Sawan Month 2025: ਸਾਉਣ ਮਹੀਨੇ ਦੀ ਮਹੱਤਤਾ
Published : Jul 22, 2025, 8:48 am IST
Updated : Jul 22, 2025, 8:48 am IST
SHARE ARTICLE
Sawan Month 2025 News in punjabi
Sawan Month 2025 News in punjabi

Sawan Month 2025: ਸਾਉਣ ਜਾਂ ਸਾਵਣ ਦਾ ਮਹੀਨਾ ਦੇਸੀ ਮਹੀਨਿਆਂ 'ਚ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਜਵਾਂ ਮਹੀਨਾ ਹੈ।

Sawan Month 2025: ਸਾਉਣ ਜਾਂ ਸਾਵਣ ਦਾ ਮਹੀਨਾ ਦੇਸੀ ਮਹੀਨਿਆਂ ’ਚ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਜਵਾਂ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕੈਲੰਡਰਾਂ ਦੇ ਅਨੁਸਾਰ ਜੁਲਾਈ ਮਹੀਨੇ ਦੇ ਪਿਛਲੇ ਅੱਧ ਅਤੇ ਅਗੱਸਤ ਮਹੀਨੇ ਦੇ ਪਹਿਲੇ ਅੱਧ ਵਿਚ ਆਉਂਦਾ ਹੈ। ਸਾਵਣ ਮਹੀਨੇ ਦੀ ਹਿੰਦੂ ਅਤੇ ਸਿੱਖ ਧਰਮਾਂ ਵਿਚ ਅਧਿਆਤਮਕ ਮਹੱਤਤਾ ਵੀ ਬਹੁਤ ਹੈ। ਗੁਰਬਾਣੀ ਵਿਚ ਇਸ ਮਹੀਨੇ ਨਾਲ ਸਬੰਧਤ ਦੋਵੇਂ ਬਾਰਹਮਾਹਾ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਹੁਤ ਸ਼ਬਦ ਦਰਜ ਹਨ। ਜਿਨ੍ਹਾਂ ਵਿਚ ਇਕੋ ਗੱਲ ਸਮਝਾਈ ਗਈ ਹੈ ਕਿ ਸਾਵਣ ਮਹੀਨੇ ਦੇ ਮੌਸਮ ਦਾ ਪ੍ਰਭਾਵ ਜ਼ਿੰਦਗੀ ਉੱਤੇ ਜਿਸ ਤਰ੍ਹਾਂ ਪੈਂਦਾ ਹੈ, ਉਸੇ ਤਰ੍ਹਾਂ ਹੀ ਮਨੁੱਖੀ ਮਨ ਦੀ ਅਵਸਥਾ ਹੁੰਦੀ ਹੈ। ਜਿਵੇਂ:
‘‘ਰੁਤਿ ਬਰਸੁ ਸੁਹੇਲੀਆ; 
ਸਾਵਣ ਭਾਦਵੇ ਆਨੰਦ ਜੀਉ॥”

ਭਾਵ ਹੇ ਸਹੇਲੀਏ! ਜਿਵੇਂ ਵਰਖਾ-ਰੁੱਤ ਬੜੀ ਸੁਖਦਾਈ ਹੁੰਦੀ ਹੈ, ਸਾਵਣ ਅਤੇ ਭਾਦਰੋਂ ਦੇ ਮਹੀਨਿਆਂ ਵਿਚ ਵਰਖਾ ਕਾਰਨ ਬੜਾ ਅਨੰਦ ਬਣਿਆ ਰਹਿੰਦਾ ਹੈ।  
ਗੁਰੂ ਨਾਨਕ ਸਾਹਿਬ ਜੀ ਦੁਆਰਾ ਤੁਖਾਰੀ ਰਾਗ ਵਿਚ ਰਚੇ ਬਾਰਹਮਾਹਾ ਦੇ 9ਵੇਂ ਪਦੇ ਸਾਵਣ ਮਹੀਨੇ ’ਚ ਦਿੱਤੇ ਸੁਨੇਹੇ ਅਨੁਸਾਰ :
ਸਾਵਣਿ, ਸਰਸ ਮਨਾ; ਘਣ ਵਰਸਹਿ ਰੁਤਿ ਆਏ॥ 

ਭਾਵ ਹਾੜ ਮਹੀਨੇ ਦੀ ਅੱਤ ਦੀ ਤਪਸ਼ ਨਾਲ ਘਾਹ ਆਦਿਕ ਸੁੱਕ ਜਾਂਦੇ ਹਨ, ਜਿਸ ਪਿੱਛੋਂ ਸਾਉਣ ਮਹੀਨੇ ’ਚ ਕਾਲੀਆਂ ਘਟਾਵਾਂ ਛਾ ਜਾਂਦੀਆਂ ਹਨ। ਪਸ਼ੂ, ਪੰਛੀ, ਮਨੁੱਖ ਤਾਂ ਕਿਤੇ ਰਹੇ, ਸੁੱਕਾ ਹੋਇਆ ਘਾਹ ਵੀ ਹਰਾ ਹੋ ਜਾਂਦਾ ਹੈ। ਇਹ ਹਰਿਆਵਲ ਵੇਖ ਹਰ ਪ੍ਰਾਣੀ ਬੋਲਦਾ ਹੈ। ਹੇ ਮੇਰੇ ਮਨ! ਸਾਵਣ ਮਹੀਨੇ ’ਚ ਵਰਖਾ ਦੀ ਰੁੱਤ ਆ ਗਈ ਹੈ, ਬੱਦਲ ਵਰ੍ਹ ਰਹੇ ਹਨ, ਹੁਣ ਤੂੰ ਵੀ ਹਰਾ ਹੋ ਜਾਹ, ਤੂੰ ਵੀ ਖਿੜ ਜਾਹ। ਇਸ ਤਰ੍ਹਾਂ ਸਿੱਖ ਧਰਮ ਵਿਚ ਸਾਵਣ ਮਹੀਨੇ ਦੀ ਅਧਿਆਤਮਕ ਮਹੱਤਤਾ ਵੀ ਬਹੁਤ ਜ਼ਿਆਦਾ ਹੈ।

ਹਿੰਦੂ ਧਰਮ ਵਿਚ ਵੀ ਸਾਉਣ ਮਹੀਨੇ ਦਾ ਖ਼ਾਸ ਮਹੱਤਵ ਮੰਨਿਆ ਗਿਆ ਹੈ।  ਵੈਦਿਕ ਚਿੰਤਨ ਪ੍ਰੰਪਰਾ ’ਚ ਸਾਉਣ ਮਹੀਨੇ ਦਾ ਸਬੰਧ ਵੇਦ ਸ਼ਾਸਤਰਾਂ ਦੇ ਅਧਿਐਨ, ਸੁਣਨ, ਪੜ੍ਹਣ ਅਤੇ ਉਨ੍ਹਾਂ ਦੇ ਚਿੰਤਨ-ਮਨਨ ਨਾਲ ਹੈ। ਸਾਉਣ ਦਾ ਅਰਥ ਹੈ ਸੁਣਨਾ ਭਾਵ ਪ੍ਰਾਚੀਨ ਕਾਲ ’ਚ ਗ੍ਰਹਿਸਥੀ ਲੋਕ ਰਿਸ਼ੀ-ਮੁਨੀਆਂ ਦੇ ਮੁੱਖ ਤੋਂ ਇਸ ਸਾਉਣ ਮਹੀਨੇ ’ਚ ਅਧਿਆਤਮਕਤਾ ਦੇ ਗੂੜ੍ਹੇ ਰਹੱਸਾਂ ਨੂੰ ਸੁਣਿਆ ਕਰਦੇ ਸਨ ਤੇ ਫਿਰ ਆਪ ਵੇਦ ਆਦਿ ਗ੍ਰੰਥਾਂ ਦਾ ਸਵੈ-ਅਧਿਐਨ ਕਰਦੇ ਸਨ। ਜਿਸ ਕਰ ਕੇ ਸ਼ੁਰੂ ਤੋਂ ਹੀ ਇਸ ਪੂਰੇ ਮਹੀਨੇ ਵਿਚ ਲੋਕਾਂ ’ਚ ਧਾਰਮਕ ਭਾਵ ਬਹੁਤ ਪ੍ਰਬਲ ਰਿਹਾ ਹੈ। ਸਨਾਤਨ ਧਰਮ ਵਿਚ ਸਾਉਣ ਦਾ ਮਹੀਨਾ ਇਸ ਲਈ ਵਿਸ਼ੇਸ਼ ਮਹੱਤਵ ਵਾਲਾ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਵਿਚ ਭਗਵਾਨ ਪੂਰੇ ਬ੍ਰਹਿਮੰਡ ਨੂੰ ਸੰਚਾਰ ਕਰਦੇ ਹਨ। ਅਜਿਹੀ ਸਥਿਤੀ ਵਿਚ, ਉਹ ਅਪਣੇ ਸ਼ਰਧਾਲੂਆਂ ਦੀਆਂ ਪ੍ਰਾਰਥਨਾਵਾਂ ਨੂੰ ਆਸਾਨੀ ਨਾਲ ਸੁਣਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਮਹੀਨਾ ਅਧਿਆਤਮਕ ਵੈਦਿਕ ਯੱਗ ਦਾ ਪ੍ਰਤੀਕ ਹੈ, ਜੋ ਮਨੁੱਖ ਦੇ ਹਰ ਤਰ੍ਹਾਂ ਦੇ ਕਸ਼ਟਾਂ ਨੂੰ ਦੂਰ ਕਰਦਾ ਹੈ। ਸਾਉਣ ਮਹੀਨੇ ਦੀ ਖ਼ੁਸ਼ੀ ਵਿਚ ਕਈ ਥਾਵਾਂ ’ਤੇ ਮੇਲੇ ਵੀ ਲਗਾਏ ਜਾਂਦੇ ਹਨ।

ਪੰਜਾਬੀ ਸਭਿਆਚਾਰ ਵਿਚ ਸਾਉਣ ਮਹੀਨੇ ਦਾ ਖ਼ਾਸ ਮਹੱਤਵ ਹੈ। ਇਸ ਮਹੀਨੇ ਮਾਪੇ ਜਿੱਥੇ ਅਪਣੀਆਂ ਵਿਆਹੀਆਂ ਧੀਆਂ ਨੂੰ ਸੰਧਾਰੇ ਭੇਜਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਅਪਣੇ ਪੇਕੇ ਘਰ ਜਾ ਕੇ ਅਪਣੀਆਂ ਸਖੀਆਂ ਨੂੰ ਮਿਲਣ ਦੀ ਤਾਂਘ ਹੁੰਦੀ ਹੈ। ਸਾਡੇ ਪੰਜਾਬੀ ਸਭਿਆਚਾਰ ਉੱਤੇ ਪੈ ਰਹੇ ਪਛਮੀ ਸਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ਵਿਚੋਂ ਤੀਆਂ ਦੇ ਪਿੜ ਅਲੋਪ ਕਰ ਦਿਤੇ ਹਨ। ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਤੇ ਗਿੱਧਾ ਪਾਉਂਦੀਆਂ ਹੋਈਆਂ ਇਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ। ਪਹਿਲਾਂ ਔਰਤਾਂ ਨੂੰ ਸਾਉਣ ਮਹੀਨੇ ਦੀ ਉਡੀਕ ਰਹਿੰਦੀ ਸੀ ਪਰ ਹੁਣ ‘‘ਸਾਉਣ ਮਹੀਨਾ ਦਿਨ ਤੀਆਂ ਦੇ ਪਿੱਪਲੀਂ ਪੀਂਘਾਂ ਪਾਈਆਂ” ਵਰਗੀਆਂ ਲੋਕ ਬੋਲੀਆਂ ਸਿਰਫ਼ ਬੋਲੀਆਂ ਹੀ ਬਣ ਕੇ ਰਹਿ ਗਈਆਂ ਹਨ, ਜੋ ਸੱਥਾਂ ਵਿਚ ਨਹੀਂ ਬਲਕਿ ਸਟੇਜਾਂ ਜਾਂ ਕਲੱਬਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ। ਲੋਕਾਂ ਵਿਚੋਂ ਪਿਆਰ ਦੀ ਖਿੱਚ ਘਟਣ ਕਰ ਕੇ ਤੀਆਂ ਦਾ ਰੰਗ ਵੀ ਫਿੱਕਾ ਪੈ ਗਿਆ ਹੈ।

ਪੰਜਾਬ ਦੇ ਰੰਗ-ਬਿਰੰਗੇ, ਨੱਚਣ-ਗਾਉਣ ਵਾਲੇ ਤਿਉਹਾਰਾਂ ਪਿੱਛੇ ਕੋਈ ਇਕ ਕਾਰਨ ਨਹੀਂ ਹੈ, ਇਨ੍ਹਾਂ ਪਿੱਛੇ ਬਹੁਤ ਅਜਿਹੇ ਕਾਰਨ ਹਨ, ਜੋ ਪੁਰਾਣੇ ਹਸਦੇ-ਵਸਦੇ ਪੰਜਾਬ ਦੇ ਖੁੱਲ੍ਹ-ਦਿਲੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਖ਼ਤਮ ਕਰ ਰਹੇ ਹਨ। ਸਾਉਣ ਮਹੀਨਾ ਅਤੇ ਇਸ ਵਿਚ ਮਨਾਏ ਜਾਣ ਵਾਲੇ ਤਿਉਹਾਰਾਂ ਦੇ ਰੰਗ ਬਹੁਤ ਖ਼ੂਬਸੂਰਤ ਹਨ।

ਵੈਸੇ ਵੀ ਸਾਉਣ ਦਾ ਮਹੀਨਾ ਉੱਤਰੀ ਭਾਰਤ ਦੇ ਲੋਕਾਂ ਲਈ ਬਹੁਤ ਮਹੱਤਵ ਰਖਦਾ ਹੈ। ਜੇਠ, ਹਾੜ ਦੀ ਅੰਤਾਂ ਦੀ ਗਰਮੀ ਤੋਂ ਬਾਅਦ ਸਾਉਣ ਦੇ ਮੀਂਹ ਜਿੱਥੇ ਲੂਸੀ ਹੋਈ ਧਰਤੀ ਤੇ ਪ੍ਰਕਿਰਤੀ ਉੱਤੇ ਠੰਡ ਪਾਉਂਦੇ ਹਨ, ਉੱਥੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲਦੀ  ਹੈ। ਗਰਮੀ ਨਾਲ ਬਨਸਪਤੀ, ਫ਼ਸਲਾਂ ਆਦਿ ਦਾ ਬੁਰਾ ਹਾਲ ਹੋਇਆ ਹੁੰਦਾ ਹੈ। ਸਾਉਣ ਦੇ ਮੀਹਾਂ ਨਾਲ ਫ਼ਸਲਾਂ, ਫੁੱਲ, ਬੂਟੇ ਤੇ ਦਰੱਖ਼ਤ ਲਹਿਲਹਾਉਣ ਲਗਦੇ ਹਨ ਤੇ ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਣ ਲਗਦੀ ਹੈ ਜਿਸ ਨੂੰ ਵੇਖ ਕੇ ਇੰਝ ਲਗਦਾ ਹੈ ਜਿਵੇਂ ਕੁਦਰਤ ਵਿਚ ਖੇੜਾ ਆ ਗਿਆ ਹੋਵੇ ਤੇ ਉਸ ਵਿਚ ਵੀ ਜੀਵਨ ਧੜਕ ਰਿਹਾ ਹੋਵੇ।

 

(For more news apart from “Sawan Month 2025 News in punjabi , ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement