ਦੱਬੇ ਕੁਚਲੇ ਗ਼ਰੀਬ ਲੋਕਾਂ ਅਤੇ ਨਾਰੀ ਜਾਤੀ ਲਈ ਮਾਣ ਤੇ ਬਲ ਦਾ ਸੋਮਾ ਹੈ
Published : Nov 22, 2018, 5:41 pm IST
Updated : Nov 22, 2018, 5:41 pm IST
SHARE ARTICLE
Ek Onkar
Ek Onkar

ਪਰ ਅੱਜ ਦਾ ਸਿੱਖ ਮਲਿਕ ਭਾਗੋਆਂ ਨੂੰ ਜ਼ੱਫੀਆਂ ਕਿਉਂ ਪਾਉਂਦਾ ਹੈ ਤੇ ਭਾਈ ਲਾਲੋਆਂ ਨੂੰ ਨਫ਼ਰਤ ਕਿਉਂ ਕਰਦਾ ਹੈ?...

ਇਕ ਸਮਾਂ ਸੀ ਜਦੋਂ ਨਾਨਕ ਨਾਮ ਲੇਵਾ ਸ਼ਰਧਾਲੂ ਲੰਕਾ ਤੋਂ ਕਾਬਲ, ਕੰਧਾਰ, ਇਰਾਕ, ਚੀਨ, ਢਾਕਾ, ਬੰਗਲਾਦੇਸ਼ ਅਤੇ ਕਰੀਬ ਸਾਰੇ ਹੀ ਭਾਰਤ ਵਿਚ ਕਰੋੜਾਂ ਦੀ ਗਿਣਤੀ ਵਿਚ ਮੌਜੂਦ ਸਨ। ਇਹ ਕਰੋੜਾਂ ਦੀ ਗਿਣਤੀ ਗੁਰੂ ਨਾਨਕ ਜੀ ਦੀ ਬਖ਼ਸ਼ਿਸ਼ ਨਾਲ ਹੀ ਹੋਈ ਸੀ। ਗੁਰੂ ਸਾਹਿਬ ਇਕੋ ਇਕ ਅਜਿਹੇ ਰਹਿਬਰ ਹੋਏ ਹਨ ਜਿਨ੍ਹਾਂ ਨੇ ਸਿੱਖੀ ਦੇ ਮੋਢੀ ਵਜੋਂ ਉਸ ਵੇਲੇ ਦੇ ਸਮਾਜ ਵਿਚ ਫੈਲੀ ਅਗਿਆਨਤਾ, ਊਚ-ਨੀਚਤਾ ਅਤੇ ਜਬਰ-ਜ਼ੁਲਮ ਦੇ ਅੰਧਕਾਰ ਵਿਚੋਂ ਜਿਥੇ ਦੱਬੇ-ਕੁਚਲੇ ਗ਼ਰੀਬ ਲੋਕਾਂ ਨੂੰ ਕੱਢ ਕੇ ਉਨ੍ਹਾਂ ਵਿਚ ਆਤਮਵਿਸ਼ਵਾਸ ਪੈਦਾ ਕੀਤਾ, ਉਥੇ ਹੀ ਭੁੱਲੇ-ਭਟਕੇ ਹੰਕਾਰੀ ਹਾਕਮਾਂ, ਰੂੜੀਵਾਦੀ ਪੁਜਾਰੀਆਂ ਅਤੇ ਚਮਤਕਾਰਾਂ ਦਾ ਭਰਮ ਚੁੱਕੀ ਫਿਰਦੇ ਸਾਧਾਂ, ਜੋਗੀਆਂ ਨੂੰ ਵੀ ਸਹੀ ਚਾਨਣ ਬਖ਼ਸ਼ਿਆ।

ਇਸ ਦੇ ਨਾਲ ਹੀ ਗੁਰੂ ਜੀ ਵਲੋਂ  ਸੱਭ ਤੋਂ ਲੰਮਾ ਸਫ਼ਰ (ਜਿਸ ਨੂੰ ਉਦਾਸੀਆਂ ਕਿਹਾ ਜਾਂਦਾ ਹੈ) ਦੁਨੀਆਂ ਦੇ ਕਈ ਦੇਸ਼ਾਂ ਦਾ ਕੀਤਾ। ਇਕ ਇਤਿਹਾਸਕਾਰ ਅਨੁਸਾਰ ਉਨ੍ਹਾਂ ਨੇ ਪਹਿਲਾ ਸਫ਼ਰ 30 ਅਗੱਸਤ 1507 ਨੂੰ ਸੁਲਤਾਨਪੁਰ ਤੋਂ ਸ਼ੁਰੂ ਕੀਤਾ ਸੀ ਜਿਸ ਉਪਰੰਤ ਹੋਰਨਾਂ ਪੜਾਵਾਂ ਤੋਂ ਇਲਾਵਾ ਮੁੱਖ ਪੜਾਅ ਸਨ:- ਲਾਹੌਰ-ਤਲਵੰਡੀ, ਹਰਿਦਵਾਰ, ਅਯੋਧਿਆ, ਬਨਾਰਸ, ਢਾਕਾ, ਲੰਕਾ, ਕੋਚੀਨ, ਨਾਸਿਕ, ਉਜੈਨ, ਬੜੌਦਾ, ਸੋਮਨਾਥ, ਦੁਆਰਕਾ, ਚਿਤੌੜ, ਅਜਮੇਰ, ਪੁਸ਼ਕਰ, ਮਥੁਰਾ, ਦਿੱਲੀ ਅਤੇ ਕੁਰੂਕੁਸ਼ੇਤਰ। ਇਸ ਪਹਿਲੀ ਉਦਾਸੀ ਦਾ ਸਫ਼ਰ 6500 ਮੀਲ ਸੀ ਜਿਸ ਦਾ ਸਮਾਂ ਕੁਲ ਸਵਾ ਅੱਠ ਸਾਲ (3015 ਦਿਨ) ਦਸਿਆ ਗਿਆ ਹੈ।

ਇਸ ਬਾਰੇ ਕਾਦੀਆਨੀ ਫ਼ਿਰਕੇ ਦੇ ਇਕ ਆਗੂ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਂ ਨੇ ਵੀ ਇਸ ਤੱਥ ਦਾ ਪ੍ਰਗਟਾਵਾ ਕੀਤਾ ਹੈ ਕਿ ਬਾਬਾ ਨਾਨਕ ਜੀ ਨੇ ਕੁਲ 35000 ਮੀਲ ਸਫ਼ਰ ਸਾਰੀ ਦੁਨੀਆਂ ਦਾ ਕਰ ਕੇ ਸਿੱਖੀ ਸਿਧਾਂਤਾਂ ਰਾਹੀਂ 3 ਕਰੋੜ ਪ੍ਰਾਣੀਆਂ ਨੂੰ ਅਕਾਲ ਪੁਰਖ ਨਾਲ ਜੋੜਿਆ ਸੀ। ਪਰ ਵੇਖਿਆ ਜਾਵੇ ਤਾਂ ਅੱਜ ਕਰੀਬ ਸਾਢੇ ਪੰਜ ਸੌ ਸਾਲਾਂ ਬਾਅਦ ਵੀ ਇਹ ਅੰਕੜਾ ਵਧਣ ਦੀ ਬਜਾਏ ਘੱਟ ਕੇ ਮਸਾਂ ਦੋ ਕਰੋੜ ਹੀ ਕਿਉਂ ਰਹਿ ਗਿਆ ਹੈ ਜੋ ਕਿ ਗੰਭੀਰਤਾ ਨਾਲ ਵਿਚਾਰਨ ਦਾ ਵਿਸ਼ਾ ਹੈ।

ਜਿਨ੍ਹਾਂ ਦੇਸ਼ਾਂ ਵਿਚ ਬਾਬਾ ਨਾਨਕ ਜੀ ਗਏ ਉਥੇ ਬੇਸ਼ੱਕ ਵੱਖੋ-ਵਖਰੀਆਂ ਨਸਲਾਂ, ਬੋਲੀਆਂ ਅਤੇ ਸਭਿਆਚਾਰਾਂ ਵਾਲੇ ਲੋਕ ਰਹਿੰਦੇ ਸਨ ਪਰ ਉਹ ਸਾਰੇ ਹੀ ਸੱਚੀ-ਸੁੱਚੀ ਅਗਵਾਈ, ਮਨੁੱਖੀ ਅਧਿਕਾਰਾਂ ਦੀ ਸਹੀ ਸੋਝੀ ਅਤੇ ਸੱਚੇ ਧਰਮ ਦੀ ਦ੍ਰਿੜਤਾ ਦੀ ਲੋੜ ਮਹਿਸੂਸ ਕਰ ਰਹੇ ਸਨ। ਗੁਰੂ ਨਾਨਕ ਜੀ ਉਨ੍ਹਾਂ ਲੋਕਾਂ ਦੀ ਮਨੋਵਿਗਿਆਨਿਕ ਦਸ਼ਾ ਨੂੰ ਚੰਗੀ ਤਰ੍ਹਾਂ ਘੋਖਦੇ ਅਤੇ ਇਸ ਅਨੁਸਾਰ ਹੀ ਉਨ੍ਹਾਂ ਨੂੰ ਉਪਦੇਸ਼ ਦਿੰਦੇ ਸਨ। ਮਿਸਾਲ ਵਜੋਂ ਆਂਧਰਾ ਪ੍ਰਦੇਸ਼ ਦੇ ਕੌਡੇ ਭੀਲ, ਸੱਜਣ ਠੱਗ, ਦੇਵ ਲੂਤ, ਬੰੰਗਾਲ ਦੀ ਜਾਦੂਗਰਨੀ ਅਤੇ ਪਹਾੜਾਂ ਵਿਚ ਧੂਣੇ ਧਾਪਦੇ, ਲੰਮੀਆਂ ਉਮਰਾਂ ਅਤੇ ਕਰਾਮਾਤਾਂ ਦੇ ਧਾਰਨੀ ਸਿੱਧਾਂ, ਜੋਗੀਆਂ ਨਾਲ ਡੂੰਘੀ ਵਿਚਾਰ ਗੋਸ਼ਟੀ

ਰਾਹੀਂ ਅਤੇ ਬਾਕੀਆਂ ਨੂੰ ਹੋਰ ਹਿਸਾਬ ਨਾਲ ਸਹਿਮਤ ਕਰ ਕੇ ਸਿੱਧੇ ਰਸਤਿਆਂ ਤੇ ਤੋਰਿਆ। ਇਸ ਤਰ੍ਹਾਂ ਪੰਜਾਬ, ਰਾਜਸਥਾਨ, ਗੁਜਰਾਤ, ਆਂਧਰਾ ਅਤੇ ਦਖਣੀ ਭਾਰਤ ਵਿਚ ਕਰੋੜਾਂ ਦੀ ਗਿਣਤੀ ਦਾ ਜਨਸਮੂਹ ਗੁਰੂ ਜੀ ਦਾ ਸ਼ਰਧਾਲੂ ਬਣ ਚੁੱਕਾ ਸੀ। ਗੁਰੂ ਜੀ ਜਿਥੇ ਵੀ ਜਾਂਦੇ, ਇਕ ਧਰਮਸ਼ਾਲਾ ਸਥਾਪਤ ਕਰ ਕੇ ਸੰਗਤਾਂ ਦਾ ਮੁਖੀ ਕਿਸੇ ਅੰਦਰੋਂ ਪ੍ਰਕਾਸ਼ੇ ਗੁਰਸਿੱਖ ਨੂੰ ਥਾਪ ਦਿੰਦੇ ਸਨ ਜਿਸ ਨਾਲ ਜੁੜੀ ਹੋਈ ਸੰਗਤ ਨੂੰ ਹੋਰ ਦ੍ਰਿੜ੍ਹਤਾ ਮਿਲਦੀ ਸੀ। ਜਦੋਂ ਗੁਰੂ ਜੀ ਲੰਕਾ ਵਲ ਜਾ ਰਹੇ ਸਨ ਤਾਂ ਰਸਤੇ ਵਿਚ ਜਗਨਨਾਥਪੁਰੀ, ਮਦਰਾਸ, ਰਾਮੇਸ਼ਵਰਮ ਆਦਿ ਥਾਵਾਂ ਉਤੇ ਸੰਗਤਾਂ ਦੀ ਜੋ ਸਥਾਪਤੀ ਹੋਈ, ਉਸ ਵਜੋਂ ਹੀ ਮਦਰਾਸ ਦੇ ਰੇਲਵੇ ਸਟੇਸ਼ਨ ਤੋਂ

ਅੱਧਾ ਕੁ ਕਿਲੋਮੀਟਰ ਦੂਰ ਗੁਰੂ ਨਾਨਕ ਜੀ ਦਾ ਉਹ ਸਥਾਨ ਮੌਜੂਦ ਹੈ ਜਿਥੇ ਉਨ੍ਹਾਂ ਵਲੋਂ ਲਵਾਇਆ ਹੋਇਆ ਖੂਹ ਸਾਰਾ ਸਾਲ ਮਿੱਠਾ ਪਾਣੀ ਦਿੰਦਾ ਹੈ ਜਦਕਿ ਮਦਰਾਸ ਦੇ ਹੋਰ ਖੂਹ ਜੁਲਾਈ ਵਿਚ ਸੁੱਕ ਜਾਂਦੇ ਹਨ। ਇੱਥੇ ਗੁਰੂ ਜੀ ਦਾ ਇਕ ਸ਼ਰਧਾਲੂ ਤਾਮਿਲ-ਭਾਸ਼ੀ ਪ੍ਰਵਾਰ ਪੀੜ੍ਹੀ ਦਰ ਪੀੜ੍ਹੀ ਉਦੋਂ ਤੋਂ ਅੱਜ ਤਕ ਸੇਵਾ ਕਰ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਲੋਕਾਈ ਨੂੰ ਜਿਥੇ ਨਾਮ ਜਪਣ, ਕਿਰਤ ਕਰਨ ਦਾ ਉਪਦੇਸ਼ ਦਿਤਾ ਉਥੇ ਹੀ ਹੱਕ ਦੀ ਕਮਾਈ ਅਤੇ ਵੰਡ ਕੇ ਛਕਣ ਦੀ ਜੀਵਨ ਜੁਗਤੀ ਵੀ ਸਿਖਾਈ।

ਵੰਡ ਕੇ ਛਕਣ ਅਤੇ ਪਰਾਇਆ ਹੱਕ ਨਾ ਖਾਣ ਵਾਲੀ ਭਾਵਨਾ ਅਜਿਹੀ ਹੈ ਜਿਸ ਵਿਚ ਸੇਵਾ, ਸਿਮਰਨ ਅਤੇ ਉਪਕਾਰ ਸ਼ਾਮਲ ਹੋ ਜਾਂਦੇ ਹਨ। ਇਹ ਵਿਤਕਰਾ ਗੁਰੂ ਨਾਨਕ ਦੇਵ ਜੀ ਅਪਣੀ ਬਾਣੀ ਰਾਹੀਂ ਇੰਜ ਸਮਝਾਉਂਦੇ ਹਨ:-
ਘਾਲ ਖਾਇ ਕਿਛੁ-ਹਥਹੁ ਦੇਇ, 
ਨਾਨਕ ਰਾਹ ਪਛਾਣਹਿ ਸੇਇ।
ਅਤੇ ਹੱਕ ਪਰਾਇਆ ਨਾਨਕਾ, 
ਉਸ ਸੂਅਰ, ਉਸ ਗਾਏ।

ਗਹੁ ਨਾਲ ਵਿਚਾਰਿਆ ਜਾਵੇ ਤਾਂ ਸਤਿਗੁਰ ਨਾਨਕ ਜੀ ਨੇ ਅਪਣੀ ਯਾਤਰਾ ਦੌਰਾਨ ਹੀ ਗ਼ਰੀਬ, ਦਲਿਤ ਭਾਈ ਲਾਲੋ ਅਤੇ ਭਾਈ ਮਰਦਾਨੇ ਨੂੰ ਗਲ ਨਾਲ ਲਾ ਕੇ, ਪੱਕੇ ਸੰਗੀ-ਸਾਥੀ ਬਣਾ ਕੇ ਮਾਣ ਬਖਸ਼ਿਆ ਸੀ ਪਰ ਉੱਚੇ ਰੁਤਬੇ ਵਾਲੇ ਮਲਕ ਭਾਗੋ ਨੂੰ ਦੁਰਕਾਰਦੇ ਹੋਏ ਖਰੀਆਂ-ਖਰੀਆਂ ਸੁਣਾਈਆਂ ਸਨ। ਇਸੇ ਤਰ੍ਹਾਂ ਹੀ ਜਨਤਾ ਉੱਪਰ ਜ਼ੁਲਮ ਕਰ ਰਹੇ ਸ਼ਕਤੀਸ਼ਾਲੀ ਰਾਜੇ ਬਾਬਰ ਵਿਰੁਧ 'ਰਾਜੇ ਸ਼ੀਂਹ ਮੁਕਦਮ ਕੁੱਤੇ' ਜਿਹੇ ਵਿਦਰੋਹ ਭਰੇ ਲਫ਼ਜ਼ ਸ਼ਰੇਆਮ ਕਹੇ ਸਨ।

ਦਰਅਸਲ ਇਸ ਸੱਭ ਦਾ ਮਕਸਦ ਦੱਬੇ-ਕੁਚਲੇ ਗ਼ਰੀਬ ਲੋਕਾਂ ਵਿਚ ਜ਼ੁਲਮ ਅਤੇ ਅਨਿਆਂ ਵਿਰੁਧ ਡੱਟ ਕੇ ਖੜੇ ਹੋ ਜਾਣ ਦੀ ਦਲੇਰੀ ਅਤੇ ਹਿੰਮਤ ਪੈਦਾ ਕਰਨਾ ਹੀ ਸੀ। ਗੁਰੂ ਜੀ ਨੇ ਇਨ੍ਹਾਂ ਗ਼ਰੀਬਾਂ ਦੀ ਜ਼ਮੀਰ ਨੂੰ ਹੋਰ ਝੰਜੋੜਦੇ ਹੋਏ ਇਹ ਫ਼ੁਰਮਾਇਆ ਸੀ ਕਿ:
ਜਿਤ ਜੀਵੇ ਪੱਤ ਲੱਥੀ ਜਾਏ, 
ਸਭ ਹਰਾਮ ਜੇਤਾ ਕਿਛ ਖਾਏ।

ਗੁਰੂ ਜੀ ਤੋਂ ਪ੍ਰਾਪਤ ਹੋਈ ਇਸ ਦਲੇਰੀ, ਹਿੰਮਤ ਅਤੇ ਨਿਡਰਤਾ ਦਾ ਸਦਕਾ ਹੀ ਸੀ ਕਿ ਗੁਰੂ ਘਰ ਦੇ ਅਨਿਨ ਦਲਿਤ ਸੇਵਕ ਭਾਈ ਜੈਤਾ ਜੀ ਨੇ 1675 ਵਿਚ ਨੌਵੇਂ ਗੁਰੂ ਜੀ ਦੀ ਹੋਈ ਸ਼ਹਾਦਤ ਉਪਰੰਤ ਔਰੰਗਜ਼ੇਬ ਦੇ ਸਖ਼ਤ ਪਹਿਰਿਆਂ ਅਤੇ ਚੁਨੌਤੀਆਂ ਵਿਚੋਂ ਵੀ ਗੁਰੂ ਜੀ ਦਾ ਪਾਵਨ ਸੀਸ ਬੜੀ ਵਿਊਂਤਬੰਦੀ ਅਤੇ ਦਲੇਰੀ ਨਾਲ ਚੁੱਕ ਕੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚਾ ਦਿਤਾ ਸੀ ਜਿਸ ਉਪਰੰਤ ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਗਲ ਨਾਲ ਲਾ ਕੇ 'ਰੰਘਰੇਟੇ ਗੁਰੂ ਕੇ ਬੇਟੇ' ਵਰਗੇ ਮਾਣ ਨਾਲ ਨਿਵਾਜਿਆ ਸੀ।

ਭਾਈ ਜੈਤਾ ਜੀ ਦੇ ਵੱਡ-ਵਡੇਰੇ ਬਜ਼ੁਰਗ ਭਾਈ ਕਲਿਆਣਾ ਜੀ ਵਲੋਂ ਵੀ ਸਤਿਗੁਰ ਨਾਨਕ ਜੀ ਦੇ ਚਰਨਾਂ ਵਿਚ ਹੀ ਬਾਬਾ ਬੁੱਢਾ ਜੀ ਦੇ ਸਮਕਾਲੀ ਵਜੋਂ ਸੇਵਾ ਕੱਥੂ ਨੰਗਲ ਤੋਂ ਸ਼ੁਰੂ ਕੀਤੀ ਗਈ ਸੀ ਜੋ ਪੀੜ੍ਹੀ ਦਰ ਪੀੜ੍ਹੀ ਦਸਮੇਸ਼ ਗੁਰੂ ਦੀ ਸੇਵਾ ਵਿਚ ਚਮਕੌਰ ਗੜ੍ਹੀ ਦੀ ਜੰਗ (1704) ਤਕ ਬੇਦਾਗ ਨਿਭੀ ਸੀ। ਇਸੇ ਤਰ੍ਹਾਂ ਹੀ ਡੱਲੇ ਵਲੋਂ ਤਲਵੰਡੀ ਸਾਬੋ ਵਿਖੇ ਭੇਂਟ ਕੀਤੀ ਬੰਦੂਕ ਦਾ ਗੁਰੂ ਜੀ ਵਲੋਂ ਨਿਸ਼ਾਨਾ ਪਰਖਣ ਵੇਲੇ ਹੋਰਨਾਂ ਸਿੱਖਾਂ ਵਲੋਂ ਨੀਵੀਆਂ ਪਾ ਲੈਣਾ ਅਤੇ ਦਲਿਤ ਰੰਘਰੇਟੇ ਸਿੰਘ

ਬੀਰ ਸਿੰਘ ਤੇ ਧੀਰ ਸਿੰਘ ਵਲੋਂ ਹੱਸ ਕੇ ਬੰਦੂਕ ਸਾਹਮਣੇ ਖਲੋ ਜਾਣਾ, ਭਾਈ ਬਚਿੱਤਰ ਸਿੰਘ ਵਲੋਂ ਆਨੰਦਗੜ੍ਹ ਕਿਲ੍ਹੇ ਦੀ ਜੰਗ ਵੇਲੇ ਖ਼ੂਨੀ ਸ਼ਰਾਬੀ ਹਾਥੀ ਨੂੰ ਭਾਜੜਾਂ ਪਾ ਦੇਣੀਆਂ, ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਵਲੋਂ ਹਰਿਮੰਦਰ ਸਾਹਿਬ 'ਚੋਂ ਮੱਸੇ ਰੰਘੜ ਦਾ ਸਿਰ ਵੱਢ ਕੇ ਲੈ ਆਉਣਾ ਅਤੇ ਬਾਬਾ ਮੋਤੀ ਰਾਮ ਮਹਿਰਾ ਵਲੋਂ ਦਸਮੇਸ਼ ਗੁਰੂ ਜੀ ਦੇ ਛੋਟੇ ਲਾਲਾਂ ਅਤੇ ਮਾਤਾ ਜੀ ਨੂੰ ਸੂਬਾ ਸਰਹਿੰਦ ਦੀ ਕੈਦ ਵਿਚ ਅਪਣੀ ਜ਼ਿੰਦਗੀ ਦਾਅ ਤੇ ਲਾ ਕੇ ਚੋਰੀ ਦੁੱਧ ਪਿਆਉਣਾ, ਇਹ ਸੱਭ ਬਾਬਾ ਨਾਨਕ ਵਲੋਂ ਦਲਿਤ ਲੋਕਾਂ ਨੂੰ ਬਖ਼ਸ਼ੀ ਦਲੇਰੀ ਅਤੇ ਹਿੰਮਤ ਦਾ ਨਤੀਜਾ ਹੀ ਸੀ।

ਇਹ ਸੱਚਾਈ ਵੀ ਮੰਨਣਯੋਗ ਹੈ ਕਿ ਇਹ ਗੁਰੂ ਸਾਹਿਬ ਵਲੋਂ ਬਖ਼ਸ਼ੇ ਬਲ ਸਦਕਾ ਹੀ ਇਨ੍ਹਾਂ ਦਲਿਤ ਲੋਕਾਂ ਨੇ ਦੇਸ਼ ਦੀ ਜੰਗੇ ਆਜ਼ਾਦੀ ਵਿਚ ਵੀ ਭਰਪੂਰ ਬਲੀਦਾਨ ਦਿਤੇ ਸਨ। ਜਿਵੇਂ ਕਿ ਜਲ੍ਹਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦੌਰਾਨ ਕਰੀਬ ਇਕ ਹਜ਼ਾਰ ਤੋਂ ਵੱਧ ਮਾਰੇ ਗਏ ਭਾਰਤੀਆਂ ਵਿਚੋਂ 185 ਕੇਵਲ ਦਲਿਤ ਹੀ ਸਨ। 1857 ਦੇ ਗ਼ਦਰ ਦਾ ਪਹਿਲਾ ਸ਼ਹੀਦ ਮਾਤਾ ਦੀਨ ਭੰਗੀ (ਦਲਿਤ) ਸੀ ਨਾਕਿ ਮੰਗਲ ਪਾਂਡੇ (ਜਿਸ ਨੂੰ ਚਰਚਿਤ ਕਰ ਦਿਤਾ ਗਿਆ ਹੈ)। ਇਸੇ ਗ਼ਦਰ ਸੰਗਰਾਮ ਦੀ ਮਹਾਨ

ਵਿਰਾਂਗਨਾ ਚਰਚਿਤ ਕੀਤੀ ਲਛਮੀ ਬਾਈ (ਰਾਣੀ ਝਾਂਸੀ) ਨਹੀਂ ਸੀ ਬਲਕਿ ਉਸ ਦੀ ਹਮਸ਼ਕਲ ਅਤੇ ਬਹਾਦਰ ਨਾਰੀ ਝਲਕਾਰੀ ਬਾਈ (ਦਲਿਤ) ਸੀ ਜੋ ਰਾਣੀ ਝਾਂਸੀ ਦੀ ਜਾਨ ਅੰਗਰੇਜ਼ਾਂ ਤੋਂ ਬਚਾਉਣ ਖ਼ਾਤਰ ਲੜਦੀ ਹੋਈ ਸ਼ਹੀਦ ਹੋ ਗਈ ਸੀ। ਇਸੇ ਤਰ੍ਹਾਂ ਹੀ ਨਾਰੀ ਜਾਤੀ ਜਿਸ ਨੂੰ ਉਨ੍ਹਾਂ ਵੇਲਿਆਂ ਵਿਚ ਮਨੂੰਵਾਦੀ ਲੋਕਾਂ ਵਲੋਂ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਇਨ੍ਹਾਂ ਪਾਖੰਡੀ ਅਤੇ ਹੰਕਾਰੀ ਲੋਕਾਂ ਨੂੰ ਤਾੜਨਾ ਕਰਦੇ ਹੋਏ ਗੁਰੂ ਜੀ ਨੇ ਇਹ ਫ਼ੁਰਮਾਇਆ ਸੀ:- 

ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵੀਆਹੁ 
ਭੰਡੈ ਹੋਵੇ ਦੋਸਤੀ ਭੰਡੇ ਚਲੇ ਰਾਹੁ
ਭੰਡ ਮੂਆ ਭੰਡ ਭਾਲੀਐ ਭੰਡ ਹੋਵੈ ਬੰਧਾਨ 
ਸੋ ਕਿਉ ਮੰਦ ਆਖਿਐ ਜਿਤ ਜਮਹਿ ਰਾਜਾਨ

ਗੁਰੂ ਜੀ ਦੀ ਇਸ ਬਖ਼ਸ਼ਿਸ਼ ਨਾਲ ਨਾਰੀ ਜਾਤੀ ਨੂੰ ਮਿਲੇ ਏਨੇ ਬਲ ਦਾ ਸਦਕਾ ਹੀ ਕਿ ਬਹਾਦਰ ਮਾਈ ਭਾਗੋ ਨੇ ਦਸਮੇਸ਼ ਗੁਰੂ ਜੀ ਕੋਲੋਂ ਭੱਜ ਕੇ ਆਏ ਬੇਦਾਵੀਏ 40 ਸਿੰਘਾਂ ਨੂੰ ਲਾਹਨਤਾਂ ਪਾ ਕੇ ਮੁੜ ਜੰਗੇ-ਮੈਦਾਨ ਵਲ ਮੋੜਿਆ ਸੀ ਅਤੇ ਫਿਰ ਆਪ ਘੋੜੇ ਉਤੇ ਸਵਾਰ ਹੋ ਕੇ, ਹੱਥ ਵਿਚ ਤਲਵਾਰ ਫੜ ਕੇ, ਮਰਦਾਨੇ ਭੇਸ ਵਿਚ ਲੜਦੀ ਹੋਈ ਮੁਕਤਸਰ ਦੀ ਜੰਗ ਵਿਚ ਸ਼ਹੀਦ ਹੋ ਗਈ ਸੀ। ਗੁਰੂ ਜੀ ਦੇ ਬਖ਼ਸ਼ੇ ਇਸੇ ਬਲ ਸਦਕਾ ਹੀ ਬੀਬੀ ਸ਼ਰਨ ਕੌਰ ਨੇ ਦਸਮੇਸ਼ ਗੁਰੂ ਦੀ ਆਗਿਆ ਨਾਲ ਚਮਕੌਰ ਜੰਗ ਦੇ ਸ਼ਹੀਦਾਂ ਦਾ ਸਸਕਾਰ ਕਰ ਕੇ ਬਹੁਤ ਬਹਾਦੁਰੀ ਵਿਖਾਈ ਸੀ। 

ਸੋ ਉਪਰੋਕਤ ਬਿਆਨ ਕੀਤੇ ਸੱਭ ਤੱਥਾਂ ਨੂੰ ਗਹੁ ਨਾਲ ਵਾਚਦੇ ਹੋਏ ਜੇ ਇਸ ਦੀ ਤੁਲਨਾ ਅਜੋਕੇ ਸਿੱਖੀ ਵਰਤਾਰੇ ਨਾਲ ਕੀਤੀ ਜਾਵੇ ਤਾਂ ਬਹੁਤ ਨਿਰਾਸ਼ਾ ਹੁੰਦੀ ਹੈ ਕਿ ਕਈ ਵੱਡੇ ਧਾਰਮਕ ਆਗੂ ਅਤੇ ਹੋਰ ਕਈ ਸਿੱਖ ਵੀ ਬਾਬਾ ਨਾਨਕ ਜੀ ਦੇ ਇਨ੍ਹਾਂ ਗ਼ਰੀਬ ਭਾਈ ਲਾਲੋਆਂ, ਭਾਈ ਮਰਦਾਨਿਆਂ ਅਤੇ ਰੰਘਰੇਟੇ ਗੁਰੂ ਕੇ ਬੇਟਿਆਂ ਰੂਪੀ ਸਿੱਖਾਂ ਨੂੰ ਅੱਜ ਵੀ ਨੀਵੀਂ ਜਾਤ ਦੀ ਤਕੜੀ ਵਿਚ ਤੋਲਦੇ ਹੋਏ ਇਨ੍ਹਾਂ ਨੂੰ ਪੱਕੇ ਸਿੱਖ ਹੀ ਨਹੀਂ ਸਮਝਦੇ, ਭਾਵੇਂ ਇਹ ਲੋਕ ਕਿੰਨੀ ਵੀ ਗੁਰ-ਮਰਿਯਾਦਾ ਵਿਚ ਰਹਿੰਦੇ ਹੋਣ।

ਇਥੇ ਤਾਂ ਇਹ ਵਰਤਾਰਾ ਹੋ ਚੁਕਿਆ ਹੈ ਕਿ ਕਈ ਸਿੱਖ ਅਖਵਾਉਂਦੇ ਜ਼ਿਮੀਂਦਾਰ ਜਾਂ ਹੋਰ ਤਕੜੇ ਪ੍ਰਵਾਰਾਂ ਵਿਚ ਜੰਮਿਆ ਬੱਚਾ ਸਿੱਖ ਹੀ ਅਖਵਾਉਂਦਾ ਹੈ, ਬੇਸ਼ੱਕ ਉਹ ਘੋਨ-ਮੋਨ ਰੂਪ ਵਿਚ ਨਸ਼ੇ ਕਰਦਾ ਫਿਰਦਾ ਹੋਵੇ ਅਤੇ ਸਿੱਖੀ ਮਰਿਯਾਦਾ ਉਸ ਦੇ ਨੇੜੇ-ਤੇੜੇ ਵੀ ਨਾ ਹੋਵੇ। ਇਹ ਸਾਡੇ ਸਿੱਖ ਸਮਾਜ ਦੀ ਅਫ਼ਸੋਸਨਾਕ ਤਰਾਸਦੀ ਹੈ ਜਿਸ ਪ੍ਰਤੀ ਸਾਡੇ ਸਿੱਖ ਚਿੰਤਕਾਂ ਨੂੰ ਵਿਚਾਰਨ ਦੀ ਸਖ਼ਤ ਲੋੜ ਹੈ। ਇਸ ਦੇ ਕਈ ਪ੍ਰਤੱਖ ਪ੍ਰਮਾਣਾਂ ਦੀਆਂ ਕੁੱਝ ਅਜੋਕੀਆਂ ਹੇਠ ਲਿਖੀਆਂ ਮਿਸਾਲਾਂ ਹਨ:- 

ਕੁੱਝ ਮਹੀਨੇ ਪਹਿਲਾਂ ਹਰਿਆਣਾ ਸੂਬੇ ਵਿਚ ਬਾਬਾ ਨਾਨਕ ਜੀ ਦੇ ਇਤਿਹਾਸ ਨਾਲ ਜੁੜੇ ਗੁਰਦਵਾਰਾ 'ਚਿੱਲਾ ਸਾਹਿਬ' ਦੇ ਲੰਗਰ ਵਿਚ ਦਲਿਤ ਲੋਕਾਂ (ਜਿਨ੍ਹਾਂ ਵਿਚੋਂ ਕੁੱਝ ਗੁਰਸਿੱਖ ਵੀ ਹਨ) ਨਾਲ ਹੁੰਦੇ ਵਿਤਕਰੇ ਪ੍ਰਤੀ ਕੀਤੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਢਿੱਲੀ ਕਾਰਵਾਈ ਤਹਿਤ ਵਿਚਾਰ ਅਧੀਨ ਹੈ ਜੋ ਇਨਸਾਫ਼ ਨੂੰ ਤਰਸ ਰਹੀ ਹੈ ਜਿਸ ਨਾਲ ਪੀੜਤ ਲੋਕਾਂ ਦੇ ਮਨਾਂ ਵਿਚ ਕਾਫ਼ੀ ਨਿਰਾਸ਼ਾ ਹੈ । 

ਕੁੱਝ ਸਾਲ ਪਹਿਲਾਂ ਮਾਲਵੇ ਦੇ ਇਕ ਪਿੰਡ ਵਿਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਗੁਰਦਵਾਰਾ ਸਾਹਿਬ ਵਿਖੇ ਮਨਾਏ ਜਾਣ ਵੇਲੇ ਇਕ ਵੱਡੇ ਘਰ ਦੀ ਬੀਬੀ ਨੇ ਸੰਗਤਾਂ ਦੇ ਜੋੜੇ ਝਾੜਦਿਆਂ ਜਦੋਂ ਉਸ ਨੇ ਅਪਣੇ ਸੀਰੀ ਦੀ ਜੁੱਤੀ ਵੇਖੀ ਤਾਂ ਉਸ ਨੇ ਜੁੱਤੀ ਤੋਂ ਪਾਸਾ ਵਟਦੇ ਹੋਏ ਕਿਹਾ ਕਿ ਨੀਵੀਂ ਜਾਤੀ ਦੇ ਸੀਰੀ ਦੀ ਜੁੱਤੀ ਮੈਂ ਕਿਉਂ ਝਾੜਾਂ? ਥੋੜ੍ਹੇ ਸਾਲ ਪਹਿਲਾਂ ਗੁਰਬਾਣੀ ਦੇ ਇਕ ਨਾਮਵਰ ਹਜ਼ੂਰੀ ਰਾਗੀ ਵਲੋਂ ਇਕ ਲੜੀਵਾਰ ਲੇਖ 'ਵਿਚ ਜਾਤ-ਪਾਤ ਦੀ ਹੋਂਦ ਅੱਜ ਵੀ ਹੈ' ਰਾਹੀਂ ਪ੍ਰਗਟਾਵਾ ਇੰਜ ਕੀਤਾ ਗਿਆ ਸੀ ਕਿ ਉਹ ਇਕ ਤਕੜੇ ਜ਼ਿਮੀਂਦਾਰ ਦੇ ਘਰ ਕੀਰਤਨ ਕਰਨ ਗਿਆ।

ਉਸ ਨੇ ਜਦੋਂ ਘਰ ਦੇ ਨੌਕਰ (ਸੀਰੀ) ਤੋਂ ਬਾਹਰ ਵਾਲੀ ਬੈਠਕ 'ਚੋਂ ਅਪਣਾ ਕੁੱਝ ਸਮਾਨ ਮੰਗਵਾਇਆ ਤਾਂ ਘਰ ਦੇ ਮਾਲਕ ਨੇ ਖ਼ੁਦ ਚੁੱਕ ਕੇ ਲਿਆਉਂਦੇ ਹੋਏ ਕਿਹਾ ਕਿ ਸੀਰੀ (ਨੀਵੀਂ ਜਾਤ) ਨੂੰ ਤਾਂ ਅਸੀ (ਨੌਕਰ) ਚੌਂਕੇ ਤੇ (ਘਰ ਦੇ ਅਗਲੇ ਕਮਰੇ ਤਕ) ਨਹੀਂ ਆਉਣ ਦਿੰਦੇ ਅਤੇ ਰੋਟੀ ਵੀ ਉਸ ਨੂੰ ਬਾਹਰ ਹੀ ਫੜਾਉਂਦੇ ਹਾਂ। ਇਵੇਂ ਹੀ ਸਾਡੇ ਪਿੰਡਾਂ ਵਿਚ ਦਲਿਤ (ਐਸ.ਸੀ.) ਭਾਈਚਾਰੇ ਦੇ ਵਖਰੇ ਗੁਰਦਵਾਰੇ ਤਾਂ ਹਨ ਹੀ ਪਰ ਮੁਰਦੇ ਦੀ ਵੀ ਇਥੇ ਜਾਤ ਪਰਖਣ ਵਾਲੇ ਰਿਵਾਜ ਨੂੰ ਕਾਇਮ ਕਰ ਕੇ ਇਨ੍ਹਾਂ ਤਕੜੇ ਲੋਕਾਂ ਨੇ ਗ਼ਰੀਬ ਦਲਿਤਾਂ ਨੂੰ ਅਪਣੇ ਸ਼ਮਸ਼ਾਨਘਾਟ ਵੀ ਵਖਰੇ ਬਣਾਉਣ ਲਈ ਮਜਬੂਰ ਕੀਤਾ ਹੋਇਆ ਹੈ। 


ਸੋਚਣ ਵਾਲੀ ਗੱਲ ਇਹ ਹੈ ਕਿ ਸਿੱਖੀ ਸਿਧਾਂਤਾਂ ਨੂੰ ਵਿਗਾੜ ਕੇ ਅਜਿਹਾ ਜਾਤੀ-ਪਾਤੀ ਵਿਤਕਰਾ ਪੈਦਾ ਕਰਨ ਵਾਲੇ ਸਿੱਖਾਂ ਵਿਰੁਧ ਸਾਡੇ ਜਥੇਦਾਰ ਅਕਾਲ ਤਖ਼ਤ ਸਾਹਿਬ ਹੁਕਮਨਾਮਾ ਕਿਉਂ ਨਹੀਂ ਜਾਰੀ ਕਰਦੇ ਜਦਕਿ ਕਈ ਸਿਆਸੀ ਮਸਲਿਆਂ ਵਿਚ ਤਾਂ ਝੱਟ ਹੁਕਮਨਾਮਾ ਜਾਰੀ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਪਿਛਲੇ ਦਿਨੀਂ ਸਾਰਾਗੜ੍ਹੀ ਦਾ ਸਾਕਾ ਜੋ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਮਨਾਇਆ ਗਿਆ ਅਤੇ ਇਹ ਹਰ ਸਾਲ ਹੀ ਮਨਾਇਆ ਜਾਂਦਾ ਹੈ।

ਇਸ ਵਿਚ ਹਮੇਸ਼ਾ 21 ਫ਼ੌਜੀ ਸਿੱਖ ਸ਼ਹੀਦਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਪਰ 12 ਸਤੰਬਰ 2017 ਨੂੰ ਰਿਟਾ: ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਇਕ ਖੋਜ ਭਰਪੂਰ ਪੁਸਤਕ ਦੇ ਹਵਾਲੇ ਨਾਲ 21 ਦੀ ਬਜਾਏ 22 ਸ਼ਹੀਦ ਦਸਦੇ ਹੋਏ ਲਿਖਿਆ ਕਿ 22ਵਾਂ ਸ਼ਹੀਦ ਇਕ ਦਲਿਤ ਫ਼ੌਜੀ ਸੀ ਜੋ ਫ਼ੌਜ ਦਾ ਲੰਗਰ ਪਕਾਉਣ ਦੀ ਸੇਵਾ ਕਰਦਾ ਸੀ। ਪਰ ਅਫ਼ਸੋਸ ਕਿ ਇਹ ਸੱਭ ਛਪਣ ਦੇ ਬਾਵਜੂਦ ਵੀ ਨਾ ਤਾਂ ਸ਼੍ਰੋਮਣੀ ਕਮੇਟੀ ਅਤੇ ਨਾ ਹੀ ਕਿਸੇ ਹੋਰ ਸਿੱਖ ਆਗੂ ਨੇ 22ਵੇਂ ਫ਼ੌਜੀ ਸ਼ਹੀਦ ਦਾ ਜਿਕਰ ਕੀਤਾ। ਸ਼ਾਇਦ ਇਸੇ ਕਰ ਕੇ ਕਿ ਇਹ 22ਵਾਂ ਸ਼ਹੀਦ ਇਕ ਦਲਿਤ ਸੀ।

ਸੋ ਉਪਰੋਕਤ ਕੀਤਾ ਸਾਰਾ ਬ੍ਰਿਤਾਂਤ ਜੋ ਇਕ ਹੱਡਬੀਤੀ ਵਰਗਾ ਹੀ ਹੈ, ਇਸ ਦਾ ਜੇ ਪੂਰੀ ਇਮਾਨਦਾਰੀ ਨਾਲ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸਾਨੂੰ ਇਹ ਸੱਚਾਈ ਜ਼ਰੂਰ ਕਬੂਲਣੀ ਪਵੇਗੀ ਕਿ ਅੱਜ ਵੀ ਤਕੜੇ ਸਿੱਖਾਂ ਵਲੋਂ ਸਤਿਗੁਰ ਨਾਨਕ ਜੀ ਦੇ ਭਾਈ ਲਾਲੋਆਂ, ਭਾਈ ਮਰਦਾਨਿਆਂ ਅਤੇ ਰੰਘਰੇਟੇ ਗੁਰੂ ਕੇ ਬੇਟਿਆਂ ਰੂਪੀ ਦਲਿਤ ਗ਼ਰੀਬ ਸਿੱਖਾਂ ਨੂੰ ਦੂਰ ਧੱਕਿਆ ਜਾ ਰਿਹਾ ਹੈ ਪਰ ਮਲਕ ਭਾਗੋ ਰੂਪੀ ਉੱਚੇ ਰੁਤਬਿਆਂ ਨੂੰ ਗਲਵਕੜੀਆਂ ਪਾਈਆਂ ਜਾ ਰਹੀਆਂ ਹਨ ਜੋ ਸੱਭ ਗੁਰੂ ਨਾਨਕ ਦੇਵ ਜੀ ਦੀ ਸਰਬਉੱਚ ਰੂਹਾਨੀ ਹਸਤੀ ਪ੍ਰਤੀ ਅਤੇ ਉਨ੍ਹਾਂ ਦੀ ਪਵਿੱਤਰ ਬਾਣੀ ਪ੍ਰਤੀ ਅਕ੍ਰਿਤਘਣ ਬਣਨ ਵਾਲੀ ਗੱਲ ਹੈ।

ਇਵੇਂ ਹੀ ਸਤਿਗੁਰ ਨਾਨਕ ਜੀ ਵਲੋਂ ਬਰਾਬਰਤਾ ਅਤੇ ਸਤਿਕਾਰ ਨਾਲ ਨਿਵਾਜੀ ਨਾਰੀ ਨੂੰ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਨ ਦਾ ਹੱਕ ਨਾ ਦੇਣਾ ਅਤੇ ਸਾਡੇ ਸਮਾਜ ਵਿਚ ਔਰਤਾਂ (ਭਾਈ ਭਾਗੋ ਦੀਆਂ ਬੇਟੀਆਂ) ਉੱਪਰ ਹੋ ਰਹੇ ਘਿਨਾਉਣੇ ਜ਼ੁਲਮਾਂ ਵਿਰੁਧ ਨਾ ਬੋਲਣਾ, ਇਹ ਵੀ ਸਾਡੀ ਸਿੱਖ ਕੌਮ ਪ੍ਰਤੀ ਚੰਗੀ ਗੱਲ ਨਹੀਂ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement