
19 96 ਵਿਚ ਮੇਰੀ ਬਦਲੀ ਬਤੌਰ ਲੈਕਚਰਾਰ (ਅਰਥ ਸ਼ਾਸਤਰ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੌਰੀ ਤੋਂ ਸਮਾਣਾ ਦੀ ਹੋਣ ਕਰ ਕੇ ਅਸੀ ਅਪਣੀ .....
19 96 ਵਿਚ ਮੇਰੀ ਬਦਲੀ ਬਤੌਰ ਲੈਕਚਰਾਰ (ਅਰਥ ਸ਼ਾਸਤਰ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੌਰੀ ਤੋਂ ਸਮਾਣਾ ਦੀ ਹੋਣ ਕਰ ਕੇ ਅਸੀ ਅਪਣੀ ਰਿਹਾਇਸ਼ ਪਾਤੜਾਂ ਤੋਂ ਪਟਿਆਲਾ ਕਰ ਲਈ ਸੀ। ਮੇਰੀ ਪਤਨੀ ਸਰਲਾ ਦੇਵੀ ਸਮਾਣਾ ਦੇ ਸਰਕਾਰੀ ਕੰਨਿਆ ਹਾਈ ਸਕੂਲ ਵਿਚ ਗਣਿਤ ਅਧਿਆਪਕ ਸਨ। ਸਾਡੇ ਧੀ, ਪੁੱਤਰ ਪਟਿਆਲੇ ਦੇ ਕਾਲਜਾਂ ਵਿਚ ਪੜ੍ਹਦੇ ਸਨ। ਮੈਂ ਤੇ ਮੇਰੀ ਪਤਨੀ ਪਟਿਆਲੇ ਤੋਂ ਸਮਾਣੇ ਡਿਊਟੀ ਉਤੇ ਬੱਸਾਂ ਵਿਚ ਆਉਣ, ਜਾਣ ਲੱਗ ਪਏ। ਅਸੀ ਸਮਾਣੇ ਦੇ ਬੱਸ ਅੱਡੇ ਤੋਂ ਸਕੂਲ ਦਾ ਦੂਰ ਵਾਲਾ ਰਸਤਾ ਪੈਦਲ ਤਹਿ ਕਰਦੇ ਸੀ। ਉਸ ਵੇਲੇ ਪਟਿਆਲੇ ਤੋਂ ਸਮਾਣਾ ਵਾਲੀ ਸੜਕ ਬਹੁਤ ਖ਼ਰਾਬ ਸੀ।
ਬੱਸਾਂ 'ਚ ਬੇਤਹਾਸ਼ਾ ਭੀੜ ਹੁੰਦੀ ਸੀ। ਬੱਸਾਂ ਵਿਚ ਹਰ ਰੋਜ਼ ਦੇ ਸਫ਼ਰ ਕਾਰਨ ਪ੍ਰੇਸ਼ਾਨੀ ਹੋਣ ਤੋਂ ਇਲਾਵਾ ਕਾਫ਼ੀ ਸਮਾਂ ਨਸ਼ਟ ਹੋ ਜਾਂਦਾ ਸੀ। ਮੇਰਾ ਦੋਸਤ ਦਰਸ਼ਨ ਸਿੰਘ ਖੋਖਰ ਪਟਿਆਲੇ, ਰਾਜਪੁਰਾ ਕਾਲੋਨੀ ਵਿਚ ਰਹਿੰਦਾ ਹੁੰਦਾ ਸੀ। ਉਸ ਨੇ 2-3 ਵਾਰ ਮੈਨੂੰ ਕੋਈ ਪੁਰਾਣੀ ਕਾਰ ਖ੍ਰੀਦਣ ਦੀ ਸਲਾਹ ਦਿਤੀ। ਮੈਨੂੰ ਕਾਰ ਚਲਾਉਣੀ ਨਹੀਂ ਸੀ ਆਉਂਦੀ। ਮੈਨੂੰ ਅਪਣੇ ਆਪ ਉਤੇ ਯਕੀਨ ਵੀ ਨਹੀਂ ਸੀ ਕਿ ਮੈਂ ਕਾਰ ਚਲਾਉਣੀ ਸਿਖ ਲਵਾਂਗਾ। ਮੈਂ ਕਾਰ ਖਰੀਦਣ ਬਾਰੇ, ਦੋਸਤ ਵਲੋਂ ਆਖੀ ਗੱਲ ਵਲ ਬਿਲਕੁਲ ਗੌਰ ਨਾ ਕੀਤਾ। ਅਸੀ 1996 ਤੋ ਲੈ ਕੇ 2005 ਤਕ ਬੱਸਾਂ ਵਿਚ ਸਫ਼ਰ ਕਰ ਕੇ ਹੀ ਨੌਕਰੀ ਉਤੇ ਜਾਂਦੇ ਰਹੇ।
ਅਗੱਸਤ 2004 ਵਿਚ ਮੇਰੀ ਪਤਨੀ ਨੂੰ ਬ੍ਰੇਨ ਟਿਊਮਰ ਦੀ ਤਕਲੀਫ਼ ਹੋ ਗਈ। ਉਸ ਦਾ ਮੁਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਆਪ੍ਰੇਸ਼ਨ ਹੋਇਆ। ਸਰਲਾ ਜੀ ਨੇ ਕੁੱਝ ਸਮੇਂ ਲਈ ਸਕੂਲ ਤੋਂ ਛੁਟੀਆਂ ਲੈ ਲਈਆਂ ਸਨ। ਜਨਵਰੀ 2005 ਵਿਚ ਮੇਰੇ ਭਤੀਜੇ ਜੈ ਪਾਲ ਨੇ ਮੇਰੇ ਲਈ ਲਾਲ ਰੰਗ ਦੀ ਮਾਰੂਤੀ ਕਾਰ ਖ਼ਰੀਦ ਲਈ। ਮੈਂ ਬਹੁਤ ਨਾਂਹ ਨੁੱਕਰ ਕੀਤੀ, ਪਰ ਉਹ ਨਾ ਮੰਨਿਆ। ਉਹ ਕਾਰ ਪਟਿਆਲੇ ਮੇਰੇ ਘਰ ਖੜੀ ਕਰ ਗਿਆ। ਮੈਂ ਜੀ ਪੀ ਫੰਡ ਵਿਚੋਂ ਕਾਰ ਲਈ ਇਕ ਲੱਖ ਰੁਪਏ ਕਢਵਾ ਕੇ ਦੇ ਦਿਤੇ ਸਨ।
ਸਾਡੇ ਮੁਹਲੇ ਦੇ ਇਕ ਜਾਣਕਾਰ ਤੋਂ ਇਲਾਵਾ ਮੇਰੇ ਦੋਸਤ ਦੀ ਬੇਟੀ ਨੇਹਾ ਸਿੰਗਲਾ ਦੀ ਮਦਦ ਨਾਲ, ਮੈਂ ਤੇ ਮੇਰੇ ਪੁੱਤਰ ਯੋਗੇਸ਼ ਕੁਮਾਰ ਨੇ ਇਕ ਹਫ਼ਤੇ ਵਿਚ ਕਾਰ ਚਲਾਉਣੀ ਸਿਖ ਲਈ। ਮੈਂ ਸਮਾਣੇ ਕਾਰ ਰਾਹੀਂ ਆਉਣਾ, ਜਾਣਾ ਸ਼ੁਰੂ ਕਰ ਦਿਤਾ ਸੀ। ਸਰਲਾ ਜੀ ਕਾਰ ਵਿਚ ਅਗਲੀ ਸੀਟ ਉਤੇ ਬੈਠਿਆਂ ਕਰਦੇ ਸਨ। ਉਨ੍ਹਾਂ ਨੂੰ ਸਪੀਡ ਵਾਲੇ ਮੀਟਰ ਦੀ ਸੂਈ ਵਿਖਾਈ ਦਿੰਦੀ ਰਹਿੰਦੀ ਸੀ। ਜਦੋਂ ਵੀ ਰਫ਼ਤਾਰ 60 ਤੋਂ ਵੱਧ ਜਾਂਦੀ ਤਾਂ ਉਹ ਮੈਨੂੰ ਰਫ਼ਤਾਰ ਘੱਟ ਕਰਨ ਲਈ ਕਹਿ ਦਿੰਦੇ। ਮੈਂ ਤੁਰੰਤ ਰਫ਼ਤਾਰ ਘੱਟ ਕਰ ਲੈਂਦਾ ਸੀ।
ਪਹਿਲੇ ਆਪ੍ਰੇਸ਼ਨ ਤੋਂ 6 ਕੁ ਮਹੀਨੇ ਬਾਅਦ ਸਰਲਾ ਜੀ ਦਾ ਬ੍ਰੇਨ ਟਿਊਮਰ ਦਾ ਆਪ੍ਰੇਸ਼ਨ ਫੇਰ ਮੁਹਾਲੀ ਦੇ ਉਸੇ ਹਸਪਤਾਲ ਵਿਚ ਹੋਇਆ। ਉਹ ਜਿਸ ਦਿਨ ਵੀ ਸਕੂਲ ਵਿਚ ਜਾਂਦੇ, ਕਾਰ ਵਿਚ ਸਪੀਡ ਦੀ ਸੂਈ ਵਲ ਜ਼ਰੂਰ ਧਿਆਨ ਰਖਦੇ ਸਨ। ਤਕਲੀਫ਼ ਵੱਧਣ ਕਰ ਕੇ ਉਨ੍ਹਾਂ ਤੋਂ ਬੋਲਿਆ ਨਹੀਂ ਸੀ ਜਾਂਦਾ ਜਿਸ ਕਰ ਕੇ ਰਫ਼ਤਾਰ ਵੱਧ ਹੋਣ ਤੇ ਉਹ ਸੂਈ ਵਲ ਇਸ਼ਾਰਾ ਕਰ ਦਿੰਦੇ ਸਨ ਜਿਸ ਦਾ ਮਤਲਬ ਹੁੰਦਾ ਸੀ ਕਿ ਮੈਂ ਕਾਰ ਦੀ ਰਫ਼ਤਾਰ ਘੱਟ ਕਰਾਂ। ਸਰਲਾ ਜੀ ਨੇ ਸਰਕਾਰੀ ਨੌਕਰੀ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਰਿਟਾਇਰਮੇਂਟ ਲੈ ਲਈ ਸੀ।
ਮੈਂ ਫ਼ਰਵਰੀ 2007 ਵਿਚ ਅਪਣੀ ਸੇਵਾ ਪੂਰੀ ਕਰ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਤੋਂ ਬਤੌਰ ਪ੍ਰਿੰਸੀਪਲ ਰਿਟਾਇਰ ਹੋ ਗਿਆ ਸੀ। ਸਰਲਾ ਜੀ ਦਾ ਬ੍ਰੇਨ ਟਿਊਮਰ ਦਾ ਤੀਜਾ ਆਪ੍ਰੇਸ਼ਨ ਹੋਣ ਤੋਂ ਬਾਅਦ ਤਾਂ ਤਕਲੀਫ ਬਹੁਤ ਜ਼ਿਆਦਾ ਵਧ ਗਈ। ਉਨ੍ਹਾਂ ਦਾ ਜੁਲਾਈ 2007 ਵਿਚ ਦੇਹਾਂਤ ਹੋ ਗਿਆ। ਮੈਂ ਹੁਣ ਕਦੇ-ਕਦੇ ਉਸੇ ਕਾਰ ਵਿਚ ਪਟਿਆਲੇ ਤੋਂ ਸਮਾਣਾ, ਪਾਤੜਾਂ ਜਾਂਦਾ ਹਾਂ। ਜ਼ੀਰਕਪੁਰ ਵਿਆਹੀ ਮੇਰੀ ਧੀ ਨਵਨੀਤ ਕੋਲ ਵੀ ਮੈਂ ਅਕਸਰ ਕਾਰ ਵਿਚ ਹੀ ਜਾਂਦਾ ਹਾਂ। ਇਹ ਟੋਲ ਟੈਕਸ ਵਾਲੀਆਂ ਸੜਕਾਂ ਹੁਣ ਬਹੁਤ ਵਧੀਆ, ਚੌੜੀਆਂ ਤੇ ਖੁੱਲ੍ਹੀਆਂ ਬਣ ਗਈਆਂ ਹਨ।
ਪਟਿਆਲੇ ਦੇ ਅਰਬਨ ਅਸਟੇਟ ਤੋਂ ਬਾਈ ਪਾਸ ਸਮਾਣਾ ਫਲਾਈਓਵਰਾਂ ਉਤੇ ਜਾਣ ਵੇਲੇ ਪਤਾ ਹੀ ਨਹੀਂ ਲਗਦਾ ਕਿ ਕਾਰ ਦੀ ਸਪੀਡ ਵਾਲੀ ਸੂਈ ਕਦੋਂ 80-85 ਉਤੇ ਪਹੁੰਚ ਜਾਂਦੀ ਹੈ। ਮੈਂਨੂੰ ਜਲਦੀ ਹੀ ਮਹਿਸੂਸ ਹੋਣ ਲੱਗ ਜਾਂਦਾ ਹੈ, ਜਿਵੇਂ ਮੇਰੀ ਮ੍ਰਿਤਕ ਪਤਨੀ ਮੈਨੂੰ ਰਫ਼ਤਾਰ ਘੱਟ ਕਰਨ ਦਾ ਇਸ਼ਾਰਾ ਕਰ ਰਹੀ ਹੋਵੇ। ਮੈਂ ਤੁਰੰਤ ਕਾਰ ਦੀ ਰਫ਼ਤਾਰ 60-65 ਉਤੇ ਕਰ ਲੈਂਦਾ ਹਾਂ। ਪਿਛੋਂ ਬਹੁਤ ਤੇਜ਼ ਰਫ਼ਤਾਰ ਉਤੇ ਭਜਦੀਆਂ ਆ ਰਹੀਆਂ ਕਾਰਾਂ ਮੈਥੋਂ ਬਹੁਤ ਅੱਗੇ ਲੰਘਦੀਆਂ ਰਹਿੰਦੀਆਂ ਹਨ। ਮਨ ਵਿਚ ਅਜਿਹੀ ਭਾਵਨਾ ਪੈਦਾ ਹੋਣ ਨਾਲ ਰਫ਼ਤਾਰ ਤੇ ਕਾਹਲ ਘਟਣ ਕਰ ਕੇ ਸੜਕਾਂ ਉਤੇ ਦਰਦਨਾਕ ਮੌਤਾਂ ਹੋਣੋਂ ਕਾਫ਼ੀ ਹੱਦ ਤਕ ਬੰਦ ਹੋ ਸਕਦੀਆਂ ਹਨ।
1996 ਵਿਚ ਦਰਸ਼ਨ ਸਿੰਘ ਖੋਖਰ ਵਲੋਂ ਕਾਰ ਖਰੀਦਣ ਦੀ ਦਿਤੀ ਸਲਾਹ ਨਾ ਮੰਨਣ ਦਾ ਮੈਨੂੰ ਬਹੁਤ ਵਾਰ ਦੁੱਖ ਮਹਿਸੂਸ ਹੁੰਦਾ ਹੈ। ਜੇ ਮੈਂ ਉਹ ਨੇਕ ਸਲਾਹ ਮੰਨ ਲੈਂਦਾ ਤੇ ਕਾਰ ਚਲਾਉਣ ਦੀ ਨਾ ਸਿੱਖਣ ਵਾਲੀ ਹੀਣ ਭਾਵਨਾ ਨੂੰ ਮਨ ਵਿਚੋਂ ਕੱਢ ਦਿੰਦਾ ਤਾਂ ਅਸੀ 9 ਸਾਲ ਬੱਸਾਂ ਦੀ ਬਜਾਏ ਕਾਰ ਵਿਚ ਅਪਣੀ ਡਿਊਟੀ ਉਤੇ ਆਰਾਮ ਨਾਲ ਆ ਜਾ ਸਕਦੇ ਸੀ। ਮੇਰੇ ਭਤੀਜੇ ਜੈ ਪਾਲ ਬਾਰੇ ਕਾਫ਼ੀ ਵਾਰ ਮਨ ਵਿਚ ਪਿਆਰ, ਧਨਵਾਦ ਦੀ ਭਾਵਨਾ ਆਉਂਦੀ ਹੈ, ਜਿਸ ਨੇ ਜਨਵਰੀ 2005 ਵਿਚ ਮੈਨੂੰ ਧੱਕੇ ਨਾਲ ਪੁਰਾਣੀ ਕਾਰ ਖਰੀਦ ਕੇ ਦਿਤੀ, ਜਿਸ ਕਰ ਕੇ ਮੈਂ ਹੀਣ ਭਾਵਨਾ ਵਿਚੋਂ ਬਾਹਰ ਨਿਕਲ ਸਕਿਆ।
ਸੰਪਰਕ : 98144-84161