
ਬਲਵੰਤ ਗਾਰਗੀ (4 ਦਸੰਬਰ 1916-22 ਅਪ੍ਰੈਲ 2003) ਪੰਜਾਬੀ ਦੇ ਪ੍ਰਮੁੱਖ ਨਾਟਕਕਾਰਾਂ ਵਿਚੋਂ ਇਕ ਸੀ।
ਬਲਵੰਤ ਗਾਰਗੀ (4 ਦਸੰਬਰ 1916-22 ਅਪ੍ਰੈਲ 2003) ਪੰਜਾਬੀ ਦੇ ਪ੍ਰਮੁੱਖ ਨਾਟਕਕਾਰਾਂ ਵਿਚੋਂ ਇਕ ਸੀ। ਬਲਵੰਤ ਗਾਰਗੀ ਦਾ ਜਨਮ ਕਸਬਾ ਸ਼ਹਿਣਾ (ਜਿਲ੍ਹਾ ਬਠਿੰਡਾ) ਦੀ ਨਹਿਰੀ ਕੋਠੀ ਵਿਖੇ ਹੋਇਆ। ਉਸ ਨੇ ਐਫ.ਸੀ. ਕਾਲਜ ਲਾਹੌਰ ਤੋਂ ਰਾਜਨੀਤੀ ਵਿਗਿਆਨ ਅਤੇ ਅੰਗਰੇਜ਼ੀ ਸਾਹਿਤ ਦੀ ਐਮ.ਏ. ਤਕ ਦੀ ਸਿਖਿਆ ਹਾਸਲ ਕੀਤੀ। ਉਸ ਨੇ ਅਪਣਾ ਜੀਵਨ ਇਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ। ਮੁਢਲੇ ਦੌਰ ਵਿਚ ਬਲਵੰਤ ਗਾਰਗੀ ਗੁਰਬਖ਼ਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਰਹਿੰਦਿਆਂ ਉਸ ਦੀ ਨਾਟਕੀ ਪ੍ਰਤਿਭਾ ਪ੍ਰਫੁੱਲਤ ਹੋਣੀ ਸ਼ੁਰੂ ਹੋਈ। ਉਸ ਨੇ ਰੇਡੀਉ ਅਤੇ ਰੰਗਮੰਚ ਲਈ ਨਾਟਕ ਲਿਖੇ। ਬਾਅਦ ਵਿਚ ਅਮਰੀਕਾ ਜਾ ਕੇ ਸੀਐਟਲ ਵਿਚ ਥੀਏਟਰ ਦੇ ਅਧਿਆਪਕ ਰਹੇ।
ਉਥੇ ਹੀ 11 ਜੂਨ 1966 ਨੂੰ ਅਮਰੀਕਨ ਕੁੜੀ ਜੀਨੀ ਨਾਲ ਵਿਆਹ ਕਰਵਾ ਲਿਆ। ਭਾਰਤ ਤੋਂ ਇਲਾਵਾ ਉਸ ਦੇ ਨਾਟਕ ਮਾਸਕੋ, ਜਰਮਨੀ, ਪੋਲੈਂਡ, ਲੰਡਨ ਅਤੇ ਅਮਰੀਕਾ ਵਿਚ ਵੀ ਖੇਡੇ ਗਏ। ਬਲਵੰਤ ਗਾਰਗੀ ਬਹੁਤ ਹੀ ਪ੍ਰਤਿਭਾਵਾਨ ਨਾਟਕਕਾਰ ਸੀ। ਉਸ ਨੇ ਬਾਹਰਲੇ ਦੇਸਾਂ-ਪੋਲੈਂਡ, ਫ਼ਰਾਂਸ, ਅਮਰੀਕਾ ਅਤੇ ਇੰਗਲੈਂਡ ਆਦਿ ਵਿਚ ਜਾ ਕੇ ਉੱਥੋਂ ਦੀਆਂ ਨਾਟਕ ਸ਼ੈਲੀਆਂ ਅਤੇ ਰੰਗ-ਮੰਚ ਕਲਾ ਦਾ ਵਿਸ਼ੇਸ਼ ਅਧਿਐਨ ਕੀਤਾ। 1944 ਵਿਚ ਉਸ ਦਾ ਪਹਿਲਾ ਨਾਟਕ 'ਲੋਹਾ ਕੁੱਟ' ਛਪਿਆ ਅਤੇ ਅਪਣੇ ਪਹਿਲੇ ਸਫ਼ਲ ਨਾਟਕ ਨਾਲ ਹੀ ਉਸ ਨੇ ਪੰਜਾਬੀ ਨਾਟਕਕਾਰਾਂ ਦੀ ਪਹਿਲੀ ਕਤਾਰ ਵਿਚ ਅਪਣੀ ਥਾਂ ਬਣਾ ਲਈ। ਗਾਰਗੀ ਦੇ ਲਿਖੇ ਨਾਟਕ ਕੇਸਰੋ ਅਤੇ ਸੋਹਣੀ ਮਹੀਵਾਲ ਮਹੀਨਿਆਂ ਬੱਧੀ ਪਛਮੀ ਰੰਗ-ਮੰਚ ਤੇ ਵੀ ਖੇਡੇ ਗਏ।
File photo
ਗਾਰਗੀ ਨੂੰ ਰੰਗ-ਮੰਚ ਦੀ ਕਲਾ ਦਾ ਬਹੁਤ ਅਨੁਭਵ ਸੀ। ਉਸ ਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਅਤੇ ਬਾਹਰਲੀਆਂ ਯੂਨੀਵਰਸਟੀਆਂ 'ਚ ਰੰਗ-ਮੰਚ ਦਾ ਅਧਿਆਪਨ ਵੀ ਕੀਤਾ। ਲੋਹਾ ਕੁੱਟ, ਸੈਲ ਪੱਥਰ, ਕੇਸਰੋ, ਨਵਾਂ ਮੁੱਢ, ਕਣਕ ਦੀ ਬੱਲੀ, ਘੁੱਗੀ, ਧੂਣੀ ਦੀ ਅੱਗ, ਸੌਂਕਣ, ਅਭਿਸਾਰਕ, ਸੋਹਣੀ ਮਹੀਂਵਾਲ ਆਦਿ ਗਾਰਗੀ ਦੇ ਪ੍ਰਮੁੱਖ ਨਾਟਕ ਅਤੇ ਦਸਵੰਧ, ਬੇਬੇ, ਪੱਤਣ ਦੀ ਬੇੜੀ, ਦੁੱਧ ਦੀਆਂ ਧਾਰਾਂ, ਚਾਕੂ, ਕੌਡੀਆਂ ਵਾਲਾ ਸੱਪ ਇਕਾਂਗੀ ਸੰਗ੍ਰਹਿ ਹਨ। ਇਨ੍ਹਾਂ ਤੋਂ ਇਲਾਵਾ ਗਾਰਗੀ ਨੇ ਕੱਕਾ ਰੇਤਾ (ਨਾਵਲ), ਡੁਲ੍ਹੇ ਬੇਰ (ਕਹਾਣੀ) ਅਤੇ ਵਾਰਤਕ ਦੇ ਖੇਤਰ ਵਿਚ ਰੰਗ-ਮੰਚ, ਨਿੰਮ ਦੇ ਪੱਤੇ, ਸੁਰਮੇ ਵਾਲੀ ਅੱਖ, ਕਾਸ਼ਨੀ ਵਿਹੜਾ ਵਰਗੇ ਸੰਗ੍ਰਹਿ ਸਾਹਿਤ ਦੀ ਝੋਲੀ ਵਿਚ ਪਾਏ।
ਬਲਵੰਤ ਗਾਰਗੀ ਦਾ ਪਿਛੋਕੜ ਪੇਂਡੂ ਹੋਣ ਕਰ ਕੇ ਉਹ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਰਖਦਾ ਸੀ। ਉਸ ਨੇ ਪੇਂਡੂ ਜਨ ਜੀਵਨ ਅਤੇ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਪਣੇ ਨਾਟਕਾਂ ਦਾ ਵਿਸ਼ਾ ਬਣਾਉਂਦਿਆਂ ਬੜੀ ਢੁਕਵੀਂ ਖੁੱਲ੍ਹੀ-ਡੁਲ੍ਹੀ ਅਤੇ ਸੁਭਾਵਕ ਪੇਂਡੂ ਵਾਰਤਾਲਾਪ ਨੂੰ ਬਾਖ਼ੂਬੀ ਪੇਸ਼ ਕੀਤਾ। ਗਾਰਗੀ ਦੇ ਲਿਖੇ ਨਾਟਕਾਂ ਦੀ ਸੱਭ ਤੋਂ ਵੱਡੀ ਖ਼ੂਬੀ ਮੰਚ ਉਤੇ ਸਫ਼ਲਤਾ ਨਾਲ ਨਾਟਕ ਨਿਭਾਉਣ ਕਰ ਕੇ ਹੈ।
File photo
ਧੂਣੀ ਦੀ ਅੱਗ ਵਿਚ ਬਹੁਤ ਹੀ ਸੂਖਮ, ਮਨੋਵਿਗਿਆਨਿਕ ਤ੍ਰਾਸਦਿਕ ਸਥਿਤੀ ਨੂੰ ਨਿਭਾਇਆ। 'ਸੁਲਤਾਨ ਰਜ਼ੀਆ' ਉਸ ਦਾ ਇਕ ਸਫ਼ਲ ਇਤਿਹਾਸਿਕ ਨਾਟਕ ਹੈ। 'ਘੁੱਗੀ' ਅਮਨ ਲਹਿਰ ਲਈ ਲਿਖਿਆ ਇਕ ਸਫ਼ਲ ਨਾਟਕ ਹੈ। 'ਗਗਨ ਮੈ ਥਾਲ' ਗੁਰੂ ਨਾਨਕ ਸਾਹਿਬ ਦੇ ਜੀਵਨ ਸਬੰਧੀ ਲਿਖਿਆ ਨਾਟਕ ਹੈ। ਅਮਰੀਕਾ ਤੋਂ ਵਾਪਸ ਪਰਤਣ ਉਪਰੰਤ ਉਸ ਨੇ ਪਾਤਾਲ ਦੀ ਧਰਤੀ ਨਾਂ ਦਾ ਸਫ਼ਰਨਾਮਾ ਲਿਖਿਆ।
ਨਾਟਕ ਦੇ ਖੇਤਰ ਵਿਚ ਉਸ ਦੀਆਂ ਪ੍ਰਾਪਤੀਆਂ ਸਦਕਾ ਭਾਸ਼ਾ ਵਿਭਾਗ, ਪੰਜਾਬ ਵਲੋਂ (1958-59) ਉਸ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਾਰਤੀ ਸਾਹਿਤ ਅਕਾਦਮੀ ਵਲੋਂ ਵੀ ਉਸ ਨੂੰ ਰੰਗ-ਮੰਚ ਪੁਸਤਕ ਲਿਖਣ ਤੇ ਪੁਰਸਕਾਰ ਪ੍ਰਦਾਨ ਕੀਤਾ ਗਿਆ। ਲੰਮੀ ਬਿਮਾਰੀ ਮਗਰੋਂ 22 ਅਪ੍ਰੈਲ 2003 ਨੂੰ ਮੁੰਬਈ ਵਿਖੇ ਬਲਵੰਤ ਗਾਰਗੀ ਦਾ ਦਿਹਾਂਤ ਹੋ ਗਿਆ। ਉਸ ਦੀ ਅੰਤਿਮ ਇੱਛਾ ਅਨੁਸਾਰ ਦਿੱਲੀ ਵਿਚ ਉਸ ਦਾ ਸਸਕਾਰ ਕੀਤਾ ਗਿਆ।