ਸਾਕਾ ਸਰਹਿੰਦ 'ਤੇ ਵਿਸ਼ੇਸ਼- ਜੋ ਅਪਣੀਆਂ ਜਾਨਾਂ ਦੇ ਕੇ, ਹੋਰਾਂ ਦੀਆਂ ਜਾਨਾਂ ਬਚਾ ਗਏ
Published : Dec 22, 2019, 8:18 am IST
Updated : Apr 9, 2020, 11:14 pm IST
SHARE ARTICLE
Sirhind
Sirhind

ਦਸੰਬਰ ਮਹੀਨੇ ਦੀਆਂ ਇਨ੍ਹਾਂ ਸ਼ਹਾਦਤਾਂ ਦੀ ਗੌਰਵਮਈ ਗਾਥਾ ਜੋ 19-20 ਦਸੰਬਰ 1704 ਤੋਂ ਸ਼ੁਰੂ ਹੁੰਦੀ ਹੈ, ਦਾ ਜ਼ਿਕਰ ਬਹੁਤ ਹੀ ਦੁਖਦਾਈ ਹੈ

ਬੇਸ਼ੱਕ ਸਮੁੱਚਾ ਸਿੱਖ ਇਤਿਹਾਸ ਹੀ ਮਨੁੱਖਤਾ ਦੇ ਭਲੇ ਲਈ ਕੁਰਬਾਨ ਹੋਏ ਸ਼ਹੀਦਾਂ ਦੇ ਖ਼ੂਨ ਨਾਲ ਰੰਗਿਆ ਹੋਇਆ ਹੈ ਪਰ ਵਿਸ਼ੇਸ਼ ਕਰ ਕੇ ਦਸੰਬਰ ਮਹੀਨੇ ਵਿਚ ਹੋਈਆਂ ਮਾਸੂਮ ਅਤੇ ਗੌਰਵਮਈ ਸ਼ਹਾਦਤਾਂ ਦੀ ਗਾਥਾ ਏਨੀ ਵੈਰਾਗਮਈ ਹੈ ਕਿ ਦੁਨੀਆਂ ਦਾ ਹਰ ਇਨਸਾਫ਼ ਪਸੰਦ ਇਨਸਾਨ ਇਹ ਗਾਥਾ ਸੁਣ ਕੇ ਸ਼ਰਧਾ ਨਾਲ ਸੀਸ ਝੁਕਾਉਂਦਾ ਹੈ।

ਦਸੰਬਰ ਮਹੀਨੇ ਦੀਆਂ ਇਨ੍ਹਾਂ ਸ਼ਹਾਦਤਾਂ ਦੀ ਗੌਰਵਮਈ ਗਾਥਾ ਜੋ 19-20 ਦਸੰਬਰ 1704 ਤੋਂ ਸ਼ੁਰੂ ਹੁੰਦੀ ਹੈ, ਦਾ ਜ਼ਿਕਰ ਬਹੁਤ ਹੀ ਦੁਖਦਾਈ ਹੈ। ਇਤਿਹਾਸਕਾਰ ਲਿਖਦੇ ਹਨ ਕਿ 15 ਮਈ ਤੋਂ ਲੈ ਕੇ 18 ਦਸੰਬਰ 1704 ਤਕ 10 ਲੱਖ ਮੁਗ਼ਲ ਫ਼ੌਜਾਂ ਦਾ ਘੇਰਾ ਆਨੰਦਗੜ੍ਹ ਕਿਲ੍ਹੇ ਨੂੰ ਪਿਆ ਰਿਹਾ। ਅੰਦਰ ਬੈਠੇ ਸੂਰਮੇ ਸਿੰਘ ਭੁੱਖੇ-ਭਾਣੇ ਜਾਨਾਂ ਹੂਲ ਕੇ ਲੜੇ ਪਰ ਦੁਸ਼ਮਣ ਨੂੰ ਕਿਲ੍ਹੇ ਵਿਚ ਦਾਖ਼ਲ ਨਹੀਂ ਹੋਣ ਦਿਤਾ।

ਆਖ਼ਰ ਦੁਸ਼ਮਣ ਹਾਕਮਾਂ ਵਲੋਂ ਕਸਮਾਂ ਖਾਣ 'ਤੇ ਗੁਰੂ ਜੀ ਨੇ ਅਪਣੇ ਪ੍ਰਵਾਰ ਅਤੇ ਬਾਕੀ ਸਿੱਖਾਂ ਸਮੇਤ 19-20 ਦਸੰਬਰ 1704 ਦੀ ਰਾਤ ਨੂੰ ਅਨੰਦਗੜ੍ਹ ਕਿਲ੍ਹਾ ਛੱਡਣ ਉਪਰੰਤ ਰੋਪੜ ਵਲ ਚਾਲੇ ਪਾ ਦਿਤੇ। ਪਰ ਦੁਸ਼ਮਣ ਕਸਮਾਂ ਤੋੜ ਕੇ ਪਿੱਛੋਂ ਹਮਲਾਵਰ ਹੋ ਗਏ। ਰਸਤੇ ਵਿਚ ਪੈਂਦੀ ਹੜ੍ਹ ਨਾਲ ਨੱਕੋ-ਨੱਕ ਭਰੀ ਸਰਸਾ ਨਦੀ ਦੇ ਕੰਢੇ ਉੱਤੇ 20 ਦਸੰਬਰ 1704 ਦੀ ਰਾਤ ਨੂੰ ਘਮਸਾਨ ਦੇ ਹੋਏ ਯੁੱਧ ਵਿਚ ਕਈ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ, ਬਹੁਤ ਬਾਰੇ ਔਰਤਾਂ ਬੱਚੇ ਅਤੇ ਗੁਰੂ ਜੀ ਵਲੋਂ ਰਚਿਤ ਕਈ ਗ੍ਰੰਥ ਵੀ ਹੜ੍ਹ ਵਿਚ ਰੁੜ੍ਹ ਗਏ ਅਤੇ ਇੱਥੇ ਹੀ ਗੁਰੂ ਜੀ ਦਾ ਪ੍ਰਵਾਰ ਵਿਛੜ ਕੇ ਖੇਰੂੰ-ਖੇਰੂੰ ਹੋ ਗਿਆ ਸੀ।

ਗੁਰੂ ਜੀ 40 ਸਿੰਘਾਂ ਸਮੇਤ 21 ਦਸੰਬਰ ਦੀ ਸ਼ਾਮ ਨੂੰ ਚਮਕੌਰ ਸਾਹਿਬ ਪੁੱਜ ਗਏ ਅਤੇ ਇੱਥੇ ਇਕ ਕੱਚੀ ਹਵੇਲੀ, ਜੋ ਇਤਿਹਾਸ ਵਿਚ ਚਮਕੌਰ ਦੀ ਗੜ੍ਹੀ ਵਜੋਂ ਜਾਣੀ ਜਾਂਦੀ ਹੈ, 'ਚ ਮੋਰਚੇ ਸੰਭਾਲ ਲਏ ਜਿਥੇ 22 ਦਸੰਬਰ ਦੀ ਸਵੇਰ ਨੂੰ 40 ਸਿੰਘਾਂ ਅਤੇ 10 ਲੱਖ ਮੁਗਲ ਫ਼ੌਜਾਂ ਵਿਚ ਸੰਸਾਰ ਦਾ ਅਨੋਖਾ ਯੁੱਧ ਹੋਇਆ। ਇਸ ਵਿਚ ਹੋਰ ਸਿੰਘਾਂ ਦੇ ਨਾਲ ਦੋ ਵੱਡੇ ਸ਼ਾਹਿਬਜ਼ਾਦੇ ਅਜੀਤ ਸਿੰਘ 18 ਸਾਲ ਅਤੇ ਜੁਝਾਰ ਸਿੰਘ 14 ਸਾਲ ਜੰਗ ਵਿਚ ਜੂਝਦੇ ਸ਼ਹੀਦ ਹੋ ਗਏ। ਚਮਕੌਰ ਗੜ੍ਹੀ ਦੀ ਨਾਜ਼ੁਕ ਸਥਿਤੀ ਨੂੰ ਵੇਖ ਕੇ ਪੰਜ ਸਿੰਘਾਂ ਵਲੋਂ ਸਿੱਖੀ ਦੇ ਭਵਿੱਖ ਲਈ ਦਿਤੇ ਆਦੇਸ਼ ਅਨੁਸਾਰ ਗੁਰੂ ਜੀ 22 ਦਸੰਬਰ ਦੀ ਰਾਤ ਨੂੰ 3 ਸਿੰਘਾਂ ਸਮੇਤ ਗੜ੍ਹੀ ਛੱਡ ਕੇ ਮਾਛੀਵਾੜੇ ਵਲ ਚਲੇ ਗਏ ਸਨ।

ਹੁਣ ਜਦੋਂ ਸਾਕਾ ਸਰਹੰਦ ਦੀ ਅਤਿ ਦਰਦਨਾਕ ਅਤੇ ਦਿਲ ਕੰਬਾਊੁ ਗਾਥਾ ਦਾ ਜ਼ਿਕਰ ਆਉਂਦਾ ਹੈ ਤਾਂ ਹਰ ਇਨਸਾਨ ਦੇ ਲੂੰ-ਕੰਡੇ ਖੜੇ ਹੋ ਜਾਂਦੇ ਹਨ ਕਿ ਕਿਵੇਂ ਸਰਸਾ ਨਦੀ 'ਤੇ ਰਾਤ ਨੂੰ ਵਿਛੜੇ ਦਾਦੀ ਮਾਤਾ ਅਤੇ ਛੋਟੇ ਸਾਹਿਬਜ਼ਾਦੇ ਨਦੀ ਦੇ ਨਾਲ ਨਾਲ ਜਾ ਰਹੇ ਸਨ। ਦਸੰਬਰ (ਪੋਹ) ਮਹੀਨੇ ਦੀ ਅਤਿ ਠੰਢੀ, ਕਿਣਮਿਣ ਕਰਦੀ ਕਾਲੀ ਬੋਲੀ ਰਾਤ ਸੀ। ਉਨ੍ਹਾਂ ਦੇ ਵਸਤਰ ਵੀ ਭਿਜ ਚੁੱਕੇ ਸਨ।

ਦਾਦੀ ਮਾਂ ਛੋਟੇ ਲਾਲਾਂ - ਜ਼ੋਰਾਵਰ ਸਿੰਘ 9 ਸਾਲ, ਫ਼ਤਿਹ ਸਿੰਘ 7 ਸਾਲ ਦੀ ਮਾਸੂਮ ਉਮਰ ਪਰ ਉੱਚੇ ਹੌਂਸਲੇ ਵਾਲੀਆਂ ਇਨ੍ਹਾਂ ਜਿੰਦਾਂ ਨੂੰ - ਦੋਵੇਂ ਪਾਸੇ ਅਪਣੇ ਨਾਲ ਲਾ ਕੇ ਉਂਗਲਾਂ ਫੜ ਕੇ ਲਈ ਜਾ ਰਹੀ ਸੀ। ਕਿਤੇ ਜੇ ਪਾਣੀ ਆ ਜਾਂਦਾ ਤਾਂ ਦਾਦੀ ਚੁੱਕ ਵੀ ਲੈਂਦੀ ਸੀ। ਇਹ ਦ੍ਰਿਸ਼ ਬੜਾ ਦਰਦਨਾਕ ਸੀ। ਇਥੇ ਬੇਨਤੀ ਹੈ ਉਨ੍ਹਾਂ ਦਾਦੇ-ਦਾਦੀਆਂ ਨੂੰ ਜੋ ਅਪਣੇ ਪੋਤੇ-ਪੋਤੀਆਂ ਨੂੰ ਇਨ੍ਹਾਂ ਠੰਢੀਆਂ ਰਾਤਾਂ ਨੂੰ ਅਪਣੀਆਂ ਬੁੱਕਲਾਂ ਵਿਚ ਲਪੇਟ ਕੇ ਰਖਦੇ ਹਨ ਅਤੇ ਬੱਚਿਆਂ ਦੇ ਮਾਂ-ਬਾਪ ਵੀ ਇਨ੍ਹਾਂ ਨੂੰ ਕੰਡਾ ਨਹੀਂ ਚੁੱਭਣ ਦਿੰਦੇ।

ਪਰ ਜ਼ਰਾ ਕਲਪਨਾ ਕਰੀਏ ਉਸ ਅਵਸਥਾ ਦੀ ਜੋ ਦਾਦੀ ਮਾਂ ਨੂੰ ਅਪਣੇ ਇਨ੍ਹਾਂ ਪਿਆਰੇ ਪੋਤਿਆਂ ਨਾਲ ਬਿਤਾਉਣੀ ਪਈ ਤੇ ਵਾਹਿਗੁਰੂ ਦਾ ਭਾਣਾ ਮਿੱਠਾ ਕਰ ਕੇ ਮੰਨਿਆ ਪਰ ਹਾਰ ਨਹੀਂ ਕਬੂਲੀ। ਛੋਟੇ ਸਾਹਿਬਜ਼ਾਦੇ ਅਤੇ ਦਾਦੀ ਮਾਂ ਦੀਆਂ ਸ਼ਹਾਦਤਾਂ ਦੇ ਇਸ ਦੁਖਦਾਈ ਪੰਨੇ ਨੂੰ ਹੋਰ ਅੱਗੇ ਫਰੋਲਿਆਂ ਪਤਾ ਲਗਦਾ ਹੈ ਕਿ ਅਸਲ ਵਿਚ ਇਸ ਸੱਭ ਦੇ ਮੁੱਖ ਗੁਨਾਹਗਾਰ ਗੰਗੂ ਅਤੇ ਸੁੱਚਾ ਨੰਦ ਹੀ ਸਨ। ਅਚੰਭਾ ਤਾਂ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਤਿਲਕ ਜੰਜੂ ਦੀ ਖ਼ਾਤਰ ਇਨ੍ਹਾਂ ਲਾਲਾਂ ਦੇ ਦਾਦਾ ਗੁਰੂ ਤੇਗ ਬਹਾਦਰ ਜੀ ਨੇ ਅਪਣਾ ਬਲੀਦਾਨ ਦਿਤਾ ਸੀ।

ਉਨ੍ਹਾਂ ਵਿਚੋਂ ਹੀ ਇਕ ਗੰਗੂ ਰਸੋਈਏ ਨੇ ਇਨ੍ਹਾਂ ਨੂੰ ਘਰ ਰਾਤ ਰੱਖ ਕੇ ਧੋਖੇ ਨਾਲ ਗ੍ਰਿਫ਼ਤਾਰ ਕਰਵਾਇਆ ਅਤੇ ਉਨ੍ਹਾਂ ਲੋਕਾਂ 'ਚੋਂ ਹੀ ਇਕ ਸੁੱਚਾ ਨੰਦ ਨੇ ਗੁਰੂ ਜੀ ਦੇ ਲਾਲਾਂ ਨੂੰ ਸੱਪ ਦੇ ਬੱਚੇ ਕਹਿ ਕੇ ਖ਼ਤਮ ਕਰ ਦੇਣ ਦੀ ਚੁਕਣਾ ਸੂਬਾ ਸਰਹਿੰਦ ਨੂੰ ਦਿਤੀ ਸੀ। ਵੇਖੋ, ਧੰਨ ਹੈ ਦਾਦੀ ਮਾਤਾ ਜਿਸ ਨੇ ਬੱਚਿਆਂ ਨੂੰ ਅਜਿਹੀ ਪ੍ਰੇਰਣਾ ਅਤੇ ਅਡੋਲ ਦ੍ਰਿੜ੍ਹਤਾ ਦਾ ਪਾਠ ਪੜ੍ਹਾਇਆ ਕਿ ਉਹ ਠੰਢੇ ਬੁਰਜ ਦੀ ਕੈਦ ਵੇਲੇ ਕਸ਼ਟ ਵਿਚ ਰਹਿ ਕੇ ਵੀ  25-26-27 ਦਸੰਬਰ ਨੂੰ ਵਜ਼ੀਰ ਖਾਂ ਦੀ ਕਚਿਹਰੀ ਵਿਚ ਅਨੇਕਾਂ ਡਰਾਂ, ਲਾਲਚਾਂ ਤੋਂ ਬਿਲਕੁਲ ਨਾ ਡੋਲੇ ਅਤੇ ਆਖ਼ਰ 27 ਦਸੰਬਰ ਨੂੰ ਹਕੂਮਤ ਵਲੋਂ ਕੰਧਾਂ ਵਿਚ ਚਿਣਵਾ ਕੇ ਦਿਤੀ ਗਈ ਸ਼ਹੀਦੀ ਨੂੰ ਵੀ ਚੜ੍ਹਦੀ ਕਲਾ ਵਿਚ ਰਹਿੰਦੇ ਹੋਏ ਪ੍ਰਵਾਨ ਕੀਤਾ।

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪਰੰਤ ਮਾਤਾ ਗੁਜਰੀ ਜੀ ਵੀ ਸਵਾਸ ਤਿਆਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਇਕ ਲਿਖਾਰੀ ਭਾਈ ਦੁਨਾ ਸਿੰਘ ਹਡੂਰੀਆ ਨੇ ਅਪਣੀ ਪੁਸਤਕ 'ਕਥਾ ਗੁਰੂ ਜੀ ਕੇ ਸੁਤਨ ਕੀ' ਵਿਚ ਲਿਖਿਆ ਹੈ 'ਰਜ ਕੋ ਪਾਇ ਪੀਪਲਹ ਬਾਂਧੇ, ਦੁਸ਼ਟ ਗੁਲੇਲੇ ਤੀਰ ਸੁ ਸਾਂਧੇ'। ਭਾਵ ਕਿ ਜ਼ਾਲਮਾਂ ਨੇ ਸ਼ਹਾਦਤ ਤੋਂ ਪਹਿਲਾਂ ਇਨ੍ਹਾਂ ਮਾਸੂਮ ਬੱਚਿਆਂ ਨੂੰ ਪਿੱਪਲ ਨਾਲ ਬੰਨ੍ਹ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਗੁਲੇਲੇ ਮਾਰੇ ਸਨ ਅਤੇ ਉਨ੍ਹਾਂ ਨੂੰ ਚਾਬਕ ਅਤੇ ਕੋਰੜੇ ਵੀ ਮਾਰੇ ਸਨ। ਇਕ ਇਤਿਹਾਸਕਾਰ ਨੇ ਅਪਣੀ ਲਿਖਤ 'ਗੁਰਪ੍ਰਣਾਲੀ ਗੁਲਾਬ ਸਿੰਘ' ਵਿਚ ਲਿਖਿਆ ਹੈ ਕਿ 'ਸਵਾ ਪਹਰ ਦਿਨ ਚੜ੍ਹੇ ਕਾਮ ਭਯੋ'।

ਭਾਵ ਸਵਾ ਪਹਿਰ ਦਿਨ ਚੜ੍ਹੇ ਸ਼ਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਜੋ ਸਮਾਂ ਸਵੇਰੇ 9.45 ਤੋਂ 11 ਵਜੇ ਤਕ ਇਤਿਹਾਸਕਾਰਾਂ ਨੇ ਬਣਾਇਆ ਅਤੇ ਇਹ ਸਮਾਂ ਸਮੁੱਚੀ ਸਿੱਖ ਕੌਮ ਅਤੇ ਨਾਨਕ ਨਾਮ ਲੇਵਾ ਸ਼ਰਧਾਲੂਆਂ ਲਈ ਗੁਰਬਾਣੀ ਨਾਲ ਜੁੜਨ ਅਤੇ ਗੰਭੀਰਤਾ ਨਾਲ ਇਨ੍ਹਾਂ ਦਰਦਨਾਕ ਪਲਾਂ ਦਾ ਅਹਿਸਾਸ ਕਰਨ ਦਾ ਸਮਾਂ ਹੁੰਦਾ ਹੈ। ਇਸ ਸ਼ਹੀਦੀ ਸਥਾਨ ਉਪਰ ਤਾਂ ਅੱਜ ਗੁਰਦੁਆਰਾ ਸਾਹਿਬ ਜੋਤੀ ਸਰੂਪ ਸੁਸ਼ੋਭਤ ਹੈ ਜਿਥੇ ਲੱਖਾਂ ਹੀ ਸੰਗਤਾਂ ਸ਼ਹੀਦੀ ਦਿਨਾਂ ਵਿਚ ਸੀਸ ਝੁਕਾ ਦੇ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ। ਪਰ ਦੂਜੇ ਪਾਸੇ ਗੰਗੂ ਅਤੇ ਸੁੱਚਾ ਨੰਦ ਜਿਹੇ ਵਿਸ਼ਵਾਸਘਾਤੀਆਂ ਦੇ ਕਿਤੇ ਨਾਮੋ-ਨਿਸ਼ਾਨ ਹੀ ਨਹੀਂ ਲਭਦੇ।

ਇਥੇ ਹੀ ਧੰਨ ਹਨ ਉਹ ਸੱਚੇ ਅਤੇ ਗੁਰੂ ਹਮਦਰਦੀ ਵਿਚ ਰੰਗੇ ਇਨਸਾਨ ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ। ਇਨ੍ਹਾਂ ਨੇ ਮੁਗ਼ਲ ਸਲਤਨਤ ਦੇ ਨੌਕਰ ਹੁੰਦੇ ਹੋਏ ਵੀ ਅਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਮਾਤਾ ਗੁਜਰੀ ਅਤੇ ਇਨ੍ਹਾਂ ਲਾਲਾਂ ਦੀ ਸੇਵਾ ਕੀਤੀ। ਬਾਬਾ ਮੋਤੀ ਰਾਮ ਮਹਿਰਾ ਮਾਤਾ ਅਤੇ ਬੱਚਿਆਂ ਨੂੰ ਠੰਢੇ ਬੁਰਜ ਵਿਚ ਚੋਰੀ ਦੁੱਧ ਪਿਲਾਉਂਦੇ ਰਹੇ ਜਿਸ ਦੀ ਸਜ਼ਾ ਵਜੋਂ ਹਕੂਮਤ ਨੇ ਉਨ੍ਹਾਂ ਨੂੰ ਪ੍ਰਵਾਰ ਸਮੇਤ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ ਸੀ। ਉਨ੍ਹਾਂ ਦੀ ਯਾਦਗਾਰ ਵਜੋਂ ਇੱਥੇ ਗੁਰਦੁਆਰਾ ਬਣਿਆ ਹੋਇਆ ਹੈ ਜਿਥੇ ਸੰਗਤਾਂ ਨਤਮਸਤਕ  ਹੁੰਦੀਆਂ ਹਨ।

ਇਵੇਂ ਹੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪਰੰਤ ਕੋਈ ਵੀ ਪ੍ਰਵਾਰ ਉਨ੍ਹਾਂ ਦੀ ਅੰਤਿਮ ਸੰਸਕਾਰ ਕਰਨ ਦੀ ਹਿੰਮਤ ਹਕੂਮਤ ਦੇ ਡਰੋਂ ਨਹੀਂ ਕਰ ਰਿਹਾ ਸੀ ਪਰ ਦੀਵਾਨ ਟੋਡਰ ਮੱਲ ਨੇ ਸੰਸਕਾਰ ਲਈ ਜ਼ਮੀਨ 'ਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਸੱਭ ਤੋਂ ਮਹਿੰਗੇ ਮੁੱਲ ਖ਼ਰੀਦੀ ਸੀ ਅਤੇ ਪ੍ਰਵਾਰ ਨੂੰ ਨਾਲ ਲੈ ਕੇ ਇਨ੍ਹਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ। ਉਸ ਦੀ ਯਾਦ ਵਿਚ ਵੀ ਅੱਜ 'ਦੀਵਾਨ ਟੋਡਰ ਮਲ ਹਾਲ' ਬਣਿਆ ਹੋਇਆ ਹੈ ਜੋ ਉਸ ਦੀ ਸੇਵਾ ਸ਼ਰਧਾ ਦੀ ਯਾਦ ਤਾਜ਼ਾ ਕਰਦਾ ਹੈ ਅਤੇ ਹਰ ਇਨਸਾਨ ਨੂੰ ਇਕ ਸਿਖਿਆ ਵੀ ਦਿੰਦਾ ਹੈ।

 

ਇਸੇ ਤਰ੍ਹਾਂ ਇਕ ਹੋਰ ਸੱਚੇ ਮੁਸਲਮਾਨ ਨਵਾਬ ਮਲੇਰਕੋਟਲਾ ਸ਼ੇਰ ਖਾਂ ਦਾ ਜ਼ਿਕਰ ਕਰਨਾ ਵੀ ਅਤਿਫ਼ਖਰਯੋਗ ਹੈ ਜਿਸ ਨੇ ਇਨ੍ਹਾਂ ਛੋਟੇ ਲਾਲਾਂ ਨੂੰ ਕੰਧਾਂ ਵਿਚ ਚਿਣੇ ਜਾਣ ਦਾ ਵਿਰੋਧ ਕਰਦੇ ਹੋਏ ਵਜ਼ੀਰ ਖਾਂ ਨਾਲ ਇਸ ਗੱਲੋਂ ਬਹਿਸ ਵੀ ਕੀਤੀ ਸੀ ਕਿ ਸਾਡਾ ਕੁਰਾਨ ਸ਼ਰੀਫ਼ ਗ੍ਰੰਥ ਨਿਹੱਥੇ ਔਰਤਾਂ ਅਤੇ ਬੱਚਿਆਂ ਉਪਰ ਅਜਿਹਾ ਜ਼ੁਲਮ ਕਰਨ ਦੀ ਆਗਿਆ ਨਹੀਂ ਦਿੰਦਾ। ਇਸ ਰੋਸ ਵਜੋਂ ਉਹ ਉਠ ਕੇ ਚਲੇ ਗਏ ਸਨ।

ਵੇਖਿਆ ਜਾਵੇ ਤਾਂ ਅੱਜ ਇਨ੍ਹਾਂ ਲਹੂ ਭਿੱਜੀਆਂ ਵੈਰਾਗਮਈ ਸ਼ਹਾਦਤਾਂ ਨੂੰ ਪੜ੍ਹ-ਸੁਣ ਕੇ ਕੋਈ ਵੀ ਇਨਸਾਨ ਭਾਵੇਂ ਉਹ ਗ਼ੈਰ-ਸਿੱਖ, ਗ਼ੈਰ-ਪੰਜਾਬੀ, ਭਾਰਤੀ ਜਾਂ ਵਿਦੇਸ਼ੀ ਕਿਉਂ ਨਾ ਹੋਵੇ ਅਪਣੀਆਂ ਅੱਖਾਂ ਦੇ ਹੰਝੂ ਰੋਕ ਨਹੀਂ ਸਕਦਾ ਜਿਸ ਤੱਥ ਦੀ ਗਵਾਹੀ ਇਹ ਹੈ ਕਿ ਕੁੱਝ ਸਾਲ ਪਹਿਲਾਂ ਪੰਜਾਬ ਦੇ ਇਕ ਵਿਦਵਾਨ ਨੇ ਦਸਿਆ ਕਿ ਉਸ ਨੂੰ ਅਪਣੀ ਅਮਰੀਕਾ ਯਾਤਰਾ ਦੌਰਾਨ ਉਥੋਂ ਦੇ ਇਕ ਸੈਮੀਨਾਰ ਹਾਲ ਵਿਚ ਪ੍ਰਭੂ ਯਸੂ-ਮਸੀਹ ਦੇ ਸ਼ਹੀਦੀ ਦਿਹਾੜੇ ਉਪਰ ਬੋਲਣ ਦਾ ਜਦੋਂ ਮੌਕਾ ਮਿਲਿਆ ਸੀ ਤਾਂ ਉਨ੍ਹਾਂ ਨੇ ਇਸ ਪ੍ਰਤੀ ਬੋਲਦੇ ਹੋਏ ਅਪਣੇ ਭਾਸ਼ਣ ਨੂੰ ਸਰਹਿੰਦ ਦੀ ਸ਼ਹੀਦੀ ਦਾਸਤਾਨ ਦਸਣੀ ਸ਼ੁਰੂ ਕੀਤੀ ਤਾਂ ਸਾਹਮਣੇ ਬੈਠੇ ਸਰੋਤੇ ਬਹੁਤ ਭਾਵੁਕ ਅਤੇ ਹੰਝੂਗ੍ਰਸਤ ਹੋ ਗਏ ਸਨ ਅਤੇ ਔਰਤਾਂ ਅਪਣੇ ਬੱਚਿਆਂ ਨੂੰ ਵਾਰ ਵਾਰ ਅਪਣੀ ਛਾਤੀ ਨਾਲ ਘੁਟਦੇ ਹੋਏ ਅੱਖਾਂ ਵਿਚ ਹੰਝੂ ਭਰੀ ਬੈਠੀਆਂ ਸਨ ਅਤੇ ਉਥੇ ਸੰਨਾਟਾ ਛਾਇਆ ਹੋਇਆ ਸੀ।

 

ਜਾਪਦਾ ਸੀ ਕਿ ਉਹ ਲੋਕ ਪ੍ਰਭੂ ਯਸੂ-ਮਸੀਹ ਦੀ ਸ਼ਹਾਦਤ ਨਾਲੋਂ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਗਾਥਾ ਪ੍ਰਤੀ ਜ਼ਿਆਦਾ ਪੀੜਾ ਮਹਿਸੂਸ ਕਰ ਰਹੇ ਸਨ। ਭਾਸ਼ਣ ਖ਼ਤਮ ਹੋਣ ਉਪਰੰਤ ਉਹ ਸਾਰੇ ਬੜੇ ਭਾਵੁਕ ਹੋ ਕੇ ਇਹ ਪੁੱਛਣ ਲਗੇ ਕਿ ਕ੍ਰਿਪਾ ਕਰ ਕੇ ਦੱਸੋ ਕਿ ਗੁਰੂ ਜੀ ਦੇ ਇਹ ਸ਼ਾਹਿਬਜ਼ਾਦੇ ਇਸ ਤੋਂ ਪਹਿਲਾਂ ਅਜਿਹੀ ਕਿਹੜੀ ਸੰਗਤ ਵਿਚ ਰਹੇ ਜਿਥੋਂ ਇਨ੍ਹਾਂ ਨੂੰ ਏਨੇ ਤਿਆਗ ਅਤੇ ਅਟੱਲ ਇਰਾਦੇ ਵਾਲੀ ਸਿਖਿਆ ਮਿਲੀ।

ਦੂਜਾ ਸਵਾਲ ਉਨ੍ਹਾਂ ਦਾ ਇਹ ਸੀ ਕਿ ਤੁਸੀਂ ਸਿੱਖ ਕੌਮ ਇਸ ਸ਼ਹਾਦਤ ਦੇ ਦਿਹਾੜੇ ਵੇਲੇ ਇਨ੍ਹਾਂ ਪਲਾਂ ਨੂੰ ਕਿਸ ਤਰ੍ਹਾਂ ਬਿਤਾਉਂਦੇ ਹੋ? ਉਹ ਕਹਿੰਦੇ ਪਹਿਲਾ ਜੁਆਬ ਤਾਂ ਮੈਂ ਬੜੇ ਅਰਾਮ ਨਾਲ ਦੇ ਦਿਤਾ ਕਿ ਦਾਦੀ ਮਾਤਾ ਗੁਜਰੀ ਜੀ ਇਨ੍ਹਾਂ ਨੂੰ ਅਪਣੇ ਦਾਦੇ ਦੇ ਦਾਦੇ ਗੁਰੂ ਅਰਜਨ ਦੇਵ ਜੀ ਅਤੇ ਦਾਦਾ ਗੁਰੂ ਤੇਗ ਬਹਾਦਰ ਜੀ ਹੋਰਾਂ ਦੇ ਬਲੀਦਾਨਾਂ ਬਾਰੇ ਅਤੇ ਹੋਰ ਸਿੱਖੀ ਸਿਦਕ ਵਾਲੇ ਸ਼ਹੀਦਾਂ ਬਾਰੇ ਸਿਖਿਆ ਦਿੰਦੇ ਰਹੇ ਸਨ ਪਰ ਦੂਜੇ ਸਵਾਲ ਦਾ ਜਵਾਬ ਮੈਂ ਕਿਵੇਂ ਦਿੰਦਾ ਕਿ ਸਾਡੀ ਸਿੱਖ ਕੌਮ ਇਨ੍ਹਾਂ ਪਲਾਂ ਨੂੰ ਕਿਵੇਂ ਮਨਾਉਂਦੀ ਹੈ,

ਕਿਉਂਕਿ ਅੱਜ ਸਾਡੇ ਸ਼ਹੀਦੀ ਅਸਥਾਨ ਫ਼ਤਿਹਗੜ੍ਹ ਸਾਹਿਬ (ਸਰਹਿੰਦ) ਵਿਖੇ ਨਤਮਸਤਕ ਹੁੰਦੀਆਂ ਸੰਗਤਾਂ ਦਰਮਿਆਨ ਸਾਡੇ ਸਿੱਖ ਅਖਵਾਉਣ ਵਾਲੇ ਪ੍ਰਵਾਰਾਂ ਦੇ ਬਹੁ-ਗਿਣਤੀ ਨੌਜਵਾਨ ਦਾੜ੍ਹੀ ਕੇਸਾਂ ਤੋਂ ਰਹਿਤ ਹੋ ਕੇ ਸਵਾਦੀ ਲੰਗਰ (ਚਾਹ-ਪਕੌੜੇ, ਖੀਰਾਂ ਆਦਿ) ਛਕਦੇ, ਸੀਟੀਆਂ ਵਜਾਉਂਦੇ, ਇਕ-ਦੂਜੇ ਨੂੰ ਮਖ਼ੌਲਾਂ ਕਰਦੇ, ਨਚਦੇ ਟਪਦੇ ਫਿਰਦੇ ਵੇਖੇ ਜਾਂਦੇ ਹਨ ਜਿਵੇਂ ਕਿਸੇ ਵਿਆਹ ਵਿਚ ਆਏ ਹੋਣ। ਇਨ੍ਹਾਂ ਦੇ ਦਿਲਾਂ ਵਿਚ ਇਨ੍ਹਾਂ ਦਰਦਨਾਕ ਸ਼ਹਾਦਤਾਂ ਦਾ ਕੋਈ ਸੋਗ ਨਹੀਂ ਜਿਸ ਦਾ ਕਾਰਨ ਇਹ ਜਾਪਦਾ ਹੈ ਕਿ ਅਸੀਂ ਮਾਂ-ਬਾਪ ਨੇ ਅਤੇ ਸਾਡੇ ਧਰਮ ਪ੍ਰਚਾਰ ਸਿਸਟਮ ਨੇ ਇਨ੍ਹਾਂ ਨੂੰ ਇਸ ਵਿਰਸੇ ਨਾਲ ਜੋੜਨ ਲਈ ਗੰਭੀਰਤਾ ਨਹੀਂ ਵਰਤੀ, ਬੇਸ਼ੱਕ ਕਿੰਨੇ ਹੀ ਧਰਮ ਪ੍ਰਚਾਰ ਅਤੇ ਅੰਮ੍ਰਿਤ ਪ੍ਰਚਾਰ ਸੰਮੇਲਨ ਕਰਵਾਏ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ।

ਇਹ ਸੱਚ ਹੈ ਕਿ ਪਿੰਡ ਖੇੜੀ ਗੰਗੂ ਰਸੋਈਏ ਦਾ ਪਿੰਡ ਸੀ ਜਿੱਥੋਂ ਉਸ ਨੇ ਅਪਣੇ ਘਰੋਂ ਮਾਤਾ ਜੀ ਅਤੇ ਛੋਟੇ ਸ਼ਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾਇਆ ਸੀ, ਕੋਤਵਾਲੀ ਮੋਰਿੰਡਾ ਜਿੱਥੇ ਉਨ੍ਹਾਂ ਨੂੰ ਰਾਤ ਰਖਿਆ ਗਿਆ ਸੀ ਅਤੇ ਸਰਹਿੰਦ ਜਿੱਥੇ ਇਹ ਸ਼ਹੀਦ ਹੋਏ ਸਨ, ਇਨ੍ਹਾਂ ਦੇ ਆਸ-ਪਾਸ ਵਾਲੇ ਪਿੰਡਾਂ ਦੇ ਲੋਕ ਇਨ੍ਹਾਂ ਸ਼ਹੀਦੀ ਦਿਨਾਂ ਵਿਚ ਸੋਗ ਵਜੋਂ ਕੋਈ ਵਿਆਹ ਜਾਂ ਖ਼ੁਸ਼ੀ ਸਮਾਰੋਹ ਨਹੀਂ ਸੀ ਕਰਦੇ ਪਰ ਅੱਜ ਤਾਂ ਸੱਭ ਕੁੱਝ ਹੋ ਰਿਹਾ ਹੈ। ਅੱਜ ਤਾਂ ਸਾਡੇ ਕਈ ਧਾਰਮਕ ਆਗੂ ਵੀ ਸਿਆਸਤ ਦੇ ਪ੍ਰਭਾਵ ਵਿਚ ਇੱਥੇ ਹੁੰਦੀਆਂ ਕਾਨਫ਼ੰਰਸਾਂ ਵੇਲੇ ਗ਼ੈਰ-ਸਭਿਅਕ ਲਫ਼ਜ਼ਾਂ ਨਾਲ ਇਕ-ਦੂਜੇ ਉਪਰ ਦੂਸ਼ਣਬਾਜ਼ੀ ਦਾ ਚਿੱਕੜ ਜ਼ਿਆਦਾ ਸੁਟਦੇ ਹਨ ਪਰ ਸ਼ਹੀਦੀ ਦੇ ਇਤਿਹਾਸ ਦਾ ਜ਼ਿਕਰ ਘੱਟ ਕਰਦੇ ਹਨ।

ਜਦਕਿ ਇਸਾਈ ਧਰਮ ਦੇ ਲੋਕ ਅੱਜ ਕਰੀਬ ਦੋ ਹਜ਼ਾਰ ਸਾਲਾਂ ਬਾਅਦ ਵੀ ਅਪਣੇ ਪ੍ਰਭੂ ਯਸੂ-ਮਸੀਹ ਨੂੰ ਸਲੀਬ ਉਪਰ ਟੰਗੇ ਹੋਏ ਮਹਿਸੂਸ ਕਰਦੇ ਹਨ। ਇਵੇਂ ਹੀ ਮੁਸਲਿਮ ਲੋਕ ਅੱਜ 1322 ਸਾਲ ਬਾਅਦ ਵੀ ਮੁਹੱਰਮ ਵਾਲੇ ਦਿਨ ਅਪਣੇ ਆਪ ਨੂੰ 'ਕਰਬਲਾ' ਦੀ ਦਰਦਨਾਕ ਸ਼ਹੀਦੀ ਘਟਨਾ ਦੇ ਦਰਦ ਨੂੰ ਦਿਲੋਂ ਮਹਿਸੂਸ ਕਰਦੇ ਹਨ ਕਿਉਂਕਿ ਇਸ ਦਿਨ ਉਨ੍ਹਾਂ ਦੇ ਪੈਗ਼ੰਬਰ ਮੁਹੰਮਦ ਸਾਹਿਬ ਦੇ ਦੋ ਛੋਟੇ ਮਾਸੂਮ ਬੇਟਿਆਂ ਨੂੰ ਕਈ ਦਿਨ ਭੁੱਖੇ ਰੱਖ ਕੇ ਤੇ ਬੜੇ ਤਸੀਹੇ ਦੇ ਕੇ ਇਥੇ ਸ਼ਹੀਦ ਕੀਤਾ ਗਿਆ ਸੀ

ਪਰ ਬਹੁਤ ਅਫ਼ਸੋਸ ਅਤੇ ਦੁੱਖ ਦੀ ਗੱਲ ਹੈ ਕਿ ਅਸੀਂ ਤਾਂ ਅੱਜ ਤੋਂ ਕੇਵਲ 315 ਸਾਲ ਪਹਿਲਾਂ ਹੀ ਵਾਪਰੇ ਇਸ ਅਤਿ ਦਰਦਨਾਕ ਸਾਕਾ ਸਰਹਿੰਦ ਨੂੰ ਏਨੀ ਗੰਭੀਰਤਾ ਨਾਲ ਨਹੀਂ ਮਨਾਉਂਦੇ। ਜ਼ਰਾ ਸੋਚੋ ਕਿ ਸਰਬੰਸਦਾਨੀ ਦਸਮੇਸ਼ ਗੁਰੂ ਜੀ ਨੇ ਤਾਂ ਇਨ੍ਹਾਂ ਸ਼ਹਾਦਤਾਂ ਉਪਰੰਤ ਅਕਾਲ ਪੁਰਖ ਦਾ ਸ਼ੁਕਰਾਨਾ ਹੀ ਕੀਤਾ ਸੀ ਕਿ:

ਮੁਝ ਸੇ ਆਜ ਤੇਰੀ ਅਮਾਨਤ ਅਦਾ ਹੁਈ।
ਬੇਟੋਂ ਕੀ ਜਾਂਅ ਧਰਮ ਕੀ ਖਾਤਰ ਫ਼ਿਦਾ ਹੁਈ।
ਗੁਰੂ ਜੀ ਨੇ ਤਾਂ ਇਹ ਵੀ ਫਰਮਾਇਆ ਸੀ ਕਿ:
ਇਨ ਪੁਤਰਨ ਕੇ ਨਾਮ ਪਰ ਵਾਰ ਦੀਏ ਸੁਤ ਚਾਰ,
ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ।

ਸੋ ਅੱਜ ਅਸੀਂ ਵੇਖਣਾ ਹੈ ਕਿ ਜੋ ਗੁਰੂ ਜੀ ਨੇ ਸਾਨੂੰ ਅਪਣੇ ਪੁੱਤਰ ਬਣਾਇਆ ਸੀ ਤਾਂ ਅਸੀਂ ਉਨ੍ਹਾਂ ਪ੍ਰਤੀ ਅਪਣਾ ਕੀ ਫ਼ਰਜ਼ ਨਿਭਾ ਰਹੇ ਹਾਂ ਅਤੇ ਇਨ੍ਹਾਂ ਸ਼ਹੀਦੀ ਦਿਨਾਂ ਦੌਰਾਨ ਜੋ ਪੰਜਾਬ ਵਿਚ ਮੀਟ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿੰਦੇ ਹਨ, ਉਨ੍ਹਾਂ ਨੂੰ ਰੋਕਣ ਲਈ ਅਸੀਂ ਕੀ ਉਪਰਾਲੇ ਕੀਤੇ ਹਨ।
ਸੰਪਰਕ : 99155-21037

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM
Advertisement