ਬਾਬਾ ਨਾਨਕ! ਹਰ ਬਾਤ ਤੁਮਾਰੀ ਯਾਦ ਰਹੀ, ਪੈਗ਼ਾਮ ਤੁਮਾਰਾ ਭੂਲ ਗਏ
Published : Nov 22, 2018, 4:02 pm IST
Updated : Nov 22, 2018, 4:02 pm IST
SHARE ARTICLE
Ek Onkar
Ek Onkar

ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਦਾ ਸਫ਼ਰ ਤੈਅ ਕਰਦਿਆਂ, ਥਕਿਆ ਟੁਟਿਆ ਬੰਦਾ ਘਰ ਆ ਕੇ ਚੈਨ ਦੀ ਨੀਂਦ ਸੌਂ ਜਾਂਦਾ ਹੈ। ਫਿਰ ਕਈ ਅਲੌਕਿਕ ਕਿਸਮ ਦੇ ਸੁਪਨਿਆਂ ਦੀ ਦੁਨੀਆ ...

ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਦਾ ਸਫ਼ਰ ਤੈਅ ਕਰਦਿਆਂ, ਥਕਿਆ ਟੁਟਿਆ ਬੰਦਾ ਘਰ ਆ ਕੇ ਚੈਨ ਦੀ ਨੀਂਦ ਸੌਂ ਜਾਂਦਾ ਹੈ। ਫਿਰ ਕਈ ਅਲੌਕਿਕ ਕਿਸਮ ਦੇ ਸੁਪਨਿਆਂ ਦੀ ਦੁਨੀਆਂ ਦਾ ਗੇੜਾ ਲਾ ਆਉਂਦਾ ਹੈ। ਕਿਧਰੇ ਅਸਮਾਨ ਛੂੰਹਦੇ ਤਾਰਿਆਂ ਦਾ ਫੱਕਾ ਮਾਰਦਾ ਹੈ ਜਾਂ ਕੋਈ ਭੁੱਖਾ ਸੌਂ ਗਿਆ, ਚੰਨ ਨੂੰ ਰੋਟੀ ਸਮਝ ਕੇ ਚੱਕ ਵਢਦਾ ਹੈ। ਲੋਭੀ ਲਾਲਚੀ ਆਦਮੀ ਨੂੰ ਸੁਪਨੇ ਵਿਚ ਆਲੇ ਵੀ ਤਜੌਰੀਆਂ ਲਗਦੇ ਹਨ ਤੇ ਯਤੀਮ ਬੱਚਿਆਂ ਨੂੰ ਸੁਪਨੇ ਦੇ ਪਰਛਾਵੇਂ ਵੀ ਮਾਵਾਂ ਦਾ ਭੁਲੇਖਾ ਪਾਉਂਦੇ ਹਨ। ਇਹ ਆਮ ਕਿਸਮ ਦੇ ਲੋਕਾਂ ਦੇ ਸੁਪਨੇ ਹਨ ਜੋ ਨੀਂਦ ਤੋਂ ਜਾਗਣ ਤੇ ਸੁਪਨਾ ਹੋ ਨਿਬੜਦੇ ਹਨ ਤੇ ਕਦੇ ਹਕੀਕਤ ਨਹੀਂ ਬਣਦੇ ਵੇਖੇ।

ਪਰ ਇਨ੍ਹਾਂ ਸਾਰਿਆਂ ਤੋਂ ਅਲਹਿਦਾ ਬਾਬੇ ਨਾਨਕ ਦਾ ਇਕ ਪਿਆਰਾ ਸਿੱਖ ਸ. ਜੋਗਿੰਦਰ ਸਿੰਘ, ਇਕ ਅਜਿਹਾ ਸੁਪਨ-ਸਾਜ਼ ਵੇਖਿਆ ਜਿਸ ਨੇ ਜਾਗਦਿਆਂ ਕੁੱਝ ਅਜਿਹੇ ਸੁਪਨੇ ਸੰਜੋਏ ਜਿਨ੍ਹਾਂ ਨੂੰ ਸਾਕਾਰ ਵੀ ਕਰ ਵਿਖਾਇਆ ਤੇ ਸੁਪਨੇ ਜਿਊਂਦੇ ਵੀ ਕਰ ਦਿਤੇ। 'ਮੇਰੀ ਨਿਜੀ ਡਾਇਰੀ ਦੇ ਪੰਨੇ' ਵਿਚੋਂ ਤੇ ਅਨੇਕਾਂ ਵਾਰੀ ਸਟੇਜ ਤੋਂ ਮੁਖ਼ਾਤਬ ਹੁੰਦਿਆਂ ਉਨ੍ਹਾਂ ਨੇ ਕਈ ਵਾਰ ਇਹ ਕਿਹਾ 'ਇਕ ਸੁਪਨਾ ਮੈਂ ਵੀ ਲਿਆ ਹੈ।

ਇਹ ਬਿਲਕੁਲ ਸੱਚੀ ਨੀਅਤ ਵਾਲਾ ਸੁਪਨਾ ਹੈ। ਮੈਂ ਅਪਣੇ ਜਾਂ ਪ੍ਰਵਾਰ ਬਾਰੇ ਕੁੱਝ ਨਹੀਂ ਸੋਚਿਆ, ਬਸ ਇਹੀ ਚਾਹਿਆ ਹੈ ਕਿ ਦੁਨੀਆਂ ਦਾ ਵਾਹਦ ਇਕੋ-ਇਕ ਪੈਗ਼ੰਬਰ ਬਾਬਾ ਨਾਨਕ ਜੋ ਮਹਾਨ ਸੰਦੇਸ਼ (ਪੈਗ਼ਾਮ) ਸਾਡੇ ਹਵਾਲੇ ਕਰ ਗਏ ਹਨ, ਉਸ ਨੂੰ ਨਵੇਂ ਯੁਗ ਦੇ ਅਤਿ ਵਿਗਿਆਨਕ ਢੰਗ-ਤਰੀਕਿਆਂ ਨਾਲ ਸੰਸਾਰ ਦੇ ਲੋਕਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਬਾਬੇ ਨਾਨਕ ਦੇ ਬਹੁਤੇ ਅਖੌਤੀ ਸਿੱਖਾਂ ਨੇ ਬਾਬੇ ਨਾਨਕ ਨੂੰ ਮੱਥੇ ਟੇਕ-ਟੇਕ ਕੇ ਅਪਣੇ ਮੱਥੇ ਏਨੇ ਕੁ ਘਸਾ ਲਏ ਹਨ ਕਿ ਉਨ੍ਹਾਂ ਦੀ ਮੱਤ ਵਿਚੋਂ ਬਾਬੇ ਨਾਨਕ ਦਾ ਅਸਲ ਸੰਦੇਸ਼ ਹੀ ਗੁਆਚ ਗਿਆ ਹੈ।'

ਹਮ ਜਬ ਭੀ ਤੁਮਾਰੇ ਦਰ ਪੇ ਗਏ,
ਹਾਥੋਂ ਮੇਂ ਲੇ ਕੇ ਫੂਲ ਗਏ।
ਵੋ ਫਿਰਨਾ ਹਰ ਸੂ ਮੱਕੇ ਕਾ,
ਵੋ ਰੁਕਨਾ ਗਿਰਤੇ ਪਰਬਤ ਕਾ,
ਹਰ ਬਾਤ ਤੁਮਾਰੀ ਯਾਦ ਰਹੀ,
ਪੈਗ਼ਾਮ ਤੁਮਾਰਾ ਭੂਲ ਗਏ।

ਦੁਨੀਆਂ ਨੂੰ ਏਨੇ ਉੱਚੇ ਸੰਦੇਸ਼ ਤੋਂ ਜਾਣੂ ਕਰਾਉਣ ਲਈ ਇਸ ਸੁਪਨਸਾਜ਼ ਨੇ ਪਹਿਲਾਂ ਕੁੱਝ ਸੁਪਨੇ ਲਏ ਕਿ ਕੌਮ ਦਾ ਅਪਣਾ ਇਕ ਰੋਜ਼ਾਨਾ ਅਖ਼ਬਾਰ ਹੋਵੇ ਜਿਸ ਵਿਚੋਂ ਦੁਨੀਆਂ ਨੂੰ ਰੋਜ਼ ਹੀ 'ਸਚ ਸੁਣਾਇਸੀ ਸਚੁ ਕੀ ਬੇਲਾ' ਦਾ ਸੁਨੇਹਾ ਮਿਲੇ। ਫਿਰ ਕਿਸੇ ਸ਼ਾਹ-ਮਾਰਗ 'ਤੇ ਜ਼ਮੀਨ ਦਾ ਟੁਕੜਾ ਲੈ ਕੇ 'ਉੱਚਾ ਦਰ ਬਾਬੇ ਨਾਨਕ ਦਾ' ਬਣਾ ਕੇ ਉਸ ਵਿਚ ਕੁੱਝ ਪ੍ਰਾਜੈਕਟ ਤਿਆਰ ਕੀਤੇ ਜਾਣ ਜਿਥੇ ਕਿਸੇ ਵੀ ਦੇਸ਼ ਤੋਂ, ਕਿਸੇ ਵੀ ਧਰਮ ਦਾ, ਕੋਈ ਵੀ ਵਿਅਕਤੀ ਆ ਕੇ ਵੇਖੇ ਤਾਂ ਮਨ ਤੇ ਧਨ ਕਰ ਕੇ ਖ਼ਾਲੀ ਨਾ ਜਾਵੇ।

ਉਹ ਨਾਨਕ ਸੰਦੇਸ਼ ਦੀਆਂ ਝੋਲੀਆਂ ਭਰ ਕੇ ਇਥੋਂ ਜਾਵੇ ਤੇ ਘਰ ਜਾ ਕੇ ਮਹਿਸੂਸ ਕਰੇ ਕਿ ਅੱਜ ਨਾਨਕ ਖ਼ੁਦ ਸਾਡੇ ਵਿਹੜੇ ਦਾ ਸ਼ਿੰਗਾਰ ਬਣ ਗਿਆ ਹੈ। ਉਨ੍ਹਾਂ ਨੇ ਇਹ ਵੀ ਸੁਪਨਾ ਲਿਆ ਕਿ ਅਪਣਾ ਪਬਲਿਸ਼ਿੰਗ ਅਦਾਰਾ ਹੋਵੇ ਜਿਥੇ ਦੁਨੀਆਂ ਭਰ ਲਈ ਏਨਾ ਲਿਟਰੇਚਰ ਤਿਆਰ ਹੋਵੇ ਜੋ ਗੁਰਬਾਣੀ ਦੀ ਸੱਚ-ਕਸਵੱਟੀ 'ਤੇ ਖਰਾ ਉਤਰਦਾ ਹੋਵੇ। ਫਿਰ ਅਪਣਾ ਇਕ ਟੀ.ਵੀ. ਚੈਨਲ ਹੋਵੇ ਜਿਸ ਉਤੇ 24 ਘੰਟੇ ਅਜਿਹਾ ਪ੍ਰੋਗਰਾਮ ਪ੍ਰਸਾਰਤ ਹੁੰਦਾ ਰਹੇ ਕਿ ਦਰਸ਼ਕਾਂ ਨੂੰ ਨਵਾਂ ਜੀਵਨ ਮਿਲਦਾ ਰਹੇ ਤੇ ਸਾਡੇ ਬੱਚਿਆਂ ਦਾ ਭਵਿੱਖ ਪੂਰਨ ਤੌਰ ਤੇ ਸੁਰੱਖਿਅਤ ਹੋ ਜਾਵੇ।

ਇਕ ਆਮ ਜਿਹਾ ਇਨਸਾਨ ਜਦੋਂ ਏਨੇ ਵੱਡੇ-ਵੱਡੇ ਸੁਪਨੇ ਲੈ ਲਵੇ ਤਾਂ ਮੇਰੇ ਵਰਗੇ ਬੰਦੇ ਉਸ ਨੂੰ ਸ਼ੇਖ਼ਚਿੱਲੀ ਦਾ ਵਾਰਸ ਜਾਂ ਪਾਗ਼ਲ ਹੀ ਸਮਝਣਗੇ ਤੇ ਅਜਿਹਾ ਹੋਇਆ ਵੀ। ਪਰ ਇਸ ਸੁਪਨਸਾਜ਼ ਨੇ ਬੜੀਆਂ ਰੁਕਾਵਟਾਂ, ਔਕੜਾਂ ਅਤੇ ਦੁਸ਼ਵਾਰ ਘਾਟੀਆਂ ਪਾਰ ਕਰਦਿਆਂ ਰੋਜ਼ਾਨਾ ਅਖ਼ਬਾਰ (ਸਪੋਕਸਮੈਨ) ਕੱਢ ਵਿਖਾਇਆ। ਇਹ ਕੇਵਲ ਇਕ ਸਫ਼ਲ ਅਖ਼ਬਾਰ ਹੀ ਨਹੀਂ ਸਗੋਂ ਬਾਬੇ ਨਾਨਕ ਦਾ ਬੁਲਾਰਾ ਬਣ ਕੇ ਸੱਚ-ਸੁਨੇਹੇ ਲਗਾਤਾਰ ਭੇਜ ਰਿਹਾ ਹੈ। ਕੁੱਝ ਕੁ ਸਾਲਾਂ ਵਿਚ ਇਹ ਸੁਪਨਾ ਕੇਵਲ ਸੱਚ ਹੀ ਨਹੀਂ ਹੋਇਆ ਸਗੋਂ ਏਨਾ ਸੱਚ ਹੋ ਗਿਐ ਕਿ ਯਕੀਨ ਹੀ ਨਹੀਂ ਆਉਂਦਾ।

ਦੁਨੀਆਂ ਵਿਚ ਇੰਟਰਨੈੱਟ 'ਤੇ ਸੱਭ ਤੋਂ ਵੱਧ ਪੜ੍ਹੇ ਜਾਣ ਵਾਲੇ ਸਪੋਕਸਮੈਨ ਨੂੰ ਤਾਂ ਉਸ ਦੇ ਵਿਰੋਧੀ ਵੀ ਸੱਭ ਤੋਂ ਵੱਧ ਪੜ੍ਹਦੇ ਹਨ ਪਰ ਸ਼ਰਮਸਾਰ ਹੋਏ, ਲੁਕ ਕੇ ਪੜ੍ਹਦੇ ਹਨ। ਹੁਣ ਸਪੋਕਸਮੈਨ ਨੇ ਅਪਣਾ ਰੰਗ ਵਿਖਾਇਆ ਤੇ ਸੰਸਾਰ ਦੇ ਲੋਕਾਂ ਨੂੰ ਸੁਨੇਹੇ ਘੱਲੇ ਕਿ 'ਉੱਚਾ ਦਰ ਬਾਬੇ ਨਾਨਕ ਦਾ' ਦੀ ਕੀ ਲੋੜ ਹੈ ਤੇ ਇਹ ਕਿਵੇਂ ਜਲਦੀ ਤਾਮੀਰ ਹੋਵੇ? ਇਸ ਬਾਰੇ ਲਗਾਤਾਰ ਜਾਣਕਾਰੀ ਮਿਲੀ। 

ਪਰ ਜਿਨ੍ਹਾਂ ਮੰਦਬੁੱਧੀ ਮਨਮੁਖਾਂ ਨੇ ਉਸ ਵੇਲੇ ਨਾਨਕ ਨੂੰ ਕੁਰਾਹੀਆ ਤੇ ਭੂਤਨਾ ਕਿਹਾ ਸੀ, ਉਹ ਅੱਜ ਵੀ ਗੋਲਕ ਚੋਰਾਂ ਤੇ ਨੀਲੇ ਮੋਰਾਂ ਦੇ ਰੂਪ ਵਿਚ ਪ੍ਰਗਟ ਹੋ ਗਏ। ਇਸ ਊਤ ਗਏ ਆਵੇ ਨੇ ਦੰਦੀਆਂ ਕਰੀਚੀਆਂ, ਮਾਰ ਦਿਆਂਗੇ, ਸੋਧ ਦਿਆਂਗੇ ਬੋਲਦਿਆਂ ਮੂੰਹੋਂ ਜ਼ਹਿਰੀਲੀ ਝੱਗ ਸੁੱਟੀ ਕਿਉਂਕਿ ਇਨ੍ਹਾਂ ਨੂੰ ਸਮਝ ਆ ਗਈ ਕਿ ਜੇਕਰ 'ਉੱਚਾ ਦਰ' ਕਾਇਮ ਹੋ ਗਿਆ ਤਾਂ ਗੋਲਕਾਂ ਖੁੱਸ ਜਾਣਗੀਆਂ, ਵੋਟਾਂ ਵੀ ਖੁੱਸ ਜਾਣਗੀਆਂ ਤੇ ਫਿਰ ਦਰ ਦਰ ਮੰਗਣਾ ਪਵੇਗਾ। ਇਥੇ ਹੀ ਬਸ ਨਹੀਂ, ਸਪੋਕਸਮੈਨ ਦੇ ਦਫ਼ਤਰਾਂ ਵਿਚ ਇਕੋ ਦਿਨ ਭੰਨ-ਤੋੜ ਕਰ ਕੇ ਲੱਖਾਂ ਰੁਪਏ ਦਾ ਨੁਕਸਾਨ ਕਰ ਦਿਤਾ ਗਿਆ। 

ਮੈਨੂੰ ਤਾਂ ਇਉਂ ਲਗਿਆ ਜਿਵੇਂ ਵਲੀ ਕੰਧਾਰੀ ਨੇ ਕ੍ਰੋਧਵਾਨ ਹੋ ਕੇ ਫਿਰ ਜਬਰ ਤੇ ਤਕੱਬਰੀ ਦਾ ਪੱਥਰ ਬਾਬੇ ਉਤੇ ਸੁੱਟ ਮਾਰਿਆ ਹੈ ਪਰ ਬਾਬੇ ਨਾਨਕ ਦੇ ਸਿੱਖ ਦਾ ਉਹ ਵਾਲ ਤਕ ਵੀ ਵਿੰਗਾ ਨਾ ਕਰ ਸਕੇ। ਇਹ ਵਲੀ ਕੰਧਾਰੀ ਦੇ ਵਾਰਸ ਕਾਫ਼ਲੇ ਦਾ ਸਫ਼ਰ ਜਾਰੀ ਰਿਹਾ। ਵਿਰੋਧਤਾ ਦੀ ਪ੍ਰਵਾਹ ਕੀਤੇ ਬਿਨਾਂ ਸੁਪਨਸਾਜ਼ ਨੇ ਅਗਲੇ ਸੁਪਨੇ ਨੂੰ ਸੱਚ ਕਰਨਾ ਸ਼ੁਰੂ ਕੀਤਾ।

ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਦੇ ਵਾਰਸਾਂ ਨੂੰ ਆਵਾਜ਼ ਮਾਰੀ ਕਿ ਆਉ, ਸਾਰੇ ਰਲ ਕੇ 'ਉੱਚਾ ਦਰ ਬਾਬੇ ਨਾਨਕ ਦਾ' ਲਈ ਜ਼ਮੀਨ ਲਭੀਏ। ਪਰ ਇਥੇ ਵੀ ਮਲਕ ਭਾਗੋਆਂ ਨੂੰ ਚਿੰਤਾ ਸਤਾਉਣ ਲੱਗੀ ਕਿ ਕਿਤੇ ਰੋਜ਼ਾਨਾ ਸਪੋਕਸਮੈਨ ਵਾਂਗ ਇਹ 'ਉੱਚਾ ਦਰ ਬਾਬੇ ਨਾਨਕ ਦਾ' ਵੀ ਜੇ ਹੋਂਦ ਵਿਚ ਆ ਗਿਆ ਤਾਂ ਸਾਡੇ ਮਹਿਲਾਂ ਦੀਆਂ ਮਮਟੀਆਂ ਤੇ ਮੁਨਾਰੇ ਤਾਂ ਦੂਰਬੀਨ ਨਾਲ ਵੀ ਨਹੀਂ ਵਿਖਾਈ ਦੇਣੇ।

ਅਪਣੇ ਆਪ ਨੂੰ ਸਿਆਸਤ ਦੀ ਸ਼ਤਰੰਜ ਦੇ ਮਾਹਰ ਸਮਝਣ ਵਾਲਿਆਂ ਨੇ ਕੋਝੀਆਂ ਅਤੇ ਕੁਟਿਲ ਨੀਤੀਆਂ ਵਰਤ ਕੇ ਕਈ ਵਾਰ ਸਿਰੇ ਚੜ੍ਹ ਰਹੇ ਜ਼ਮੀਨ ਦੇ ਸੌਦੇ ਮੁਕਰਵਾ ਦਿਤੇ। ਸਾਡੇ ਸੁਪਨਸਾਜ਼ ਨੂੰ ਆਪੇ ਘੜੀਆਂ ਧਾਰਾਵਾਂ ਵਿਚ ਉਲਝਾ ਕੇ ਰੁਕਾਵਟਾਂ ਪਾਈਆਂ ਗਈਆਂ ਪਰ 'ਹਮਸਫ਼ਰ ਮਿਲਤੇ ਗਏ ਕਾਰਵਾਂ ਬਨਤਾ ਗਿਆ'। ਇਸ ਦੇ ਰਾਹਾਂ ਵਿਚ ਆਏ ਸਾਰੇ ਕੰਡੇ ਵੀ ਫੁੱਲ ਬਣ ਕੇ ਗਲੇ ਦੇ ਹਾਰ ਬਣ ਗਏ।

ਬਾਬੇ ਨਾਨਕ ਦੀਆਂ ਰਹਿਮਤਾਂ ਉਤੇ ਸਾਡੇ ਗੁਨਾਹਾਂ ਨੂੰ ਵੀ ਨਾਜ਼ ਹੈ। ਇਹ ਸੁਪਨਾ ਵੀ ਸੱਚ ਹੋਇਆ ਤੇ 'ਉੱਚਾ ਦਰ ਬਾਬੇ ਨਾਨਕ ਦਾ' ਲਈ ਜ਼ਮੀਨ ਦੀ ਖ਼ਰੀਦ ਪ੍ਰਕਿਰਿਆ ਮੁਕੰਮਲ ਹੋ ਗਈ। ਇਹ ਸਵਰਗ ਦਾ ਟੁਕੜਾ ਦਿੱਲੀ, ਲੁਧਿਆਣਾ ਜੀ.ਟੀ. ਰੋਡ 'ਤੇ, ਸ਼ੰਭੂ ਬੈਰੀਅਰ ਤੋਂ ਪੰਜਾਬ ਵਲ ਇਕ ਕਿਲੋਮੀਟਰ ਅੰਦਰ ਵਲ ਹੈ। ਬਾਬੇ ਨਾਨਕ ਨੇ ਸਬੱਬੀ ਹੀ ਮੌਕੇ ਦੀ ਥਾਂ ਚੁਣ ਕੇ ਦਿਤੀ ਹੈ। ਕਿਸੇ ਵੀ ਦੇਸ਼ ਜਾਂ ਧਰਮ ਦਾ ਕੋਈ ਵੀ ਵਿਅਕਤੀ ਜੇ ਦਿੱਲੀ-ਅੰਬਾਲੇ ਤੋਂ ਆ ਕੇ ਪੰਜਾਬ ਵਿਚ ਦਾਖ਼ਲ ਹੋਵੇਗਾ ਤਾਂ 'ਉੱਚਾ ਦਰ ਬਾਬੇ ਨਾਨਕ ਦਾ' ਉਸ ਦਾ ਸਵਾਗਤ ਕਰੇਗਾ।

ਜਦੋਂ ਇਸ ਦੇ ਅੰਦਰ ਆ ਕੇ ਬਾਬੇ ਨਾਨਕ ਦੇ ਸੰਦੇਸ਼ ਨੂੰ ਵੇਖੇਗਾ ਤਾਂ ਉਸ ਦੀ ਜਨਮ-ਜਨਮ ਦੀ ਭੁੱਖ ਲਹਿ ਜਾਵੇਗੀ ਤੇ ਇਹ ਅਜੂਬਾ ਵੇਖ ਕੇ ਫਿਰ ਪੰਜਾਬ ਦਾ ਕੁੱਝ ਹੋਰ ਵੇਖਣ ਨੂੰ ਮਨ ਨਹੀਂ ਕਰੇਗਾ। ਜੇ ਪੰਜਾਬ ਤੋਂ ਦਿੱਲੀ ਵਲ ਜਾਣ ਵਾਲਾ ਵਿਅਕਤੀ, ਜਾਂਦਿਆਂ-ਜਾਂਦਿਆਂ ਇਸ ਅਜੂਬੇ ਨੂੰ ਵੇਖੇਗਾ ਤਾਂ ਉਸ ਦੀ ਇਥੋਂ ਜਾਣ ਦੀ ਇੱਛਾ ਹੀ ਨਹੀਂ ਰਹੇਗੀ। ਸ. ਸ. ਜੋਗਿੰਦਰ ਸਿੰਘ ਨੇ ਇਸ ਅਜੂਬੇ ਦੀ ਧਰਤੀ 'ਤੇ ਪਹਿਲੀ ਇਕੱਤਰਤਾ ਲਈ ਬਾਬੇ ਨਾਨਕ ਦੇ ਸਾਰੇ ਸਿੱਖਾਂ ਨੂੰ ਸੁਨੇਹੜੇ ਘੱਲੇ।

ਮਿਤੀ 15 ਮਈ ਨੂੰ, ਕਹਿਰਾਂ ਦੀ ਅੱਗ ਵਰ੍ਹਦੀ ਗਰਮੀ ਵਿਚ ਸੰਸਾਰ ਨੂੰ ਠੰਢ ਪਹੁੰਚਾਉਣ ਲਈ ਬਾਬੇ ਨਾਨਕ ਦੇ ਆਸ਼ਕ ਸਿੱਖ, ਵਹੀਰਾਂ ਘੱਤ ਕੇ ਆਣ ਪਹੁੰਚੇ। ਮੈਂ ਵੀ ਉਥੇ ਜਾ ਕੇ ਧਰਤੀ ਦੇ ਚੱਪੇ-ਚੱਪੇ ਨੂੰ ਨੀਝ ਲਾ ਕੇ ਵੇਖਿਆ। ਚਾਰੇ ਪਾਸੇ ਹੁਣੇ-ਹੁਣੇ ਤਾਮੀਰ ਹੋਈ ਚਾਰਦੀਵਾਰੀ ਨੂੰ ਨਿਹਾਰਿਆ। ਸੰਗਤੀ ਰੂਪ ਵਿਚ ਇਕੱਤਰ ਹੋਏ ਬੱਚੇ, ਵੀਰ ਤੇ ਬਜ਼ੁਰਗ ਸੱਭ ਅਪਣੇ-ਅਪਣੇ ਹੀ ਨਾ ਲੱਗੇ ਸਗੋਂ ਸਾਰਿਆਂ ਵਿਚੋਂ ਬਾਬਾ ਨਾਨਕ ਆਪ ਹਾਜ਼ਰ-ਨਾਜ਼ਰ ਮਹਿਸੂਸ ਹੋਇਆ।

ਮੈਂ ਤਾਂ ਸੋਭਾ ਸਿੰਘ ਚਿੱਤਰਕਾਰ ਵਲੋਂ ਬਾਬੇ ਨਾਨਕ ਦੀ ਬਣਾਈ ਬਹੁ-ਰੰਗੀ ਮਨੋਕਲਪਤ ਤਸਵੀਰ ਹੀ ਵੇਖੀ ਸੀ ਪਰ ਇਥੇ ਤਾਂ ਬਾਬੇ ਨਾਨਕ ਨੂੰ ਕਿਸੇ ਹੋਰ ਰੰਗ ਵਿਚ ਵੇਖਿਆ। ਇੰਜ ਲਗਿਆ ਜਿਵੇਂ ਬਾਬਾ ਨਾਨਕ, ਕਰਤਾਰਪੁਰ ਵਾਲੇ ਖੇਤਾਂ ਵਿਚ ਧੌੜੀ ਦੀ ਜੁੱਤੀ ਪਾਈ, ਗੋਡਿਆਂ ਤਕ ਗੋਡੇ-ਗੋਡੇ ਗਰਦੋ ਗੁਬਾਰ ਵਿਚ ਲਿਪਤ, ਆਮ ਕਿਰਸਾਨੀ ਲਿਬਾਸ ਪਹਿਨੀ, ਮੋਢੇ 'ਤੇ ਰੱਖੇ ਖੱਦਰ ਦੇ ਪਰਨੇ ਨਾਲ ਮੂੰਹ 'ਤੇ ਸਫੈਦ ਦਾਹੜੇ ਤੋਂ ਮਿੱਟੀ ਘੱਟਾ ਪੂੰਝਦਿਆਂ, ਮੱਥੇ 'ਤੇ ਹੱਥ ਰੱਖ ਕੇ ਬੜੀ ਨੀਝ ਨਾਲ ਦੂਰ-ਦੂਰ ਤਕ ਅਪਣੇ ਪਿਆਰੇ ਸਿੱਖਾਂ ਨੂੰ ਨਿਹਾਰ ਰਿਹਾ ਹੈ।

'ਉੱਚਾ ਦਰ ਬਾਬੇ ਨਾਨਕ ਦਾ' ਦਾ ਸਾਕਾਰ ਹੋ ਰਿਹਾ ਸੁਪਨਾ ਕੇਵਲ ਸ. ਜੋਗਿੰਦਰ ਸਿੰਘ ਜੀ ਦਾ ਜਾਂ ਬਾਬੇ ਨਾਨਕ ਦੇ ਸਿੱਖਾਂ ਦਾ ਹੀ ਨਹੀਂ ਸਗੋਂ ਬਾਬੇ ਨਾਨਕ ਦੀ ਅਪਣੀ ਸੋਚ ਦਾ ਸੁਪਨਾ ਵੀ ਸੱਚ ਹੋ ਰਿਹਾ ਹੈ। 'ਉੱਚਾ ਦਰ ਬਾਬੇ ਨਾਨਕ ਦਾ' ਅਜੂਬਾ ਲਗਭਗ 85 ਫ਼ੀ ਸਦੀ ਤਕ ਤਿਆਰ ਹੋ ਵੀ ਗਿਆ ਹੈ ਕਿਉਂਕਿ ਇਸ ਦੀ ਤਾਮੀਰ ਦਾ ਮਾਣ-ਸਨਮਾਨ ਤੇ ਇਹ ਔਖਾ ਕੰਮ ਉਨ੍ਹਾਂ ਨੇ ਸ. ਜੋਗਿੰਦਰ ਸਿੰਘ ਜੀ ਤੇ ਬੀਬੀ ਜਗਜੀਤ ਕੌਰ ਨੂੰ ਨਨਕਾਣੇ ਦੀ ਧਰਤੀ ਤੋਂ ਭੇਜ ਕੇ ਸੌਂਪ ਦਿਤਾ ਸੀ। 

ਬਾਬੇ ਨਾਨਕ ਦੇ ਸੱਚੇ ਸਿੱਖੋ! ਉਪ੍ਰੋਕਤ ਕਥਨ ਨਾ ਤਾਂ ਮੇਰੇ ਜਜ਼ਬਾਤੀ ਵਲਵਲੇ ਹਨ ਤੇ ਨਾ ਹੀ ਸ਼ਬਦਾਂ ਨਾਲ ਸਜਾਇਆ ਕੋਈ ਮਨ-ਪ੍ਰਚਾਵਾ ਹੈ। ਇਹ ਤਾਂ ਸੁਪਨਸਾਜ਼ ਸ. ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਦੇ ਸੁਪਨਿਆਂ ਵਿਚ ਆ ਚੁੱਕੇ ਨਾਨਕ ਨੂਰ ਦੀਆਂ ਬਾਤਾਂ ਹਨ। ਬਾਬੇ ਨਾਨਕ ਦੀ ਇਸ ਧਰਤੀ 'ਤੇ ਬਹਿ ਕੇ ਵਿਸ਼ਾਲ ਇਕੱਠ ਵਿਚ ਤੁਸੀ ਦੋਵੇਂ ਬਾਹਵਾਂ ਖੜੀਆਂ ਕਰ ਕੇ ਅਪਣਾ ਪੂਰਾ ਦਸਵੰਧ, ਹਰ ਮਹੀਨੇ, 'ਉੱਚਾ ਦਰ ਬਾਬੇ ਨਾਨਕ ਦਾ' ਲਈ ਭੇਜਣ ਦਾ ਵਾਅਦਾ ਸਰਦਾਰ ਹੁਰਾਂ ਨਾਲ ਕਰ ਕੇ ਆਏ ਪਰ ਸਾਰਿਆਂ ਨੇ ਇਸ ਨੂੰ ਅਮਲੀ ਜਾਮਾ ਨਾ ਪਹਿਨਾਇਆ।

ਪਰ ਚਲੋ ਬਾਕੀ ਰਹਿੰਦੇ 15 ਪ੍ਰਤੀਸ਼ਤ ਕੰਮ ਲਈ ਤਾਂ ਨਿੱਤਰ ਪਵੋ। ਵੰਡ ਪਿੱਛੋਂ ਪਾਕਿਸਤਾਨ ਵਿਚ ਰਹਿ ਗਏ ਗੁਰਦਵਾਰਿਆਂ ਦੀ ਸੇਵਾ ਸੰਭਾਲ ਬਾਰੇ ਤਾਂ ਅਸੀ ਰੋਜ਼ ਹੀ ਅਰਦਾਸ ਕਰਦੇ ਹਾਂ ਪਰ ਤੁਸੀ ਵੇਖਣਾ ਕਿ ਹੁਣ ਨਨਕਾਣਾ ਤੇ ਕਰਤਾਰਪੁਰ ਇਥੇ ਹੀ ਵੱਸ ਜਾਣਗੇ ਤੇ ਤੁਹਾਡੀਆਂ ਅਰਦਾਸਾਂ ਬਰ ਆਉਣਗੀਆਂ। 
'ਉੱਚਾ ਦਰ ਬਾਬੇ ਨਾਨਕ ਦਾ' ਦੁਨੀਆਂ ਦਾ 8ਵਾਂ ਅਜੂਬਾ ਹੋਵੇਗਾ ਜਿਥੋਂ ਨਾਨਕ ਦਾ ਨੂਰ ਬਰਸੇਗਾ ਤੇ ਦੁਨੀਆਂ ਨਾਨਕ ਪਿਆਰ ਦੀ ਖ਼ੁਸ਼ਬੂ ਨਾਲ ਸੁਗੰਧਤ ਹੁੰਦੀ ਰਹੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement