿਚ ਦਿਨ ਰਾਤ ਇਕ ਕਰ ਦਿਤਾ ਤੇ ਨਾਲ ਰਹਿ ਕੇ ਕਈ ਕਸ਼ਟ ਵੀ ਸਹਾਰੇ,
ਜਥੇਦਾਰ ਅੱਛਰ ਸਿੰਘ, ਭਾਈ ਜੋਗਿੰਦਰ ਸਿੰਘ ਤਲਵਾੜਾ, ਪ੍ਰੋਫ਼ੈਸਰ ਹਰਮਿੰਦਰ ਸਿੰਘ ਲਾਹੌਰ ਵਾਲੇ ਜੋ ਅਜਕਲ ਇੰਗਲੈਂਡ ਵਿਚ ਹਨ, ਰੇਲਵੇ ਦੇ ਰਿਟਾਇਰਡ ਗਾਰਡ ਮੋਹਨ ਸਿੰਘ ਜਿਨ੍ਹਾਂ ਨੇ ਪੁਰਾਤਨ ਬੀੜਾਂ ਦੇ ਚਿੱਤਰ ਲਏ ਤੇ ਪ੍ਰੈੱਸ ਕਾਪੀ ਤਿਆਰ ਕੀਤੀ। ਇਨ੍ਹਾਂ ਤੋਂ ਇਲਾਵਾ ਸਰਦਾਰ ਤਰਲੋਚਨ ਸਿੰਘ ਤਰਸੀ, ਤੇਜਾ ਸਿੰਘ ਤਿਲਕ, ਭਾਈ ਕੰਵਲਜੀਤ ਸਿੰਘ ਇਹ ਸੱਭ ਗਵਾਹ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਸੱਜਣ ਹਨ ਜਿਨ੍ਹਾਂ ਦਾ ਨਾਮ ਪੁਸਤਕ ਵਿਚ ਵੇਖਿਆ ਜਾ ਸਕਦਾ ਹੈ।
(ਬਾਕੀ ਅਗਲੇ ਹਫ਼ਤੇ)
ਸੰਪਰਕ : 98109-75498