
'ਉਠ ਮੇਰੀ ਧੀ, ਆ ਮੇਰੇ ਨਾਲ ਘਰ ਨੂੰ ਚਲੀਏ।'' ਮੈਂ ਉਸ ਦੇ ਸਿਰ ਉਪਰ ਥਪਕੀ ਜਹੀ ਦੇ ਕੇ ਆਖਿਆ। ਉਹ ਥੋੜੀ ਜਹੀ ਝਕ ਕੇ ਸਹਿਮ ਗਈ। ਇਸ ਖ਼ੁਦਗ਼ਰਜ਼ ਪਾਪੀ ਦੇਸ਼ ਵਿਚ ਇੰਜ ਦੀ...
''ਉਠ ਮੇਰੀ ਧੀ, ਆ ਮੇਰੇ ਨਾਲ ਘਰ ਨੂੰ ਚਲੀਏ।'' ਮੈਂ ਉਸ ਦੇ ਸਿਰ ਉਪਰ ਥਪਕੀ ਜਹੀ ਦੇ ਕੇ ਆਖਿਆ। ਉਹ ਥੋੜੀ ਜਹੀ ਝਕ ਕੇ ਸਹਿਮ ਗਈ। ਇਸ ਖ਼ੁਦਗ਼ਰਜ਼ ਪਾਪੀ ਦੇਸ਼ ਵਿਚ ਇੰਜ ਦੀ ਹਮਦਰਦੀ ਵੀ ਬੰਦੇ ਨੂੰ ਅਜਨਬੀ ਅਤੇ ਅਜੀਬ ਲਗਦੀ ਹੈ। ਜਿਵੇਂ ਬੱਦਲਾਂ ਤੋਂ ਬਗ਼ੈਰ ਮੀਂਹ ਵਰ੍ਹ ਪਿਆ ਹੋਵੇ। ''ਚਲ ਮੇਰੀ ਧੀ... ਆ... ਮੈਂ ਅਪਣੇ ਘਰ ਤੈਨੂੰ ਦੋ ਹੋਰ ਧੀਆਂ ਨਾਲ ਮਿਲਾਵਾਂ।'' ਮੇਰੇ ਖ਼ਲੂਸ ਨੇ ਸ਼ਾਇਦ ਮੇਰੇ ਸ਼ਬਦਾਂ ਨੂੰ ਹਰ ਸ਼ੱਕ ਸ਼ੁਭੇ ਤੋਂ ਪਾਕ ਕਰ ਦਿਤਾ ਸੀ। ਉਸ ਨੇ ਅਪਣੀ ਸੱਜੀ ਗੱਲ੍ਹ ਨੂੰ ਹੋਰ ਚੰਗੀ ਤਰ੍ਹਾਂ ਢੱਕ ਲਿਆ ਤੇ ਚੁੱਪ ਚਾਪ ਉਠ ਕੇ ਖਲੋ ਗਈ।
ਮੈਂ ਅਪਣੇ ਬੋਝੇ 'ਚੋਂ ਅਪਣਾ ਇਕ ਸ਼ਨਾਖ਼ਤੀ ਜਿਹਾ ਕਾਗ਼ਜ਼ ਕੱਢ ਕੇ ਵਿਖਾਇਆ ਤੇ ਉਸ ਨੇ ਮੇਰਾ ਹੱਥ ਪਿਛੇ ਧੱਕ ਕੇ ਆਖਿਆ, ''ਅੰਕਲ ਤੁਸੀ ਮੇਰੇ ਬਾਪ ਵਰਗੇ ਹੋ। ਮੈਨੂੰ ਅਪਣੀ ਸ਼ਨਾਖ਼ਤ ਨਾ ਕਰਾਉ।'' ਅਸੀ ਦੋਵੇਂ ਹੌਲੀ ਹੌਲੀ ਘਰ ਅੱਪੜ ਗਏ। ਮੈਂ ਬੜਾ ਖ਼ੁਸ਼ਨਸੀਬ ਹਾਂ ਕਿ ਮੇਰੇ ਜਹੇ ਜਜ਼ਬਾਤੀ ਸ਼ੁਦਾਈ ਨੂੰ ਰੱਬ ਨੇ ਰਾਣੀ ਮਲਿਕ ਜਹੀ ਬੀਵੀ ਦੇ ਦਿਤੀ, ਜਿਹੜੀ ਮੇਰੇ ਪਾਗ਼ਲਪਨ ਨੂੰ ਗਲ ਲਾ ਕੇ ਮੇਰੀ ਹਰ ਹਰਕਤ ਨੂੰ ਕਬੂਲ ਕਰ ਲੈਂਦੀ ਏ। ਅੰਦਰ ਵੜਦਿਆਂ ਹੀ ਰਾਣੀ ਨੇ ਕੁੜੀ ਦੇ ਚਿਹਰੇ ਉਪਰ ਲਿਖੀ ਤਹਿਰੀਰ ਅਤੇ ਅੱਖਾਂ ਵਿਚੋਂ ਵਗਦੇ ਹੰਝੂਆਂ ਦੀ ਦਾਸਤਾਨ ਪੜ੍ਹ ਲਈ।
''ਆ ਜਾ ਆ ਜਾ ਮੇਰੀ ਬੇਟੀ ਅੰਦਰ ਲੰਘ ਆ।'' ਇਹ ਆਖ ਕੇ ਰਾਣੀ ਉਸ ਦੇ ਅੱਗੇ ਹੋ ਟੁਰੀ ਤੇ ਅਸੀ ਸਾਰੇ ਅੰਦਰ ਜਾ ਕੇ ਬਹਿ ਗਏ। ਮੈਂ ਤਾਂ ਨਹੀਂ ਸੀ ਪੁਛਿਆ ਪਰ ਚੁੰਨੀ ਨਾਲ ਢੱਕੀ ਹੋਈ ਗੱਲ੍ਹ ਉਪਰ ਹੱਥ ਰੱਖ ਕੇ ਬੈਠੀ ਕੁੜੀ ਨੂੰ ਰਾਣੀ ਨੇ ਆਖਿਆ, ''ਬੇਟਾ ਤੇਰੀ ਗਲ੍ਹ 'ਤੇ ਕੀ ਹੋਇਐ?'' ਇਸ ਛੋਟੇ ਜਹੇ ਸਵਾਲ ਵਿਚ ਹੀ ਤਾਂ ਸਾਰੇ ਸਿਆਪੇ ਸਨ। ਉਹ ਵਿਚਾਰੀ ਫਿਸ ਪਈ ਤੇ ਹਉਕੇ ਭਰ ਭਰ ਕੇ ਰੋਣ ਲੱਗ ਪਈ। ਰਾਣੀ ਨੇ ਗਲ ਨਾਲ ਲਾ ਲਿਆ ਤੇ ਉਤਲੇ ਕਮਰੇ 'ਚੋਂ ਧੀਆਂ ਨੂੰ ਅਵਾਜ਼ ਮਾਰ ਕੇ ਆਖਿਆ, ''ਆਸਮਾ! ਆਉ ਭੈਣ ਦੇ ਕੋਲ ਬੈਠੋ।
ਮੈਂ ਇਸ ਲਈ ਕੁੱਝ ਖਾਣ ਲਈ ਲਿਆਵਾਂ।'' ਖਾਣਾ ਵਿਚਾਰੀ ਨੇ ਕੀ ਸੀ, ਉਹਦਾ ਤਾਂ ਜ਼ਮਾਨੇ ਨੇ ਅੱਗੇ ਹੀ ਚੱਕ ਭਰ ਲਿਆ ਸੀ। ਰਾਣੀ ਨੇ ਮਾਂ ਬਣ ਕੇ ਉਸ ਦੀ ਗੱਲ੍ਹ ਤੋਂ ਚੁੰਨੀ ਹਟਾਈ ਤੇ ਜ਼ੁਲਮ ਦਾ ਇਕ ਹੋਰ ਦਰਵਾਜ਼ਾ ਖੁਲ੍ਹ ਗਿਆ। ਹੁਣ ਉਸ ਦੇ ਅੰਦਰੋਂ ਝਾਤੀ ਮਾਰਿਆਂ ਬਗ਼ੈਰ ਹੀ ਨਜ਼ਰ ਆ ਰਿਹਾ ਸੀ ਕਿ ਲੇਖਾਂ ਨੇ ਉਸ ਨਾਲ ਕਿਸ ਤਰ੍ਹਾਂ ਦੀ ਖੇਡ ਖੇਡੀ ਹੈ। ਉਸ ਦੇ ਅੰਦਰਲੇ ਫੱਟ ਨੂੰ ਸੀਣਾ ਤਾਂ ਸਾਡੇ ਵੱਸ ਵਿਚ ਨਹੀਂ ਸੀ ਪਰ ਬਦੋ ਬਦੀ ਉਹਦੀ ਗੱਲ੍ਹ ਦੇ ਜ਼ਖ਼ਮ ਨੂੰ ਸਾਫ਼ ਕਰ ਕੇ ਮਰਹਮ ਪੱਟੀ ਕੀਤੀ ਅਤੇ ਧੱਕੋ ਧੱਕੀ ਦੁੱਧ ਦਾ ਗਿਲਾਸ ਪਿਲਾਇਆ।
ਉਹ ਵਿਚਾਰੀ ਹਰ ਰੱਸੀ ਨੂੰ ਸੱਪ ਜਾਣ ਕੇ ਸਹਿਮੀ ਹੋਈ ਇੰਜ ਵੇਖਦੀ ਸੀ ਜਿਵੇਂ ਕੋਈ ਮਾਸੂਮ ਹਿਰਨੀ ਹੁਣੇ ਹੁਣੇ ਜੰਗਲੀ ਕੁੱਤਿਆਂ ਕੋਲੋਂ ਬਚ ਕੇ ਆਈ ਹੋਵੇ।
ਬੜੇ ਹੀ ਔਖੇ ਹੋ ਕੇ ਅਸੀ ਉਸ ਨੂੰ ਹਿੰਮਤ, ਹੌਂਸਲੇ ਦੀ ਰੇਤਲੀ ਕੰਧ ਉਪਰ ਖੜਾ ਕੀਤਾ ਤੇ ਉਸ ਨੇ ਅਪਣੀ ਦਰਦਨਾਕ ਦਾਸਤਾਨ ਰੋ ਰੋ ਕੇ ਸੁਣਾਉੁਂਦਿਆਂ ਦਸਿਆ:
''ਆਂਟੀ! ਮੇਰਾ ਨਾਂ ਸਾਜਿਦਾ ਏ। ਦੋ ਵਰ੍ਹੇ ਪਹਿਲਾਂ ਮੈਂ ਮੀਰਪੁਰ ਤੋਂ ਵਿਆਹ ਕੇ ਮਾਨਚੈਸਟਰ ਆਈ ਸਾਂ। ਮੇਰੀ ਬੇਵਾ ਮਾਂ ਨੇ ਨਾ ਮੇਰੇ ਵਰ ਦੀ ਉਮਰ ਵੇਖੀ ਅਤੇ ਨਾ ਹੀ ਉਸ ਦਾ ਕੋਈ ਅੱਗਾ ਪਿੱਛਾ।
ਸਾਡੀ ਗ਼ਰੀਬੀ ਨੇ ਸਿਰਫ਼ ਰੋਟੀ ਨੂੰ ਹੀ ਮੁੱਖ ਰਖਿਆ ਤੇ ਦਾਜ ਬਚਾ ਕੇ ਸਾਰਾ ਕੁੱਝ ਗਵਾ ਦਿਤਾ। ਅੱਗੇ ਆਈ ਤਾਂ ਦੋ ਨਨਾਣਾਂ, ਇਕ ਜੇਠਾਣੀ ਅਤੇ ਸੱਸ ਸਹੁਰੇ ਤੋਂ ਇਲਾਵਾ ਉਸ ਘਰ ਵਿਚ ਮੇਰੇ ਖ਼ਾਵੰਦ ਦੀ ਪਹਿਲੀ ਬੀਵੀ ਵੀ ਸੀ। ਇਹ ਸੌਂਕਣ ਉਨ੍ਹਾਂ ਦੇ ਧੋਖੇ ਦਾ ਪਹਿਲਾ ਫੱਟ ਸੀ, ਜਿਹੜਾ ਮੇਰੇ ਸੀਨੇ 'ਤੇ ਲੱਗਾ। ਪਰ ਮੈਂ ਇਸ ਕਰ ਕੇ ਸਹਿ ਗਈ ਕਿ ਮਾਂ ਦੇ ਮੋਢਿਆਂ ਦਾ ਬੋਝ ਸਾਂ। ਮੇਰੇ ਉਪਰ ਹੁਣ ਪਹਾੜ ਵੀ ਡਿੱਗੇ ਤਾਂ ਸਹਿਣਾ ਪਵੇਗਾ। ਮੈਂ ਕਿਸਮਤ ਦੇ ਸਮਝੌਤੇ ਉਪਰ ਅੱਖਾਂ ਮੀਟ ਕੇ ਦਸਤਖ਼ਤ ਕਰ ਦਿਤੇ ਅਤੇ ਵਕਤ ਨੇ ਜੋ ਦਿਤਾ ਚੁੱਪ ਕਰ ਕੇ ਝੋਲੀ ਪਾ ਲਿਆ। ਬੇਸਹਾਰਾ ਸਾਂ।
ਨਾ ਮੇਰੇ ਕੋਲ ਖ਼ਾਸ ਇਲਮ, ਨਾ ਮੈਂ ਬੋਲਣ ਜੋਗੀ ਅਤੇ ਨਾ ਮੇਰੀ ਕੰਡ ਪਿਛੇ ਕੋਈ ਵੀਰ ਜਾਂ ਬਾਬਲ ਸੀ। ਮੇਰਾ ਪਾਸਪੋਰਟ ਖੋਹ ਕੇ ਉਨ੍ਹਾਂ ਨੇ ਜਿਹੜਾ ਵੀ ਦੁੱਖ ਦਿਤਾ, ਮੈਂ ਝੋਲੀ ਵਿਚ ਪਾ ਕੇ ਸਹਿੰਦੀ ਰਹੀ। ਮਾਂ ਨੂੰ ਕਿਸੇ ਚਿੱਠੀ ਵਿਚ ਵੀ ਅਪਣੇ ਲੇਖਾਂ ਦੀ ਕਾਲਖ਼ ਨਾ ਲਿਖੀ। ਉਸ ਦੀ ਕੁੱਖ ਨੂੰ ਤੀਲੀ ਨਾ ਲਾ ਸਕੀ। ਸਹੁਰਿਆਂ ਘਰ ਟਾਕੀ ਫਿਰ ਕੇ ਉਨ੍ਹਾਂ ਦੀਆਂ ਰੋਟੀਆਂ ਵਿਚੋਂ ਇਕ ਰੋਟੀ ਖਾਂਦੀ ਰਹੀ ਪਰ ਸੌਂਕਣ ਦੇ ਸਾੜੇ ਦੀ ਅੱਗ ਨੂੰ ਠੰਢਾ ਕਰਨਾ ਮੇਰੇ ਵੱਸ ਵਿਚ ਨਹੀਂ ਸੀ। ਸੌਂਕਣ ਦੇ ਦੋ ਖ਼ੂਬਸੂਰਤ ਬਾਲ ਮੇਰੇ ਖ਼ਾਵੰਦ ਦੀ ਕਮਜ਼ੋਰੀ ਅਤੇ ਸੌਂਕਣ ਦੀ ਤਾਕਤ ਸੀ। ਮੈਨੂੰ ਨਸੀਬਾਂ ਦੀ ਮਾਰੀ ਕੁੱਖ ਜਲੀ ਨੂੰ ਕੋਈ ਦੁੱਖ ਫੋਲਣ ਵਾਲਾ ਵੀ ਨਾ ਜੁੜਿਆ। (ਚਲਦਾ...)