
ਗੁਰਮਰਿਆਦਾ ਦਾ ਸੁਹਜਮਈ ਸੁਸੱਜਿਤ ਅਤੇ ਸ਼ਰਧਾਪੂਰਵਕ ਨਿਰਬਾਹ ਵੀ ਪੁਜਾਰੀ ਤੇ ਪ੍ਰਬੰਧਕਾਂ ਵਲੋਂ ਸਾਂਝੇ ਤੌਰ ਉਤੇ ਕੀਤਾ ਜਾਂਦਾ ਹੈ।
ਸਿੱਖ ਕੌਮ ਦੀ ਗੁਰਦਵਾਰਿਆਂ ਪ੍ਰਤੀ ਸ਼ਰਧਾ ਤੇ ਗੁਰਦਵਾਰਿਆਂ ਦੇ ਪ੍ਰਬੰਧਾਂ ਦਾ ਮਰਿਯਾਦਤ ਸੰਚਾਲਨ, ਸਿੱਖ ਸੋਝੀ ਵਿਚ ਸਮਾਈ ਵਿਧੀ-ਵਿਹਾਰ ਸਬੰਧੀ ਜਾਗਰਿਤ ਚੇਤਨਤਾ ਤੇ ਸੱਚੀ ਪਹਿਰੇਦਾਰੀ ਕਰਦੇ ਹੋਏ ਜਾਨ ਤਕ ਨਿਛਾਵਰ ਕਰਨ ਦੇ ਨਿਸ਼ਚੇ ਦਾ ਤਰਜਮਾਨ ਹੈ। ਨਨਕਾਣਾ ਸਾਹਿਬ ਦੇ ਸਾਕੇ ਨੂੰ ਗੁਰਦਵਾਰਾ ਸੁਧਾਰ ਲਹਿਰ ਦੇ ਸੰਧਰਭ ਵਿਚ ਸਮਝਣ ਲਈ, ਉਸ ਤੋਂ ਪਹਿਲਾਂ ਦੇ ਪਿਛੋਕੜ ਤੇ ਪੰਛੀਝਾਤ ਪਾਉਣਾ ਜ਼ਰੂਰੀ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ 10 ਸਾਲ ਬਾਅਦ ਖ਼ਾਲਸਾ ਰਾਜ ਦਾ ਅੰਤ ਹੋ ਗਿਆ। ਇਹ ਇਕ ਇਤਿਹਾਸਕ ਸੱਚ ਹੈ ਕਿ ਡੋਗਰਿਆਂ ਦੀ ਬੇਵਫ਼ਾਈ ਤੇ ਸਿੱਖ ਸਰਦਾਰਾਂ ਦੀ ਆਪਸੀ ਖ਼ਾਨਾਜੰਗੀ ਕਾਰਨ ਹੀ ਖ਼ਾਲਸਾ ਰਾਜ ਦਾ ਅੰਤ ਹੋਇਆ। ਅਪ੍ਰੈਲ 1849 ਵਿਚ ਲਾਹੌਰ ਦਰਬਾਰ ਉਤੇ ਅੰਗਰੇਜ਼ਾਂ ਦਾ ਕਬਜ਼ਾ ਮੁਕੰਮਲ ਹੋ ਗਿਆ। ਮਹਾਰਾਜਾ ਦਲੀਪ ਸਿੰਘ ਨੂੰ 11 ਸਾਲ ਦੀ ਉਮਰ ਵਿਚ ਪੈਨਸ਼ਨ ਲਗਾ ਕੇ ਵਲਾਇਤ ਜਲਾਵਤਨ ਕਰ ਦਿਤਾ ਗਿਆ। ਮਹਾਰਾਣੀ ਜਿੰਦਾਂ (ਜਿੰਦ ਕੌਰ) ਨੂੰ ਬੰਦੀ ਬਣਾ ਲਿਆ ਗਿਆ।
Maharani Jinda
ਖ਼ਾਲਸਾ ਰਾਜ ਦੇ ਅੰਤ ਕਾਰਨ ਸਿੱਖਾਂ ਵਿਚ ਛਾਈ ਨਮੋਸ਼ੀ ਦਾ ਇਸਾਈ ਪਾਦਰੀਆਂ ਨੇ ਫ਼ਾਇਦਾ ਉਠਾਉਣਾ ਸ਼ੁਰੂ ਕਰ ਦਿਤਾ ਤੇ ਧਰਮ ਤਬਦੀਲ ਕਰਨ ਦੀ ਲਹਿਰ ਪੰਜਾਬ ਵਿਚ ਸ਼ੁਰੂ ਕਰ ਦਿਤੀ ਅਤੇ ਧੜਾ-ਧੜ ਗਿਰਜਾ-ਘਰ ਉਸਾਰਨੇ ਸ਼ੁਰੂ ਕਰ ਦਿਤੇ। ਇਸੇ ਤਰ੍ਹਾਂ ਅੰਗਰੇਜ਼ ਸਰਕਾਰ ਦੇ ਅੰਗਰਜ਼ੀ ਬੋਲਣ ਵਾਲੇ ਬੰਗਾਲੀ ਅਫ਼ਸਰਾਂ ਨੇ ਪੰਜਾਬ ਵਿਚ ਬ੍ਰਹਮ ਸਮਾਜ ਦੇ ਕੇਂਦਰ ਖੋਲ੍ਹਣੇ ਸ਼ੁਰੂ ਕਰ ਦਿਤੇ। ਇਸ ਖ਼ਤਰੇ ਨੂੰ ਭਾਂਪਦੇ ਹੋਏ, ਧਰਮ ਤਬਦੀਲੀ ਦੀ ਜਥੇਬੰਦਕ ਰੋਕਥਾਮ ਲਈ, ਮੁਸਲਮਾਨਾਂ ਨੇ ਤਾਂ ਅੰਜੁਮਨ-ਏ-ਇਸਲਾਮ ਕਾਇਮ ਕਰ ਲਈ ਤੇ ਸਿੱਖਾਂ ਨੇ ਇਸੇ ਤਰਜ ਉਤੇ 1873 ਵਿਚ ਸਿੰਘ ਸਭਾ ਲਹਿਰ ਦੀ ਸਥਾਪਨਾ ਕੀਤੀ ਤੇ 19ਵੀਂ ਸਦੀ ਦੇ ਅੰਤ ਤੀਕਰ ਇਸ ਲਹਿਰ ਦੇ ਫ਼ਲਸਰੂਪ ਲਗਭਗ 100 ਤੋਂ ਵੱਧ ਸਿੰਘ ਸਭਾਵਾਂ ਸਥਾਪਤ ਕਰ ਲਈਆਂ ਸਨ।
Sikhs
ਸਿੰਘ ਸਭਾ ਲਹਿਰ ਦੇ ਪ੍ਰਭਾਵ ਨੂੰ ਮੱਠਾ ਕਰਨ ਲਈ ਅੰਗਰੇਜ਼ ਨੇ ਵੱਡੀ ਚਾਲ ਚੱਲੀ ਤੇ ਸਿੱਖਾਂ ਦੇ ਗੁਰਦਵਾਰਿਆਂ ਦੇ ਮਹੰਤਾਂ ਨੂੰ ਬਲ ਦੇਣਾ ਸ਼ੁਰੂ ਕਰ ਦਿਤਾ। ਅੰਗਰੇਜ਼ ਸਰਕਾਰ ਦੀ ਸ਼ਹਿ ਤੇ ਮਹੰਤਾਂ ਨੇ ਗੁਰਦਵਾਰਿਆਂ ਵਿਚ, ਗੁਰਮਰਿਆਦਾ ਨੂੰ ਵਿਸਾਰ ਕੇ ਉਸ ਦੇ ਬਰਅਕਸ ਮਨਮਾਨੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ ਜਿਸ ਕਾਰਨ ਸਿੱਖ ਕੌਮ ਵਿਚ ਵਿਆਪਕ ਰੋਸ ਫੈਲ ਗਿਆ ਜਿਸ ਦੇ ਫ਼ਲਸਰੂਪ, ਗੁਰਦਵਾਰਾ ਸੁਧਾਰ ਲਹਿਰ ਹੋਂਦ ਵਿਚ ਆਈ। ਗੁਰਦਵਾਰਿਆਂ ਨੂੰ ਅੰਗਰੇਜ਼ ਦੇ ਟੋਡੀ ਮਹੰਤਾਂ ਦੇ ਚੁੰਗਲ ਵਿਚੋਂ ਆਜ਼ਾਦ ਕਰਵਾਉਣ ਦੀ ਮੁਹਿੰਮ ਨੂੰ ਵਿੱਢਣ ਲਈ ਭਾਵੇਂ ਬਹੁਤ ਸਮਾ ਲੱਗ ਗਿਆ ਪਰ ਇਹ ਲਹਿਰ ਸਾਲ 1919 ਤੋਂ ਲੈ ਕੇ 1926 ਤਕ, ਲਗਭਗ 7 ਸਾਲ ਜਾਗਰੂਕ ਅਤੇ ਸਾਹਸੀ ਰੂਪ ਵਿਚ ਕਿਰਿਆਸ਼ੀਲ ਰਹੀ ਤੇ ਅਖ਼ੀਰ ਅਪਣੇ ਸਿਖਰ ਤੇ ਪੁੱਜ ਗਈ। ਨਨਕਾਣਾ ਸਾਹਿਬ ਦਾ ਸਾਕਾ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੀ ਸਥਾਪਨਾ, ਗੁਰਦਵਾਰਾ ਸੁਧਾਰ ਲਹਿਰ ਦੀ ਮੁਸਲਸਲ ਜਦੋਜਹਿਦ ਦੇ ਮਹੱਤਵਪੂਰਨ ਪ੍ਰਣਾਮ ਹਨ।
ਬਾਬਾ ਨਾਨਕ ਜੀ ਦੇ ਜਨਮ-ਅਸਥਾਨ, ਗੁਰਦਵਾਰਾ ਨਨਕਾਣਾ ਸਾਹਿਬ ਵਿਚ, ਮਹੰਤ ਨਰਾਇਣ ਦਾਸ ਦੇ ਇਸ਼ਾਰੇ ਉਤੇ, ਉਸ ਦੇ ਭਾੜੇ ਦੇ ਗੁੰਡਿਆਂ ਵਲੋਂ, ਨਾਮ ਜਪਦੇ ਸਿੱਖਾਂ ਦੇ ਪਹਿਲੇ ਸ਼ਹੀਦੀ ਜੱਥੇ ਦੇ ਕਤਲੇਆਮ ਨੂੰ 100 ਵਰ੍ਹੇ ਬੀਤ ਗਏ ਹਨ। ਇਹ ਖ਼ੂਨੀ ਸਾਕਾ 20 ਫ਼ਰਵਰੀ 1921 ਨੂੰ ਗੁਰਦਵਾਰਾ ਨਨਕਾਣਾ ਸਾਹਿਬ ਦੇ ਅੰਦਰ ਵਾਪਰਿਆ ਸੀ। ਸਿੱਖ ਇਤਿਹਾਸ ਦੇ ਪੰਨਿਆਂ ਵਿਚ ਇਹ ਕਤਲੇਆਮ ‘ਸਾਕਾ ਨਨਕਾਣਾ ਸਾਹਿਬ’ ਦੇ ਸਿਰਲੇਖ ਨਾਲ ਦਰਜ ਹੈ। ਇਹ ਉਹ ਸਮਾਂ ਸੀ ਜਦੋਂ ਲਗਭਗ ਸਾਰੇ ਹੀ ਵੱਡੇ ਇਤਿਹਾਸਕ ਗੁਰਦਵਾਰਿਆਂ ਦਾ ਪ੍ਰਬੰਧ, ਅੰਗਰੇਜ਼ ਸਰਕਾਰ ਦੇ ਪਿੱਠੂ ਮਹੰਤਾ ਪਾਸ ਸੀ। ਅੰਗਰੇਜ਼ ਸਰਕਾਰ ਹਰ ਪੱਖੋਂ ਮਹੰਤਾਂ ਦੀ ਪੁਸ਼ਤ-ਪਨਾਹੀ ਕਰਦੀ ਸੀ। ਬਦਇਖ਼ਲਾਕ ਮਹੰਤ ਤੇ ਉਨ੍ਹਾਂ ਦੇ ਪ੍ਰਵਾਰ, ਗੁਰਦਵਾਰਾ ਸਾਹਿਬਾਨ ਦੀ ਪਵਿੱਤਰ ਮਰਿਅਦਾ ਨੂੰ ਦਰਕਿਨਾਰ ਕਰ ਕੇ, ਗੁਰਦਵਾਰਾ ਸਾਹਿਬਾਨ ਨੂੰ ਲੱਗੀਆਂ ਵੱਡੀਆਂ ਜਗੀਰਾਂ ਦੀ ਦੁਰਵਰਤੋਂ ਕਰ ਕੇ, ਐਸ਼ਪ੍ਰਸਤੀ ਦਾ ਜੀਵਨ ਬਤੀਤ ਕਰਦੇ ਸਨ। ਇਸ ਬੇਹਯਾਈ ਵਿਚ ਗੁਰਦਵਾਰਾ ਨਨਕਾਣਾ ਸਾਹਿਬ ਦਾ ਮਹੰਤ ਨਰਾਇਣ ਦਾਸ ਸੱਭ ਤੋਂ ਅੱਗੇ ਸੀ। ਉਹ ਨਨਕਾਣਾ ਸਾਹਿਬ ਦੀ ਲੱਖਾਂ ਦੀ ਜਗੀਰ ਵਿੱਚੋਂ, ਅੰਗਰੇਜ਼ ਅਫ਼ਸਰਾਂ ਨੂੰ ਬੇਸ਼ਕੀਮਤੀ ਤੋਹਫ਼ੇ ਤੇ ਅੱਯਾਸ਼ੀ ਦਾ ਹਰ ਕਿਸਮ ਦਾ ਸਾਜ਼ੋ-ਸਮਾਨ ਮੁਹਈਆ ਕਰਵਾਉਂਦਾ ਸੀ।
ਅੰਗਰੇਜ਼ ਸਰਕਾਰ ਦੀ ਨਜ਼ਰ ਵਿਚ, ਸਿੱਖਾਂ ਦੇ ਇਤਿਹਾਸਕ ਗੁਰਦਵਾਰਾ ਸਾਹਿਬਾਨ, ਜਿਥੇ ਉਨ੍ਹਾਂ ਦੀ ਧਾਰਮਕ ਆਸਥਾ ਨਾਲ ਜੁੜੀ ਭਜਨ-ਬੰਦਗੀ ਦੇ ਧਰਮ ਅਸਥਾਨ ਸਨ, ਉਸ ਦੇ ਨਾਲ ਨਾਲ ਕੌਮੀ ਚੇਤਨਾ ਦੇ ਜਾਗਰੂਕ ਸੰਵਾਦ, ਧਰਮ ਪ੍ਰਚਾਰ ਤੇ ਵਿਚਾਰ-ਵਿਮਰਸ਼ ਲਈ ਦੀਵਾਨ ਅਸਥਾਨ ਦੇ ਰੂਪ ਵਿਚ ਮਜ਼ਬੂਤ ਮੇਜ਼ਬਾਨੀ ਮੰਚ ਵੀ ਸਨ। ਸਿੱਖ ਕੌਮ ਦੀ ਸੰਗਠਤ ਸ਼ਕਤੀ ਨੂੰ ਅੱਡਰੀ ਹਸਤੀ ਤੇ ਹੋਂਦ ਵਿਲੱਖਣ ਸਰੂਪ ਵਿਚ, ਸਦੀਆਂ ਤਕ ਬਰਕਰਾਰ ਰੱਖ ਸਕਣ ਦੀ, ਗੁਰਦਵਾਰਾ ਸਾਹਿਬਾਨ ਦੀ ਇਸ ਵਿਸ਼ੇਸ਼ ਸਲਾਹੀਅਤ ਤੋਂ ਅੰਗਰੇਜ਼ ਬੇਹਦ ਖਫ਼ਾ ਸੀ, ਇਸ ਲਈ ਉਹ ਅਪਣੀ ਸਾਜ਼ਸ਼ੀ ਮਨਸ਼ਾ ਰਾਹੀਂ, ਹਰ ਹੀਲੇ-ਵਸੀਲੇ ਗੁਰਦਵਾਰਾ ਸਾਹਿਬਾਨ ਦੀ ਸੰਸਥਾਤਮਕ ਸ਼ਕਤੀ ਤੇ ਤੇਜ ਪ੍ਰਤਾਪੀ ਅਧਿਆਤਮਕ ਸੋਭਾ ਨੂੰ, ਮਹੰਤਾਂ ਰਾਹੀਂ ਮਲੀਨ ਕਰਵਾ ਕੇ, ਪ੍ਰਭਾਵਹੀਣ ਬਣਾਉਣਾ ਚਾਹੁੰਦਾ ਸੀ ਤਾਕਿ ਗੁਰਦਵਾਰੇ ਸਿੱਖ ਸੰਗਤਾਂ ਦੇ ਧਾਰਮਕ ਵਿਸ਼ਵਾਸ ਅਤੇ ਸ਼ਰਧਾ ਦੇ ਕੇਂਦਰ ਬਿੰਦੂ ਨਾ ਬਣ ਸਕਣ। ਗੁਰਦਵਾਰਾ ਸਾਹਿਬਾਨ ਦੀ ਸੋਭਾ ਤੇ ਪਵਿੱਤਰਤਾ ਨੂੰ ਸਿੱਖ ਮਰਿਆਦਾ ਅਨੁਸਾਰ ਬਰਕਰਾਰ ਰੱਖਣ ਦੀ ਬੁਨਿਆਦੀ ਜ਼ਿੰਮੇਵਾਰੀ, ਪੁਜਾਰੀ ਤੇ ਪ੍ਰਬੰਧਕਾਂ ਦੀ ਹੁੰਦੀ ਹੈ।
ਗੁਰਮਰਿਆਦਾ ਦਾ ਸੁਹਜਮਈ ਸੁਸੱਜਿਤ ਅਤੇ ਸ਼ਰਧਾਪੂਰਵਕ ਨਿਰਬਾਹ ਵੀ ਪੁਜਾਰੀ ਤੇ ਪ੍ਰਬੰਧਕਾਂ ਵਲੋਂ ਸਾਂਝੇ ਤੌਰ ਉਤੇ ਕੀਤਾ ਜਾਂਦਾ ਹੈ। ਜੇ ਪੁਜਾਰੀ ਤੇ ਪ੍ਰਬੰਧਕ ਹੀ ਬੇਈਮਾਨ ਹੋ ਜਾਣ ਫਿਰ ਗੁਰਦਵਾਰਾ ਸਾਹਿਬ ਦੀ ਆਭਾ ਤੇ ਮਰਿਆਦਾ ਸੰਕਟ ਵਿਚ ਘਿਰ ਜਾਂਦੇ ਹਨ ਜਿਸ ਨਾਲ ਸ਼ਰਧਾਵਾਨ ਸਿੱਖ ਸੰਗਤਾਂ ਦੇ ਮਨਾਂ ਵਿਚ ਤੌਖਲੇ ਵੱਧ ਜਾਂਦੇ ਹਨ। ਗੁਰਦਵਾਰਾ ਸਾਹਿਬ ਦੀ ਸੁੱਚੀ ਅਤੇ ਉੱਚ-ਮਿਆਰੀ ਮਰਿਆਦਾ ਨੂੰ ਸਮਝਣਾਂ ਤੇ ਉਸ ਉੱਤੇ ਪਹਿਰਾ ਦੇਣ ਦਾ ਕਾਰਜ, ਸ਼ਰਧਾ, ਸੇਵਾ ਭਾਵ ਅਤੇ ਉੱਚ ਪਾਏ ਦੇ ਸਵੈ-ਅਨੁਸ਼ਾਸਨ ਬਿਨਾਂ ਨਿਭਾਉਣਾ, ਅਸਾਨ ਨਹੀਂ। ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਇਸ ਸੰਧਰਭ ਵਿਚ ਇੰਜ ਫ਼ੁਰਮਾਉਂਦੇ ਹਨ :
ਗੁਰੂ ਦੁਆਰੈ ਸੋਈ ਬੂਝੈ ਜਿਸਨੋ ਆਪਿ ਬੁਝਾਏ॥
(ਪੰਨਾ-1235)
ਗੁਰਦਵਾਰਾ ਸੁਧਾਰ ਲਹਿਰ ਦੀ ਸੂਖਮਤਾ ਨੂੰ ਸਮਝਣ ਤੋਂ ਪਹਿਲਾਂ ਗੁਰਦਵਾਰਾ ਸਾਹਿਬ ਦੀ ਰਚਨਾ ਦਾ ਸੰਕਲਪ ਤੇ ਉਸ ਦੇ ਰੁਹਾਨੀ ਬੋਧ ਨੂੰ ਸਮਝਣ ਦੀ ਜ਼ਰੂਰਤ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ਗੁਰੂ ਅਰਜਨ ਦੇਵ ਜੀ ਤਕ ਸਿੱਖਾਂ ਦੇ ਗੁਰੂ ਘਰ ਨੂੰ ਧਰਮ-ਮੰਦਰ ਜਾਣ ਕੇ ਇਸ ਦੀ ਸੰਗਿਆ ‘ਧਰਮਸ਼ਾਲਾ’ ਨਾਲ ਕੀਤੀ ਜਾਂਦੀ ਸੀ। ਗੁਰੂ ਅਰਜਨ ਦੇਵ ਜੀ ਨੇ ਸੱਭ ਤੋਂ ਪਹਿਲਾਂ ਅੰਮ੍ਰਿਤਸਰੋਵਰ ਵਿਚ ਸੁਸ਼ੋਭਤ ਧਰਮ-ਮੰਦਰ ਨੂੰ ਹਰਿਮੰਦਰ ਦੀ ਸੰਗਿਆ ਦਿਤੀ। ਗੁਰੂ ਹਰਗੋਬਿੰਦ ਸਾਹਿਬ ਨੇ ਅਪਣੇੇ ਸਮੇਂ ਵਿਚ ਧਰਮਸ਼ਾਲਾ ਦੀ ਸੰਗਿਆ ‘ਗੁਰਦਵਾਰਾ’ ਹੋ ਗਈ, ਜੋ ਅੱਜ ਤਕ ਪ੍ਰਚੱਲਤ ਹੈ ਅਤੇ ਸਮੁੱਚੀ ਸਿੱਖ ਕੌਮ ਦੇ ਚੇਤਿਆਂ ਵਿਚ ਇਕ ਆਦਰਸ਼ ਈਸ਼ਵਰੀ ਬਿੰਦੂ ਦੇ ਰੂਪ ਵਿਚ ਸਮਾਈ ਹੋਈ ਹੈ। ਗੁਰਦਵਾਰਾ ਸਾਹਿਬ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੇ ਸੁਖਾਸਨ ਦਾ ਮਰਿਆਦਤ ਅਸਥਾਨ ਹੈ।ਮਹੰਤ ਨਰਾਇਣ ਦਾਸ ਦੀਆਂ ਸਿਆਹਕਾਰੀਆਂ, ਅੱਯਾਸ਼ੀਆਂ ਤੇ ਬਦਕਾਰੀਆਂ ਦੀ ਚਰਚਾ, ਸਿੱਖ ਸੰਗਤ ਵਿਚ ਦੂਰ-ਦੂਰ ਤਕ ਫੈਲ ਚੁੱਕੀ ਸੀ। ਮਹੰਤ ਨਰਾਇਣ ਦਾਸ ਵਲੋਂ ਗੁਰਦਵਾਰਾ ਨਨਕਾਣਾ ਸਾਹਿਬ ਦੀ ਕੀਤੀ ਜਾ ਰਹੀ ਲਗਾਤਾਰ ਬੇਅਦਬੀ ਤੇ ਬਦਨਾਮੀ, ਸਿੱਖ ਸੰਗਤਾਂ ਲਈ ਨਾ-ਸਹਿਣ ਯੋਗ ਸੀ।
ਜ਼ਿਕਰਯੋਗ ਹੈ ਕਿ ਮਹੰਤ ਨਰਾਇਣ ਦਾਸ, ਗਵਰਨਰ ਐਡਵਰਡ ਡੈਗਲਸ ਮੈਕਲੈਨ ਦੇ ਰਾਜ ਸਮੇਂ, ਨਨਕਾਣਾ ਸਾਹਿਬ ਦਾ ਮਹੰਤ ਬਣਿਆ ਸੀ। ਗੱਦੀ ਉੱਤੇ ਬੈਠਣ ਸਮੇਂ ਇਸ ਨੇ ਅੰਗਰੇਜ਼ ਮੈਜਿਸਟਰੇਟ ਦੇ ਸਾਹਮਣੇ ਸਿੱਖ ਸੰਗਤ ਨਾਲ ਇਕ ਲਿਖਤੀ ਇਕਰਾਰ ਵੀ ਕੀਤਾ ਸੀ ਕਿ ਉਹ ਪਹਿਲੇ ਮਹੰਤ ਵਰਗੇ ਕੁਕਰਮ ਤੇ ਕੁਚਾਲੇ ਨਹੀਂ ਕਰੇਗਾ ਤੇ ਜੇ ਉਸ ਵਿਰੁਧ ਕੋਈ ਕਸੂਰ ਸਾਬਤ ਹੋ ਜਾਣਗੇ ਤਾਂ ਉਹ ਤੁਰਤ ਅਸਤੀਫ਼ਾ ਦੇ ਦੇਵੇਗਾ। ਪਰ ਛੇਤੀ ਹੀ ਨਰਾਇਣ ਦਾਸ ਨੇ, ਸਿੱਖ ਸੰਗਤਾਂ ਨੂੰ ਦਿਤਾ ਇਹ ਬਚਨ ਭੰਗ ਕਰ ਦਿਤਾ ਤੇ ਪਹਿਲੇ ਮਹੰਤ ਦੇ ਕੁਕਰਮੀ ਪੂਰਨਿਆਂ ਉਤੇ ਚੱਲ ਪਿਆ। ਉਸ ਨੇ ਹਰ ਰਹੁਰੀਤ ਛਿੱਕੇ ਟੰਗ ਕੇ, ਇਕ ਮਰਾਸਣ ਅਪਣੇ ਘਰ ਗੁਰਦਵਾਰੇ ਦੇ ਅੰਦਰ ਹੀ ਰੱਖ ਲਈ, ਜੋ ਪਹਿਲੇ ਮਹੰਤ ਅਤੇ ਕੁੱਝ ਹੋਰ ਆਦਮੀਆਂ ਦੀ ਵੀ ਰਖੇਲ ਸੀ। ਇਸ ਮਰਾਸਣ ਦੀ ਕੁੱਖੋਂ ਮਹੰਤ ਨਰਾਇਣ ਦਾਸ ਦੇ ਘਰ, ਦੋ ਲੜਕੇ ਤੇ ਦੋ ਲੜਕੀਆਂ ਵੀ ਪੈਦਾ ਹੋਈਆਂ, ਜਿਨ੍ਹਾਂ ਲਈ ਗੁਰਦਵਾਰਾ ਨਨਕਾਣਾ ਸਾਹਿਬ ਦੀ ਜਗੀਰ ਵਿਚੋਂ ਹੀ ਦੋ ਅੱਡੋ-ਅੱਡਰੇ ਘਰਾਂ ਦੀ ਤਾਮੀਰ ਕਰਵਾਈ ਗਈ। ਇਕ ਘਰ ਨਨਕਾਣੇ ਵਿਚ ਤੇ ਦੂਸਰਾ, ਰਾਮ ਗਲੀ ਲਾਹੌਰ ਵਿਚ ਤਾਮੀਰ ਕਰਵਾਇਆ ਗਿਆ।
ਸੱਭ ਤੋਂ ਵੱਡੇ ਉਪੱਦਰ ਵਾਲੀ ਤੇ ਜੱਗੋਂ 13ਵੀਂ ਗੱਲ ਤਾਂ ਉਸ ਵੇਲੇ ਹੋਈ ਜਦੋਂ ਅਗੱਸਤ 1917 ਵਿਚ ਮਹੰਤ ਨਰਾਇਣ ਦਾਸ ਨੇ ਇਕ ਵੱਡੇ ਜਸ਼ਨ ਲਈ ਲਾਹੌਰ ਤੋਂ ਵੇਸਵਾਵਾਂ ਮੰਗਵਾਈਆਂ ਤੇ ਉਨ੍ਹਾਂ ਦਾ ਨਾਚ-ਗਾਣਾ ਗੁਰਦਵਾਰਾ ਜਨਮ ਅਸਥਾਨ ਦੇ ਅੰਦਰ ਕਰਵਾਇਆ ਗਿਆ। ਮਹੰਤ ਦੀ ਇਸ ਭੈੜੀ ਹਰਕਤ ਨੇ ਸਿੱਖ ਜਗਤ ਅੰਦਰ ਗੁੱਸੇ ਦੇ ਭਾਂਬੜ ਬਾਲ ਦਿਤੇ। ਅਖ਼ਬਾਰਾਂ ਨੇ ਵੀ, ਮਹੰਤ ਦੀ ਇਸ ਕਰਤੂਤ ਦੀ ਘੋਰ ਨਿੰਦਿਆ ਕੀਤੀ। ਸਿੰਘ ਸਭਾਵਾਂ ਤੇ ਸਿੱਖ ਸੰਗਤਾਂ ਨੇ ਗੁਰਦਵਾਰਿਆਂ ਅੰਦਰ ਇਕੱਠ ਕਰ ਕੇ, ਮਹੰਤ ਦੀ ਇਸ ਬਦਇਖਲਾਕੀ ਤੇ ਗੁਰਦਵਾਰਾ ਜਨਮ ਅਸਥਾਨ ਦੀ ਬੇਅਦਬੀ ਕਰਨ ਵਿਰੁਧ ਮਤੇ ਪਾਸ ਕਰ ਕੇ, ਅਪਣੇ ਗੁੱਸੇ ਤੇ ਰੋਹ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਮਤਿਆਂ ਰਾਹੀਂ ਅੰਗਰੇਜ਼ ਹਕੂਮਤ ਪਾਸੋਂ ਮਹੰਤ ਦੀ ਤੁਰਤ ਬਰਤਰਫ਼ੀ ਦੀ ਮੰਗ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਗੁਰਦਵਾਰਾ ਸਾਹਿਬ ਦੀਆਂ ਸੇਵਾਵਾਂ ਤੇ ਸਮੁੱਚਾ ਪ੍ਰਬੰਧ ਸਿੱਖ ਸੰਗਤ ਦੇ ਹਵਾਲੇ ਕੀਤਾ ਜਾਵੇ ਪਰ ਵਿਦੇਸ਼ੀ ਹਕੂਮਤ ਨੇ ਇਕ ਨਾ ਸੁਣੀ ਸਗੋਂ ਇਲਾਕੇ ਦੇ ਕੁੱਝ ਕੁ ਵੱਡੇ ਬੇਦੀ ਜਗੀਰਦਾਰ ਜੋ ਅਪਣੇ ਵਿਆਹਾਂ-ਸ਼ਾਦੀਆਂ ਵਿਚ ਕੰਜਰੀਆਂ ਦੇ ਨਾਚ-ਗਾਣੇ ਕਰਵਾਉਣ ਦਾ ਸ਼ੌਕ ਪਾਲਦੇ ਸਨ, ਉਹ ਵੀ ਮਹੰਤ ਨਰਾਇਣ ਦਾਸ ਦੀ ਪਿੱਠ ਥਾਪੜਨ ਲੱਗ ਪਏ। ਨਤੀਜਾ ਇਹ ਹੋਇਆ ਕਿ ਅੰਗਰੇਜ਼ ਦੀ ਮਿਲੀਭੁਗਤ ਤੇ ਬੇਦੀ ਜਗੀਰਦਾਰਾਂ ਦੇ ਸਮਰਥਨ ਕਾਰਨ ਮਹੰਤ ਨਰਾਇਣ ਦਾਸ ਪੂਰੀ ਤਰ੍ਹਾਂ ਸਿੱਖ ਪੰਥ ਤੋਂ ਬਾਗ਼ੀ ਹੋ ਗਿਆ।
ਉਪਰੋਕਤ ਘਟਨਾਵਾਂ ਦੇ ਮੱਦੇਨਜ਼ਰ, ਸਿੱਖ ਸੰਗਤਾਂ ਦਾ ਇਕ ਵੱਡਾ ਇਕੱਠ 16 ਫ਼ਰਵਰੀ 1921 ਨੂੰ ਗੁਰਦਵਾਰਾ ਖਰਾ-ਸੌਦਾ (ਸੱਚਾ-ਸੌਦਾ) ਚੂਹੜਕਾਨਾ (ਹੁਣ ਫ਼ਰੂਕਾਬਾਦ, ਪਾਕਿਸਤਾਨ), ਵਿਖੇ ਬੁਲਾਇਆ ਗਿਆ ਜਿਸ ਵਿਚ ਗਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਪ੍ਰਬੰਧ ਮਹੰਤ ਨਰਾਇਣ ਦਾਸ ਤੋਂ ਵਾਪਸ ਲੈਣ ਦਾ ਗੁਰਮਤਾ ਕੀਤਾ ਗਿਆ। ਸਿੱਖ ਲੀਡਰਾਂ ਪਾਸ ਇਹ ਖ਼ੁਫ਼ੀਆ ਖ਼ਬਰ ਸੀ ਕਿ ਮਹੰਤ ਨਰਾਇਣ ਦਾਸ 20 ਫ਼ਰਵਰੀ ਨੂੰ ਕਿਸੇ ਕਾਰਜ ਹਿੱਤ ਲਾਹੌਰ ਜਾ ਰਿਹਾ ਹੈ। ਇਸ ਲਈ ਇਹ ਤਹਿ ਹੋਇਆ ਕਿ ਦੋ ਸ਼ਹੀਦੀ ਜਥੇ ਅਲੱਗ-ਅਲੱਗ ਦਿਸ਼ਾਵਾਂ ਵਲੋਂ, ਗੁਰਦਵਾਰਾ ਜਨਮ ਅਸਥਾਨ ਨੂੰ ਮਹੰਤ ਦੇ ਕਬਜ਼ੇ ਵਿਚੋਂ ਆਜ਼ਾਦ ਕਰਵਾਉਣ ਲਈ, ਰਵਾਨਾ ਕੀਤੇ ਜਾਣ। ਇਕ ਜਥੇ ਦੀ ਅਗਵਾਈ ਭਾਈ ਕਰਤਾਰ ਸਿੰਘ ਝੱਬਰ ਕਰਨਗੇ ਅਤੇ ਦੂਜੇ ਜਥੇ ਦੀ ਅਗਵਾਈ ਭਾਈ ਲਛਮਣ ਸ਼ਿੰਘ ਧਾਰੋਵਾਲ ਕਰਨਗੇ। ਅੰਗਰੇਜ਼ ਹਕੂਮਤ ਦੇ ਸਾਜ਼ਸ਼ੀ ਮਨਸੂਬਿਆਂ ਦੇ ਪ੍ਰਣਾਮ ਵਜੋਂ ਹੀ ਨਨਕਾਣਾ ਸਾਹਿਬ ਦਾ ਦਰਦਨਾਕ ਸਾਕਾ ਵਾਪਰਿਆ ਜਿਸ ਵਿਚ ਅੰਗਰੇਜ਼ ਹਕੂਮਤ ਦੀ ਸ਼ਹਿ ਉਤੇ, ਮਹੰਤ ਨਰਾਇਣ ਦਾਸ ਦੇ ਭਾੜੇ ਦੇ ਗੁੰਡਿਆਂ ਵਲੋਂ, ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਅੰਦਰ ਦਾਖ਼ਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੇ ਹਜ਼ੂਰੀ ਵਿਚ ਬੈਠੇ, ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸ਼ਾਂਤਮਈ ਨਿਹੱਥੇ ਸਿੰਘਾਂ ਤੇ ਗੋਲੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਲਗਭਗ 260 ਸਿੰਘਾਂ ਨੂੰ, ਮੌਕੇ ਤੇ ਹੀ ਸ਼ਹੀਦ ਕਰ ਦਿਤਾ।
ਵਰਨਣ ਯੋਗ ਹੈ ਕਿ ਸ਼ਹੀਦ ਹੋਣ ਵਾਲਿਆਂ ਵਿਚ ਕੁੱਝ ਨੌਜੁਆਨ ਤੇ ਬੱਚੇ ਵੀ ਸਨ ਜਿਨ੍ਹਾਂ ਵਿਚ ਸੱਭ ਤੋਂ ਛੋਟੀ ਉਮਰ ਦਾ ਇਕ 7 ਸਾਲ ਦਾ ਬੱਚਾ ਵੀ ਸੀ। ਜੋ ਸੰਗਤਾਂ ਦੇ ਨਾਲ ਬੈਠ ਕੇ ਅੱਖਾਂ ਮੀਟੀ, ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਿਹਾ ਸੀ। ਸ਼ਹੀਦੀ ਜਥੇ ਦੀ ਅਗਵਾਈ ਕਰ ਰਹੇ ਭਾਈ ਲਛਮਣ ਸਿੰਘ ਧਾਰੋਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ, ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਤੇ ਇਕ ਜੰਡ ਨਾਲ ਬੰਨ੍ਹ ਕੇ ਸਾੜਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਪਾਪੀਆਂ ਨੇ ਗੋਲੀਆਂ ਨਾਲ ਛਲਣੀ-ਛਲਣੀ ਕਰ ਦਿਤਾ। ਸ਼ਹੀਦ ਹੋਏ ਤੇ ਅਧਮੋਏ ਜ਼ਖ਼ਮੀ ਸਿੰਘਾਂ ਨੂੰ ਲੱਕੜਾਂ ਦੇ ਢੇਰ ਇਕੱਠੇ ਕਰ ਕੇ, ਤੜਪਦੇ ਤੇ ਸਹਿਕਦੇ ਸਿੰਘਾਂ ਨੂੰ ਜ਼ਿੰਦਾ ਰਾਖ ਕਰ ਦਿਤਾ ਗਿਆ ਤਾਕਿ ਇਸ ਭਿਆਨਕ ਘਟਨਾ ਦੇ ਸੱਭ ਸਬੂਤ ਮਿਟਾ ਦਿਤੇ ਜਾਣ।
ਇਸ ਸ਼ਹੀਦੀ ਜਥੇ ਦੇ ਨਨਕਾਣਾ ਸਾਹਿਬ ਅਪੜਨ ਵਿਚ ਸ਼ਹੀਦ ਭਾਈ ਟਹਿਲ ਸਿੰਘ ਜੀ ਦੀ ਵੀ ਵੱਡੀ ਸ਼ਲਾਘਾਯੋਗ ਭੂਮਿਕਾ ਹੈ। ਅੱਜ ਸਿੱਖ ਧਰਮ ਇਕ ਵਿਸ਼ਵ ਧਰਮ ਦੇ ਰੂਪ ਵਿਚ ਸਥਾਪਤ ਹੋ ਚੁੱਕਾ ਹੈ। ਇਸ ਲਈ ਵਰਤਮਾਨ ਦੇ ਪ੍ਰਸੰਗ ਵਿਚ ਤੇ ਸਿੱਖ ਕੌਮ ਦੇ ਉਜਵਲ ਭਵਿੱਖ ਲਈ, ਸਾਰੀ ਸਿੱਖ ਕੌਮ ਨੂੰ, ਸਾਕਾ ਨਨਕਾਣਾ ਸਾਹਿਬ ਨਾਲ ਜੁੜੀ ਸਿੱਖ ਚੇਤਨਤਾ ਦੀ ਰੂਹ ਨਾਲ ਆਤਮਸਾਤ ਹੋਣ ਦੀ ਜ਼ਰੂਰਤ ਹੈ। ਹਰ ਗੁਰਦਵਾਰੇ ਦੇ ਪੁਜਾਰੀ ਅਤੇ ਪ੍ਰਬੰਧ ਨੂੰ, ਪੂਰਨਤਾ ਵਿਚ ਗੁਰਦਵਾਰਾ ਸਾਹਿਬਾਨ ਨੂੰ ਸਿੱਖ ਧਰਮ ਦੀ ਪਾਠਸ਼ਾਲਾ ਦੇ ਰੂਪ ਵਿਚ ਸੁਸਜਤ ਕਰਨ ਦੀ ਲੋੜ ਹੈ। ਨਨਕਾਣਾ ਸਾਹਿਬ ਦਾ ਖ਼ੂਨੀ ਸਾਕਾ, ਗੁਰਦਵਾਰਾ ਸਾਹਿਬ ਦੇ ਹਰ ਪੁਜਾਰੀ ਤੇ ਪ੍ਰਬੰਧਕ ਨੂੰ ਉਨ੍ਹਾਂ ਆਸ਼ਿਆਂ ਅਨੁਸਾਰ ਪੁਨਰ ਅਵਲੋਕਨ ਕਰਨ ਲਈ ਵੱਡੀ ਪ੍ਰੇਰਣਾ ਦਿੰਦਾ ਹੈ।
ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ
ਸੰਪਰਕ : 98140-33362