ਫ਼ਖਰੇ-ਕੌਮ ਜੀ ਫੜੋ ਹੁਣ ਹੱਥ!
Published : Aug 18, 2017, 6:24 pm IST
Updated : Mar 21, 2018, 5:44 pm IST
SHARE ARTICLE
Parkash Singh Badal
Parkash Singh Badal

ਲਿਖੀਆਂ ਜਾ ਰਹੀਆਂ ਇਨ੍ਹਾਂ ਕੁੱਝ ਸਤਰਾਂ ਨੂੰ ਚਾਹੇ ਕੋਈ ਮਜ਼ਾਕੀਆ ਤੌਰ ਤੇ ਹੀ ਲਵੇ ਪਰ ਇਤਿਹਾਸਕ ਤੱਥਾਂ ਦੀ ਰੌਸ਼ਨੀ 'ਚ ਇਨ੍ਹਾਂ ਨੂੰ 'ਹਲਕੀਆਂ' ਨਹੀਂ ਸਮਝਿਆ ਜਾ ਸਕਦਾ।

ਲਿਖੀਆਂ ਜਾ ਰਹੀਆਂ ਇਨ੍ਹਾਂ ਕੁੱਝ ਸਤਰਾਂ ਨੂੰ ਚਾਹੇ ਕੋਈ ਮਜ਼ਾਕੀਆ ਤੌਰ ਤੇ ਹੀ ਲਵੇ ਪਰ ਇਤਿਹਾਸਕ ਤੱਥਾਂ ਦੀ ਰੌਸ਼ਨੀ 'ਚ ਇਨ੍ਹਾਂ ਨੂੰ 'ਹਲਕੀਆਂ' ਨਹੀਂ ਸਮਝਿਆ ਜਾ ਸਕਦਾ। ਗੱਲ ਕਰਨ ਜਾ ਰਿਹਾ ਹਾਂ ਅਕਾਲੀਆਂ ਬਾਰੇ ਜਿਨ੍ਹਾਂ ਨੂੰ ਪੰਜਾਬ ਦੇ ਸਿਆਸੀ ਚੌਖਟੇ ਮੁਤਾਬਕ ਬਾਦਲ ਦਲੀਏ ਕਹਿਣਾ ਵਧੇਰੇ ਉਚਿਤ ਹੋਵੇਗਾ। ਸਿੱਖ ਸਿਆਸਤ ਨੂੰ ਰਤਾ ਗਹੁ ਨਾਲ ਵਾਚਣ ਵਾਲੀਆਂ ਨਜ਼ਰਾਂ ਵੇਖ ਰਹੀਆਂ ਹੋਣਗੀਆਂ ਕਿ ਬਾਦਲ ਦਲ ਦੇ ਕੁੱਝ ਚੋਣਵੇਂ ਆਗੂ ਅਤੇ ਖ਼ਾਸ ਕਰ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਬਡੂੰਗਰ ਜੀ, ਮੋਦੀ ਸਰਕਾਰ ਵਿਰੁਧ ਕੁੱਝ ਕੁੱਝ ਤਿੱਖੀ ਬਿਆਨਬਾਜ਼ੀ ਕਰ ਰਹੇ ਹਨ। ਭਾਵੇਂ ਉਸ ਨੂੰ 'ਦਬਵੀਂ ਸੁਰ' ਵਾਲੀ ਬਿਆਨਬਾਜ਼ੀ ਕਿਹਾ ਜਾਵੇ, ਪਰ ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਇਹ 'ਲਫਾਜ਼ੀ-ਗਰਮੀ' ਵੀ ਕਿਸੇ 'ਉਤਲੇ ਦੇ ਥਾਪੜਿਆਂ' ਤੋਂ ਬਿਨਾਂ ਨਹੀਂ ਆ ਸਕਦੀ ਅਤੇ ਇਸ ਦਾ ਕੋਈ ਗੁੱਝਾ ਮੰਤਵ ਹੋਵੇਗਾ।
ਚਲੋ ਖ਼ੈਰ, ਇਹ ਥਾਪੜੇ ਕੌਣ, ਕਿਉਂ ਤੇ ਕਿਸ ਮਕਸਦ ਲਈ ਦੇ ਰਿਹਾ ਹੈ, ਮੈਂ ਇਸ ਪਾਸੇ ਨਹੀਂ ਜਾਣਾ ਸਗੋਂ ਪ੍ਰਧਾਨ ਮੰਤਰੀ ਮੋਦੀ ਜਾਂ ਉਨ੍ਹਾਂ ਦੀ ਸਰਕਾਰ ਵਿਰੁਧ ਬਾਦਲ ਦਲੀਏ ਆਗੂਆਂ ਵਲੋਂ ਵਿਖਾਏ ਜਾ ਰਹੇ 'ਗੁੱਸੇ' ਦੀ, ਇਕ ਹੋਰ ਜ਼ਾਵੀਏ ਤੋਂ ਪਰਖ-ਪੜਚੋਲ ਕਰਨੀ ਹੈ। ਉਹ ਇਹ ਕਿ ਸਾਰੇ ਹੀ ਸਿੱਖ ਆਗੂ ਸਿਆਸੀ ਜਾਂ ਧਾਰਮਕ ਸਟੇਜਾਂ ਉਤੇ ਗੱਜ ਵੱਜ ਕੇ ਉਨ੍ਹਾਂ ਵਾਅਦਿਆਂ ਦੀ ਦਾਸਤਾਂ ਸੁਣਾਉਂਦੇ ਆ ਰਹੇ ਹਨ, ਜੋ ਕਿ ਜੰਗੇ-ਆਜ਼ਾਦੀ ਦੌਰਾਨ ਗਾਂਧੀ-ਨਹਿਰੂ-ਪਟੇਲ ਆਦਿ ਲੀਡਰਾਂ ਨੇ ਉਸ ਸਮੇਂ ਦੇ ਸਿੱਖ ਆਗੂਆਂ ਨਾਲ ਕੀਤੇ ਸਨ। ਵੱਡੇ ਵੱਡੇ ਇਕੱਠਾਂ ਵਿਚ ਸਿੱਖ ਆਗੂਆਂ ਦੇ ਮੂੰਹ ਤੋਂ ਅਜਿਹੇ ਵਾਅਦਿਆਂ ਦੇ ਸਹੀ ਸਹੀ ਬੋਲ, ਸਮੇਂ-ਸਥਾਨ ਅਤੇ ਬੋਲਣ ਵਾਲਿਆਂ ਦੇ ਨਾਵਾਂ ਸਮੇਤ ਅਸੀ ਹੁਣ ਤਕ ਸੁਣਦੇ ਆ ਰਹੇ ਹਾਂ। ਇਹ ਵਾਅਦੇ ਵਫ਼ਾ ਨਾ ਹੋਣ ਦੀ ਗਾਥਾ ਕਦੇ ਕਰੁਣਾਮਈ, ਕਦੇ ਜੋਸ਼ੀਲੀ ਅਤੇ ਕਦੇ ਗੁਸੈਲ ਭਾਸ਼ਾ ਵਿਚ ਬਿਆਨ ਕੀਤੀ ਜਾਂਦੀ ਰਹੀ ਹੈ।
ਇਹ ਵੀ ਇਤਿਹਾਸਕ ਹਕੀਕਤ ਹੈ ਕਿ ਜੰਗੇ-ਆਜ਼ਾਦੀ ਦੌਰਾਨ ਕੀਤੇ ਗਏ ਇਹ ਵਾਅਦੇ, ਤਤਕਾਲੀ ਕੇਂਦਰੀ ਆਗੂਆਂ ਨੇ ਸਮਾਗਮਾਂ-ਕਾਨਫ਼ਰੰਸਾਂ ਆਦਿ ਵਿਚ ਭਾਸ਼ਣ ਕਰਦਿਆਂ ਕੀਤੇ। ਬਾ-ਐਨ ਇਸੇ ਤਰ੍ਹਾਂ ਬੀਤੀਆਂ ਲੋਕ ਸਭਾਈ ਚੋਣਾਂ ਮੌਕੇ, ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ, ਪੰਜਾਬ ਵਿਚ ਹੋਏ ਚੋਣ-ਪ੍ਰਚਾਰ ਦੇ ਜਲਸਿਆਂ-ਜਲੂਸਾਂ-ਇਕੱਠਾਂ ਵਿਚ ਹਜ਼ਾਰਾਂ ਲੱਖਾਂ ਲੋਕਾਂ ਸਾਹਮਣੇ ਮੋਦੀ ਜੀ ਦੇ ਹੋਰ ਅਨੇਕਾਂ ਗੁਣਗਾਨ ਕਰਦਿਆਂ, ਪੰਜਾਬੀਆਂ ਨਾਲ ਇਹ ਵਾਅਦਾ ਅਲ-ਐਲਾਨੀਆਂ ਕਰਦੇ ਰਹੇ-''ਪੰਜਾਬ ਵਾਸੀਉ, ਕੇਰਾਂ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾ ਦਿਉ, ਬੱਸ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ!.....ਮੈਂ ਦਿੱਲੀ ਜਾ ਕੇ ਇਨ੍ਹਾਂ ਦੇ ਹੱਥ ਫੜ ਕੇ ਕੰਮ ਕਰਵਾ ਲਿਆਇਆ ਕਰਾਂਗਾ!!''
ਲੋਕ-ਲੁਭਾਊ ਅੰਦਾਜ਼ ਵਿਚ ਮਲਵਈ ਬੋਲੀ ਬੋਲਦਿਆਂ ਉਹ ਬਹੁਤਾਤ ਵਿਚ ਬੈਠੇ ਪੱਗਾਂ ਵਾਲਿਆਂ ਵਲ ਬਾਂਹ ਕੱਢ ਕੇ ਇਹ ਵੀ ਕਿਹਾ ਕਰਦੇ ਸਨ, ''... ਲਿਖ ਲੋ ਬੇਸ਼ੱਕ ਕਲਮ ਨਾਲ, 'ਥੋਡੇ ਨਾਲ ਮੇਰਾ ਇਹ ਪੱਕਾ ਵਾਅਦਾ ਰਿਹਾ!''
ਨਿਰੋਲ ਪੱਗਾਂ ਵਾਲਿਆਂ ਦੀ ਕੇਂਦਰੀ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਖ਼ੁਸ਼ ਹੁੰਦਿਆਂ ਉਕਤ ਵਾਅਦੇ ਕਰਨ ਵਾਲੇ ਪਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 'ਫ਼ਖਰ-ਏ-ਕੌਮ' ਦਾ ਸਰਬੋਤਮ ਸਨਮਾਨ ਦਿਵਾ ਦਿਤਾ।
ਸੰਨ ਸੰਤਾਲੀ ਤੋਂ ਪਹਿਲਾਂ ਚਲਦੇ ਆਜ਼ਾਦੀ ਸੰਗਰਾਮ ਦੌਰਾਨ ਜਿਨ੍ਹਾਂ ਕੇਂਦਰੀ ਆਗੂਆਂ ਨੇ ਸਿੱਖਾਂ ਨਾਲ 'ਉੱਤਰੀ ਭਾਰਤ ਵਿਚ ਇਕ ਆਜ਼ਾਦ ਖ਼ਿੱਤਾ' ਦੇਣ ਵਰਗੇ ਵਾਅਦੇ ਕੀਤੇ ਸਨ, ਨਾ ਉਹ ਵਾਅਦੇ ਕਰਨ ਵਾਲੇ ਆਗੂ ਜੀਵਤ ਹਨ ਅਤੇ ਨਾ ਹੀ ਉਹ ਜਿਉਂਦੇ ਹਨ, ਜਿਨ੍ਹਾਂ ਨਾਲ ਜਾਂ ਜਿਨ੍ਹਾਂ ਸਾਹਮਣੇ ਉਹ ਕੌਲ-ਕਰਾਰ ਬੋਲੇ ਗਏ ਸਨ। ਫਿਰ ਵੀ ਉਨ੍ਹਾਂ ਵਾਅਦਿਆਂ ਨੂੰ ਸਿੱਖ ਆਗੂ ਹਾਲੇ ਤਕ ਚੇਤੇ ਕਰਦੇ-ਕਰਵਾਉਂਦੇ ਆ ਰਹੇ ਹਨ। ਪਰ ਜਿਹੜਾ ਵਾਅਦਾ ਸ੍ਰੀ ਬਾਦਲ ਨੇ ਪੰਜਾਬ ਵਾਸੀਆਂ ਨਾਲ ਕੀਤਾ ਸੀ, ਉਸ ਨਾਲ ਸਬੰਧਤ ਸਾਰੀਆਂ ਧਿਰਾਂ ਸੁੱਖ ਨਾਲ ਜਿਊਂਦੀਆਂ ਜਾਗਦੀਆਂ ਹੀ ਹਨ। ਮਤਲਬ ਕਿ ਬਾਦਲ ਜੀ, ਪ੍ਰਧਾਨ ਮੰਤਰੀ ਮੋਦੀ ਜੀ ਅਤੇ ਪੰਜਾਬ ਦੇ ਲੋਕ ਤਿੰਨੇ ਗਵਾਹ-ਧਿਰਾਂ ਮੌਜੂਦ ਹਨ।
ਪਰ ਹੁਣ ਜਦੋਂ ਪਾਕਿਸਤਾਨ ਦੇ ਗੁਰਧਾਮਾਂ ਵਿਚ ਗੁਰਪੁਰਬ ਮਨਾਉਣ ਜਾ ਰਹੇ ਵੀਜ਼ਾਧਾਰੀ ਸਿੱਖਾਂ ਨੂੰ ਮੋਦੀ ਸਰਕਾਰ ਵਲੋਂ ਰੋਕ ਦਿਤਾ ਗਿਆ, ਜਦੋਂ ਸਾੜੀ ਗਈ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਸਮਾਨ ਦੀ ਵਾਪਸੀ ਦਾ ਕੇਂਦਰ ਵਲੋਂ 'ਟਕੇ ਵਰਗਾ' ਜਵਾਬ ਆ ਗਿਆ, ਜਦੋਂ ਹਰਿਦੁਆਰ ਵਿਚ ਗਿਆਨ ਗੋਦੜੀ ਗੁਰਦਵਾਰਾ ਮੁੜ ਸਥਾਪਤ ਕਰਨ ਲਈ ਸੰਘਰਸ਼ ਕਰਨ ਦੇ ਦਮਗਜੇ ਵਜਦੇ ਹਨ, ਜਦੋਂ ਆਕਾਸ਼ਵਾਣੀ ਦਿੱਲੀ ਤੋਂ ਪੰਜਾਬੀ ਖ਼ਬਰਾਂ ਦਾ ਬੁਲੇਟਿਨ ਬੰਦ ਕਰਨ ਵਿਰੁਧ ਰੋਸ-ਪੱਤਰ ਲਿਖੇ ਜਾਂਦੇ ਹਨ ਅਤੇ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਉਤੇ ਜੀ.ਐਸ.ਟੀ. ਠੋਕਣ ਵਰਗੇ ਹੋਰ ਕਈ ਸਿੱਖ ਮਸਲਿਆਂ ਬਾਰੇ ਰੋਸ ਵਜੋਂ, ਸ੍ਰੀ ਬਡੂੰਗਰ ਜਾਂ ਹੋਰ ਬਾਦਲ ਦਲੀਏ ਆਗੂ, ਮੋਦੀ ਸਰਕਾਰ ਵਿਰੁਧ 'ਬੁੜ ਬੁੜ' ਕਰਦਿਆਂ ਹਿਰਖ ਪ੍ਰਗਟਾਉਂਦੇ ਹਨ, ਤਾਂ ਉਨ੍ਹਾਂ ਨੂੰ ਫਖ਼ਰੇ-ਕੌਮ ਦਾ ਤਾਜ਼ਾ ਤਾਜ਼ਾ ਕੀਤਾ ਹੋਇਆ ਵਾਅਦਾ ਕਿਉਂ ਨਹੀਂ ਯਾਦ ਆਉਂਦਾ? ਉਪਰੋਕਤ ਵੱਖ ਵੱਖ ਮਸਲਿਆਂ ਪ੍ਰਤੀ ਮੋਦੀ ਸਰਕਾਰ ਦਾ ਨਾਂਹ-ਮੁਖੀ ਰਵਈਆ ਵੇਖ ਕੇ ਉਸ ਨੂੰ 'ਮੰਦਭਾਗਾ' ਕਹਿਣ ਜਾਂ ਸਿੱਖਾਂ ਨੂੰ ਕਿਸੇ ਸੰਘਰਸ਼ 'ਚ ਕੁੱਦਣ ਦਾ ਸੱਦਾ ਦੇਣ ਦੀ ਬਜਾਏ ਪਰਕਾਸ਼ ਸਿੰਘ ਬਾਦਲ ਨੂੰ ਵਾਅਦਾ ਯਾਦ ਕਰਵਾਉਂਦਿਆਂ ਕਿਉਂ ਨਹੀਂ ਆਖਿਆ ਜਾਂਦਾ ਕਿ ਮਾਣਯੋਗ ਫ਼ਖਰੇ-ਕੌਮ ਜੀ, ਦਿੱਲੀ ਪਹੁੰਚੋ ਅਤੇ ਪ੍ਰਧਾਨ ਮੰਤਰੀ ਦਾ ਹੱਥ ਫੜ ਕੇ ਸਾਰੇ ਮਸਲੇ ਹੱਲ ਕਰਵਾ ਕੇ ਆਉ।
ਕਬਰਾਂ 'ਚ ਜਾ ਸੁੱਤਿਆਂ ਦੇ ਵਾਅਦਿਆਂ ਤੇ ਤਲਖ਼ੀ ਵਿਚ ਆਉਣਾ, ਪਰ ਵਾਅਦੇ ਕਰਨ ਵਾਲੀਆਂ 'ਆਪਣੀਆਂ ਮਹਾਨ ਹਸਤੀਆਂ' ਨੂੰ ਫ਼ਰਜ਼-ਸ਼ਨਾਸੀ ਤੋਂ ਛੋਟ ਦੇਣੀ ਕਿਧਰਲੀ ਦਿਆਨਤਦਾਰੀ ਹੋਈ?
ਸੰਪਰਕ : 001-408-915-1268

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement