
Punjabi Tradition: ਪਾਣੀ ਵਾਰਨ ਸਬੰਧੀ ਗੀਤ ਗਾਏ ਜਾਂਦੇ ਹਨ
Punjabi Tradition: ਪੰਜਾਬੀ ਵਿਆਹ ਵਿਚ ਇਕ ਬਹੁਤ ਵਿਸਤਿ੍ਰਤ ਅਤੇ ਜਟਿਲ ਪ੍ਰਕਿਰਿਆ ਰੋਕੇ, ਠਾਕੇ ਤੋਂ ਲੈ ਕੇ ਕੁੜੀ ਨੂੰ ਚੌਕੇ ਚੜ੍ਹਾਉਣ ਤਕ ਚਲਦੀ ਰਹਿੰਦੀ ਹੈ। ਇਸ ਦੌਰਾਨ ਛੋਟੀਆਂ, ਵੱਡੀਆਂ ਰਸਮਾਂ ਚਲਦੀਆਂ ਰਹਿੰਦੀਆਂ ਹਨ। ਮੁੱਖ ਤੌਰ ’ਤੇ ਵਰ ਦੀ ਚੋਣ, ਵੇਖ ਵਿਖਾਵਾ, ਰੋਕਾਂ, ਠਾਕਾ, ਸ਼ਗਨ, ਚੂੜੀਆਂ, ਸਿਹਰਾਬੰਦੀ ਆਦਿ। ਸਿਹਰਾਬੰਦੀ ਦੀ ਰਸਮ ਅਹਿਮ ਹੁੰਦੀ ਹੈ। ਲੜਕੇ ਦੀ ਭੈਣ ਵਲੋਂ ਭਰਾ ਦੇ ਸਿਰ ’ਤੇ ਸਿਹਰਾਬੰਦੀ ਤੇ ਕਲਗ਼ੀ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਗੁੱਟ ’ਤੇ ਸ਼ਗਨਾਂ ਦੀ ਪਹੁੰਚੀ ਬੰਨ੍ਹੀ ਜਾਂਦੀ ਹੈ ਅਤੇ ਭਾਬੀਆਂ ਵਲੋਂ ਸੁਰਮਾ ਪਾਇਆ ਜਾਂਦਾ ਹੈ। ਨਾਲ ਨਾਲ ਸ਼ਗਨਾਂ ਦੇ ਗੀਤ ਗਾਏ ਜਾਂਦੇ ਹਨ। ਬਦਲੇ ਵਿਚ ਲਾੜੇ ਵਲੋਂ ਭੈਣਾਂ ਭਾਬੀਆਂ ਨੂੰ ਸ਼ਗਨ ਦਿਤਾ ਜਾਂਦਾ ਹੈ।
ਘੋੜੀ ਚੜ੍ਹਨ ਦੀ ਰਸਮ ਆਮ ਹੁੰਦੀ ਹੈ। ਘੋੜੀ ਚੜ੍ਹਨ ਵੇਲੇ ਲਾੜੇ ਦੀਆਂ ਭੈਣਾਂ ਵਾਂਗਾਂ ਗੁੰਦਦੀਆਂ ਹਨ। ਭਾਬੀਆਂ ਸੁਰਮਾ ਪਾਉਂਦੀਆਂ ਹਨ ਤੇ ਬਾਕੀ ਰਿਸ਼ਤੇਦਾਰ ਸਿਰ ਵਾਰਨੇ ਕਰਦੇ ਹਨ। ਬਰਾਤ ਚੜ੍ਹਨ ਵੇਲੇ ਲਾੜੇ ਤੇ ਸਰਬਾਲੇ ਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ।
ਇਹ ਕੋਈ ਰਸਮ ਨਹੀਂ ਹੈ। ਇਸ ਦੀ ਸ਼ੁਰੂਆਤ ਭਾਰਤ ਤੇ ਜਦੋਂ ਵਿਦੇਸ਼ੀ ਹਮਲੇ ਹੁੰਦੇ ਸੀ ਉਸ ਵੇਲੇ ਦੇ ਸੂਝਵਾਨ ਵਿਅਕਤੀਆਂ ਬੁੱਧੀਜੀਵੀ ਨੇ ਜਦੋਂ ਬਰਾਤਾਂ ਜਾਂਦੀਆਂ ਸਨ, ਧਾੜਵੀ ਬਰਾਤਾਂ ਨੂੰ ਰੋਕ ਕੇ ਗਹਿਣਾ, ਗੱਟਾ, ਪੈਸੇ ਆਦਿਕ ਧੱਕੇ ਨਾਲ ਲੁੱਟ ਲੈਂਦੇ ਸਨ। ਕਿਸੇ ਵੇਲੇ ਲੁੱਟ ਕਰਨ ਲੱਗਿਆਂ ਮੁਠਭੇੜ ਵਿਚ ਲਾੜੇ ਦਾ ਕਤਲ ਹੋ ਜਾਂਦਾ ਸੀ। ਲਾੜੀ ਵਿਚਾਰੀ ਜਿਸ ਨੇ ਲਾੜੇ ਨੂੰ ਦੇਖਿਆ ਵੀ ਨਹੀਂ ਸੀ ਹੁੰਦਾ ਵਿਧਵਾ ਹੋ ਜਾਂਦੀ ਸੀ। ਲਾੜੇ ਦੇ ਤੋੜ ਵਾਸਤੇ ਉਸ ਦਾ ਸਬਸੀਚਿਊਟ ਸਰਬਾਲਾ ਤਿਆਰ ਕੀਤਾ ਜੋ ਲਾੜੇ ਦੇ ਚਾਚੇ, ਤਾਏ, ਮਾਮੇ ਦੇ ਪੁੱਤਰਾਂ ਵਿਚੋਂ ਉਸ ਦੀ ਉਮਰ ਦਾ ਬਣਾਇਆ ਜਾਂਦਾ ਸੀ।
ਜਦੋਂ ਕਿਤੇ ਲਾੜੇ ਦਾ ਕਤਲ ਹੋ ਜਾਂਦਾ ਤਾਂ ਸਰਬਾਲੇ ਦਾ ਵਿਆਹ ਲਾੜੀ ਨਾਲ ਕਰ ਦਿਤਾ ਜਾਂਦਾ ਸੀ। ਇਹ ਕੋਈ ਸਮਾਜਕ ਰਸਮ ਨਹੀਂ ਹੈ, ਸਮੇਂ ਦੀ ਲੋੜ ਸੀ। ਇਸ ਨੂੰ ਕਿਸੇ ਨੇ ਮਨੋਰੰਜਨ ਬਣਾ ਲਿਆ ਹੈ। ਨਿੱਕੇ-ਨਿੱਕੇ ਨਿਆਣਿਆਂ ਨੂੰ ਗਲ ਵਿਚ ਹਾਰ ਪਾ ਕੇ ਸਰਬਾਲਾ ਬਣਾ ਦਿਤਾ ਜਾਂਦਾ ਹੈ। ਇਸ ਨੂੰ ਰੀਤ ਬਣਾ ਲਿਆ ਹੈ।
ਮਿਲਣੀ ਦੀ ਰਸਮ ਤੋਂ ਬਾਅਦ ਮੁੰਡੇ ਦੀਆਂ ਸਾਲੀਆਂ ਰਿਬਨ ਲਗਾ ਕੇ ਬਾਰ ਨੂੰ ਰੋਕਦੀਆਂ ਹਨ। ਅੰਦਰ ਲੰਘਣ ਵਾਸਤੇ ਸ਼ਗਨ ਦੀ ਮੰਗ ਕੀਤੀ ਜਾਂਦੀ ਹੈ।
ਉਸ ਮੌਕੇ ਲਾੜੇ ਦੇ ਭਰਾ ਦੋਸਤ ਬਗ਼ੈਰਾ ਲਾੜੇ ਦੇ ਹੱਕ ਵਿਚ ਠੱਠਾ ਮਾਖੌਲ ਕਰਦੇ ਹਨ। ਅਖ਼ੀਰ ਕੈਂਚੀ ਨਾਲ ਰਿਬਨ ਕੱਟ ਸ਼ਗਨ ਲੈ ਕੇ ਬਰਾਤ ਨੂੰ ਅੱਗੇ ਜਾਣ ਦਿਤਾ ਜਾਂਦਾ ਹੈ। ਅਨੰਦ ਕਾਰਜ ਦੀ ਰਸਮ ਅਹਿਮ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗ੍ਰੰਥੀ ਸਿੰਘ ਵਲੋਂ ਵਰ ਕੰਨਿਆ ਅਤੇ ਦੋਹਾਂ ਧਿਰਾਂ ਦੀ ਮੌਜੂਦਗੀ ਵਿਚ ਲਾਂਵਾਂ ਪੜ੍ਹੀਆਂ ਜਾਂਦੀਆਂ ਹਨ। ਮੁੰਡੇ ਵਲੋਂ ਸਿਹਰਾ ਤੇ ਕੁੜੀ ਵਲੋਂ ਸਿਖਿਆ ਪੜ੍ਹੀ ਜਾਂਦੀ ਸੀ।
ਮੈਂ ਇਥੇ ਗੱਲ ਪਾਣੀ ਵਾਰਨ ਦੀ ਕਰ ਰਿਹਾ ਹਾਂ। ਵਿਆਹ ਸੰਪੂਰਨ ਹੋਣ ਤੇ ਜਦੋਂ ਡੋਲੀ ਰੁਖ਼ਸਤ ਹੋ ਜਾਂਦੀ ਸੀ, ਮੁੰਡਾ ਕੁੜੀ ਨੂੰ ਵਿਆਹ ਕੇ ਜਦੋਂ ਘਰ ਪਹੁੰਚਦਾ ਸੀ ਤਾਂ ਪਾਣੀ ਵਾਰਨ ਦੀ ਰਸਮ ਅਹਿਮ ਹੁੰਦੀ ਹੈ। ਮਾਂ ਵਲੋਂ ਜੋੜੀ ਦੇ ਸਿਰ ਉਪਰੋਂ ਗੜਵੀ ਵਾਲਾ ਮਿੱਠਾ ਪਾਣੀ ਸੱਤ ਵਾਰੀ ਵਾਰ ਕੇ ਪੀਤਾ ਜਾਂਦਾ ਹੈ ਜੇ ਹਰ ਵਾਰੀ ਮਾਂ ਪੀ ਲਵੇ ਤਾਂ ਨਵੀਂ ਵਹੁਟੀ ਦਾ ਸਾਰਾ ਪਿਆਰ ਸੱਸ ਨਾਲ ਪੈ ਜਾਂਦਾ ਹੈ। ਉਸ ਤੋਂ ਬਾਅਦ ਪਿਆਲੇ ਦੀ ਰਸਮ ਨਿਭਾਈ ਜਾਂਦੀ ਹੈ। ਸੱਸ ਵਲੋਂ ਦੇਸੀ ਘਿਉ ਵਿਚ ਖੰਡ ਰਲਾ ਕੇ ਨੂੰਹ ਦੇ ਮੂੰਹ ਵਿਚ ਸੱਤ ਬੁਰਕੀਆਂ ਪਾਈਆਂ ਜਾਂਦੀਆਂ ਹਨ। ਪਾਣੀ ਵਾਰਨ ਸਬੰਧੀ ਗੀਤ ਗਾਏ ਜਾਂਦੇ ਹਨ।
ਅੰਦਰੋਂ ਨਿਕਲ ਬੰਨੇ ਦੀਏ ਮਾਏ,
ਨੀ ਬੰਨਾ ਤੇਰਾ ਬਾਹਰ ਖੜਾ।
ਸੁੱਖਾਂ ਸੁਖਦੀ ਨੂੰ ਇਹ ਦਿਨ ਆਏ,
ਨਾ ਬੰਨਾ ਤੇਰਾ ਬਾਹਰ ਖੜਾ।
ਹੁਣ ਦੇ ਕ੍ਰਾਂਤੀਕਾਰੀ ਯੁੱਗ ਨੇ ਵਿਆਹ ਦੀਆਂ ਰਸਮਾਂ, ਡੀਜੇ, ਗਾਉਣ ਵਾਲਿਆਂ ਨੇ ਲੈ ਲਈ ਹੈ। ਅਸ਼ਲੀਲਤਾ ਤੇ ਨਸ਼ਿਆਂ ਅਤੇ ਹਥਿਆਰਾਂ ਵਾਲੇ ਗਾਣਿਆਂ ਦਾ ਬੋਲਬਾਲਾ ਹੈ। ਬੱਚੇ ਨਸ਼ੇ ਦੇ ਆਦੀ ਹੋ ਗਏ ਹਨ ਅਤੇ ਕੁੱਝ ਗੈਂਗਸਟਰ ਬਣ ਗਏ ਹਨ। ਪੰਜਾਬ ਦਾ ਕਲਚਰ ਅਲੋਪ ਹੁੰਦਾ ਜਾ ਰਿਹਾ ਹੈ। ਪੈਲੇਸਾਂ ਵਿਚ ਵਿਆਹ ਕੁੱਝ ਘੰਟਿਆਂ ਵਿਚ ਹੋ ਜਾਂਦਾ ਹੈ।
ਸਰਬਾਲਾ ਵੀ ਹੁਣ ਸਮੇਂ ਅਨੁਸਾਰ ਅਲੋਪ ਹੋ ਗਿਆ ਹੈ। ਕਿਤੇ-ਕਿਤੇ ਨਿਆਣਿਆਂ ਨੂੰ ਵਿਆਹ-ਸ਼ਾਦੀਆਂ ਵਿਚ ਸਰਬਾਲੇ ਬਣਦੇ ਦੇਖਿਆ ਜਾ ਸਕਦਾ ਹੈ। ਪਹਿਲਾਂ ਨਿਆਣੀ ਉਮਰ ਵਿਚ ਕੁੜੀ, ਮੁੰਡੇ ਦਾ ਵਿਆਹ ਹੋ ਜਾਂਦਾ ਸੀ। ਸਿਆਣੇ ਹੋਣ ਤੇ ਕਈ ਸਾਲਾਂ ਬਾਅਦ ਮੁਕਲਾਵਾ ਲਿਆਂਦਾ ਜਾਂਦਾ ਸੀ। ਵਿਆਹ ਵਿਚ ਬਰਾਤਾਂ ਕਿੰਨੇ-ਕਿੰਨੇ ਦਿਨ ਠਹਿਰਦੀਆਂ ਸਨ। ਸਪੀਕਰ ਦੋ ਮੰਜੇ ਜੋੜ ਕਈ-ਕਈ ਦਿਨ ਵੱਜਦਾ ਸੀ।
ਉਸ ਵੇਲੇ ਦੇ ਨਾਮੀ ਕਲਾਕਾਰਾਂ ਦੇ ਰਿਕਾਰਡ ਤਵੇ ਸੂਈ ਬਦਲ-ਬਦਲ ਭਾਈ ਸਪੀਕਰ ਵਾਲਾ ਲਾਉਂਦਾ ਸੀ। ਮੰਜੇ ਬਿਸਤਰੇ ਬਰਾਤੀਆਂ ਵਾਸਤੇ ਪਿੰਡ ਵਿਚੋਂ ਇਕੱਠੇ ਕਰ ਕੇ ਗੁਰਦਵਾਰੇ ਜਾਂ ਧਰਮਸ਼ਾਲਾ ਜਿਥੇ ਬਰਾਤ ਠਹਿਰੀ ਹੁੰਦੀ ਸੀ ਤੇ ਮੰਜੇ ਬਿਸਤਰੇ ਵਿਛਾ ਦਿਤੇ ਜਾਂਦੇ ਸੀ। ਮੱਠੀ, ਬੂੰਦੀ ਤੇ ਸਟੀਲ ਦਾ ਗਲਾਸ ਚਾਹ ਪਾ ਕੇ ਬਰਾਤੀਆਂ ਦੀ ਆਉ ਭਗਤ ਹੁੰਦੀ ਸੀ।
ਬਰਾਤੀ ਜਿਥੇ ਮਰਜ਼ੀ ਪਿੰਡਾਂ ਦੇ ਘਰਾਂ ਵਿਚ ਚਲੇ ਜਾਂਦੇ ਸੀ। ਉਸ ਵੇਲੇ ਲੋਕ ਜਿਸ ਕੁੜੀ ਦਾ ਵਿਆਹ ਹੁੰਦਾ ਸੀ ਅਪਣੀ ਧੀ, ਭੈਣ ਸਮਝ ਬਰਾਤੀਆਂ ਦੀ ਆਉ ਭਗਤ ਕਰਦੇ ਸੀ। ਹੁਣ ਵਿਆਹ ਪੈਲੇਸਾਂ ਵਿਚ ਤਿੰਨ ਚਾਰ ਘੰਟੇ ਵਿਚ ਸਿਮਟ ਕੇ ਰਹਿ ਜਾਂਦਾ ਹੈ। ਉਨ੍ਹਾਂ ਵਿਆਹਾਂ ਵਿਚ ਆਪਸੀ ਭਾਈਚਾਰਾ, ਪਿਆਰ, ਮੇਲ ਜੋਲ ਹੁੰਦਾ ਸੀ। ਮਾੜਾ ਬੰਦਾ ਵੀ ਵਧੀਆ ਤੇ ਸਾਦਾ ਵਿਆਹ ਕਰ ਲੈਂਦਾ ਸੀ।
ਪੈਲੇਸਾਂ ਵਾਲਾ ਪਲੇਟ ਸਿਸਟਮ ਦਾ ਉਜਾੜਾ ਨਹੀਂ ਸੀ। ਹੁਣ ਦੇਖਾ ਦੇਖੀ ਕਈ ਕਰਜ਼ਾ ਚੁਕ ਵਿਆਹ ਕਰਦੇ ਹਨ। ਦਿਲ ਕਰਦਾ ਹੈ ਫਿਰ ਪੁਰਾਣੀ ਦੁਨੀਆਂ ਵਿਚ ਚਲੇ ਜਾਈਏ ਜਿਸ ਤੋਂ ਨਵੀਂ ਪੀੜ੍ਹੀ ਬਿਲਕੁਲ ਅਨਜਾਣ ਹੈ। ਨਵੀਂ ਪੀੜ੍ਹੀ ਨੂੰ ਅਪਣੇ ਪੁਰਾਣੇ ਸਭਿਆਚਾਰ ਬਾਰੇ ਸਕੂਲ ਲੈਵਲ ਤੇ ਬਾਲ ਸਭਾ ਲਗਾ ਕੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ ਸੇਵਾ ਮੁਕਤ ਇੰਸਪੈਕਟਰ ਪੁਲਿਸ। 9878600221