
ਅਪਣੀ ਜ਼ਾਤ ਅਤੇ ਫ਼ਿਤਰਤ ਮੁਤਾਬਕ ਅੱਜ ਫਿਰ ਇਕ ਨਵੇਂ ਜ਼ਖ਼ਮ ਉਪਰ ਉਂਗਲੀ ਰੱਖੀ ਬੈਠਾ ਹਾਂ। ਇਹ ਜ਼ਖ਼ਮ ਬੇ-ਰਹਿਮ ਸਮਾਜ ਦੇ ਹੱਥੋਂ ਗ਼ਰੀਬ ਧੀਆਂ ਨੂੰ ਫੱਟੜ ਕਰ ਰਿਹਾ ਹੈ। ਰੱਬ...
ਅਪਣੀ ਜ਼ਾਤ ਅਤੇ ਫ਼ਿਤਰਤ ਮੁਤਾਬਕ ਅੱਜ ਫਿਰ ਇਕ ਨਵੇਂ ਜ਼ਖ਼ਮ ਉਪਰ ਉਂਗਲੀ ਰੱਖੀ ਬੈਠਾ ਹਾਂ। ਇਹ ਜ਼ਖ਼ਮ ਬੇ-ਰਹਿਮ ਸਮਾਜ ਦੇ ਹੱਥੋਂ ਗ਼ਰੀਬ ਧੀਆਂ ਨੂੰ ਫੱਟੜ ਕਰ ਰਿਹਾ ਹੈ। ਰੱਬ ਜਾਣੇ ਮੇਰਾ ਮਾਜ਼ੀ ਮੇਰੇ ਅੰਦਰ ਕਿੰਜ ਦਾ ਬੂਟਾ ਬੀਜ ਗਿਆ ਹੈ ਕਿ ਮੇਰੀ ਰੂਹ ਦੀ ਕਲਰਾਠੀ ਭੋਂਇੰ ਵਿਚ ਜਿਹੜੀ ਵੀ ਫ਼ਸਲ ਉੱਗੀ ਉਸ ਉਪਰ ਹੰਝੂ, ਹਾਵਾਂ ਅਤੇ ਹਾੜਿਆਂ ਦਾ ਹੀ ਫੱਲ ਲਗਿਆ। ਮੈਂ ਜਦੋਂ ਵੀ ਉਡਾਰੀ ਮਾਰੀ, ਜਾ ਕੇ ਸੂਲ ਉਪਰ ਹੀ ਬੈਠਾ।
ਕਦੀ ਚਾਹਿਆ ਤਾਂ ਨਹੀਂ ਪਰ ਜਦੋਂ ਵੀ ਝਾਤੀ ਮਾਰੀ, ਪੁਤਰਾਂ ਨੂੰ ਰੋਂਦੀ ਮਾਂ ਵੇਖੀ। ਕਿਸੇ ਸ਼ਰਾਬੀ ਖ਼ਾਵੰਦ ਦੇ ਛਿੱਤਰ ਖਾ ਕੇ ਨੰਗੇ ਸਿਰ ਰੋਂਦੀ ਬੀਵੀ ਵੇਖੀ ਅਤੇ ਕਿਸੇ ਬੁੱਢੇ ਪਿਉ ਦੀ ਪੂੰਜੀ ਲੁੱਟ ਕੇ ਪੱਬ 'ਚ ਬੈਠਾ ਪੁੱਤਰ ਵੇਖਿਆ। ਅੰਨ੍ਹਾ ਤਾਂ ਇਸ ਦੁਨੀਆਂ ਵਿਚ ਕੋਈ ਵੀ ਨਹੀਂ ਪਰ ਜਦੋਂ ਇਸ ਜਹਾਨ ਦਾ ਅਹਿਸਾਸ ਅੱਖਾਂ ਮੀਟ ਲਵੇ ਤਾਂ ਫਿਰ ਇਸ ਮਨਾਖੀ ਦੁਨੀਆਂ ਨੂੰ ਮੇਰੇ ਦੇਸ਼ ਦੀਆਂ ਸ਼ਾਜ਼ੀਆ, ਗੁਰਪ੍ਰੀਤ ਅਤੇ ਸਾਜਿਦਾ ਕਦੋਂ ਨਜ਼ਰ ਆਉਂਦੀਆਂ ਹਨ? ਅੱਜ ਸ਼ਾਇਦ ਕਿਸੇ ਕੋਲ ਭੌਂ ਕੇ ਵੇਖਣ ਦਾ ਵੇਲਾ ਨਹੀਂ ਰਹਿ ਗਿਆ ਕਿ ਦੁਨੀਆਂ ਦੀ ਭੀੜ ਵਿਚ ਡਿੱਗ ਪੈਣ ਵਾਲੀ ਸ਼ਾਜ਼ੀਆ ਅੱਜ ਜ਼ੁਲਮ ਦੇ ਪੈਰ ਨੇ ਕਿਉਂ ਮਿੱਧ ਛੱਡੀ?
23 ਸਾਲ ਦੀ ਰੋਂਦੀ ਹੋਈ ਸਾਜਿਦਾ ਕਿਸੇ ਧੱਕੇ ਨਾਲ ਮੂਧੜੇ ਮੂੰਹ ਡਿੱਗ ਕੇ ਇਕ ਨਿੱਕੀ ਜਹੀ ਕੋਠੜੀ ਵਿਚ ਸਾਹ ਲੈ ਰਹੀ ਹੈ। ਕਿਸੇ ਗੁਰਪ੍ਰੀਤ ਨੂੰ ਦੁਲਹਨ ਬਣਾ ਕੇ ਲਿਆਉਣ ਵਾਲਾ, ਨੱਥ ਖੋਲ੍ਹਣ ਵਾਲੀ ਅਯਾਸ਼ੀ ਕਰ ਕੇ ਇਸ ਜਗਮਗ ਕਰਦੇ ਸ਼ਹਿਰ ਵਿਚ ਉਸ ਦੀ ਦੁਨੀਆਂ ਹਨੇਰੀ ਕਿਉਂ ਕਰ ਗਿਆ ਹੈ?
ਹਨੇਰ ਪੈ ਜਾਏ ਇਸ ਪਾਪੀ ਜਹਾਨ ਉਤੇ ਜਿਸ ਦੀਆਂ ਅੱਖਾਂ ਨੂੰ ਚਾਂਦੀ ਦੇ ਲਾਵੇ ਨੇ ਪਿਘਲਾ ਦਿਤਾ ਹੈ। ਪਤਾ ਨਹੀਂ ਕੀ ਸੋਚ ਕੇ ਕਹਿ ਗਿਆ ਸੀ ਸਾਹਿਰ ਲੁਧਿਆਣਵੀ, ''ਵੁਹ ਸੁਬਹ ਕਭੀ ਤੋਂ ਆਏਗੀ?''
ਅੱਜ ਉਹ ਜ਼ਿੰਦਾ ਹੁੰਦਾ ਤਾਂ ਵੇਖਦਾ ਕਿ ਹੁਣ ਤਾਂ ਸੂਰਜ ਨੂੰ ਪੱਕਾ ਹੀ ਗ੍ਰਹਿਣ ਲੱਗ ਗਿਆ ਹੈ। ਹਰ ਗਲੀ ਦੀ ਨੁੱਕਰ ਉਪਰ ਹੌਲੀ ਹੌਲੀ ਕਤਲ ਕਰ ਦੇਣ ਵਾਲਾ ਸਫ਼ੈਦ ਜ਼ਹਿਰ ਵਿਕਦਾ ਹੈ। ਜ਼ਹਿਰ ਵੇਚਣ ਵਾਲਿਆਂ ਅੱਗੇ ਪੁਲਿਸ ਵਿਕਦੀ ਏ ਤੇ ਇਸ ਪੈਸੇ ਨਾਲ ਰਾਤ ਦੇ ਹਨੇਰੇ ਵਿਚ ਜਵਾਨੀਆਂ ਵਿਕਦੀਆਂ ਹਨ। ਅੱਜ ਸਾਹਿਰ ਲੁਧਿਆਣਵੀ ਦੀ 'ਸੁਬਹ' ਕਿਧਰੇ ਦੂਰ ਦੂਰ ਵੀ ਨਜ਼ਰ ਨਹੀਂ ਆਉਂਦੀ। ਪ੍ਰੰਤੂ ਫਿਰ ਵੀ ਕੈਸਾ ਨਿਜ਼ਾਮ ਹੈ ਰੱਬ ਦਾ ਕਿ ਹਰ ਇਨਸਾਨ ਅਪਣੇ ਅੱਜ ਦੇ ਦੁੱਖ ਨੂੰ ਆਉਣ ਵਾਲੇ ਕਲ ਦਾ ਆਸਰਾ ਦੇਂਦਾ ਦੇਂਦਾ ਮਰ ਜਾਂਦਾ ਹੈ।
ਆਉਣ ਵਾਲੇ ਕਲ ਦਾ ਝੂਠਾ ਆਸਰਾ ਨਾ ਹੁੰਦਾ ਤਾਂ ਲੋਕ ਅੱਜ ਦੀ ਪੀੜ ਨਾਲ ਹੀ ਮਰ ਜਾਂਦੇ। ਗੱਲ ਕਰ ਰਿਹਾ ਸਾਂ ਧੀਆਂ ਦੀ ਕਿ ਕਿਹੜੀ ਮਾਂ ਚਾਹੁੰਦੀ ਏ ਅਪਣੀ ਕੁੱਖ ਦੀ ਬੇਟੀ ਨੂੰ ਸੱਤ ਸਮੁੰਦਰੋਂ ਪਾਰ ਘੱਲ ਕੇ ਕਾਵਾਂ ਕੋਲੋਂ ਉਸ ਦਾ ਹਾਲ ਪੁਛਦੀ ਰਹੇ? ਕਿਹੜੇ ਪਿਉ ਨੂੰ ਇਹ ਗੱਲ ਵਾਰਾ ਖਾਂਦੀ ਏ ਕਿ ਦੋ ਬੁਰਕੀਆਂ ਰੋਟੀ ਲਈ ਛਿੰਦੀ ਧੀ ਨੂੰ ਸਾਲਾਂ ਬੱਧੀ ਨਾ ਵੇਖ ਸਕੇ? ਕੀ ਵਰਤਦੀ ਹੋਵੇਗੀ ਰਲ ਕੇ ਜੰਮੀਆਂ ਭੈਣਾਂ ਉਪਰ? ਕਿਸ ਤਰ੍ਹਾਂ ਹੱਸ ਲੈਂਦਾ ਹੋਵੇਗਾ ਮਾਂ ਜਾਇਆ ਵੀਰ ਜਦੋਂ ਭੈਣ ਨੂੰ ਜਹਾਜ਼ ਉਤੇ ਚੜ੍ਹਾ ਕੇ ਇਹ ਵੀ ਨਾ ਜਾਣਦਾ ਹੋਵੇ ਕਿ ਹਜ਼ਾਰਾਂ ਮੀਲ ਦੂਰ ਜਾਣ ਵਾਲੀ ਦੀ ਕਿਸਮਤ ਵਿਚ ਕੀ ਹੈ?
ਵਿਆਹ ਤੇ ਉਂਜ ਵੀ ਜੂਆ ਹੈ, ਜੇ ਕੋਈ ਪੱਤਾ ਪੁੱਠਾ ਪੈ ਗਿਆ ਤਾਂ ਕੀ ਬਣੇਗਾ, ਹਾਰੀ ਹੋਈ ਬਾਜ਼ੀ ਦਾ?... ਅੱਜ ਦਾ ਲੇਖ ਵੀ ਅੱਖਾਂ ਦੇ ਪਾਣੀ ਵਿਚ ਕਲਮ ਡੋਬ ਕੇ ਲਿਖ ਰਿਹਾ ਹਾਂ। ਪਤਾ ਨਹੀਂ ਕਿਸ ਕਿਸ ਨੂੰ ਜ਼ਖ਼ਮੀ ਕਰ ਜਾਏਗੀ ਕਲਮ ਦੀ ਨੋਕ। ਕਿਉਂ ਜੋ ਧੀਆਂ ਦੀ ਸਾਂਝ ਤੋਂ ਕੋਈ ਵੀ ਮੂੰਹ ਨਹੀਂ ਮੋੜ ਸਕਦਾ। ਹਰ ਕਿਸੇ ਦੀ ਧੀ ਦਾ ਹੰਝੂ ਸਾਡੀ ਹੀ ਅੱਖ ਦਾ ਪਾਣੀ ਹੈ। ਇਸ ਪਾਪੀ ਪਰਦੇਸ 'ਚ ਬੜੀਆਂ ਧੀਆਂ ਜ਼ੁਲਮ ਦੇ ਕੋਹਲੂ ਵਿਚ ਪੀੜੀਆਂ ਗਈਆਂ। ਕਿਸੇ ਨੇ ਵੇਖਿਆ ਵੀ ਨਾ ਅਤੇ ਕੋਈ ਵੇਖ ਕੇ ਵੱਖੀ ਮੋੜ ਗਿਆ।
ਅੱਜ ਵੀ ਇਕ ਜਵਾਨ ਧੀ ਅਪਣੀ ਸੱਜੀ ਗੱਲ੍ਹ ਨੂੰ ਚੁੰਨੀ ਨਾਲ ਢੱਕ ਕੇ ਜ਼ਖ਼ਮ ਲੁਕਾਉਂਦੀ ਹੋਈ ਲਿਟਨ ਸਟੋਨ ਦੀ ਸਰਜਰੀ ਵਿਚੋਂ ਰੋਂਦੀ ਹੋਈ ਨਿਕਲ ਰਹੀ ਸੀ ਤੇ ਮੈਂ ਅਪਣੀ ਦਵਾਈ ਲੈਣ ਲਈ ਅੰਦਰ ਵੜ ਰਿਹਾ ਸਾਂ। ਮੇਰਾ ਜਦੋਂ ਅੰਦਰ ਹੀ ਹਿਲ ਗਿਆ ਤਾਂ ਨਿੱਕੀ ਜਹੀ ਬੀਮਾਰੀ ਲਈ ਅੰਦਰ ਵੀ ਕਿਵੇਂ ਵੜਦਾ? ਭਾਵੇਂ ਮੈਂ ਬੁੱਢਾ ਹੀ ਸਾਂ ਪਰ ਇਸ ਮੁਲਕ ਵਿਚ ਕਿਸੇ ਦੀ ਜਵਾਨ ਧੀ ਦਾ ਦੁੱਖ ਪੁੱਛਣ ਵਾਲਾ ਮੈਂ ਕੌਣ ਹੁੰਦਾ ਹਾਂ? ਨਾ ਮੇਰੇ ਕੋਲ ਦੁੱਖ ਪੁੱਛਣ ਦਾ ਹੌਸਲਾ ਅਤੇ ਨਾ ਦੁੱਖ ਸਹਿਣ ਦੀ ਹਿੰਮਤ। ਕੁੱਝ ਦੇਰ ਉਸ ਨੂੰ ਜਾਂਦੀ ਨੂੰ ਵੇਖਦਾ ਰਿਹਾ ਤੇ ਅਪਣੀ ਹਿੰਮਤ ਦਾ ਇਮਤਿਹਾਨ ਲੈਂਦਾ ਰਿਹਾ।
ਇਸ 'ਮਾਈਂਡ ਯੁਅਰ ਓਨ ਬਿਜ਼ਨੈਸ' ਸਮਾਜ ਨੂੰ ਮੈਂ ਕਬੂਲ ਤੇ ਨਹੀਂ ਕੀਤਾ ਪਰ ਆਖਦੇ ਨੇ, ''ਅਪਣੀ ਇੱਜ਼ਤ ਅਪਣੇ ਹੱਥ'' ਹੁੰਦੀ ਹੈ। ਸੋਚ ਸੋਚ ਕੇ ਮੈਂ ਅਪਣੀ ਇੱਜ਼ਤ ਨੂੰ ਜੁੱਤੀ ਉਤੇ ਲਿਖਿਆ ਅਤੇ ਉਸ ਸ਼ੋਹਦੀ ਦੇ ਮੁਕੱਦਰਾਂ ਦੀ ਕਿਤਾਬ ਪੜ੍ਹਨ ਲਈ ਮੈਂ ਪਿਛੇ ਪਿਛੇ ਟੁਰ ਪਿਆ। ਕੋਲ ਹੀ ਉਹ ਇਕ ਬੱਸ ਸਟਾਪ ਤੇ ਜਾ ਕੇ ਕੰਧ ਵਲ ਮੂੰਹ ਕਰ ਕੇ ਬਹਿ ਗਈ। ਬੜੀ ਕੋਸ਼ਿਸ਼ ਨਾਲ ਮੈਂ ਅਪਣੇ ਮੂੰਹ ਉਪਰ ਬਜ਼ੁਰਗੀ ਦੀ ਕਲੀ ਕੀਤੀ ਕਿ ਅਪਣੀ ਉਮਰ ਨਾਲੋਂ ਹੋਰ ਵੀ ਵੱਡਾ ਲੱਗਾਂ। ਕਿਉੁਂ ਜੇ ਹਰਾਮਖ਼ੋਰ ਜਹੀ ਜਵਾਨੀ ਵਾਲੀ ਉਮਰ ਲੰਘ ਜਾਏ ਤਾਂ ਜ਼ਨਾਨੀ ਨੂੰ ਮਰਦ ਕੋਲੋਂ ਆਦਮ ਖ਼ੋਰੀ ਦਾ ਬਹੁਤਾ ਡਰ ਨਹੀਂ ਆਉਂਦਾ।
ਮੌਤ ਕੋਲ ਅਪੜੇ ਹੋਏ ਮੇਰੇ ਜਹੇ ਨੇ ਕਿਸੇ ਨੂੰ ਕੀ ਮਾਰਨਾ ਹੁੰਦਾ ਏ? ਇਸ ਡਰ ਤੋਂ ਕਿ ਕਿਧਰੇ ਬੱਸ ਨਾ ਆ ਜਾਏ ਤੇ ਉਹ ਵਿਚਾਰੀ ਅੱਥਰੂ ਪੂੰਝਦੀ ਪੂੰਝਦੀ ਬੱਸ 'ਤੇ ਹੀ ਨਾ ਚੜ੍ਹ ਜਾਏ, ਮੈਂ ਹਿੰਮਤ ਕਰ ਕੇ ਪੁਛਿਆ, ''ਬੇਟਾ ਤੂੰ ਠੀਕ ਤੇ ਹੈਂ?'' ਰੋ ਰੋ ਕੇ ਬੋਟੀ ਹੋਈਆਂ ਅੱਖਾਂ ਉਪਰ ਚੁਕ ਕੇ ਉਸ ਨੇ ਮੇਰੇ ਵਲ ਵੇਖਿਆ ਤੇ ਮੂੰਹ ਉਪਰ ਚੁੰਨੀ ਰੱਖ ਕੇ ਹੋਰ ਵੀ ਰੋਣ ਲੱਗ ਪਈ। ਮੈਂ ਸਿਰ ਤੇ ਪਿਆਰ ਦਿਤਾ ਤਾਂ ਉਸ ਦੇ ਪਿਉ ਵਰਗਾ ਮੇਰਾ ਪਿਆਰ ਤਲਵਾਰ ਬਣ ਕੇ ਉਸ ਨੂੰ ਹੋਰ ਵੀ ਕਤਲ ਕਰ ਗਿਆ। ਬਦਹਾਲੀ ਵਿਚ ਕਿਸੇ ਦਾ ਹਾਲ ਪੁਛਿਆ ਜਾਏ ਤਾਂ ਉਹ ਦੁਖੀਆ ਹੋਰ ਵੀ ਬੇਹਾਲ ਹੋ ਜਾਂਦਾ ਹੈ।
ਮੈਨੂੰ ਇੰਜ ਲੱਗਾ ਜਿਵੇਂ ਅੱਜ ਇਸ ਡਿਗਦੀ ਛੱਤ ਨੂੰ ਮੈਂ ਥੰਮੀ ਨਾ ਦਿਤੀ ਤਾਂ ਇਸ ਦਾ ਘੁਣ ਲੱਗਾ ਛਤੀਰ ਬਾਲੇ ਸਿਰਕਿਆਂ ਸਮੇਤ ਥੱਲੇ ਆ ਪਵੇਗਾ। ਫਿਰ ਕੌਣ ਜਾਣੇ ਇਸ ਦੇ ਥੱਲੇ ਆਈ ਲਾਸ਼ ਕਿਸੇ ਨੂੰ ਨਜ਼ਰੀਂ ਵੀ ਆਵੇ ਕਿ ਨਾ। ਅਪਣੀਆਂ ਧੀਆਂ ਨੂੰ ਸਾਹਮਣੇ ਰੱਖ ਕੇ ਕਿਸੇ ਵੀ ਧੀ ਨੂੰ ਵੇਖੀਏ ਤਾਂ ਉਸ ਦੇ ਹਾਸੇ ਉਪਰ ਵੀ ਤਰਸ ਜਿਹਾ ਆ ਜਾਂਦਾ ਹੈ ਕਿਉਂਕਿ ਧੀਆਂ ਦਾ ਹਾਸਾ ਵੀ ਤੇ ਉਸ ਤਰੇਲ ਦੇ ਤੁਪਕੇ ਵਾਂਗ ਹੀ ਹੁੰਦਾ ਹੈ ਜਿਸ ਨੂੰ ਹਰ ਵੇਲੇ ਕਿਸੇ ਤੇਜ਼ ਹਵਾ ਦੇ ਝੋਕੇ ਦਾ ਖ਼ਤਰਾ ਰਹਿੰਦਾ ਹੈ।
ਮੇਰੇ ਦੇਸ਼ ਦੀ ਬੇਟੀ ਰੋਂਦੀ ਹੈ। (ਚਲਦਾ...)