
23 ਮਾਰਚ ਦੀ ਸ਼ਾਮ 7 ਵਜੇ ਇਨ੍ਹਾਂ ਤਿੰਨਾਂ ਨੂੰ ਲਾਹੌਰ ਸੈਟਰਲ ਜੇਲ ਵਿਚ ਫਾਂਸੀ ਦੇ ਦਿਤੀ ਗਈ
‘ਤਿੰਨ ਬਲੀ’ ਨਾਮੀ ਸੰਪਾਦਕੀ ਡਾ. ਭੀਮ ਰਾਉ ਅੰਬੇਦਕਰ ਹੋਰਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਫਾਂਸੀ ਦਿਤੇ ਜਾਣ ਪਿੱਛੋਂ ਨਿਕਲੇ ਅੰਕ ਲਈ ਲਿਖੀ ਸੀ, ਜੋ ਛਪੀ 13 ਅਪ੍ਰੈਲ 1931 ਦੇ ਅੰਕ ਵਿਚ। ਮਰਾਠੀ ਵਿਚ ਲਿਖੇ ਇਸ ਲੇਖ ਨੂੰ ਲੰਮਾ ਸਮਾਂ ਇਸ ਕਰ ਕੇ ਨਾ ਗੋਲਿਆ ਗਿਆ ਕਿਉਂਕਿ ਇਹਦਾ ਅੰਗਰੇਜ਼ੀ ਜਾਂ ਹੋਰ ਭਾਸ਼ਾ ਵਿਚ ਅਨੁਵਾਦ ਨਹੀਂ ਸੀ ਹੋ ਸਕਿਆ। ਡਾ. ਅੰਬੇਦਕਰ ਹੋਰਾਂ ਦੀ ਲਿਖੀ ਇਹ ਰਾਜਸੀ ਟਿਪਣੀ, ਉਨ੍ਹਾਂ ਦੀ ਭਾਰਤੀ ਇਨਕਲਾਬੀਆਂ ਪ੍ਰਤੀ ਦ੍ਰਿਸ਼ਟੀ ਵਿਚਲੀ ਸਾਂਝ ਨੂੰ ਵੀ ਪ੍ਰਗਟਾਉਂਦੀ ਹੈ।
Bhagat Singh
ਡਾ. ਅੰਬੇਦਕਰ ਜਿਹੜੇ ਖ਼ੁਦ ਇਕ ਕਾਨੂੰਨਦਾਨ ਸਨ, ਨੇ ਇਸ ਸਜ਼ਾ ਨੂੰ ਨਾ ਸਿਰਫ਼ ਰਾਜਨੀਤਕ ਫ਼ੈਸਲੇ ਦੇ ਤੌਰ ਤੇ ਚਿੰਨਤ ਕੀਤਾ, ਸਗੋਂ ਇਸ ਨੂੰ ਇਕ ਨਿਆਂਇਕ ਢੋਂਗ ਵੀ ਕਿਹਾ ਹੈ। ਮੂਲ ਮਰਾਠੀ ’ਚੋਂ ਹਿੰਦੀ ਅਨੁਵਾਦ ਮੇਰੇ ਮਿੱਤਰ ਸੁਭਾਸ਼ ਮਾਤੜੇ ਨੇ ਕੀਤਾ ਸੀ ਜਿਸ ਦਾ ਪੰਜਾਬੀ ਅਨੁਵਾਦ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਮਰਾਠੀ ਵਿਚ ਇਸ ਲੇਖ ਦਾ ਹੈਡਿੰਗ ‘ਤਿੰਨ ਬਲੀ’ ਨੂੰ ‘ਤਿੰਨ ਬਲੀਆਂ’ ਕਰਨ ਦੀ ਗੁਸਤਾਖ਼ੀ ਕਰ ਰਹੇ ਹਾਂ। ਤਿੰਨ ਸੰਸਕ੍ਰਿਤੀ ਵਿਚ ‘ਬਲੀ’ ਸ਼ਬਦ ਕੋਈ ਵਿਆਖਿਆ ਨਹੀਂ ਮੰਗਦੀ। ਭਾਵ ‘ਬਲੀ’ ਲਈ ਜਾਂਦੀ ਹੈ ਜਾਂ ਚਾੜ੍ਹੀ ਜਾਂਦੀ ਹੈ। ਭਾਵ ਦੇਵਤੇ ਨੂੰ ਖ਼ੁਸ਼ ਕਰਨ ਲਈ ਵਧ ਕਰਨਾ (ਕਤਲ ਕਰਨਾ)। ਇਹ ਵਧ ਵੀ ਅੰਗਰੇਜ਼ ਹੁਕਮਰਾਨਾਂ ਨੂੰ ਖ਼ੁਸ਼ ਕਰਨ ਲਈ ਜਾਂ ਉਨ੍ਹਾਂ ਦੇ ਰਾਜ ਦੀ ਲੰਮੇਰੀ ਉਮਰ ਹਿੱਤ ਕੀਤਾ ਗਿਆ ਸੀ।
Shaheed Bhagat Singh, Sukhdev, Rajguru
ਆਉ ਹੁਣ ਅੰਬੇਦਕਰ ਸਾਹਬ ਦੇ ਅਨੁਵਾਦ ਕੀਤੇ ਲੇਖ ਵਲ ਆਉਂਦੇ ਹਾਂ : (ਸ਼ਹੀਦ) ਭਗਤ ਸਿੰਘ, ਰਾਜਗੁਰੂ, ਸੁਖਦੇਵ ਇਨ੍ਹਾਂ ਤਿੰਨਾਂ ਨੂੰ ਫਾਂਸੀ ਉਤੇ ਲਟਕਾ ਦਿਤਾ ਗਿਆ। ਇਨ੍ਹਾਂ ਤਿੰਨਾਂ ਉਤੇ ਇਹ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੇ ਸਾਂਡਰਸ ਨਾਂ ਦੇ ਅੰਗਰੇਜ਼ ਅਫ਼ਸਰ ਤੇ ਚਮਨ ਸਿੰਘ (ਅੰਬੇਦਕਰ ਹੋਰਾਂ ਦੀ ਲਿਖਤ ’ਚ ਚਮਨ ਸਿੰਘ ਹੈ ਅਸਲੀ ਨਾਂ ਚੰਨਣ ਸਿੰਘ ਹੈ। ਹੋ ਸਕਦਾ ਹੈ ਕਿ ਚੰਨਣ ਸਿੰਘ ਵਿਚਲਾ ਐਨ ਗ਼ਲਤੀ ਨਾਲ ਐਮ ਹੋ ਗਿਆ ਹੋਵੇ ਕਿਉਂਕਿ ਉਨ੍ਹਾਂ ਦਿਨਾਂ ਵਿਚ ਅੰਗਰੇਜ਼ੀ ਅਖ਼ਬਾਰਾਂ ਹੱਥਾਂ ਨਾਲ ਅੱਖਰ ਜੋੜਨ ਕਰ ਕੇ ਤਿਆਰ ਹੁੰਦੀਆਂ ਸਨ।-ਅਨੁਵਾਦਕ) ਨਾਂ ਦੇ ਸਿੱਖ ਸਿਪਾਹੀ ਦੀ ਲਾਹੌਰ ਵਿਚ ਹਤਿਆ (ਕਤਲ) ਕਰਨ ਦਾ ਗੁਨਾਹਗਾਰ ਐਲਾਨਿਆ ਗਿਆ ਸੀ।
Shaheed Bhagat Singh, Sukhdev, Rajguru
ਇਸ ਤੋਂ ਬਿਨਾਂ ਬਨਾਰਸ ਦੇ ਪੁਲਿਸ ਇੰਸਪੈਕਟਰ ਦੀ ਹਤਿਆ ਕਰਨ ਦੀ ਕੋਸ਼ਿਸ਼, ਅਸੈਂਬਲੀ ਵਿਚ ਬੰਬ ਸੁੱਟਣ ਦਾ ਗੁਨਾਹ, ਮੋਲਗਿਆਂ ਨਾਂ ਦੇ ਪਿੰਡ ਵਿਚ ਇਕ ਘਰ ਵਿਚ ਡਾਕਾ ਮਾਰਨਾ, ਲੁੱਟਣ ਅਤੇ ਘਰ ਦੇ ਮਾਲਕ ਦੀ ਹਤਿਆ ਕਰਨ ਵਰਗੇ ਤਿੰਨ ਚਾਰ ਹੋਰ ਇਲਜ਼ਾਮ ਵੀ ਉਨ੍ਹਾਂ ਉਤੇ ਲੱਗੇ। ਇਨ੍ਹਾਂ ਵਿਚੋਂ ਅਸੈਂਬਲੀ ਵਿਚ ਬੰਬ ਸੁੱਟਣ ਦਾ ਦੋਸ਼, ਭਗਤ ਸਿੰਘ ਨੇ ਖ਼ੁਦ ਕਬੂਲ ਕੀਤਾ ਸੀ ਅਤੇ ਇਸ ਲਈ ਭੁਵਨੇਸ਼ਵਰ ਦੱਤ ਨਾਂ ਦੇ ਉਸ ਦੇ ਇਕ ਸਹਿਯੋਗੀ ਸਾਥੀ ਨੂੰ ਉਮਰ ਕੈਦ ਦੇ ਤੌਰ ਉਤੇ ਕਾਲੇਪਾਣੀ ਦੀ ਸਜ਼ਾ ਸੁਣਾਈ ਗਈ। ਸਾਂਡਰਸ ਦਾ ਕਤਲ ਭਗਤ ਸਿੰਘ ਵਰਗੇ ਇਨਕਲਾਬੀਆਂ ਨੇ ਕੀਤਾ, ਅਜਿਹੀ ਕਬੂਲਗੀ ਜੈ ਗੋਪਾਲ ਨਾਂ ਦੇ ਭਗਤ ਸਿੰਘ ਦੇ ਦੂਜੇ ਸਹਿਯੋਗੀ ਨੇ ਹੀ ਕੀਤੀ ਸੀ ਤੇ ਇਸੇ ਬੁਨਿਆਦ ਉਤੇ ਅੰਗਰੇਜ਼ ਸਰਕਾਰ ਨੇ ਭਗਤ ਸਿੰਘ ਵਿਰੁਧ ਮੁਕੱਦਮਾ ਤਿਆਰ ਕੀਤਾ ਸੀ।
Shaheed Bhagat Singh, Sukhdev, Rajguru
ਇਸ ਮੁਕੱਦਮੇ ਵਿਚ ਤਿੰਨਾਂ ਨੇ ਹਿੱਸਾ ਨਹੀਂ ਲਿਆ ਸੀ। ਹਾਈਕੋਰਟ ਨੇ ਤਿੰਨਾਂ ਜੱਜਾਂ ਦਾ ਸਪੈਸ਼ਲ ਟ੍ਰਿਬਿਊਨਲ ਬਣਾਇਆ ਤੇ ਉਸ ਦੇ ਸਾਹਮਣੇ ਇਹ ਮੁਕੱਦਮਾ ਚਲਾਇਆ ਗਿਆ ਤੇ ਉਨ੍ਹਾਂ ਤਿੰਨਾਂ (ਜੱਜਾਂ) ਨੇ ਇਨ੍ਹਾਂ ਨੂੰ ਦੋਸ਼ੀ ਐਲਾਨਿਆ ਤੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿਤੀ। ਇਸ ਸਜ਼ਾ ਉਤੇ ਅਮਲ ਨਾ ਹੋਵੇ ਤੇ ਫਾਂਸੀ ਦੀ ਥਾਂ ਉਨ੍ਹਾਂ ਨੂੰ ਵੱਧ ਤੋਂ ਵੱਧ ਕਾਲੇ ਪਾਣੀ ਦੀ ਸਜ਼ਾ ਸੁਣਾਈ ਜਾਵੇ, ਅਜਿਹੀ ਅਪੀਲ ਭਗਤ ਸਿੰਘ ਜੀ ਦੇ ਪਿਤਾ ਨੇ ਸਮਰਾਟ (ਇੰਗਲੈਂਡ ਦੇ ਰਾਜੇ) ਤੇ ਵਾਇਸਰਾਏ (ਹਿੰਦ) ਨੂੰ ਕੀਤੀ ਸੀ। ਬਹੁਤ ਵੱਡੇ-ਵੱਡੇ ਆਗੂਆਂ ਨੇ ਅਤੇ ਬਹੁਤ ਸਾਰੇ ਹੋਰ ਲੋਕਾਂ ਨੇ ਵੀ ਭਗਤ ਸਿੰਘ ਨੂੰ ਇਸ ਤਰ੍ਹਾਂ ਦੀ ਸਜ਼ਾ ਨਾ ਦੇਣ ਦੀ ਸਰਕਾਰ ਨੂੰ ਅਪੀਲ ਕੀਤੀ ਸੀ।
Shaheed Bhagat Singh, Sukhdev, Rajguru
ਗਾਂਧੀ ਤੇ ਲਾਰਡ ਇਰਵਨ ਵਿਚਕਾਰ ਚਲੀ ਆਪਸੀ ਗੱਲਬਾਤ ਵਿਚ ਵੀ ਭਗਤ ਸਿੰਘ ਦੀ ਫਾਂਸੀ ਦੀ ਸਜ਼ਾ ਦਾ ਮਸਲਾ ਜ਼ਰੂਰ ਉਠਿਆ ਹੋਵੇਗਾ ਤੇ ਲਾਰਡ ਇਰਵਨ ਨੇ ਵੀ ਭਾਵੇਂ ਭਗਤ ਸਿੰਘ ਦੀ ਜਾਨ ਬਚਾਉਣ ਦਾ ਅਜਿਹਾ ਠੋਸ ਵਾਅਦਾ ਗਾਂਧੀ ਨਾਲ ਨਾ ਕੀਤਾ ਹੋਵੇ ਪਰ ਲਾਰਡ ਇਰਵਨ ਨੇ ਇਸ ਸੰਦਰਭ ਵਿਚ ਪੂਰੀ ਕੋਸ਼ਿਸ਼ ਕਰਨ ਤੇ ਅਪਣੇ ਅਧਿਕਾਰਾਂ ਦੇ ਦਾਇਰੇ ਵਿਚ ਇਨ੍ਹਾਂ ਤਿੰਨਾਂ ਦੀ ਜ਼ਿੰਦਗੀ ਬਚਾਉਣ ਵਰਗੀ ਯਕੀਨ ਦਹਾਨੀ ਦਵਾਈ ਸੀ, ਅਜਿਹੀ ਉਮੀਦ ਗਾਂਧੀ ਦੇ ਭਾਸ਼ਣਾਂ ਵਿਚੋਂ ਪੈਦਾ ਹੋਈ ਸੀ। ਪਰ ਇਹ ਸਾਰੀਆਂ ਉਮੀਦਾਂ, ਅਨੁਮਾਨ ਤੇ ਗੁਜ਼ਾਰਿਸ਼ਾਂ, ਗ਼ਲਤ ਸਾਬਤ ਹੋਈਆਂ ਅਤੇ 23 ਮਾਰਚ ਦੀ ਸ਼ਾਮ 7 ਵਜੇ ਇਨ੍ਹਾਂ ਤਿੰਨਾਂ ਨੂੰ ਲਾਹੌਰ ਸੈਟਰਲ ਜੇਲ ਵਿਚ ਫਾਂਸੀ ਦੇ ਦਿਤੀ ਗਈ। ‘ਸਾਡੀ ਜਾਨ ਬਖ਼ਸ਼ ਦਿਉ’, ਅਜਿਹੀ ਦਇਆ ਦੀ ਅਪੀਲ ਇਨ੍ਹਾਂ ਤਿੰਨਾਂ ਵਿਚੋਂ ਕਿਸੇ ਨੇ ਵੀ ਨਹੀਂ ਕੀਤੀ ਸੀ।
Shaheed Bhagat Singh
ਹਾਂ ਫਾਂਸੀ ਦੀ ਸੂਲੀ ਉਤੇ ਚੜ੍ਹਾਉਣ ਦੀ ਥਾਂ ‘ਸਾਨੂੰ ਗੋਲੀਆਂ ਨਾਲ ਉਡਾ ਦਿਤਾ ਜਾਵੇ’ ਅਜਿਹੀ ਇੱਛਾ ਭਗਤ ਸਿੰਘ ਨੇ ਪ੍ਰਗਟ ਕੀਤੀ ਸੀ, ਅਜਿਹੀਆਂ ਖ਼ਬਰਾਂ ਜ਼ਰੂਰ ਆਈਆਂ ਸਨ। (ਸ਼ਹੀਦ ਭਗਤ ਸਿੰਘ ਦੀ 20 ਮਾਰਚ 1931 ਦੀ ਚਿੱਠੀ) ਪਰ ਉਨ੍ਹਾਂ ਦੀ ਇਸ ਆਖ਼ਰੀ ਇੱਛਾ ਦਾ ਵੀ ਸਨਮਾਨ ਨਹੀਂ ਕੀਤਾ ਗਿਆ। ਜੱਜਾਂ ਦੇ ਹੁਕਮ ਉਤੇ ਹੀ ਹੂ-ਬ-ਹੂ ਅਮਲ ਕੀਤਾ ਗਿਆ। ‘ਆਖ਼ਰੀ ਸਾਹ ਤਕ ਫਾਂਸੀ ਉਤੇ ਲਟਕਾਈ ਰਖਿਆ ਜਾਵੇ,’ ਇਹੀ ਫ਼ੈਸਲਾ ਜੱਜ ਨੇ ਸੁਣਾਇਆ ਸੀ। ਜੇਕਰ ਗੋਲੀਆਂ ਨਾਲ ਉਡਾ ਦਿਤਾ ਜਾਂਦਾ ਤਾਂ ਇਹ ਫ਼ੈਸਲੇ ਮੁਤਾਬਕ ਅਮਲ ਨਹੀਂ ਸੀ ਮੰਨਿਆ ਜਾਣਾ। ਇਨਸਾਫ਼ ਦੇ ਦੇਵਤੇ ਦੇ ਫ਼ੈਸਲੇ ਉਤੇ ਬਿਲਕੁਲ ਸ਼ਾਬਦਿਕ ਅਰਥਾਂ ਵਿਚ ਹੂ-ਬ-ਹੂ ਅਮਲ ਕੀਤਾ ਗਿਆ ਤੇ ਉਸ ਦੇ ਕਥਨ ਅਨੁਸਾਰ ਹੀ ਇਨ੍ਹਾਂ ਤਿੰਨਾਂ ਨੂੰ ਸ਼ਿਕਾਰ (ਬਲੀ) ਬਣਾਇਆ ਗਿਆ।
Shaheed Bhagat Singh
ਇਹ ਬਲੀਦਾਨ ਕੀਹਦੇ ਲਈ? : ਜੇਕਰ ਸਰਕਾਰ ਨੂੰ ਇਹ ਉਮੀਦ ਹੋਵੇ ਕਿ ਇਸ ਘਟਨਾ ਨਾਲ ਲੋਕਾਂ ਵਿਚ ਇਹ ਸੰਦੇਸ਼ ਜਾਵੇਗਾ ਕਿ ‘ਅੰਗਰੇਜ਼ ਸਰਕਾਰ ਪੂਰੀ ਤਰ੍ਹਾਂ ਨਿਆਂ ਪਸੰਦ ਹੈ ਅਤੇ ਨਿਆਂ ਪਾਲਿਕਾ ਦੇ ਆਦੇਸ਼ ਉਤੇ ਹੂ-ਬ-ਹੂ ਅਮਲ ਕਰਦੀ ਹੈ ਅਤੇ ਇਉਂ ਲੋਕਾਂ ਦੀ ਸਰਕਾਰ ਪ੍ਰਤੀ ਸਮਝਦਾਰੀ ਮਜ਼ਬੂਤ ਹੋਵੇਗੀ ਤੇ ਸਰਕਾਰ ਦੀ ਅਜਿਹੀ ‘ਨਿਆਂ ਪਸੰਦਗੀ’ ਕਰ ਕੇ ਲੋਕ ਉਹਦੀ ਹਮਾਇਤ ਕਰਨਗੇ ਤਾਂ ਇਹ ਸਰਕਾਰ ਦੀ ਬਚਕਾਨਗੀ ਸਮਝੀ ਜਾ ਸਕਦੀ ਹੈ ਕਿਉਂਕਿ ਇਹ ਬਲੀ ਬਰਤਾਨਵੀ ਨਿਆਂ ਦੇਵਤਾ ਦੀ ਸ਼ੋਹਰਤ ਨੂੰ ਹੋਰ ਪਵਿੱਤਰ ਤੇ ਨਿਰਪੱਖ ਜਾਂ ਪਾਰਦਰਸ਼ੀ ਵਿਖਾਉਣ ਦੇ ਇਰਾਦੇ ਨਾਲ ਕੀਤੀ ਗਈ ਹੈ, ਇਸ ਗੱਲ ਉਤੇ ਕਿਸੇ ਦਾ ਵੀ ਯਕੀਨ ਨਹੀਂ ਹੈ। ਖ਼ੁਦ ਸਰਕਾਰ ਵੀ ਇਸ ਸਮਝਦਾਰੀ ਦੇ ਆਧਾਰ ਉਤੇ ਅਪਣੇ ਆਪ ਨੂੰ ਦੋਸ਼-ਮੁਕਤ ਨਹੀਂ ਕਰ ਸਕਦੀ।
ਫਿਰ ਬਾਕੀਆਂ ਨੂੰ ਵੀ ਇਸ ਇਨਸਾਫ਼ ਪਸੰਦੀ ਦੇ ਬੁਰਕੇ ਹੇਠ, ਉਹ ਕਿਸ ਤਰ੍ਹਾਂ ਸੰਤੁਸ਼ਟ ਕਰ ਸਕਦੀ ਹੈ? ਨਿਆਂ ਦੇ ਦੇਵਤੇ ਦੀ ਰਾਖੀ ਜਾਂ ਭਗਤੀ ਖ਼ਾਤਰ ਨਹੀਂ ਸਗੋਂ ਵਿਲਾਇਤ ਦੀਆਂ ਕੰਜ਼ਰਵੇਟਿਵ/ਰਾਜਸੀ ਪਿਛਾਂਹ ਖਿੱਚੂ/ਪਾਰਟੀਆਂ ਤੇ ਲੋਕ ਮੱਤ ਦੇ ਡਰ ਕਾਰਨ ਹੀ ਇਸ ਬਲੀ ਨੂੰ ਅੰਜਾਮ ਦਿਤਾ ਗਿਆ ਹੈ। ਇਸ ਗੱਲ ਨੂੰ ਸਰਕਾਰ ਦੇ ਨਾਲ-ਨਾਲ ਸਮੁੱਚੀ ਦੁਨੀਆਂ ਵੀ ਜਾਣਦੀ ਹੈ। ਗਾਂਧੀ ਵਰਗੇ ਰਾਜਸੀ ਕੈਦੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਤੇ ਗਾਂਧੀ ਖ਼ੇਮੇ ਨਾਲ ਸਮਝੌਤਾ ਕਰਨ ਨਾਲ ਬਰਤਾਨਵੀ ਸਾਮਰਾਜ ਦੀ ਬਦਨਾਮੀ ਹੋਈ ਹੈ ਜੀਹਦੇ ਲਈ ਲੇਬਰ ਪਾਰਟੀ ਦੀ ਮੌਜੂਦਗੀ ਸਰਕਾਰ ਅਤੇ ਉਹਦੇ ਇਸ਼ਾਰਿਆਂ ਉਤੇ ਚੱਲਣ ਵਾਲਾ ਵਾਇਸਰਾਏ ਹੈ, ਅਜਿਹਾ ਸ਼ੋਰਗੁਲ ਇੰਗਲੈਂਡ ਦੀ ਸਿਆਸੀ ਸਨਾਤਨੀ (ਕਟੜਪੰਥੀ) ਪਾਰਟੀ ਦੇ ਕੁੱਝ ਕੱਟੜਪੰਥੀ ਆਗੂਆਂ ਨੇ ਮਚਾ ਰਖਿਆ ਹੈ ਅਤੇ ਅਜਿਹੇ ਸਮੇਂ ਵਿਚ ਇਕ ਅੰਗਰੇਜ਼ ਵਿਅਕਤੀ ਤੇ ਅਧਿਕਾਰੀ ਦੀ ਹਤਿਆ ਕਰਨ ਦਾ ਦੋਸ਼ ਜਿਸ ਉਤੇ ਲੱਗਾ ਹੋਵੇ, ਉਹ ਸਾਬਤ ਵੀ ਹੋ ਚੁੱਕਾ ਹੈ, ਅਜਿਹੇ ਰਾਜਨੀਤਕ ਇਨਕਲਾਬੀ ਅਪਰਾਧੀ ਨੂੰ ਜੇ ਇਰਵਨ ਨੇ ਮਾਫ਼ੀ ਦੇ ਦਿਤੀ ਹੁੰਦੀ ਤਾਂ ਇਨ੍ਹਾਂ ਰਾਜਨੀਤਕ ਕੱਟੜਪੰਥੀਆਂ ਦੇ ਹੱਕਾਂ ਵਿਚ ਇਕ ਬਣਿਆ ਬਣਾਇਆ ਮੁੱਦਾ ਆ ਗਿਆ ਹੁੰਦਾ।
ਪਹਿਲਾਂ ਤੋਂ ਹੀ ਬਰਤਾਨੀਆ ਵਿਚ ਲੇਬਰ ਪਾਰਟੀ ਦੀ ਸਰਕਾਰ ਡਾਵਾਂਡੋਲ ਹਾਲਾਤ ਵਿਚ ਚੱਲ ਰਹੀ ਹੈ ਤੇ ਉਸੇ ਹਾਲਾਤ ਵਿਚ ਜੇ ਇਹ ਮਸਲਾ ਰਾਜਨੀਤਕ ਕੱਟੜਪੰਥੀਆਂ ਨੂੰ ਮਿਲ ਜਾਂਦਾ ਕਿ ਉਹ ਅੰਗਰੇਜ਼ ਵਿਅਕਤੀ ਤੇ ਅਧਿਕਾਰੀ ਦੇ ਹਿੰਦੋਸਤਾਨੀ ਹਤਿਆਰੇ ਨੂੰ ਵੀ ਮਾਫ਼ ਕਰਦੀ ਹੈ ਤਾਂ ਇਹ ਚੰਗਾ ਬਹਾਨਾ ਉਥੋਂ ਦੇ ਰਾਜਸੀ ਪਿਛਾਖੜੀ ਲੋਕਾਂ ਨੂੰ ਮਿਲਦਾ ਅਤੇ ਇੰਗਲੈਂਡ ਦਾ ਲੋਕਮਤ ਲੇਬਰ ਪਾਰਟੀ ਦੇ ਵਿਰੁਧ ਬਣਾਉਣ ਵਿਚ ਉਨ੍ਹਾਂ ਨੂੰ ਸਹੂਲਤ ਮੁਹਈਆ ਹੋ ਜਾਂਦੀ। ਇਸ ਸੰਕਟ ਵਿਚੋਂ ਬਚਣ ਲਈ ਅਤੇ ਪਿਛਾਖੜੀ ਲੋਕਾਂ ਅੰਦਰ ਨਫ਼ਰਤ ਦੀ ਅੱਗ ਨਾ ਭੜਕੇ ਇਸ ਲਈ ਫਾਂਸੀ ਦੀ ਇਸ ਸਜ਼ਾ ਨੂੰ ਅੰਜਾਮ ਦਿਤਾ ਗਿਆ ਹੈ। ਇਹ ਕਦਮ ਬ੍ਰਿਟਿਸ਼ ਨਿਆਂ ਪਾਲਿਕਾ ਨੂੰ ਖ਼ੁਸ਼ ਕਰਨ ਲਈ ਨਹੀਂ, ਸਗੋਂ ਬਰਤਾਨਵੀ ਲੋਕ ਮੱਤ ਨੂੰ ਖ਼ੁਸ਼ ਕਰਨ ਲਈ ਚੁਕਿਆ ਗਿਆ ਹੈ। ਜੇ ਨਿਜੀ ਤੌਰ ਤੇ ਇਹ ਮਾਮਲਾ ਲਾਰਡ ਇਰਵਨ ਦੀ ਸਵੈ ਪਸੰਦਗੀ ਜਾਂ ਨਾ ਪਸੰਦਗੀ ਨਾਲ ਜੁੜਿਆ ਹੁੰਦਾ ਤਾਂ ਉਨ੍ਹਾਂ ਨੇ ਅਪਣੇ ਅਧਿਕਾਰਾਂ ਦੀ ਵਰਤੋਂ ਕਰ ਕੇ ਫਾਂਸੀ ਦੀ ਸਜ਼ਾ ਰੱਦ ਕਰ ਕੇ ਉਸ ਦੀ ਥਾਂ ਉਤੇ ਉਮਰ ਕੈਦ ਦੀ ਸਜ਼ਾ ਭਗਤ ਸਿੰਘ ਹੋਰਾਂ ਨੂੰ ਸੁਣਾਈ ਹੁੰਦੀ।
ਵਿਲਾਇਤ ਦੀ ਲੇਬਰ ਪਾਰਟੀ ਦੇ ਮੰਤਰੀ ਮੰਡਲ ਨੇ ਵੀ ਲਾਰਡ ਇਰਵਨ ਨੂੰ ਇਹਦੇ ਲਈ ਹਮਾਇਤ ਮੁਹਈਆ ਕੀਤੀ ਹੁੰਦੀ। ਗਾਂਧੀ-ਇਰਵਨ ਪੈਕਿਟ ਦੇ ਬਹਾਨੇ ਇਹਨੂੰ ਅੰਜ਼ਾਮ ਦੇ ਕੇ ਭਾਰਤ ਦੇ ਲੋਕ ਮੱਤ ਨੂੰ ਰਾਜ਼ੀ ਕਰਨਾ ਜ਼ਰੂਰੀ ਸੀ। ਜਾਂਦੇ-ਜਾਂਦੇ ਲਾਰਡ ਇਰਵਨ ਵੀ ਲੋਕਾਂ ਦਾ ਦਿਲ ਜਿੱਤ ਲੈਂਦੇ ਪਰ ਇੰਗਲੈਂਡ ਦੇ ਅਪਣੇ ਪਿਛਾਖੜੀ ਭਾਈਚਾਰੇ ਤੇ ਇਥੋਂ ਤਕ ਕਿ ਉਸੇ ਮਨੋਬਿਰਤੀ ਦੀ ਨੌਕਰਸ਼ਾਹੀ ਦੇ ਗੁੱਸੇ ਦਾ, ਉਹ ਸ਼ਿਕਾਰ ਹੁੰਦੇ। ਇਸ ਲਈ (ਭਾਰਤੀ) ਲੋਕ ਮਤ ਦੀ ਪ੍ਰਵਾਹ ਕੀਤੇ ਬਿਨਾਂ ਲਾਰਡ ਇਰਵਨ ਦੀ ਸਰਕਾਰ ਨੂੰ ਭਗਤ ਸਿੰਘ ਤੇ ਹੋਰਾਂ ਨੂੰ ਫਾਂਸੀ ਉਤੇ ਚੜ੍ਹਾ ਦਿਤਾ ਤੇ ਉਹ ਵੀ ਕਰਾਚੀ ਕਾਂਗਰਸ ਤੋਂ ਤਿੰਨ ਚਾਰ ਦਿਨ ਪਹਿਲਾਂ ਹੀ। ਗਾਂਧੀ ਇਰਵਨ ਸਮਝੌਤੇ ਨੂੰ ਮਲੀਆ ਮੇਟ ਕਰਨ ਅਤੇ ਸਮਝੌਤੇ ਦੀਆਂ ਗਾਂਧੀ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰਨ ਲਈ ਭਗਤ ਸਿੰਘ ਹੋਰਾਂ ਨੂੰ ਫਾਂਸੀ ਅਤੇ ਫਾਂਸੀ ਲਈ ਮੁਕਰਰ ਕੀਤਾ ਗਿਆ ਸਮਾਂ, ਇਹ ਦੋਵੇਂ ਗੱਲਾਂ ਹੀ ਕਾਫ਼ੀ ਸਨ।
ਜੇ ਇਸ ਸਮਝੌਤੇ ਨੂੰ ਖ਼ਤਮ ਕਰਨ ਦਾ ਹੀ ਇਰਾਦਾ ਲਾਰਡ ਇਰਵਨ ਸਰਕਾਰ ਦਾ ਸੀ ਤਾਂ ਇਸ ਕਾਰਵਾਈ (ਫਾਂਸੀ ਦੇਣ ਦੀ) ਤੋਂ ਬਿਨਾਂ ਹੋਰ ਕੋਈ ਮਜ਼ਬੂਤ ਮਸਲਾ ਉਸ ਨੂੰ ਲਭਿਆ ਵੀ ਨਾ ਮਿਲਦਾ। ਇਸ ਨਜ਼ਰੀਏ ਨਾਲ ਵੀ ਵੇਖੀਏ ਤਾਂ ਗਾਂਧੀ ਦੇ ਕਥਨ ਅਨੁਸਾਰ, ਸਰਕਾਰ ਨੇ ਇਹ ਬਹੁਤ ਵੱਡੀ ਗ਼ਲਤੀ ਕੀਤੀ ਹੈ, ਇਹ ਕਹਿਣਾ ਦਰੁਸਤ ਨਹੀਂ ਹੋਵੇਗਾ। ਸਾਰੀ ਗੱਲ ਦਾ ਤਤ ਨਿਚੋੜ ਇਹੀ ਹੈ ਕਿ (ਭਾਰਤੀ) ਲੋਕ ਮੱਤ ਦੀ ਪ੍ਰਵਾਹ ਕੀਤੇ ਬਿਨਾਂ ਵਿਲਾਇਤ ਦੇ ਪਿਛਾਖੜੀਆਂ (ਰੂੜੀਵਾਦੀਆਂ) ਨੇ ਗੁੱਸੇ ਦਾ ਸ਼ਿਕਾਰ ਹੋਣ ਤੋਂ ਅਪਣੇ ਆਪ ਨੂੰ ਬਚਾਉਣ ਲਈ, ਭਗਤ ਸਿੰਘ ਹੋਰਾਂ ਨੂੰ ਬਲੀ ਚੜਾਇਆ ਗਿਆ ਹੈ। ਇਹ ਗੱਲ ਹੁਣ ਲੁਕਾਈ ਛਿਪਾਈ ਨਹੀਂ ਜਾ ਸਕੇਗੀ। ਇਹ ਗੱਲ ਹੁਣ ਸਰਕਾਰ ਨੂੰ ਪੱਕੇ ਤੌਰ ਉਤੇ ਮੰਨ ਲੈਣੀ ਚਾਹੀਦੀ ਹੈ।
(ਡਾਕਟਰ ਅੰਬੇਦਕਰ ਸਾਹਿਬ ਦੀ ਸੰਪਾਦਕੀ- ‘ਜਨਤਾ’ -13 ਅਪ੍ਰੈਲ 1931) -ਅਨੁਵਾਦਕ ਤੇ ਪੇਸ਼ਕਰਤਾ : ਨਰਭਿੰਦਰ, ਸੰਪਰਕ : 93544-30211.