ਮੇਰੇ ਦੇਸ਼ ਦੀ ਬੇਟੀ ਰੋਂਦੀ ਹੈ (ਭਾਗ-3)
Published : May 22, 2018, 7:10 pm IST
Updated : May 22, 2018, 7:11 pm IST
SHARE ARTICLE
Amin Malik
Amin Malik

ਸ਼ਾਇਦ ਮੇਰੇ ਦੁੱਖਾਂ ਨੇ ਮਾਂ ਦੇ ਅੰਦਰ ਕੋਈ ਅੱਗ ਲਾਈ ਹੋਵੇਗੀ ਕਿ ਇਕ ਦਿਨ ਮੇਰੀ ਮਾਂ ਦਾ ਫ਼ੋਨ ਆ ਗਿਆ। ਬੜੀ ਕੋਸ਼ਿਸ਼ ਕੀਤੀ ਕਿ ਮਾਂ ਨੂੰ ਪਤਾ ਨਾ ਲੱਗੇ ਪਰ ਮੇਰੀ ਅਵਾਜ਼...

ਸ਼ਾਇਦ ਮੇਰੇ ਦੁੱਖਾਂ ਨੇ ਮਾਂ ਦੇ ਅੰਦਰ ਕੋਈ ਅੱਗ ਲਾਈ ਹੋਵੇਗੀ ਕਿ ਇਕ ਦਿਨ ਮੇਰੀ ਮਾਂ ਦਾ ਫ਼ੋਨ ਆ ਗਿਆ। ਬੜੀ ਕੋਸ਼ਿਸ਼ ਕੀਤੀ ਕਿ ਮਾਂ ਨੂੰ ਪਤਾ ਨਾ ਲੱਗੇ ਪਰ ਮੇਰੀ ਅਵਾਜ਼ ਵਿਚੋਂ ਹੀ ਉਸ ਨੇ ਕੁੱਝ ਸੁੰਘ ਕੇ ਆਖਿਆ, ''ਨੀ ਸਾਜਿਦਾ, ਤੂੰ ਰੋ ਰਹੀ ਏਂ?'' ਅਜੇ ਮੈਂ ਜਵਾਬ ਵੀ ਨਹੀਂ ਸਾਂ ਦੇ ਸਕੀ ਕਿ ਬਾਹਰੋਂ ਮੇਰਾ ਖ਼ਾਵੰਦ ਆ ਗਿਆ। ਉਸ ਨੇ ਮੇਰੇ ਹੱਥ 'ਚੋਂ ਫ਼ੋਨ ਖੋਹ ਕੇ ਮੂੰਹ ਉਪਰ ਐਡੇ ਜ਼ੋਰ ਨਾਲ ਮਾਰਿਆ ਕਿ ਮੇਰੀ ਗੱਲ੍ਹ ਲਹੂ ਲੁਹਾਨ ਹੋ ਗਈ। ਉਹ ਸਮਝੇ ਮੈਂ ਅਪਣੀ ਮਾਂ ਨੂੰ ਸ਼ਿਕਾਇਤਾਂ ਲਾ ਰਹੀ ਹਾਂ।

ਫਿਰ ਮੈਂ ਤਰਲੇ ਹੀ ਕਰਦੀ ਰਹੀ ਪਰ ਮੇਰਾ ਖ਼ਾਵੰਦ ਮੈਨੂੰ ਫ਼ਰਸ਼ ਉਤੇ ਧਰੂ ਕੇ ਬੂਹੇ 'ਚੋਂ ਬਾਹਰ ਕਢਦਾ ਰਿਹਾ ਤੇ ਮੈਂ ਵਾਸਤੇ ਪਾਉੁਂਦੀ ਰਹੀ। ਇੰਨੇ ਚਿਰ ਵਿਚ ਪੁਲਿਸ ਆ ਗਈ ਤੇ ਮੇਰੀ ਜਾਨ ਛੁੱਟ ਗਈ। ਪਰ ਪੁਲਿਸ ਆਉਣ ਦਾ ਗ਼ੁਨਾਹ ਵੀ ਮੇਰੇ ਸਿਰ ਉਪਰ ਹੀ ਪੈ ਗਿਆ। ਆਂਟੀ ਮੈਂ ਸਹੁੰ ਖਾਂਦੀ ਹਾਂ ਕਿ ਮੈਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਇਸ ਮੁਲਕ ਵਿਚ ਪੁਲਿਸ ਨੂੰ ਵੀ ਇੰਜ ਸੱਦ ਲਈਦਾ ਏ। ਪਤਾ ਨਹੀਂ ਕਿਸ ਨੇ ਫ਼ੋਨ ਕੀਤਾ ਤੇ ਪੁਲਿਸ ਮੇਰੇ ਖ਼ਾਵੰਦ ਨੂੰ ਫੜ ਕੇ ਲੈ ਗਈ। ਇਹ ਸਾਰਾ ਕੁੱਝ ਵੀ ਮੇਰੇ ਹੀ ਗੁਨਾਹਾਂ ਦੀ ਕਿਤਾਬ ਵਿਚ ਲਿਖਿਆ ਗਿਆ।

ਜਿਸ ਮਾਂ ਦਾ ਪੁੱਤਰ ਥਾਣੇ ਗਿਆ ਉਸ ਨੇ ਕਿਸੇ ਦੀ ਧੀ ਦਾ ਪਾਸਪੋਰਟ ਕੱਢ ਕੇ ਮੂੰਹ 'ਤੇ ਮਾਰਿਆ ਤੇ ਆਖਣ ਲੱਗੀ, ''ਫੜ ਪਾਸਪੋਰਟ ਤੇ ਜਿਥੋਂ ਆਈ ਏਂ ਉਥੇ ਹੀ ਦਫ਼ਾ ਹੋ ਜਾ''। ਮੇਰੀ ਜੇਠਾਣੀ ਵੀ ਆਖ਼ਰ ਕਿਸੇ ਦੀ ਮੇਰੇ ਹੀ ਵਰਗੀ ਧੀ ਸੀ। ਕੋਈ ਖ਼ਿਆਲ ਆਇਆ ਹੋਵੇਗਾ, ਹਿੰਮਤ ਕਰ ਕੇ ਆਖਣ ਲੱਗੀ, ''ਬੇ ਜੀ! ਸਾਜਿਦਾ ਨੂੰ ਇਥੇ ਦੋ ਸਾਲ ਤੋਂ ਵੱਧ ਹੋ ਗਏ ਨੇ, ਇਸ ਵਿਚਾਰੀ ਨੂੰ ਸਟੇਅ 'ਤੇ ਲਵਾ ਦਿਉ ਤਾਕਿ ਕਾਨੂੰਨੀ ਤੌਰ 'ਤੇ ਇਸ ਮੁਲਕ ਵਿਚ ਤਾਂ ਰਹਿ ਸਕੇ।'' ਮੇਰੀ ਸੱਸ ਨੇ ਮੇਰੀ ਜੇਠਾਣੀ ਨੂੰ ਜਵਾਬ ਦਿਤਾ, ''ਅੱਗੇ ਤੈਨੂੰ ਸਾਲ ਤੋਂ ਬਾਅਦ ਸਟੇਅ ਲਵਾ ਕੇ ਕੀ ਖਟਿਐ?

ਜਦੋਂ ਤੁਸੀ ਇਥੇ ਪੱਕੀਆਂ ਹੋ ਜਾਂਦੀਆਂ ਹੋ, ਫਿਰ ਤੁਹਾਨੂੰ ਪਰ ਨਿਕਲ ਆਉਂਦੇ ਨੇ ਤੇ ਡੇਲੇ ਕਢਦੀਆਂ ਜੇ। ਪਿਛੋਂ ਭੁੱਖੇ ਘਰਾਂ ਦੀਆਂ ਇਥੇ ਆ ਕੇ ਲੀਗਲ ਹੋ ਜਾਂਦੀਆਂ ਨੇ ਤੇ ਅਪਣੀ ਔਕਾਤ ਭੁਲਾ ਕੇ ਟਕੇ ਟਕੇ ਦੀਆਂ ਗੱਲਾਂ ਕਰਦੀਆਂ ਨੇ। ਮੇਰਾ ਮੁੰਡਾ ਤਾਂ ਸ਼ੁਦਾਈ ਸੀ ਜਿਹੜਾ ਇਸ ਗੰਦ ਨੂੰ ਚੁੱਕ ਲਿਆਇਆ।'' ਜੇਠਾਣੀ ਅੱਗੋਂ ਕੁੱਝ ਬੋਲਣ ਹੀ ਲੱਗੀ ਸੀ ਕਿ ਮੇਰੀ ਸੌਂਕਣ ਨੇ ਆਖਿਆ ''ਬੇ ਜੀ, ਜੇ ਫ਼ਰਜ਼ੰਦਾ ਬਾਜੀ ਨੂੰ ਸਾਜਿਦਾ ਦਾ ਬਹੁਤਾ ਹੀ ਹੇਜ ਖਾਈ ਜਾਂਦੈ ਤਾਂ ਅਪਣੇ ਭਰਾ ਨਾਲ ਕਿਉਂ ਨਹੀਂ ਵਿਆਹ ਦੇਂਦੀ?''

ਆਂਟੀ ਮੈਂ ਉਸੇ ਸ਼ਾਮ ਅਪਣੀ ਮਾਂ ਦੀ ਦਿਤੀ ਹੋਈ ਗਰਮ ਲੋਈ ਦੀ ਬੁੱਕਲ ਮਾਰੀ, ਪਾਸਪੋਰਟ ਬੋਝੇ ਵਿਚ ਪਾਇਆ ਤੇ ਲੰਦਨ ਰਹਿੰਦੇ ਅਪਣੀ ਮਾਂ ਦੇ ਚਾਚੇ ਦੇ ਪੁੱਤਰ ਭਰਾ ਕੋਲ ਆ ਗਈ। ਇਹ ਮੇਰਾ ਦੂਰ ਦਾ ਮਾਮਾ ਆਪ ਵੀ ਇਥੇ ਅਜੇ ਗ਼ੈਰ-ਕਾਨੂੰਨੀ ਹੈ ਤੇ ਇਕ ਨਿੱਕੀ ਜਹੀ ਖੋਲੀ ਵਿਚ ਲੁਕ ਛੁਪ ਕੇ ਰਹਿੰਦਾ ਹੈ। ਮੇਰੇ ਮੂੰਹ ਤੇ ਲੱਗੀ ਸੱਟ ਅੱਜ ਪੀੜ ਵੀ ਬੜੀ ਕਰਦੀ ਸੀ ਤੇ ਵਿਚੋਂ ਖ਼ੂਨ ਵੀ ਰਿਸਦਾ ਸੀ। ਲਭਦੀ ਲਭਦੀ ਇਕ ਡਾਕਟਰ ਦੀ ਸਰਜਰੀ ਵਿਚ ਵੜ ਗਈ। ਉਨ੍ਹਾਂ ਦਵਾਈ ਨਾ ਦਿਤੀ ਕਿਉਂਕਿ ਨਾ ਹੀ ਮੇਰੇ ਕੋਲ ਮੈਡੀਕਲ ਕਾਰਡ ਹੈ ਅਤੇ ਨਾ ਹੀ ਇੰਨਸ਼ੌਰੰਸ ਨੰਬਰ।

ਆਂਟੀ ਮੈਂ ਇਕ ਬਦਨਸੀਬ ਪ੍ਰਦੇਸਣ ਹਾਂ ਜਿਸ ਕੋਲ ਕੋਈ ਵੀ ਵਸੀਲਾ ਨਹੀਂ। ਮੈਂ ਇਸ ਮੁਲਕ ਵਿਚ ਗ਼ੈਰ ਕਾਨੂੰਨੀ ਹਾਂ, ਰਹਿਣ ਲਈ ਥਾਂ ਕੋਈ ਨਹੀਂ, ਖਾਣ ਲਈ ਕੋਲ ਪੈਸੇ ਨਹੀਂ ਤੇ ਮਾਂ ਨੂੰ ਇਹ ਸਾਰਾ ਕੁੱਝ ਦਸ ਨਹੀਂ ਸਕਦੀ। ਕਿਥੇ ਜਾਵਾਂ? ਵਾਪਸ ਵੀ ਗਈ ਤਾਂ ਲੋਕ ਆਖਣਗੇ ਆ ਗਈ ਏ ਵਲਾਇਤ ਵਿਚ ਵਸ ਕੇ। ਸ਼ਰੀਕਾਂ ਦੇ ਮਿਹਣੇ ਤੇ ਪਿੰਡ ਵਾਲਿਆਂ ਦੀਆਂ ਗੱਲਾਂ ਮੈਨੂੰ ਕਿਵੇਂ ਜਿਊਣ ਦੇਣਗੀਆਂ?''

ਇਹ ਗੱਲਾਂ ਕਰਦੀ ਕਰਦੀ ਸਾਜਿਦਾ ਹਿਚਕੀਆਂ ਲੈ ਕੇ ਰੋਣ ਲੱਗ ਪਈ। ਕੋਲੋਂ ਸਾਰੀਆਂ ਹੀ ਅੱਖਾਂ ਉਸ ਦੀ ਬਰਸਾਤ ਵਿਚ ਸ਼ਾਮਲ ਹੋ ਗਈਆਂ। ''ਅੰਮੀ ਮੇਰੇ ਕੋਲ ਸਾਢੇ ਤਿੰਨ ਸੌ ਪਾਊਂਡ ਹਨ, ਤੁਸੀ ਸਾਜਿਦਾ ਬਾਜੀ ਨੂੰ ਦੇ ਦਿਉ।'' ਮੇਰੀ ਭੋਲੀ ਜਹੀ ਧੀ ਤੱਯਬਾ ਨੇ ਅਪਣੀ ਮਾਂ ਨੂੰ ਇਸ ਤਰ੍ਹਾਂ ਆਖਿਆ ਜਿਵੇਂ ਕੋਈ ਮਾਈ ਸੂਤਰ ਦੀ ਅੱਟੀ ਤੋਂ ਯੂਸਫ਼ ਖ਼ਰੀਦਣ ਚਲੀ ਗਈ ਸੀ। ਰਾਣੀ ਨੇ ਸਾਜਿਦਾ ਨੂੰ ਗਲ ਨਾਲ ਲਾਇਆ ਤੇ ਹੰਝੂ ਹੋਰ ਵੀ ਗਲ ਗਲ ਆ ਗਏ। ਧੀਆਂ ਦੇ ਕੈਸੇ ਨਸੀਬ ਨੇ!

ਇਨ੍ਹਾਂ ਪ੍ਰਦੇਸਣਾਂ ਨੂੰ ਮਹਿੰਦੀ ਲਾ ਕੇ ਡੋਲੀ ਚਾੜ੍ਹੋ ਤੇ ਤਾਂ ਵੀ ਹੰਝੂ ਤੇ ਜੇ ਮਹਿੰਦੀ ਦਾ ਰੰਗ ਲਹੂ ਰੰਗਾ ਹੋ ਜਾਏ ਤਾਂ ਫਿਰ ਵੀ ਅਥਰੂ। ਧੀਆਂ ਤਰੇਲ ਦਾ ਉਹ ਤੁਪਕਾ ਹਨ ਜੋ ਕਾਸ਼ੀ ਦੇ ਫੁਲ ਉਤੇ ਸੂਰਜ ਦੀਆਂ ਰਿਸ਼ਮਾਂ ਨਾਲੋਂ ਵੱਧ ਚਮਕਾਂ ਵੀ ਮਾਰਦੀ ਏ, ਤੇ ਜੇ ਡਿੱਗ ਪਵੇ ਤਾਂ ਮਿੱਟੀ ਨਾਲ ਮਿੱਟੀ ਹੋ ਕੇ ਗਵਾਚ ਜਾਂਦੀ ਏ।
ਸਾਜਿਦਾ ਦੀ ਜ਼ਿੰਦਗੀ ਦੇ ਬੜੇ ਹੀ ਪੱਖ, ਬੜੇ ਹੀ ਟੋਏ ਟਿੱਬੇ ਅਤੇ ਠੇਡੇ ਮੇਰੇ ਸਾਹਮਣੇ ਹਨ ਕਿ ਉਹ ਕਿਥੇ ਕਿਥੇ ਡਿੱਗੀ ਅਤੇ ਕਿੰਨੇ ਜ਼ਖ਼ਮ ਲੱਗੇ। ਜੇ ਮੈਂ ਸਾਰਾ ਕੁੱਝ ਉਲੀਕਣ ਲੱਗ ਪਿਆ ਤਾਂ ਮੇਰੇ ਲੇਖ ਦਾ ਬੋਝ ਵੀ ਉਸ ਦੇ ਦੁੱਖਾਂ ਦੇ ਬੋਝ ਵਾਂਗ ਵੱਧ ਜਾਏਗਾ।

ਪਤਾ ਨਹੀਂ ਅਖ਼ਬਾਰ ਵੀ ਇਹ ਬੋਝ ਚੁੱਕ ਸਕੇਗਾ ਕਿ ਨਹੀਂ। ਸਾਜਿਦਾ ਦੇ ਅੰਜਾਮ ਵਾਂਗ ਇਸ ਲਿਖਤ ਦਾ ਅੰਜਾਮ ਕਰਦੇ ਹੋਏ ਦੱਸ ਦੇਵਾਂ ਕਿ ਫੜ ਤੜ ਕੇ ਉਸ ਦੀ ਟਿਕਟ ਲਈ ਇੰਜ ਪੈਸੇ ਜਮ੍ਹਾਂ ਕੀਤੇ ਜਿਵੇਂ ਕਿਸੇ ਲਾਵਾਰਿਸ ਮਜ਼ਦੂਰ ਦੇ ਕਫ਼ਨ ਲਈ ਚੰਦਾ ਮੰਗਿਆ ਜਾਂਦਾ ਹੈ। ਏਅਰਪੋਰਟ ਉਪਰ ਉਸ ਦਾ ਗ਼ਰੀਬ ਮਾਮਾ, ਮੇਰੀਆਂ ਧੀਆਂ ਅਤੇ ਰਾਣੀ ਮਲਿਕ ਹੱਥ ਹਿਲਾ ਰਹੇ ਸਨ  ਜਿਸ ਨਾਲ ਜ਼ਮਾਨੇ ਨੇ ਹੱਥ ਕਰ ਸੁਟਿਆ ਸੀ ਉਹ ਵੀ ਹੰਝੂਆਂ ਭਰੀਆਂ ਅੱਖੀਆਂ ਹੱਥ ਹਿਲਾਉਂਦੀਆਂ ਹਿਲਾਉਂਦੀਆਂ ਅੱਖਾਂ ਤੋਂ ਓਹਲੇ ਹੋ ਗਈਆਂ। ਕਿੱਡੇ ਅਰਮਾਨਾਂ ਨਾਲ ਦੁਲਹਨ ਬਣ ਕੇ ਵਸਣ ਆਈ ਸੀ ਲੰਦਨ ਵਿਚ। ਅੱਜ ਉਹ ਲੰਦਨ 'ਚੋਂ ਨਿਕਲ ਗਈ... ਕਿਸੇ ਯਤੀਮ ਦੀ ਹਾਅ ਵਾਂਗੂੰ। -43 ਆਕਲੈਂਡ ਰੋਡ, ਲੰਡਨ-ਈ 15-2ਏਐਨ,  ਫ਼ੋਨ : 0208-519 21 39.

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement