
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ 23 ਨਵੰਬਰ ਨੂੰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਦੇ 550 ਸਾਲਾ ਜਨਮ ਸ਼ਤਾਬਦੀ ਸਮਾਗਮ ਸ਼ੁਰੂ ਕਰਵਾਏ ਜਾ ਰਹੇ ਹਨ.....
ਗੁਰਦਾਸਪੁਰ : ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ 23 ਨਵੰਬਰ ਨੂੰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਦੇ 550 ਸਾਲਾ ਜਨਮ ਸ਼ਤਾਬਦੀ ਸਮਾਗਮ ਸ਼ੁਰੂ ਕਰਵਾਏ ਜਾ ਰਹੇ ਹਨ ਜੋ ਸਾਰਾ ਸਾਲ ਚਲਣਗੇ। ਉਨ੍ਹਾਂ ਦਸਿਆ ਕਿ 23 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 550 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਉਹ ਇਥੇ ਸ਼ੂਗਰਫੈੱਡ ਪੰਜਾਬ ਦੇ 65ਵੇਂ ਸਰਵ ਭਾਰਤੀ ਸਹਿਕਾਰੀ ਸਪਤਾਹ ਸਬੰਧੀ ਸ਼ੂਗਰ ਮਿੱਲ ਪਨਿਆੜ ਵਿਖੇ ਸਮਾਗਮ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਗੁਰਦਾਸਪੁਰ ਤੇ ਬਟਾਲਾ ਸ਼ੂਗਰ ਮਿੱਲ ਦੇ ਨਵ-ਨਿਰਮਾਣ ਕਾਰਜਾਂ ਦਾ ਉਦਘਾਟਨ ਅਗਲੇ ਮਹੀਨੇ ਕੀਤਾ ਜਾਵੇਗਾ
ਜਿਸ ਨਾਲ ਇਸ ਖੇਤਰ ਦੇ ਗੰਨਾ ਕਾਸ਼ਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ। ਸ. ਰੰਧਾਵਾ ਤੇ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਇਸ ਮੌਕੇ ਗੰਨੇ ਦੀ ਪਿੜਾਈ ਦੇ ਕੰਮ ਦੀ ਸ਼ੁਰੂਆਤ ਕਰਵਾਈ ਤੇ ਮੋਬਾਈਲ ਐਪ (ਈ-ਪਰਚੀ) ਵੀ ਲਾਂਚ ਕੀਤਾ ਜਿਸ ਨਾਲ ਕਿਸਾਨ ਗੰਨੇ ਦੀ ਪਰਚੀ ਤੋਂ ਲੈ ਕੇ ਅਦਾਇਗੀ ਤਕ ਦੀ ਜਾਣਕਾਰੀ ਐਸ.ਐਮ.ਐਸ ਰਾਹੀ ਪ੍ਰਾਪਤ ਕਰ ਸਕਣਗੇ। ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ੂਗਰਮਿੱਲ ਅਜਨਾਲਾ, ਬਟਾਲਾ ਤੇ ਪਨਿਆੜ ਵਿਖੇ ਸਹਿਕਾਰੀ ਸਪਤਾਹ ਸਬੰਧੀ ਸਮਾਗਮ ਕਰਵਾਏ ਗਏ ਹਨ
ਤੇ ਪੰਜਾਬ ਸਰਕਾਰ ਵਲੋਂ ਗੰਨਾ ਕਾਸ਼ਤਕਾਰਾਂ ਦੀ ਹਰ ਮੁਸ਼ਕਲ ਪਹਿਲ ਦੇ ਆਧਾਰ 'ਤੇ ਹੱਲ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਖੰਡ ਮਿੱਲ ਪਨਿਆੜ ਤੇ ਬਟਾਲਾ ਦੇ ਨਵ ਨਿਰਮਾਣ ਕਾਰਜ ਜਲਦ ਸ਼ੁਰੂ ਕੀਤੇ ਜਾ ਰਹੇ ਹਨ ਤੇ ਡੇਢ ਸਾਲ ਦੇ ਅੰਦਰ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾਣਗੇ। ਅਰੁਣਾ ਚੌਧਰੀ ਨੇ ਕਿਹਾ ਕਿ ਸ਼ੂਗਰ ਮਿੱਲ ਪਨਿਆੜ ਗੰਨਾ ਕਾਸ਼ਤਕਾਰਾਂ ਦੀ ਰੀੜ੍ਹ ਦੀ ਹੱਡੀ ਹੈ ਤੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਪੰਜਾਬ ਸਰਕਾਰ ਵਲੋਂ ਮਿੱਲ ਦੀ ਕਪੈਸਟੀ ਵਧਾਈ ਜਾ ਰਹੀ ਹੈ
ਤੇ ਵਿਕਾਸ ਕਾਰਜ ਵੀ ਸ਼ੁਰੂ ਕਰਵਾਏ ਜਾ ਰਹੇ ਹਨ। ਸਮਾਗਮ ਵਿਚ ਹਲਕਾ ਵਿਧਾਇਕ ਗੁਰਦਾਸਪੁਰ ਬਰਿੰਦਰਮੀਤ ਸਿੰਘ ਪਾਹੜਾ, ਜੋਗਿੰਦਰਪਾਲ ਹਲਕਾ ਵਿਧਾਇਕ ਭੋਆ, ਹਰਪ੍ਰਤਾਪ ਸਿੰਘ ਅਜਨਾਲਾ ਹਲਕਾ ਵਿਧਾਇਕ ਅਜਨਾਲਾ, ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਅਸ਼ੋਕ ਚੌਧਰੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਤੇ ਚੇਅਰਮੈਨ ਮਹਿੰਦਰ ਸਿੰਘ ਕੌਂਟਾ ਵੀ ਮੋਜੂਦ ਸਨ।