
ਵਿਸ਼ਵ ਮਾਂ ਬੋਲੀ ਦਿਹਾੜੇ ’ਤੇ ਵਿਸ਼ੇਸ਼
ਮਾਂ ਇਕ ਅਜਿਹਾ ਸ਼ਬਦ ਜਿਸਨੂੰ ਬੋਲਦਿਆਂ ਜ਼ੁਬਾਨ ਵਿਚ ਮਿਠਾਸ ਘੁੱਲਦੀ, ਮਨ ਮਸਤਕ ਵਿਚ ਖੇੜਾ ਪੈਦਾ ਹੁੰਦਾ ਤੇ ਰੂਹ ਨੂੰ ਸਕੂਨ ਮਿਲਦਾ ਹੈ। ਮਾਂ ਦੇ ਨਾਲ ਜਦੋਂ ਬੋਲੀ ਜੁੜਦੀ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਕਿਸੇ ਵੀ ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਜਿਸ ਨਾਲ ਭਾਵਨਾਤਮਕ ਸਾਂਝ ਪੈਦਾ ਹੋ ਜਾਂਦੀ ਹੈ ਉਹ ਹੈ- ਮਾਂ ਤੇ ਮਾਂ ਜ਼ੁਬਾਨ। ਮਾਂ ਇਸ ਰੰਗੀਨ ਦੁਨੀਆ ‘ਚ ਲੈ ਕੇ ਆਉਂਦੀ ਹੈ ਤੇ ਮਾਂ ਬੋਲੀ ਇਸ ਦੁਨੀਆਂ ਵਿਚ ਵਿਚਰਣਾ ਸਿਖਾਉਂਦੀ ਤੇ ਸ਼ਖਸੀਅਤ ਦਾ ਨਿਰਮਾਣ ਕਰਦੀ ਹੈ।ਇਸ ਰੰਗੀਨ ਦੁਨੀਆ ਵਿਚ ਆਉਂਦਿਆਂ ਹੀ ਮਾਂ ਜ਼ੁਬਾਨ ਦੇ ਵਿਚ ਮਾਂ ਦੇ ਮੁੱਖੋਂ ਨਿਕਲਦੇ ਅਲਫ਼ਾਜ਼ ਕੰਨੀ ਪੈਂਦੇ।
ਜਿਸ ਜ਼ੁਬਾਨ ਦੇ ਵਿਚ ਦਾਦੀ ਦੀਆਂ ਲੋਰੀਆਂ ਸੁਣੀਆਂ, ਜਿਸ ਆਵਾਜ਼ ਵਿਚ ਮਾਂ ਦੀ ਮਮਤਾ ਦੇ ਅਹਿਸਾਸਾਂ ਦੇ ਬੋਲਾਂ ਨੇ ਕੰਨਾਂ ਵਿਚ ਰਸ ਘੋਲਿਆ, ਉਹ ਮਾਂ ਜ਼ੁਬਾਨ ਅਖਵਾਉਂਦੀ ਹੈ। ਆਪਣੇ ਭਾਵਾਂ, ਜ਼ਜਬਾਤਾਂ, ਵਲਵਲਿਆਂ ਨੂੰ ਅਲਫ਼ਾਜਾਂ ‘ਚ ਪਰੋ ਕੇ ਮੰਜ਼ਿਲ ਤੱਕ ਪਹੁੰਚਾਉਂਦੀ ਹੈ ਮਾਂ ਬੋਲੀ। ਇਹ ਸਾਨੂੰ ਸਾਡੇ ਸੱਭਿਆਚਾਰ ਤੇ ਇਤਿਹਾਸ ਤੋਂ ਜਾਣੂੰ ਕਰਵਾਉਂਦੀ ਹੈਂ। ਜੇ ਇਹ ਕਹਿ ਲਈਏ ਕਿ ਸਾਡੀ ਬੋਲੀ ਸਾਡੀ ਪਹਿਚਾਣ ਹੈ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ।
ਹਰ ਭਾਸ਼ਾ, ਹਰ ਬੋਲੀ ਦੀ ਆਪਣੀ ਮਹੱਤਤਾ ਹੁੰਦੀ ਹੈ। ਵਿਸ਼ਵ ਪੱਧਰ ’ਤੇ ਲਗਪਗ 6500 ਭਾਸ਼ਾਵਾਂ ਬੋਲੀਆਂ ਜਾਂਦੀਆ ਹਨ। ਕੌਮਾਂਤਰੀ ਪੱਧਰ ’ਤੇ ਭਾਸ਼ਾਈ ਅਤੇ ਸੱਭਿਆਚਾਰਕ ਵੰਨ ਸੁਵੰਨਤਾ ਨੂੰ ਬਰਕਰਾਰ ਰੱਖਣ ਦੇ ਉਦੇਸ਼ ਦੇ ਨਾਲ ਯੂਨੈਸਕੋ ਦੁਆਰਾ 17 ਨਵੰਬਰ 1999 ਨੂੰ ਵਿਸ਼ਵ ਮਾਂ ਬੋਲੀ ਦਿਹਾੜਾ ਮਨਾਉਣ ਦਾ ਅਹਿਮ ਫੈਸਲਾ ਲਿਆ ਗਿਆ। ਇਸ ਦਿਹਾੜੇ ਨੂੰ ਮਨਾਉਣ ਦਾ ਕਾਰਨ ਵੀ ਦਿਲ ਨੂੰ ਟੁੰਬਣ ਵਾਲਾ ਹੈ।
ਸਾਲ 1952, ਤਾਰੀਖ 21 ਫਰਵਰੀ ਨੂੰ ਢਾਕਾ ਯੂਨੀਵਰਸਿਟੀ, ਜਗਨਨਾਥ ਯੂਨੀਵਰਸਿਟੀ, ਢਾਕਾ ਮੈਡੀਕਲ ਕਾਲਜ ਦੇ ਵਿਦਿਆਰਥੀ ਪਾਕਿਸਤਾਨ ਵਿਚ ਉਰਦੂ ਤੋ ਬਿਨਾਂ ਬੰਗਾਲੀ ਨੂੰ ਵੀ ਕੌਮੀ ਭਾਸ਼ਾ ਬਣਾਉਣ ਲਈ ਮੁਜ਼ਹਾਰਾ ਕਰ ਰਹੇ ਸਨ। ਪੁਲਿਸ ਦੀਆਂ ਗੋਲੀਆਂ ਨਾਲ ਇਨ੍ਹਾਂ ਮੁਜ਼ਹਾਰਾਕਾਰੀ ਵਿਦਿਆਰਥੀ ਦੀ ਮੌਤ ਹੋ ਗਈ। ਭਾਸ਼ਾ ਲਈ ਇਹਨਾਂ ਵਿਦਿਆਰਥੀਆਂ ਦੀ ਜੱਦੋ ਜਹਿਦ ਨੂੰ ਯਾਦ ਕਰਦਿਆਂ 21 ਫਰਵਰੀ ਨੂੰ ਇਹ ਦਿਹੜਾ ਮਨਾਉਣ ਦਾ ਫੈਸਲਾ ਕੀਤਾ ਗਿਆ।
ਅਸਲ ਵਿਚ ਕਿਸੇ ਵੀ ਦਿਹਾੜੇ ਨੂੰ ਮਨਾਉਣ ਦੀ ਪਿਰਤ ਤਾਂ ਹੀ ਪਾਈ ਜਾਂਦੀ ਹੈ ਕਿ ਲੋਕ ਮਨਾਂ ਵਿਚ ਉਸ ਪ੍ਰਤੀ ਜਾਗਰੂਕਤਾਂ ਪੈਦਾ ਕੀਤੀ ਜਾ ਸਕੇ। ਮਾਂ ਬੋਲੀ ਦੇ ਸੰਬੰਧ ਵਿਚ ਕੌਮਾਂਤਰੀ ਦਿਹਾੜਾ ਮਨਾਉਣ ਦਾ ਫੈਸਲਾ ਕਿਤੇ ਨਾ ਕਿਤੇ ਇਸ ਤੱਥ ਨੂੰ ਉਜਾਗਰ ਕਰਦਾ ਪ੍ਰਤੀਤ ਹੋ ਰਿਹਾ ਹੈ ਕਿ ਲੋਕ ਆਪਣੀ ਮਾਂ ਜ਼ੁਬਾਨ ਤੋਂ ਦੂਰ ਹੁੰਦੇ ਜਾ ਰਹੇ ਹਨ। ਭਾਸ਼ਾ ਤੇ ਆਧਾਰ ’ਤੇ ਟਕਰਾਅ ਵੱਧਣ ਦਾ ਡਰ ਵੱਧ ਰਿਹਾ ਹੈ।
ਸਾਲ 2002 ਵਿਚ ਯੂਨੈਸਕੋ ਦੁਆਰਾ ਜਾਰੀ ਰਿਪੋਰਟ ਦੇ ਤੱਥ ਬੜੇ ਹੈਰਾਨੀਜਨਕ ਤੇ ਦੁਖਦਾਈ ਸਨ। ਉਸ ਰਿਪੋਰਟ ਦੇ ਵਿਚ ਇਹ ਤੱਥ ਉਜਾਗਰ ਕੀਤੇ ਗਏ ਕਿ ਵਿਸ਼ਵ ਦੀਆ ਲਗਪਗ 3000 ਭਾਸ਼ਾਵਾਂ ਦੀ ਹੋਂਦ ਨੂੰ ਖਤਰਾ ਹੈ ਭਾਵ ਲੋਕ ਆਪਣੀ ਮਾਂ ਜ਼ੁਬਾਨ ਤੋਂ ਮੁਨਕਰ ਹੁੰਦੇ ਜਾ ਰਹੇ ਹਨ। ਉਸ ਸਮੇਂ ਇਸ ਦਿਹਾੜੇ ਦਾ ਨਾਅਰਾ ਸੀ- ‘ਭਾਸ਼ਾ ਦੀ ਆਕਾਸ਼ ਗੰਗਾ ਵਿਚ ਹਰ ਸ਼ਬਦ ਇਕ ਤਾਰਾ ਹੈ।’
ਪਹਿਲਾਂ ਅੱਖਰ ਸਿੱਖੇ ਜਾਂਦੇ ਫਿਰ ਅੱਖਰਾਂ ਤੋਂ ਸ਼ਬਦ ਬਣਾਏ ਜਾਂਦੇ ਤੇ ਫਿਰ ਸ਼ਬਦਾਂ ਨੂੰ ਵਾਕਾਂ ਵਿਚ ਪਰੋਇਆ ਜਾਂਦਾ ਹੈ। ਹਰ ਇਕਫ਼ਨਬਸਪ; ਸ਼ਬਦ ਦੀ ਆਪਣੀ ਵਿਲੱਖਣ ਹੋਂਦ ਤੇ ਮਹੱਤਤਾ ਹੁੰਦੀ ਹੈ। ਜਿਵੇਂ ਬੂੰਦ-ਬੂੰਦ ਦੇ ਨਾਲ ਸਾਗਰ ਬਣਦਾ ਹੈ ।ਇਸੇ ਤਰ੍ਹਾਂ ਇਕ ਇਕ ਸ਼ਬਦ ਨਾਲ ਭਾਸ਼ਾ ਰੂਪੀ ਖਜ਼ਾਨਾ ਵੱਧਦਾ ਜਾਂਦਾ ਹੈ। ਇਸ ਖਜ਼ਾਨੇ ਸਦਕਾ ਇਨਸਾਨ ਹੌਲੀ ਹੌਲੀ ਭਾਸ਼ਾ ਵਿਚ ਮੁਹਾਰਤ ਹਾਸਲ ਕਰ ਲੈਂਦਾ ਹੈ। ਉਸ ਕੋਲ ਸ਼ਬਦਾਂ ਦਾ ਭੰਡਾਰ ਇੱਕਠਾ ਹੋ ਜਾਂਦਾ ਹੈ। ਜੇ ਕਿਸੇ ਵਿਅਕਤੀ ਨੇ ਕਿਸੇ ਦੀ ਸੂਰਤ ਵੇਖਣੀ ਹੋਵੇ ਤਾਂ ਉਸਦੀ ਸ਼ਕਲ ਵੇਖੀ ਜਾਂਦੀ ਹੈ ਤੇ ਜੇ ਕਿਸੇ ਵਿਅਕਤੀ ਨੇ ਕਿਸੇ ਦੀ ਸੀਰਤ ਵੇਖਣੀ ਹੈ ਤਾਂ ਉਸਦੀ ਗੱਲਬਾਤ ਤਂੋ ਵੇਖੀ ਜਾ ਸਕਦੀ ਹੈ ।
ਜੇ ਕਿਸੇ ਵਿਅਕਤੀ ਨੇ ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਾ ਹੈ ਤਾਂ ਉਹ ਸਿਰਫ਼ ਆਪਣੀ ਮਾਂ ਬੋਲੀ ਦੁਆਰਾ ਹੀ ਕਰ ਸਕਦਾ ਹੈ ।ਬਲਰਾਜ ਸਾਹਨੀ ਪਹਿਲਾਂ ਆਪਣੀਆਂ ਲਿਖਤਾਂ ਨੂੰ ਹੋਰ ਭਾਸ਼ਾਵਾਂ ਵਿੱਚ ਲਿੱਖਣ ਲੱਗ ਪਏ ਸਨ ਤਾਂ ਉਨ੍ਹਾਂ ਨੂੰ ਟੈਗੋਰ ਜੀ ਨੇ ਕਿਹਾ ਸੀ ਜੋ ਚੀਜ਼ ਤੁਸੀਂ ਆਪਣੀ ਮਾਂ ਬੋਲੀ ਵਿੱਚ ਲਿੱਖ ਸਕਦੇ ਹੋ ਉਹ ਹੋਰ ਭਾਸ਼ਾਵਾ ਵਿੱਚ ਨਹੀ,ਤਾਂ ਬਲਰਾਜ ਜੀ ਨੇ ਕਿਹਾ ਸੀ ਕੇ ਉਨ੍ਹਾਂ ਦੀਆ ਲਿਖਤਾਂ ਤਾਂ ਫਿਰ ਇਕ ਖਿਤੇ ਤੱਕ ਹੀ ਸੀਮਤ ਹੋ ਜਾਣਗੀਆਂ ਤਾਂ ਉਨ੍ਹਾਂ ਕਿਹਾ ਕਿ ਗੀਤਾਂਜਲੀ ਵੀ ਤਾਂ ਆਪਣੀ ਮਾਂ ਬੋਲੀ ਵਿੱਚ ਲਿਖੀ ਗਈ ਸੀ ਉਹ ਵੀ ਤਾਂ ਹੋਰ ਖਿੱਤਿਆਂ ਵਿੱਚ ਮੁਕਬੂਲ ਹੋਈ ਹੈ । ਕਿਸੇ ਸ਼ਾਇਰ ਨੇ ਬਾਖੂਬੀ ਕਿਹਾ ਹੈ
“ਇਕ ਧਰਮ ਨਾਲੋਂ ਤੋੜ ਦਿਓ, ਇਕ ਮਾਂ ਬੋਲੀ ਭੁਲਾ ਦਿਓ
ਕੰਧਾਂ ਵਿਚ ਵੱਜਦੇ ਫਿਰਨਗੇ, ਭਾਵੇਂ ਸੌ ਸੌ ਦੀਪ ਜਗਾ ਦਿਓ”।
ਸਾਡੀ ਹੋਂਦ ਦੀਆਂ ਜੜ੍ਹਾਂ ਸਾਡੀ ਮਾਂ ਜ਼ੁਬਾਨ ਨਾਲ ਜੁੜੀਆਂ ਹੁੰਦੀਆ ਹਨ। ਮਾਂ ਜ਼ੁਬਾਨ ਨੂੰ ਭੁਲਾ ਦੇਣ ਦਾ ਸਿੱਧਾ ਸਿੱਧਾ ਅਰਥ ਹੈ ਜੜ੍ਹਾਂ ਨਾਲੋਂ ਉਖੜਨਾ। ਅਸੀਂ ਇਸ ਗੱਲ ਤੋਂ ਕਦੇ ਇਨਕਾਰੀ ਨਹੀਂ ਹੋ ਸਕਦੇ ਕਿ ਪੌਦੇ ਦਾ ਜੜ੍ਹ ਤੋਂ ਟੁੱਟਣਾ ਉਸਦੀ ਹੋਂਦ ਦੇ ਖਤਮ ਹੋਣ ਦੀ ਨਿਸ਼ਾਨੀ ਹੈ। ਠੀਕ ਇਸੇ ਤਰ੍ਹਾਂ ਆਪਣੀ ਜੜ੍ਹ ਆਪਣੀ ਮਾਂ ਬੋਲੀ ਤੋਂ ਟੁੱਟਣਾ ਸਾਡੀ ਹੋਂਦ ਦੇ ਹਮੇਸ਼ਾ ਲਈ ਖਤਮ ਹੋਣ ਦਾ ਸੰਕੇਤ ਹੈ। ਕਿਸੇ ਸ਼ਾਇਰ ਨੇ ਆਪਣੇ ਸ਼ਬਦਾਂ ਵਿਚ ਇਸ ਤ੍ਰਾਸਦੀ ਨੂੰ ਬਾਖੂਬੀ ਬਿਆਨ ਕੀਤਾ ਹੈ-
“ਜਿਹੜੀ ਦਿੰਦੀ ਸੀ ਅਸੀਸਾਂ ਸੁੱਚੇ ਸ਼ਬਦਾਂ ਦੇ ਨਾਲ
ਜਿਹੜੀ ਆਖਦੀ ਸੀ ਜੀਂਦਾ ਰਵੇ ਜੀਣ ਜੋਗਿਆ
ਮੇਰੇ ਸਾਹਮਣੇ ਉਹ ਮਾਂ ਮੇਰੀ ਮਰੀ ਜਾਂਦੀ ਆ
ਮੇਰੇ ਸਾਹਮਣੇ ਉਹ ਮਾਂ ਬੋਲੀ ਮਰੀ ਜਾਂਦੀ ਆ”।
ਮਾਂ ਬੋਲੀ ਦੀ ਵੀ ਗੱਲ ਚੱਲ ਰਹੀ ਹੋਵੇਂ ਤਾਂ ਮਾਂ ਜ਼ੁਬਾਨ ਪੰਜਾਬੀ ਦੀ ਗੱਲ ਕਰਨੀ ਤੁਰਨੀ ਸੁਭਾਵਿਕ ਹੀ ਹੈ। ਬੋਲੀ ਦੇ ਆਧਾਰ ਤੇ ਪੰਜਾਬ ਨੇ ਵੀੇ ਸੰਤਾਪ ਹੰਢਾਇਆ ਹੈ। 1950 ਵਿਚ ਭਾਰਤ ਭਰ ਦੇ ਭਾਸ਼ਾਈ ਸਮੂਹਾਂ ਵੱਲੋਂ ਉਠਾਈ ਗਈ ਵੱਖਰੇ-ਵੱਖਰੇ ਰਾਜਾਂ ਦੀ ਮੰਗ ਕਾਰਨ 1953 ਵਿਚ ਰਾਜ ਪੁਨਰ ਗਠਨ ਕਮਿਸ਼ਨ ਹੋਂਦ ਵਿਚ ਆਇਆ ਜਿਸਦੇ ਨਤੀਜੇ ਵੱਜੋਂ ਭਾਸ਼ਾ ਦੇ ਆਧਾਰ ਤੇ ਪੰਜਾਬ ,ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਵੰਡ ਕਰ ਦਿੱਤੀ ਜਿਸਦੇ ਨਤੀਜੇ ਵੱਜੋ 1 ਨਵੰਬਰ 1966 ਨੂੰ ਨਵਾਂ ਪੰਜਾਬ ਹੋਂਦ ਵਿਚ ਆਇਆ।
ਨਵੇਂ ਪੰਜਾਬ ਦਾ ਗਠਨ ਤਾਂ ਹੋ ਗਿਆ ਪਰ ਅਜੋਕੇ ਸਮੇਂ ਵਿਚ ਜਦੋਂ ਅਸੀ ਚਾਰ ਚੁਫੇਰੇ ਝਾਤ ਮਾਰਦੇ ਹਾਂ ਤਾਂ ਪੰਜਾਬੀ ਮਾਂ ਜ਼ੁਬਾਨ ਆਪਣੇ ਹੀ ਘਰ ਵਿਚ ਬੇਗਾਨੀ ਹੋਈ ਪ੍ਰਤੀਤ ਹੁੰਦੀ ਹੈ। ਦੁੱਖ ਨਾਲ ਕਹਿਣਾ ਪੈ ਰਿਹਾ ਕਿ ਕੁਝ ਲੋਕ ਪੰਜਾਬੀ ਨੂੰ ਗਵਾਰਾਂ ਦੀ ਭਾਸ਼ਾ ਕਹਿਣ ਤਂੋ ਵੀ ਸੰਕੋਚ ਨਹੀਂ ਕਰਦੇ। ਬੜ੍ਹੇ ਅਫਸੋਸ ਦੀ ਗੱਲ ਹੈ ਕਿ ਆਪਣੀ ਹੀ ਮਾਂ ਬੋਲੀ ਬੋਲਣ ਤੇ ਕੁਝ ਸਕੂਲ ਬੱਚਿਆਂ ਨੂੰ ਜੁਰਮਾਨਾ ਲਗਾਉਂਦੇ ਹਨ। ਗਾਹੇ ਵਗਾਹੇ ਸਾਨੂੰ ਇਹ ਖਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਸੁਰਜੀਤ ਪਾਤਰ ਜੀ ਨੇ ਇਸ ਸਥਿਤੀ ਨੂੰ ਸ਼ਬਦਾਂ ਵਿਚ ਬਾਖੂਬੀ ਪਿਰੋਇਆ ਹੈ-
“ਚੀਂ ਚੀਂ ਕਰਦੀਆ ਚਿੜੀਆਂ ਦਾ, ਕਲ ਕਲ ਕਰਦੀਆ ਨਦੀਆਂ ਦਾ
ਸ਼ਾਂ ਸ਼ਾਂ ਕਰਦੇ ਬਿਰਖਾਂ ਦਾ, ਆਪਣਾ ਹੀ ਤਰਾਨਾ ਹੁੰਦਾ ਹੈ
ਸੁਣਿਆ ਹੈ ਇਸ ਧਰਤੀ ਤੇ ਇਕ ਅਜਿਹਾ ਦੇਸ਼ ਵੀ ਹੈ
ਜਿਥੇ ਨੂੰ ਆਪਣੀ ਹਾ ਆਪਣੀ ਹੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ”।
ਸਾਡੇ ਵਿਚਂੋ ਬਹੁਤੇ ਨਾ ਘਰ ਦੇ ਰਹੇ ਨਾ ਘਾਟ ਦੇ ਕਿੳਂੁਕਿ ਨਾ ਉਹ ਆਪਣੀ ਮਾਂ ਬੋਲੀ ਨੂੰ ਸਾਂਭ ਸਕੇ ਤੇ ਨਾ ਹੀ ਉਹਨਾਂ ਨੂੰ ਦੂਜੀ ਭਾਸ਼ਾ ਦਾ ਪੂਰਨ ਗਿਆਨ ਹਾਸਲ ਹੋ ਸਕਿਆ। ਜੋ ਲੋਕ ਆਪਣੀ ਮਾਂ ਬੋਲੀ ਪੰਜਾਬੀ ਨੂੰ ਗਵਾਰਾਂ ਦੀ ਭਾਸ਼ਾ ਸਮਝਦੇ ਹਨ, ਉਹਨਾਂ ਨਾਲ ਇਕ ਕਿੱਸਾ ਜਰੂਰ ਸਾਂਝਾ ਕਰਨਾ ਚਾਹਾਂਗੀ। ਪ੍ਰਸਿੱਧ ਲੇਖਕ ਰਸੂਲ ਹਮਜ਼ਾਤੋਵ ਆਪਣੀ ਪੁਸਤਕ ਮੇਰਾ ਦਾਗੀਸਤਾਨ ਵਿਚ ਲਿਖਦੇ ਹਨ ਕਿ ਜੇ ਕਿਸੇ ਨੂੰ ਬਦਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ, “ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ”।ਵਾਕਿਆ ਹੀ ਮਾਂ ਬੋਲੀ ਭੁਲਣ ਤੋਂ ਵੱਡੀ ਬਦਅਸੀਸ ਨਹੀਂ ਹੋ ਸਕਦੀ। ਪਾਕਿਸਤਾਨ ਦੇ ਉਸਤਾਦ ਸ਼ਾਇਰ ਦਾ ਕਹਿਣਾ ਹੈ
ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਗੂੰ ਰੁਲ ਜਾਓਗੇ
ਕਿਸੇ ਵੀ ਦੂਜੀ ਭਾਸ਼ਾ ਦਾ ਗਿਆਨ ਹਾਸਲ ਕਰਨਾ ਜਾਂ ਉਸ ਵਿਚ ਮੁਹਾਰਤ ਹਾਸਲ ਕਰਨੀ ਮਾੜੀ ਗੱਲ ਨਹੀਂ ਪਰ ਆਪਣੀ ਮਾਂ ਬੋਲੀ ਨੂੰ ਵਿਸਾਰ ਕੇ ਆਪਣੇ ਵਿਰਸੇ ਅਤੇ ਇਤਿਹਾਸ ਤੋਂ ਟੁੱਟ ਜਾਣਾ ਬੇਹੱਦ ਚਿੰਤਾਜਨਕ ਤੇ ਸ਼ਰਮਨਾਕ ਹੈ।ਮਾਂ ਬੋਲੀ ਦੀ ਸਾਂਭ ਲਈ ਇਸਨੂੰ ਦਿਹਾੜਿਆਂ ਦੇ ਰੂਪ ਵਿਚ ਮਨਾਉਣ ਦੇ ਨਾਲ ਨਾਲ ਇਸਨੂੰ ਆਪਣੇ ਦਿਲ, ਦਿਮਾਗ, ਜਜ਼ਬਾਤਾਂ ਵਿਚ ਵਸਾਉਣਾ ਜ਼ਰੂਰੀ ਹੈ । ਉਸਤਾਦ ਦਾਮਨ ਲਿਖਦੇ ਹਨ-
“ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ।
ਪੁੱਛਦੇ ਓ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ।
ਹਾਂ ਜੀ ਹਾਂ ਪੰਜਾਬੀ ਏ।
ਬੁੱਲਾ ਮਿਲ਼ਿਆ ਏਸੇ ਵਿੱਚੋਂ, ਏਸੇ ਵਿੱਚੋਂ ਵਾਰਿਸ ਵੀ।
ਧਾਰਾਂ ਮਿਲ਼ੀਆਂ ਏਸੇ ਵਿੱਚੋਂ, ਮੇਰੀ ਮਾਂ ਪੰਜਾਬੀ ਏ।
ਹਾਂ ਜੀ ਹਾਂ ਪੰਜਾਬੀ ਏ।
ਇਹਦੇ ਬੋਲ ਕੰਨਾਂ ਵਿਚ ਪੈਂਦੇ, ਦਿਲ ਮੇਰੇ ਦੇ ਵਿੱਚ ਨੇ ਰਹਿੰਦੇ ।
ਤਪਦੀਆਂ ਹੋਈਆਂ ਰੇਤਾਂ ਉੱਤੇ, ਇੱਕ ਠੰਡੀ ਛਾਂ ਪੰਜਾਬੀ ਏ।
ਹਾਂ ਜੀ ਹਾਂ ਪੰਜਾਬੀ ਏ।
ਇਹਦੇ ਦੁੱਧਾਂ ਦੇ ਵਿੱਚ ਮੱਖਣੀ, ਮੱਖਣਾਂ ਵਿੱਚ ਘਿਓ ਦੀ ਚੱਖਣੀ।
ਡੱਬ ਖੜੱਬੀ ਦੁੱਧਲ ਜੇਹੀ, ਇੱਕ ਸਾਡੀ ਗਾਂ ਪੰਜਾਬੀ ਏ।
ਹਾਂ ਜੀ ਹਾਂ ਪੰਜਾਬੀ ਏ”।
ਦਮਨਪ੍ਰੀਤ ਕੌਰ ਐਮ.ਏ. ਪੱਤਰਕਾਰੀ ਅਤੇ ਜਨਸੰਚਾਰ ਪਿੰਡ ਰਾਏਪੁਰ, 9872250010