
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜੋਧਪੁਰ ਜੇਲ ਦੇ ਸਿੱਖ ਕੈਦੀਆਂ ਨੂੰ ਦਿਤਾ ਗਿਆ ਮੁਆਵਜ਼ਾ ਪੰਥ ਦਰਦੀ ਲੋਕਾਂ ਦੇ ਦਿਲਾਂ ਨੂੰ ਤਾਂ ਸਕੂਨ...........
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜੋਧਪੁਰ ਜੇਲ ਦੇ ਸਿੱਖ ਕੈਦੀਆਂ ਨੂੰ ਦਿਤਾ ਗਿਆ ਮੁਆਵਜ਼ਾ ਪੰਥ ਦਰਦੀ ਲੋਕਾਂ ਦੇ ਦਿਲਾਂ ਨੂੰ ਤਾਂ ਸਕੂਨ ਪਹੁੰਚਾਉਂਦਾ ਹੀ ਹੈ, ਇਸ ਦੇ ਨਾਲ ਹੀ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਗ਼ੈਰਸਿੱਖਾਂ ਵਲੋਂ ਵੀ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਇਹ ਕਦਮ ਸਿੱਖ ਹਿਤਾਂ ਦੇ ਨਾਲ-ਨਾਲ ਸਮੁੱਚੀ ਮਨੁੱਖਤਾ ਲਈ ਵੀ ਤਸੱਲੀ ਭਰਿਆ ਹੈ। ਕੈਪਟਨ ਅਮਰਿੰਦਰ ਸਿੰਘ ਦਾ ਇਹ ਕਦਮ ਸ਼ਲਾਘਾਯੋਗ ਇਸ ਕਰ ਕੇ ਵੀ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਬਾਂਹ ਫੜੀ ਹੈ, ਜੋ ਭਾਰਤ ਸਰਕਾਰ ਦੀਆਂ ਘੱਟ ਗਿਣਤੀ ਵਿਰੋਧੀ ਕਾਰਵਾਈਆਂ ਸਦਕਾ ਉਸ ਦੀ ਨਫ਼ਰਤ ਦਾ
ਸ਼ਿਕਾਰ ਹੋ ਕੇ ਪੰਜ ਸਾਲ ਬਿਨਾਂ ਕਸੂਰ ਤੋਂ ਹੀ ਪੰਜਾਬ ਵਿਚੋਂ ਦੂਰ, ਜੋਧਪੁਰ ਦੀ ਜੇਲ ਵਿਚ ਰੁਲਣ ਲਈ ਮਜਬੂਰ ਹੋਏ ਅਤੇ ਏਨੀ ਦੂਰ ਹੋਣ ਕਰ ਕੇ ਅਪਣੇ ਪ੍ਰਵਾਰਾਂ ਰਿਸ਼ਤੇਦਾਰਾਂ ਤੇ ਹੋਰ ਸਨੇਹੀਆਂ ਨਾਲ ਮੁਲਾਕਾਤਾਂ ਕਰਨ ਨੂੰ ਤਰਸਦੇ ਰਹੇ। ਜਿਸ ਦਿਨ ਇਹ ਸਿੱਖ ਕੈਦੀ 28 ਜੂਨ 2018 ਮੁਆਵਜ਼ੇ ਦੇ ਚੈੱਕ ਲੈਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਲੋਂ ਪਰੋਸਿਆ ਖਾਣਾ ਖਾ ਰਹੇ ਸਨ ਤਾਂ ਮੇਰਾ ਦਿਮਾਗ਼ ਕਈ ਦਹਾਕੇ ਪਿਛੇ ਚਲਾ ਗਿਆ। ਸੰਨ 1987 ਵਿਚ ਜਿਹੜੀ ਵਰਕਸ਼ਾਪ ਵਿਚ ਮੈਂ ਦਸਵੀ ਕਰਨ ਤੋਂ ਬਾਅਦ ਕੰਮ ਸਿਖ ਰਿਹਾ ਸੀ, ਸਾਰੇ ਵਰਕਰ ਬੈਠੇ ਦੁਪਹਿਰ ਦਾ ਖਾਣਾ ਖਾ ਰਹੇ ਸਾਂ ਤਾਂ ਮੇਰੀਆਂ ਰੋਟੀਆਂ ਸੰਤ ਸਿਪਾਹੀ ਰਸਾਲੇ ਦੇ ਪੰਨਿਆਂ ਵਿਚ
ਲਪੇਟੀਆਂ ਹੋਈਆਂ ਸਨ। ਰੋਟੀ ਖਾਣ ਲੱਗਿਆਂ ਮੇਰੀ ਨਜ਼ਰ ਉਸ ਪੰਨੇ ਉਤੇ ਪਈ ਜਿਸ ਤੇ ਜੋਧਪੁਰ ਦੇ ਕੈਦੀਆਂ ਦੀ ਦਸਤਾਨ ਲਿਖੀ ਹੋਈ ਸੀ ਜਿਸ ਵਿਚ ਉਨ੍ਹਾਂ ਨੂੰ ਮਿਲ ਰਹੀ ਦਾਲ ਰੋਟੀ ਵਿਚੋਂ ਸੁੰਡੀਆਂ ਤੇ ਹੋਰ ਕੀੜੇ ਮਕੌੜੇ ਨਿਕਲਣ ਦੀ ਦਾਸਤਾਨ ਲਿਖੀ ਹੋਈ ਸੀ ਅਤੇ ਸਿੱਖ ਕੈਦੀਆਂ ਨੂੰ ਮਜਬੂਰੀਵਸ ਅਜਿਹੀ ਦਾਲ ਰੋਟੀ ਖਾਣੀ ਪੈ ਰਹੀ ਸੀ। ਪੜ੍ਹ ਕੇ ਮਨ ਭਰ ਆਇਆ ਤੇ ਮੈਂ ਰੋਟੀ ਨਾ ਖਾ ਸਕਿਆ। ਅਜਿਹੀਆਂ ਮੁਸੀਬਤਾਂ ਪੰਜ ਸਾਲ ਝੱਲਣ ਤੋਂ ਬਾਅਦ ਜੇਲ ਵਿਚੋਂ ਰਿਹਾਅ ਹੋਣ ਉਪਰੰਤ ਵੀ ਇਨ੍ਹਾਂ ਦੀ ਖੁਲਾਸੀ ਨਾ ਹੋਈ। ਮੁਆਵਜ਼ਾ ਲੈਣ ਲਈ ਅਦਾਲਤਾਂ ਦੇ ਚੱਕਰ ਅਤੇ ਹੱਕ ਵਿਚ ਫ਼ੈਸਲਾ ਹੋ ਜਾਣ ਤੋਂ ਬਾਅਦ ਸਰਕਾਰੀ ਦਫ਼ਤਰਾਂ ਵਿਚ ਹੁੰਦੀ ਖੱਜਲ
ਖੁਆਰੀ, ਲੀਡਰਾਂ ਦੇ ਘਰਾਂ ਦੇ ਗੇੜੇ ਹੋਰ ਪਤਾ ਨਹੀਂ ਕੀ-ਕੀ ਹਰ ਪਲ ਸੂਲੀ ਉਤੇ ਟੰਗਿਆ ਹੋਇਆ ਸੀ। ਪਰ ਹੱਕ ਵਿਚ ਫ਼ੈਸਲਾ ਹੋਣ ਤੋਂ ਬਾਅਦ ਵੀ ਇਨਸਾਫ਼ ਨਾ ਮਿਲਿਆ। ਕਈ ਸਰਕਾਰਾਂ ਆਈਆਂ, ਕਈ ਗਈਆਂ। ਕਾਂਗਰਸ ਸਰਕਾਰ ਤਾਂ ਛੱਡੋ, ਪੰਥ ਦਾ ਸੱਭ ਤੋਂ ਵੱਡਾ ਠੇਕਾਦਾਰ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਤਿੰਨ ਵਾਰ ਅਕਾਲੀ-ਭਾਜਪਾ ਸਰਕਾਰ ਬਣੀ ਪਰ ਸਿੱਖਾਂ ਦੇ ਪੁੱਤਰਾਂ ਨੂੰ ਪੰਥ ਲਈ ਮਰ ਮਿਟਣ ਦੇ ਸੱਦੇ ਦੇਣ ਵਾਲਾ ਬਾਦਲ, ਪੰਥ ਲਈ ਅਪਣੀਆਂ ਜਵਾਨੀਆਂ ਜੇਲਾਂ ਵਿਚ ਰੋਲਣ ਵਾਲੇ ਇਨ੍ਹਾਂ ਸਿੱਖਾਂ ਨੂੰ ਇਨਸਾਫ਼ ਨਾ ਦੇ ਸਕਿਆ। ਪਰ ਜਦੋਂ ਇਕ ਕਾਂਗਰਸੀ ਅਖਵਾਉਂਦੇ ਮੁੱਖ ਮੰਤਰੀ ਨੇ ਇਨ੍ਹਾਂ ਦੀ ਬਾਂਹ ਫੜ ਕੇ ਅਪਣੇ
ਬਰਾਬਰ ਬਿਠਾ ਕੇ ਇਨਸਾਫ਼ ਕੀਤਾ ਅਤੇ ਇਨ੍ਹਾਂ 40 ਸਿੱਖਾਂ ਜਿਨ੍ਹਾਂ ਨੇ ਅਦਾਲਤੀ ਕੇਸ ਲੜ ਕੇ ਅਪਣੇ ਹੱਕ ਮਨਵਾ ਲਏ, ਉਨ੍ਹਾਂ ਨੂੰ ਪ੍ਰਤੀ ਵਿਅਕਤੀ ਸਵਾ ਪੰਜ-ਪੰਜ ਲੱਖ ਦੇ ਚੈੱਕ ਦਿਤੇ ਅਤੇ ਬਾਕੀ ਰਹਿ ਗਏ 326 ਸਿੱਖ ਕੈਦੀਆਂ (ਜਿਨ੍ਹਾਂ ਹਰਜਾਨੇ ਦਾ ਕੋਈ ਕੇਸ ਨਹੀਂ ਸੀ ਕੀਤਾ) ਨੂੰ ਇਨ੍ਹਾਂ ਚਾਲੀਆਂ ਦੇ ਬਰਾਬਰ ਰਾਹਤ ਦੇਣ ਦਾ ਐਲਾਨ ਕੀਤਾ ਅਤੇ ਹਰ ਮੁਸ਼ਕਲ ਸਮੇਂ ਉਨ੍ਹਾਂ ਨਾਲ ਖੜਨ ਦਾ ਵਾਅਦਾ ਕੀਤਾ। ਹੁਣ ਵੇਖਣਾ ਤਾਂ ਇਹ ਬਣਦਾ ਹੈ ਕਿ ਸਿੱਖਾਂ ਦਾ ਹਮਦਰਦ ਕੌਣ ਹੈ, ਪ੍ਰਕਾਸ਼ ਸਿੰਘ ਬਾਦਲ, ਬਾਦਲ ਦੀ ਜੇਬ ਵਿਚੋਂ ਨਿਕਲੇ ਸ਼੍ਰੋਮਣੀ ਕਮੇਟੀ ਪ੍ਰਧਾਨ, ਤਖ਼ਤਾਂ ਦੇ ਜਥੇਦਾਰ ਜਾਂ ਕੈਪਟਨ ਅਮਰਿੰਦਰ ਸਿੰਘ? ਕੈਪਟਨ ਵਲੋਂ ਕੀਤੇ ਇਸ ਉਦਮ ਦੀ ਭਾਵੇਂ
ਸਿੱਖ ਪੰਥ ਵਲੋਂ ਸ਼ਲਾਘਾ ਹੋ ਰਹੀ ਹੈ ਪਰ ਬਾਦਲ ਦਲ, ਸ਼੍ਰੋਮਣੀ ਕਮੇਟੀ, ਤਖ਼ਤਾਂ ਦੇ ਜਥੇਦਾਰ ਸੱਭ ਖ਼ਾਮੋਸ਼ ਹਨ, ਕੈਪਟਨ ਸਾਹਬ ਦੀ ਪ੍ਰਸ਼ੰਸਾ ਲਈ ਦੋ ਸ਼ਬਦ ਵੀ ਮੂੰਹੋਂ ਕੱਢਣ ਲਈ ਤਿਆਰ ਨਹੀਂ। ਪਰ ਬਾਦਲ ਸਾਹਬ ਦੀ ਨੁੰਹ ਬੀਬੀ ਹਰਮਿਸਮਰਤ ਕੌਰ ਜੋ ਪੈਰ-ਪੈਰ ਉਤੇ ਕੈਪਟਨ ਨੂੰ ਕਾਂਗਰਸੀ ਕਹਿ ਕੇ ਭੰਡਣ ਤੋਂ ਗ਼ੁਰੇਜ਼ ਨਹੀਂ ਕਰਦੀ, ਉਸ ਨੂੰ ਸਿੱਖ ਕੈਦੀਆਂ ਦੇ ਹੱਕ ਵਿਚ ਡਟ ਕੇ ਖੜਨ ਦਾ ਹੌਸਲਾ ਵਿਖਾਉਣਾ ਚਾਹੀਦਾ ਸੀ। ਪਰ ਇਸ ਦੀ ਆਸ ਕੋਈ ਨਹੀਂ ਲਗਦੀ। ਤਖ਼ਤ ਸਾਹਿਬਾਨ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਸਿੱਖ ਵਿਦਵਾਨਾਂ ਸ. ਜੋਗਿੰਦਰ ਸਿੰਘ, ਪ੍ਰੋ. ਦਰਸ਼ਨ ਸਿੰਘ, ਸਰਬਜੀਤ ਸਿੰਘ ਧੂੰਦਾ, ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਵਰਗਿਆਂ ਨੂੰ
ਟੰਗਣ ਵਿਚ ਤਾਂ ਬੜੀ ਕਾਹਲ ਵਿਖਾਉਂਦੇ ਹਨ ਤੇ ਨਾਲ ਹੀ ਦਾਅਵੇ ਕਰਦੇ ਹਨ ਕਿ ਬਾਦਲ ਪ੍ਰਵਾਰ ਦੀ ਸਿੱਖ ਤਖ਼ਤਾਂ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਫ਼ੈਸਲਿਆਂ ਵਿਚ ਕੋਈ ਦਖ਼ਲ ਅੰਦਾਜ਼ੀ ਨਹੀਂ। ਜੇ ਇਹ ਸੱਚ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਕਾਰਜ ਬਦਲੇ ਦਰਬਾਰ ਸਾਹਿਬ ਸੱਦ ਕੇ ਇਕ ਸਿਰੋਪਾਉ ਤੇ ਸ੍ਰੀ ਸਾਹਿਬ ਦੇ ਕੇ ਸਨਮਾਨਤ ਕਰਨ ਦੀ ਹਿੰਮਤ ਹੀ ਵਿਖਾ ਦੇਣ ਅਤੇ ਰਹਿੰਦੀਆਂ ਮੰਗਾਂ ਕੈਪਟਨ ਦੇ ਮੂਹਰੇ ਰੱਖ ਦੇਣ।
ਸੰਪਰਕ : 98725-07301