
ਅੰਤਰਰਾਸ਼ਟਰੀ ਖੁਸ਼ੀ ਦਿਵਸ ਹਰ ਸਾਲ 20 ਮਾਰਚ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਰਹਿ ਚੁੱਕੇ ਜੇਮੀ ਇਲਿਅਨ ਦੀ ਵਜ੍ਹਾ ਨਾਲ ਮਨਾਇਆ ਜਾਂਦਾ।
ਨਵੀਂ ਦਿੱਲੀ : ਅੰਤਰਰਾਸ਼ਟਰੀ ਖੁਸ਼ੀ ਦਿਵਸ (International Day of Happiness) ਹਰ ਸਾਲ 20 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਰਹਿ ਚੁੱਕੇ ਜੇਮੀ ਇਲਿਅਨ (Jayme Illien) ਦੀ ਵਜ੍ਹਾ ਨਾਲ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮਕਸਦ ਨਜ਼ਰੀਏ ਵਿਚ ਬਦਲਾਅ ਕਰਨਾ ਹੈ, ਦੁਨੀਆ ਨੂੰ ਇਸ ਗੱਲ ਦਾ ਅਹਿਸਾਸ ਦਿਵਾਉਣਾ ਹੈ ਕਿ ਸਿਰਫ਼ ਆਰਥਿਕ ਵਿਕਾਸ ਹੀ ਜ਼ਰੂਰੀ ਨਹੀਂ ਬਲਕਿ ਲੋਕਾਂ ਦੀ ਖੁਸ਼ਹਾਲੀ ਅਤੇ ਸੁੱਖ ਨੂੰ ਵਧਾਉਣਾ ਵੀ ਬੇਹੱਦ ਜ਼ਰੂਰੀ ਹੈ।
ਅੰਤਰਰਾਸ਼ਟਰੀ ਖੁਸ਼ੀ ਦਿਵਸ ਦਾ ਮਹੱਤਵ
ਇਹ ਦਿਨ ਖੁਸ਼ ਰਹਿਣ ਦਾ ਦਿਨ ਹੈ, ਹਾਲਾਂਕਿ ਖੁਸ਼ ਰਹਿਣ ਦਾ ਕੋਈ ਇਕ ਦਿਨ ਨਹੀਂ ਹੁੰਦਾ, ਪਰ ਮਨੁੱਖੀ ਜ਼ਿੰਦਗੀ ਅਤੇ ਪੂਰੇ ਸਮਾਜ ਵਿਚ ਖੁਸ਼ਹਾਲੀ ਕਿੰਨੀ ਜ਼ਰੂਰੀ ਹੈ ਇਹ ਦਿਨ ਇਸੇ ਗੱਲ ਨੂੰ ਯਾਦ ਕਰਵਾਉਂਦਾ ਹੈ। ਸਾਲ 2013 ਤੋਂ ਸੰਯੁਕਤ ਰਾਸ਼ਟਰ ਹਰ ਸਾਲ ਇਸ ਦਿਵਸ ਨੂੰ ਮਨਾਉਂਦਾ ਆ ਰਿਹਾ ਹੈ, ਤਾਂ ਜੋ ਦੁਨੀਆ ਭਰ ਵਿਚ ਰਹਿ ਰਹੇ ਲੋਕਾਂ ਦੀ ਖੁਸ਼ੀ ਦਾ ਮਹੱਤਵ ਜ਼ਾਹਿਰ ਕੀਤਾ ਜਾ ਸਕੇ। ਇਸਦੇ ਇਲਾਵਾ ਇਹ ਦਿਵਸ ਅਨੁਕੂਲ, ਨਿਰਪੱਖ ਅਤੇ ਸੰਤੁਲਿਤ ਆਰਥਿਕ ਵਿਕਾਸ ਦੀ ਜ਼ਰੂਰਤ ‘ਤੇ ਜ਼ੋਰ ਦਿੰਦਾ ਹੈ। ਜਿਸ ਨਾਲ ਲਗਾਤਾਰ ਤਰੱਕੀ, ਗਰੀਬੀ ਦਾ ਖਾਤਮਾ ਤੇ ਸਾਰਿਆਂ ਦੀ ਖੁਸ਼ਹਾਲੀ ਅਤੇ ਸੁੱਖ ਨੂੰ ਨਿਸ਼ਚਿਤ ਕੀਤਾ ਜਾ ਸਕੇ।
International Day Of Happiness
ਅੰਤਰਰਾਸ਼ਟਰੀ ਖੁਸ਼ੀ ਦਿਵਸ ਦਾ ਥੀਮ
ਹਰ ਸਾਲ ਅੰਤਰਰਾਸ਼ਟਰੀ ਖੁਸ਼ੀ ਦਿਵਸ ਦਾ ਇਕ ਵਿਸ਼ੇਸ਼ ਥੀਮ ਹੁੰਦਾ ਹੈ। ਇਸ ਵਾਰ ਦਾ ਥੀਮ ਹੈ, ‘ਹੈਪੀਅਰ ਟੂਗੈਦਰ’ (Happier together), ਯਾਨੀ ਕਿ ‘ਇਕੱਠੀ ਖੁਸ਼ੀ’। ਇਸ ਥੀਮ ਦਾ ਮਕਸਦ ਉਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਹੈ ਜੋ ਸਾਡੇ ਸਾਰਿਆਂ ਵਿਚ ਸਮਾਨ ਹਨ ਬਜਾਏ ਉਸਦੇ ਜਿਹਨਾਂ ਨੂੰ ਵੰਡਿਆ ਜਾ ਸਕਦਾ ਹੋਵੇ। ਸੰਸਾਰ ਵਿਚ ਹਰ ਕੋਈ ਖੁਸ਼ ਰਹਿਣਾ ਚਾਹੁੰਦਾ ਹੈ ਅਤੇ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਜ਼ਿੰਦਗੀ ਜ਼ਿਆਦਾ ਖੁਸ਼ਹਾਲ ਹੁੰਦੀ ਹੈ।
ਅੰਤਰਰਾਸ਼ਟਰੀ ਖੁਸ਼ੀ ਦਿਵਸ ਦਾ ਇਤਿਹਾਸ
ਸੰਯੁਕਤ ਰਾਸ਼ਟਰ ਦੀ ਆਮ ਸਭਾ ਨੇ 12 ਜੁਲਾਈ 2012 ਨੂੰ ਆਪਣੇ ਪ੍ਰਸਤਾਵ 66/281 ਦੇ ਤਹਿਤ ਹਰ ਸਾਲ 20 ਮਾਰਚ ਨੂੰ ਅੰਤਰਰਾਸ਼ਟਰੀ ਖੁਸ਼ੀ ਦਿਵਸ ਮਨਾਉਣ ਦਾ ਐਲਾਨ ਕੀਤਾ। ਇਹ ਪ੍ਰਸਤਾਵ ਸਮਾਜ ਸੇਵਕ, ਕਰਮਚਾਰੀ ਅਤੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਰਹਿ ਚੁੱਕੇ ਜੇਮੀ ਇਲਿਆਨ ਦੀ ਕੋਸ਼ਿਸ਼ ਦਾ ਨਤੀਜਾ ਸੀ। ਉਹਨਾਂ ਨੇ ਹੀ ਇਸ ਦਿਵਸ ਦੀ ਰੂਪ-ਰੇਖਾ ਬਣਾਈ।
International Day Of Happiness
ਉਹਨਾਂ ਦਾ ਮਕਸਦ ਇਕ ਅਜਿਹਾ ਪ੍ਰਸਤਾਵ ਲਿਆਉਣਾ ਸੀ ਜੋ ਖੁਸ਼ੀ ਦੀ ਤਲਾਸ਼ ਨੂੰ ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਟਿੱਚੇ ਵਿਚ ਸ਼ਾਮਿਲ ਕਰ ਸਕਣ। ਜਦੋਂ ਜੇਮੀ ਨੇ ਅਜਿਹਾ ਵਿਚਾਰ ਦਿੱਤਾ ਤਾਂ ਸੰਯੁਕਤ ਰਾਸ਼ਟਰ ਦੇ ਉਸ ਸਮੇਂ ਦੇ ਮੁਖੀ ਨੇ ਆਪਣਾ ਭਰਪੂਰ ਸਮਰਥਨ ਦਿੱਤਾ ਸੀ। ਸਿਰਫ ਇਹੀ ਨਹੀਂ ਯੂਐਨ ਦੇ ਸਾਰੇ 193 ਦੇਸ਼ਾਂ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕੀਤਾ। ਇਸ ਪ੍ਰਸਤਾਵ ਨੂੰ ਭੂਟਾਨ ਨੇ ਪੇਸ਼ ਕੀਤਾ। ਦੱਸ ਦਈਏ ਕਿ ਭੂਟਾਨ ਇਕ ਅਜਿਹਾ ਦੇਸ਼ ਹੈ ਜੋ 1970 ਤੋਂ ਹੀ ਰਾਸ਼ਟਰੀ ਆਮਦਨ ਦੀ ਤੁਲਨਾ ਵਿਚ ਰਾਸ਼ਟਰ ਦੀ ਖੁਸ਼ਹਾਲੀ ਨੂੰ ਤਰਜੀਹ ਦਿੰਦਾ ਆਇਆ ਹੈ।
ਕੌਣ ਹੈ ਜੇਮੀ ਇਲਿਆਨ?
ਅੰਤਰਰਾਸ਼ਟਰੀ ਖੁਸ਼ੀ ਦਿਵਸ ਦੀ ਸਥਾਪਨਾ ਤੋਂ 32 ਸਾਲ ਪਹਿਲਾਂ ਜੇਮੀ ਇਲਿਆਨ ਇਕ ਅਨਾਥ ਸੀ, ਜਿਹਨਾਂ ਨੂੰ ਮਸ਼ਹੂਰ ਸਮਾਜ ਸੇਵਿਕਾ ਮਦਰ ਟਰੇਸਾ ਦੀ ਸੰਸਥਾ ਨੇ ਕਲਕੱਤੇ ਦੀ ਸੜਕ ਤੋਂ ਚੁੱਕਿਆ ਸੀ। ਜੇਮੀ ਯੂਐਨ ਦੇ ਸਲਾਹਕਾਰ ਰਹਿ ਚੁੱਕੇ ਹਨ।