Raja Warring Interview: "ਮੇਰਾ ਸਮਝੌਤਾ ਕਿਸੇ ਨਾਲ ਵੀ ਹੋ ਸਕਦਾ ਹੈ ਪਰ ਬਾਦਲਾਂ ਨਾਲ ਕਦੇ ਸਮਝੌਤਾ ਨਹੀਂ ਹੋ ਸਕਦਾ"
Published : Apr 23, 2024, 1:08 pm IST
Updated : Apr 25, 2024, 9:54 pm IST
SHARE ARTICLE
Raja Warring
Raja Warring

ਪਾਰਟੀ ਛੱਡ ਕੇ ਜਾਣ ਵਾਲਿਆਂ ਲਈ ਬੋਲੇ, ‘ਮੈਂ ਬਹੁਤ ਖ਼ੁਸ਼ ਹਾਂ’, ਬਿੱਟੂ ਦੀ ਟਿਕਟ ਕੱਟਣ ਬਾਰੇ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ

Raja Warring Interview: ਇਕ ਸਮਾਂ ਹੁੰਦਾ ਸੀ ਜਦੋਂ ਪੰਜਾਬ ਵਿਚ ਕਾਂਗਰਸ ਦੀ ਅਗਵਾਈ ਮਹਾਰਾਜਾ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਕਰਦੇ ਸਨ ਪਰ ਅੱਜ ਕਾਂਗਰਸ ਨੇ ਅਪਣਾ ਨਵਾਂ ਰਾਜਾ ਖੜਾ ਕੀਤਾ ਹੈ। ‘ਦਰਬਾਰ-ਏ-ਸਿਆਸਤ’ ਦੇ ਦੂਜੇ ਭਾਗ ਵਿਚ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਖ਼ਾਸ ਗੱਲਬਾਤ ਕੀਤੀ।

ਪੇਸ਼ ਹਨ ਉਨ੍ਹਾਂ ਨਾਲ ਹੋਏ ਸਵਾਲ-ਜਵਾਬ ਦੇ ਵਿਸ਼ੇਸ਼ ਅੰਸ਼:

ਸਵਾਲ: ਤੁਹਾਡੇ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਹੈ, ਕਾਂਗਰਸ ਦਾ ਕਿਲ੍ਹਾ ਫ਼ਤਹਿ ਕਰਨਾ। ਪਿਛਲੀ ਵਾਰ 40 ਫ਼ੀ ਸਦੀ ਵੋਟਾਂ ਦੇ ਨਾਲ 8 ਸੰਸਦ ਮੈਂਬਰ ਜਿੱਤੇ ਸਨ, ਇਸ ਵਾਰ ਕਿਵੇਂ ਮਹਿਸੂਸ ਕਰ ਰਹੇ ਹੋ?
ਜਵਾਬ: ਇਮਾਨਦਾਰੀ ਨਾਲ ਕਹਾਂ ਤਾਂ ਜਦੋਂ ਵੀ ਅਜਿਹੀ ਜ਼ਿੰਮੇਵਾਰੀ ਮਿਲੀ, ਪੰਜਾਬ ਦੀ ਜਨਤਾ ਅਤੇ ਸੱਚੇ ਪਾਤਸ਼ਾਹ ਨੇ ਹਮੇਸ਼ਾ ਬਲ ਬਖ਼ਸ਼ਿਆ ਹੈ। 2012 ਵਿਚ ਮੈਨੂੰ ਗਿੱਦੜਬਾਹਾ ਤੋਂ ਟਿਕਟ ਦਿਤੀ ਗਈ ਪਰ ਮੇਰੇ ਰਿਸ਼ਤੇਦਾਰਾਂ ਨੇ ਕਿਹਾ ਸੀ ਕਿ ਇਥੋਂ ਟਿਕਟ ਨਹੀਂ ਲੈਣੀ ਕਿਉਂਕਿ ਬੇਅੰਤ ਸਿੰਘ ਸਮੇਂ ਵੀ ਅਸੀਂ ਉਹ ਕਿਲ੍ਹਾ ਫਤਹਿ ਨਹੀਂ ਕਰ ਸਕੇ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਗਿੱਦੜਬਾਹਾ ਦਾ ਕਿਲ੍ਹਾ ਫਤਹਿ ਕੀਤਾ। ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਵੀ ਕਿਸੇ ਨਾਲੋਂ ਪਿੱਛੇ ਨਹੀਂ ਰਹਾਂਗੇ। ਹਾਲਾਂਕਿ ਪਿਛਲੀ ਵਾਰ ਸੂਬੇ ਵਿਚ ਕਾਂਗਰਸ ਦੀ ਸਰਕਾਰ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਨਾਂਅ ਸੀ। ਮੈਂ
13-0 ਦੀ ਗੱਲ ਨਹੀਂ ਕਰਾਂਗਾ ਪਰ ਕਾਂਗਰਸ 100 ਫ਼ੀ ਸਦੀ ਪੰਜਾਬ ਵਿਚ ਵੱਡੀ ਤਾਕਤ ਦੇ ਰੂਪ ਵਿਚ ਉੱਭਰੇਗੀ।

ਸਵਾਲ: ਕਿਹਾ ਜਾਂਦਾ ਹੈ ਕਿ ਜਿਹੜੇ ਕਾਂਗਰਸ ਦੇ ਅੰਦਰੋਂ ਹੀ ਤੁਹਾਨੂੰ ਚੁਨੌਤੀ ਦਿੰਦੇ ਹਨ, ਉਨ੍ਹਾਂ ਵਿਚੋਂ ਤੁਸੀਂ ਕਿਸੇ ਨੂੰ ਕੁਮੈਂਟਰੀ ਵਲ ਭੇਜ ਰਹੇ ਹੋ, ਕਿਸੇ ਤੋਂ ਪਾਰਟੀ ਛੁਡਵਾ ਰਹੇ ਹੋ। ਇਸ ਬਾਰੇ ਕੀ ਕਹੋਗੇ?
ਜਵਾਬ: ਮੈਂ ਕੌਣ ਹਾਂ ਅਜਿਹਾ ਕਰਵਾਉਣ ਵਾਲਾ… ‘ਕਰਨ ਕਰਾਵਨ ਆਪੇ ਆਪਿ।’ ਮੈਂ ਪਹਿਲਾਂ ਹੀ ਕਿਹਾ ਕਿ ਇਹ ਕਿਸਮਤ ਹੈ। ਮਿਹਨਤ ਦੇ ਨਾਲ ਤੁਸੀਂ ਅਪਣੀ ਜ਼ਿੰਦਗੀ ਬਦਲ ਸਕਦੇ ਹੋ। ਮੈਂ ਜਦੋਂ ਵੀ ਕੋਈ ਕੰਮ ਕਰਦਾ ਹਾਂ ਤਾਂ ਮੈਨੂੰ ਉਮੀਦ ਹੁੰਦੀ ਹੈ ਕਿ ਉਸ ਦਾ ਨਤੀਜਾ ਸਕਾਰਾਤਮਕ ਰਹੇਗਾ। ਜਿਹੜੇ ਲੋਕ ਰਸਤਾ ਰੋਕਣ ਵਾਲੇ ਹਨ ਉਹ ਇਕ ਦਮ ਅਪਣੇ ਆਪ ਹੀ ਇਧਰ-ਉਧਰ ਹੋ ਗਏ।

ਸਵਾਲ: ਲੋਕਾਂ ਦੇ ਪਾਰਟੀ ਛੱਡਣ ਨਾਲ ਕੋਈ ਫ਼ਰਕ ਨਹੀਂ ਪੈਂਦਾ?
ਜਵਾਬ: ਜੋ ਅੱਜ ਦੇ ਹਾਲਾਤ ਹਨ, ਸਾਰੀਆਂ ਪਾਰਟੀਆਂ ਦੇ ਬਹੁਤ ਸਾਰੇ ਦਿੱਗਜ ਵਿਧਾਨ ਸਭਾ ਚੋਣਾਂ ਹਾਰ ਗਏ। ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਆਈ, ਹਾਲਾਂਕਿ ਅੱਜ ਉਨ੍ਹਾਂ ਦਾ ਮਾੜਾ ਹਾਲ ਹੈ। ਮੈਨੂੰ ਲਗਦਾ ਹੈ ਕਿ ਹੁਣ ਕੋਈ ਆਗੂ ਵੱਡਾ ਨਹੀਂ, ਜਨਤਾ ਜਿਸ ਨਾਲ ਹੈ ਉਹ ਵੱਡਾ ਹੈ। ਜਿਹੜਾ ਜਾਂਦਾ ਹੈ, ਉਹ ਲਾਲਚ ਕਾਰਨ ਜਾਂਦਾ ਹੈ। ਅੱਜ ਪੰਜਾਬ ਦੀ ਜਨਤਾ ਇਸ ਗੱਲ ਕਾਰਨ ਸੱਭ ਤੋਂ ਵੱਧ ਦੁਖੀ ਹੈ ਕਿ ਕਲ ਜਿਹੜਾ ਬੰਦਾ ਕਾਂਗਰਸ ਵਿਚ ਸੀ, ਉਹ ਅੱਜ ਭਾਜਪਾ ਵਿਚ ਹੈ, ਆਉਣ ਵਾਲੇ ਕਲ ਨੂੰ ਆਮ ਆਦਮੀ ਪਾਰਟੀ ਵਿਚ ਹੋਵੇਗਾ। ਲੋਕਾਂ ਨੂੰ ਕਿਸੇ ਉਤੇ ਇਤਬਾਰ ਨਹੀਂ ਰਿਹਾ।

ਸਵਾਲ: ਜਿਸ ਤਰ੍ਹਾਂ ਕਾਂਗਰਸੀ ਆਗੂ ਬਾਕੀ ਪਾਰਟੀਆਂ ਨੂੰ ਭਰ ਰਹੇ ਨੇ, ਕਾਂਗਰਸ ਸੋਚ ਰਹੀ ਹੈ ਕਿ ਸਾਡੇ ਆਗੂ ਕਿਉਂ ਜਾ ਰਹੇ ਨੇ?
ਜਵਾਬ: ਪਾਰਟੀ ਛੱਡ ਕੇ ਜਾਣ ਵਾਲਿਆਂ ਤੋਂ ਬਹੁਤ ਖ਼ੁਸ਼ ਹਾਂ। ਅਜਿਹੇ ਮੌਕਾਪ੍ਰਸਤ ਲੋਕ ਪਾਰਟੀ ਨੂੰ ਔਖੇ ਸਮੇਂ ਵਿਚ ਛੱਡ ਕੇ ਜਾ ਰਹੇ ਹਨ। ਉਨ੍ਹਾਂ ਦੇ ਜਾਣ ਨਾਲ ਹੋਰ ਲੋਕਾਂ ਲਈ ਥਾਂ ਬਣੇਗੀ। ਉਦਾਹਰਣ ਵਜੋਂ ਤਿੰਨ ਵਾਰ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਜੋ ਕਿ ਸਰਦਾਰ ਬੇਅੰਤ ਸਿੰਘ ਦੇ ਪੋਤਰੇ ਹਨ। ਕੋਈ ਅਜਿਹੀ ਚੀਜ਼ ਨਹੀਂ, ਜਿਹੜੀ ਪ੍ਰਵਾਰ ਨੂੰ ਮਿਲੀ ਨਾ ਹੋਵੇ ਪਰ ਉਹ ਪਾਰਟੀ ਛੱਡ ਕੇ ਚਲੇ ਗਏ। ਅਸੀਂ ਲੁਧਿਆਣਾ ਸੀ ’ਤੇ ਸੋਚ ਵੀ ਨਹੀਂ ਸਕਦੇ ਸੀ ਕਿ ਬਿੱਟੂ ਦੀ ਵੀ ਟਿਕਟ ਕੋਈ ਕਟਾ ਸਕਦਾ ਹੈ ਕਿਉਂਕਿ ਉਨ੍ਹਾਂ ਦਾ ਕੋਈ ਬਦਲ ਨਹੀਂ ਸੀ। ਉਨ੍ਹਾਂ ਦੇ ਜਾਣ ਨਾਲ ਅੱਜ ਮੇਰੇ ਕੋਲ 4-5 ਬੰਦੇ ਦਾਅਵੇਦਾਰ ਹਨ। ਲੁਧਿਆਣਾ ਵਿਚ ਕਈ ਅਜਿਹੇ ਕਾਬਲ ਆਗੂ ਹਨ, ਜਿਨ੍ਹਾਂ ਨੂੰ ਕਦੇ ਸਮਾਂ ਨਹੀਂ ਮਿਲਿਆ। ਬਿੱਟੂ ਦੇ ਜਾਣ ਨਾਲ ਪਾਰਟੀ ਉਨ੍ਹਾਂ ਕਾਬਲ ਆਗੂਆਂ ’ਤੇ ਵਿਚਾਰ ਕਰ ਰਹੀ ਹੈ।

ਸਵਾਲ: ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਉਹ 3 ਵਾਰ ਸੰਸਦ ਮੈਂਬਰ ਰਹੇ ਪਰ ਉਨ੍ਹਾਂ ਨੂੰ ਉਹ ਮਾਣ-ਸਨਮਾਨ ਨਹੀਂ ਮਿਲਿਆ। ਬੇਅੰਤ ਸਿੰਘ ਦੀ ਫ਼ੋਟੋ ਜਾਂ ਬੁਤ ਨੂੰ ਲੈ ਕੇ ਤੁਹਾਡੇ ਵਿਚਾਲੇ ਬਿਆਨਬਾਜ਼ੀ ਵੀ ਹੋਈ। ਜੰਮੂ-ਕਸ਼ਮੀਰ ਦੀ ਨਿਆਂ ਯਾਤਰਾ ਉਨ੍ਹਾਂ ਦੀ ਜ਼ਿੰਮੇਵਾਰੀ ਸੀ ਪਰ ਕਿਤੇ ਵੀ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਕੋਈ ਫ਼ੋਟੋ ਤਕ ਨਜ਼ਰ ਨਹੀਂ ਆਈ। ਤੁਹਾਨੂੰ ਕਿਥੇ ਲਗਦਾ ਹੈ ਕਿ ਉਨ੍ਹਾਂ ਨੂੰ ਉਹ ਸਤਿਕਾਰ ਨਹੀਂ ਮਿਲਿਆ?
ਜਵਾਬ: ਇਹ ਹਰ ਵਿਅਕਤੀ ਦੇ ਬਹਾਨੇ ਹਨ। ਜਾਖੜ ਸਾਹਬ ਨੇ ਕਾਂਗਰਸ ਪਾਰਟੀ ਛੱਡੀ। 66 ਸਾਲਾਂ ਵਿਚ ਮੁੱਖ ਮੰਤਰੀ ਤੋਂ ਇਲਾਵਾ ਕੋਈ ਅਜਿਹਾ ਅਹੁਦਾ ਨਹੀਂ ਜਿਹੜਾ ਉਨ੍ਹਾਂ ਨੂੰ ਨਹੀਂ ਮਿਲਿਆ। ਚੋਣ ਹਾਰਨ ਦੇ ਬਾਵਜੂਦ ਉਨ੍ਹਾਂ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ। 80 ਲੋਕ ਜਿੱਤੇ ਪਰ ਉਹ ਹਾਰ ਗਏ, ਉਨ੍ਹਾਂ ਨੂੰ ਜ਼ਿਮਨੀ ਚੋਣ ਲੜਾ ਕੇ ਸੰਸਦ ਮੈਂਬਰ ਬਣਾਇਆ। ਕੈਪਟਨ ਅਮਰਿੰਦਰ ਸਿੰਘ ਨੂੰ 2 ਵਾਰ ਮੁੱਖ ਮੰਤਰੀ ਬਣਾਇਆ ਪਰ ਉਹ ਪਾਰਟੀ ਛੱਡ ਗਏ। ਹੁਣ ਰਵਨੀਤ ਸਿੰਘ ਬਿੱਟੂ ਦੀ ਗੱਲ ਕਰੀਏ ਤਾਂ ਸ. ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾਇਆ, ਉਨ੍ਹਾਂ ਦੀ ਬੇਟੀ ਗੁਰਕੰਵਲ ਕੌਰ ਨੂੰ ਮੰਤਰੀ ਬਣਾਇਆ, ਬਿੱਟੂ ਦੇ ਤਾਇਆ ਜੀ ਤੇਜ ਪ੍ਰਕਾਸ਼ ਸਿੰਘ ਮੰਤਰੀ ਬਣਾਏ, ਬਿੱਟੂ ਦੇ ਭਰਾ ਗੁਰਕੀਰਤ ਸਿੰਘ ਕੋਟਲੀ ਨੂੰ 2 ਵਾਰ ਵਿਧਾਇਕ ਅਤੇ ਮੰਤਰੀ ਬਣਾਇਆ, ਬਿੱਟੂ ਨੂੰ ਸੰਸਦ ਮੈਂਬਰ ਬਣਾਇਆ, ਉਨ੍ਹਾਂ ਦੇ ਭਰਾ ਨੂੰ ਕਾਂਗਰਸ ਨੇ ਡੀ.ਐਸ.ਪੀ. ਭਰਤੀ ਕੀਤਾ। ਉਨ੍ਹਾਂ ਨੂੰ ਬਹੁਤ ਵੱਡਾ ਮਾਣ-ਸਨਮਾਨ ਮਿਲਿਆ।
ਜਦੋਂ 2008 ਵਿਚ ਮੈਂ ਅਤੇ ਰਵਨੀਤ ਬਿੱਟੂ ਯੂਥ ਕਾਂਗਰਸ ਪ੍ਰਧਾਨ ਦੀ ਚੋਣ ਲਈ ਆਹਮੋ ਸਾਹਮਣੇ ਸਨ ਤਾਂ ਉਦੋਂ ਸੈਰ-ਸਪਾਟਾ ਮੰਤਰੀ ਰਹੇ ਅੰਬਿਕਾ ਸੋਨੀ ਸ੍ਰੀ ਅਨੰਦਪੁਰ ਸਾਹਿਬ ਤੋਂ ਲੜਨਾ ਚਾਹੁੰਦੇ ਸਨ, ਮੈਂ ਇਸ ਗੱਲ ਦਾ ਗਵਾਹ ਹਾਂ ਕਿ ਰਾਹੁਲ ਗਾਂਧੀ ਨੇ ਇਸ ਸੀਟ ਲਈ ਬਿੱਟੂ ਦੀ ਸਿਫ਼ਾਰਸ਼ ਕੀਤੀ ਅਤੇ ਉਨ੍ਹਾਂ ਨੂੰ ਟਿਕਟ ਦਿਵਾਈ। ਜਿੱਤਣ ਤੋਂ ਬਾਅਦ ਬਿੱਟੂ ਉਸ ਸੀਟ ਨੂੰ ਬਰਕਰਾਰ ਨਹੀਂ ਰੱਖ ਸਕੇ ਅਤੇ 5 ਸਾਲ ਵਿਚ ਉਨ੍ਹਾਂ ਨੂੰ ਸੀਟ ਛਡਣੀ ਪਈ। ਫਿਰ ਉਨ੍ਹਾਂ ਨੂੰ ਲੁਧਿਆਣਾ ਤੋਂ ਸੰਸਦ ਮੈਂਬਰ ਬਣਾਇਆ।
ਉਸ ਵੇਲੇ ਆਮ ਘਰ ਦੇ ਮੁੰਡੇ ਰਾਜਾ ਵੜਿੰਗ ਨੂੰ ਸੰਸਦ ਦੀ ਟਿਕਟ ਨਹੀਂ ਮਿਲੀ ਸਗੋਂ ਬਿੱਟੂ ਨੂੰ ਟਿਕਟ ਮਿਲੀ। ਮੈਨੂੰ ਟਿਕਟ 2012 ਵਿਚ ਉਸ ਥਾਂ ਉਤੇ ਮਿਲੀ, ਜਿਥੋਂ ਤੁਸੀਂ ਕਦੇ ਜਿੱਤ ਨਹੀਂ ਸਕਦੇ ਸੀ। ਮੈਂ ਮਨਪ੍ਰੀਤ ਬਾਦਲ ਨੂੰ ਹਰਾਇਆ ਪਰ ਉਹ ਮੰਤਰੀ ਬਣ ਗਏ, ਰਾਜਾ ਵੜਿੰਗ ਉਡੀਕਦਾ ਰਿਹਾ ਪਰ ਕਾਂਗਰਸ ਨਹੀਂ ਛੱਡੀ।
ਪਾਰਟੀ ਨਾਲ ਗਿਲੇ ਸ਼ਿਕਵੇ ਸੀ ਹਰ ਕਿਸੇ ਨੂੰ ਹੁੰਦੇ ਹਨ, ਅਸੀਂ ਰਾਹੁਲ ਗਾਂਧੀ ਨਾਲ ਆਹਮੋ-ਸਾਹਮਣੇ ਗੱਲ ਵੀ ਕੀਤੀ। ਜੇ ਕਿਸੇ ਨਾ ਜਾਣਾ, ਉਸ ਕੋਲ ਬਹਾਨੇ ਬਹੁਤ ਹਨ ਪਰ ਬਿੱਟੂ ਕੋਲ ਕੋਈ ਬਹਾਨਾ ਨਹੀਂ ਸੀ। ਰਾਹੁਲ ਗਾਂਧੀ ਨਾਲ ਫ਼ੋਟੋ ਵਾਲੀ ਗੱਲ ਕੋਈ ਜਾਇਜ਼ ਕਾਰਨ ਨਹੀਂ। ਹਰ ਬੰਦੇ ਨੂੰ ਸੱਚੀ ਗੱਲ ਦਸਣੀ ਚਾਹੀਦੀ ਹੈ, ਹਰ ਵਿਅਕਤੀ ਇਹੀ ਕਹਿੰਦਾ ਹੈ ਕਿ ਮੈਂ ਪੰਜਾਬ ਲਈ ਕਰ ਰਿਹਾ ਹਾਂ ਪਰ ਹਰ ਕਿਸੇ ਦਾ ਅਪਣਾ ਮਕਸਦ ਹੁੰਦਾ ਹੈ। ਭਗਤ ਸਿੰਘ ਦੀ ਗੱਲ ਕੀਤੀ ਜਾ ਸਕਦੀ ਹੈ ਪਰ ਭਗਤ ਸਿੰਘ ਬਣਿਆ ਨਹੀਂ ਜਾ ਸਕਦਾ।

ਸਵਾਲ: ਤੁਸੀਂ ਖ਼ੁਦ ਨੂੰ ਕਿਥੇ ਵੇਖਦੇ ਹੋ, ਮੁੱਖ ਮੰਤਰੀ ਅਹੁਦੇ ਉਤੇ ਜਾਂ ਕਿਤੇ ਹੋਰ? ਤੁਹਾਡਾ ਮਕਸਦ ਕੀ ਹੈ?
ਜਵਾਬ: ਮੈਂ ਬਹੁਤ ਸੰਤੁਸ਼ਟ ਹਾਂ। ਮੈਂ ਤਿੰਨ ਵਾਰ ਵਿਧਾਇਕ ਅਤੇ ਮੰਤਰੀ ਰਹਿ ਚੁਕਿਆ ਹਾਂ। ਇੰਡੀਅਨ ਯੂਥ ਕਾਂਗਰਸ ਦਾ ਪ੍ਰਧਾਨ ਰਹਿ ਚੁਕਿਆ ਹਾਂ ਹੁਣ ਕੋਈ ਉਤੇਜਨਾ ਨਹੀਂ।

ਸਵਾਲ: ਤੁਸੀਂ ਹਾਲ ਹੀ ਵਿਚ ਸੰਗਰੂਰ ਦੀ ਲੜਾਈ ਸੁਲਝਾਈ ਹੈ। ਅਗਲੀ ਲੜਾਈ ਸ਼ਾਇਦ ਪਟਿਆਲਾ ਵਿਚ ਸ਼ੁਰੂ ਹੋ ਰਹੀ ਹੈ। ਪਾਰਟੀ ਵਿਚ ਕਿਹੜੀ ਕਮੀ ਹੈ ਕਿ ਆਗੂ ਅੰਦਰ ਬੈਠ ਕੇ ਗੱਲ ਕਿਉਂ ਨਹੀਂ ਕਰਦੇ? ਅਨੁਸ਼ਾਸਨ ਕਿਉਂ ਨਹੀਂ ਆਉਂਦਾ?
ਜਵਾਬ: ਇਹ ਅੰਦਰੂਨੀ ਲੋਕਤੰਤਰ ਵੀ ਹੈ। ਇਹ ਖੁਲ੍ਹਾ ਦਰਬਾਰ ਹੈ, ਇਥੇ ਕਿਸੇ ਨੂੰ ਡਰਾਇਆ ਨਹੀਂ ਜਾਂਦਾ। ਹੋਰ ਕਿਸੇ ਪਾਰਟੀ ਵਿਚ ਇਹ ਚੀਜ਼ ਨਹੀਂ। ਜਾਖੜ ਜਿਹੜੇ ਰੋਜ਼ ਟਵੀਟ ਕਰਦੇ ਸੀ ਅੱਜ ਉਨ੍ਹਾਂ ਦੀ ਜ਼ੁਬਾਨ ਬੰਦ ਕੀਤੀ ਹੋਈ ਹੈ। ਫ਼ਿਰੋਜ਼ਪੁਰ ਦੀ ਟਿਕਟ ਨੂੰ ਲੈ ਕੇ ਅੰਦਰੂਨੀ ਲੜਾਈ ਚਲ ਰਹੀ ਹੈ, ਜਾਖੜ ਸਾਹਿਬ ਕਹਿੰਦੇ ਮੈਂ ਅਪਣੇ ਬੰਦੇ ਨੂੰ ਟਿਕਟ ਦਿਵਾਉਣੀ ਹੈ ਪਰ ਹਾਈ ਕਮਾਨ ਕਹਿੰਦੀ ਹੈ ਤੁਸੀਂ ਖ਼ੁਦ ਕਿਉਂ ਨਹੀਂ ਲੜ ਰਹੇ?

ਸਵਾਲ: ਹੁਣ ਚਰਚਾ ਚੱਲ ਰਹੀ ਹੈ ਕਿ ਬਠਿੰਡਾ ਸੀਟ ਉਤੇ ਸਮਝੌਤਾ ਕਰ ਦਿਤਾ ਗਿਆ ਹੈ ਕਿਉਂਕਿ ਅੰਮ੍ਰਿਤਾ ਵੜਿੰਗ ਬਹੁਤ ਮਜ਼ਬੂਤ ਉਮੀਦਵਾਰ ਸੀ। ਇਸ ਸੀਟ ਬਦਲੇ ਸ਼ਾਇਦ ਸੰਗਰੂਰ ਲਈ ਸਮਝੌਤਾ ਹੋਇਆ ਹੈ? ਸ਼ਾਇਦ ਅਕਾਲੀ ਦਲ ਨਾਲ?
ਜਵਾਬ: ਜੇ ਸੰਗਰੂਰ ਤੋਂ ਸੁਖਪਾਲ ਖਹਿਰਾ ਨੂੰ ਟਿਕਟ ਨਹੀਂ ਦਿਤੀ ਜਾਂਦੀ ਤਾਂ ਲੋਕਾਂ ਨੇ ਕਹਿਣਾ ਸੀ ਇਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਲਿਆ। ਦੂਜੇ ਪਾਸੇ ਜੇ ਮੇਰੀ ਧਰਮ ਪਤਨੀ ਬਠਿੰਡਾ ਤੋਂ ਉਮੀਦਵਾਰ ਹੁੰਦੀ ਤਾਂ ਲੋਕਾਂ ਨੇ ਕਹਿਣਾ ਸੀ ਕਿ ਪ੍ਰਧਾਨ ਨੇ ਪ੍ਰਵਾਰਵਾਦ ਫੈਲਾ ਦਿਤਾ ਤੇ ਅਪਣੀ ਪਤਨੀ ਨੂੰ ਟਿਕਟ ਦਿਵਾ ਦਿਤੀ। ਅਜੇ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਨਹੀਂ ਗਿਆ ਸੀ। ਜੇ ਹੁਣ ਮੈਂ ਅਪਣੀ ਪਤਨੀ ਨੂੰ ਨਹੀਂ ਲੜਾਇਆ ਤਾਂ ਲੋਕ ਕਹਿੰਦੇ ਨੇ ਕਿ ਅਕਾਲੀ ਦਲ ਨਾਲ ਸਮਝੌਤਾ ਹੋ ਗਿਆ। ਪਹਿਲਾਂ ਕਹਿੰਦੇ ਸੀ ਕਿ ਭਗਵੰਤ ਮਾਨ ਨਾਲ ਸਮਝੌਤਾ ਹੈ। ਪੰਜਾਬ ਦੇ ਵੱਡੇ ਆਗੂ ਅਜਿਹੀਆਂ ਗੱਲਾਂ ਕਰ ਕੇ ਰਾਜਾ ਵੜਿੰਗ ਦੀ ਆਲੋਚਨਾ ਕਰਦੇ ਨੇ... ਕਿਤੇ ਨਾ ਕਿਤੇ ਰਾਜਾ ਉਨ੍ਹਾਂ ਦੇ ਖ਼ਿਆਲਾਂ ਵਿਚ ਰਹਿੰਦਾ ਹੈ। ਮੇਰਾ ਸਮਝੌਤਾ ਕਿਸੇ ਨਾਲ ਵੀ ਹੋ ਸਕਦਾ ਹੈ ਪਰ ਬਾਦਲਾਂ ਨਾਲ ਕਦੇ ਸਮਝੌਤਾ ਨਹੀਂ ਹੋ ਸਕਦਾ।

ਸਵਾਲ: ਭਗਵੰਤ ਮਾਨ ਨਾਲ ਸਮਝੌਤਾ ਹੈ?
ਜਵਾਬ: ਕਿਸੇ ਸਮੇਂ ਸੀ...ਸਮਝੌਤਾ ਨਹੀਂ ਸਗੋਂ ਦੋਸਤੀ ਸੀ। ਮੈਂ ਪਹਿਲਾਂ ਵੀ ਕਿਹਾ ਕਿ ਦੋਸਤ ਦੋਸਤ ਨੂੰ ਨੀਵਾਂ ਨਹੀਂ ਵਿਖਾ ਉਂਦਾ। 3-4 ਵਾਰ ਮਾਨ ਸਾਹਬ ਨੇ ਕਿਹਾ ਕਿ ਮੈਂ ਰਾਜਾ ਵੜਿੰਗ ਦੀ ਜਾਂਚ ਕਰਾਵਾਂਗਾ। ਜਦੋਂ ਉਹ ਮੁੱਖ ਮੰਤਰੀ ਨਹੀਂ ਸਨ, ਉਦੋਂ ਜਾਣ-ਪਛਾਣ ਸੀ। ਜੇ ਬਾਦਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਸਾਡੇ ਜ਼ਿਲ੍ਹੇ ਵਿਚ ਇਕ ਵਿਅਕਤੀ ਹੈ ਜਿਹੜਾ ਉਨ੍ਹਾਂ ਨੂੰ ਹਰਾ ਸਕਦਾ ਹੈ। 56 ਸਾਲਾਂ ਵਿਚ ਕਿਸੇ ਨੇ ਅੱਜ ਤਕ ਬਾਦਲ ਦੀ ਬੱਸ ਦਾ ਚਲਾਨ ਨਹੀਂ ਕੱਟਿਆ ਪਰ ਰਾਜਾ ਵੜਿੰਗ ਨੇ ਰੋਜ਼ ਉਨ੍ਹਾਂ ਦੀ ਇਕ ਬੱਸ ਫੜੀ। ਮੇਰਾ ਸਮਝੌਤਾ ਉਨ੍ਹਾਂ ਨਾਲ ਕਿਵੇਂ ਹੋ ਸਕਦਾ?

ਸਵਾਲ: ਜੇ ਤੁਸੀਂ ਪਾਰਟੀ ਪ੍ਰਧਾਨ ਵਜੋਂ ਸੋਚੋ ਤਾਂ ਅੰਮ੍ਰਿਤਾ ਵੜਿੰਗ ਬਠਿੰਡਾ ਤੋਂ ਸੱਭ ਤੋਂ ਮਜ਼ਬੂਤ ਉਮੀਦਵਾਰ ਸਨ। ਟਿਕਟ ਨੂੰ ਲੈ ਕੇ ਘਰ ਵਿਚ ਲੜਾਈ ਤਾਂ ਨਹੀਂ ਹੋਈ?
ਜਵਾਬ: ਜੀ ਬਿਲਕੁਲ, ਉਹ ਸੱਭ ਤੋਂ ਵਧੀਆ ਉਮੀਦਵਾਰ ਹੁੰਦੇ। ਲੜਾਈ ਥੋੜ੍ਹੀ ਬਹੁਤ ਹੋਈ ਹੋਵੇਗੀ। ਮੇਰੀਆਂ ਹੋਰ ਜ਼ਿੰਮੇਵਾਰੀਆਂ ਵੀ ਹਨ, ਕਦੇ ਫਿਰ ਮੌਕਾ ਮਿਲੇਗਾ ਤਾਂ ਉਨ੍ਹਾਂ ਨੂੰ ਲੜਾ ਲਵਾਂਗੇ। ਉਹ ਮੇਰੇ ਲਈ ਸੱਭ ਕੁੱਝ ਹੈ, ਉਨ੍ਹਾਂ ਦੀ ਵਜਾ ਨਾਲ ਹੀ ਮੈਂ ਇਥੋਂ ਤਕ ਪਹੁੰਚਿਆ ਹਾਂ ਹਾਲਾਂਕਿ ਮੈਂ ਕਿਤੇ ਨਾ ਕਿਤੇ ਪਾਰਟੀਆਂ ਦੀਆਂ ਡੋਰਾਂ ਨਾਲ ਬੰਨਿ੍ਹਆ ਹੋਇਆ ਹਾਂ। ਮੇਰਾ ਇਹ ਟੀਚਾ ਹੈ ਕਿ ਮੈਂ ਅੰਮ੍ਰਿਤਾ ਵੜਿੰਗ ਨੂੰ ਉਨ੍ਹਾਂ ਦੇ ਸਾਹਮਣੇ ਲੜਾਉਣਾ ਜ਼ਰੂਰ ਹੈ।

ਸਵਾਲ: ਪੰਜਾਬ ਵਿਚ ਹਾਲ ਹੀ ’ਚ ਹਾਰ ਮਿਲੀ ਹੈ। ਇਕ ਮੰਤਰੀ ਜੇਲ ਵਿਚ ਹੈ, 6 ਵਿਰੁਧ ਕੇਸ ਚੱਲ ਰਹੇ ਹਨ। ਤੁਹਾਡੇ ਉਤੇ ਇਲਜ਼ਾਮ ਲਗਦੇ ਰਹਿੰਦੇ ਨੇ, ਲੋਕ ਕਿਉਂ ਵਿਸ਼ਵਾਸ ਕਰਨਗੇ?
ਜਵਾਬ: ਸਿਆਸਤਦਾਨਾਂ ਉਤੇ ਇਲਜ਼ਾਮ ਲਗਦੇ ਰਹਿੰਦੇ ਹਨ... ਜੇਲ ਜਾਣ ਨਾਲ ਵਿਅਕਤੀ ਗੁਨਾਹਗਾਰ ਨਹੀਂ ਬਣ ਜਾਂਦਾ। ਪ੍ਰਧਾਨ ਮੰਤਰੀ ਉਤੇ ਇਲਜ਼ਾਮ ਹਨ, ਭਗਵੰਤ ਮਾਨ ਉਤੇ ਇਲਜ਼ਾਮ ਹਨ, ਰਾਹੁਲ ਗਾਂਧੀ ਉਤੇ ਵੀ ਇਲਜ਼ਾਮ ਨੇ ਪਰ ਇਹ ਤੈਅ ਅਦਾਲਤ ਨੇ ਤੈਅ ਕਰਨਾ ਹੁੰਦਾ ਹੈ। ਜਨਤਾ ਬਹੁਤ ਸਮਝਦਾਰ ਹੈ ਅਤੇ ਉਹ ਬਦਲਾਖੋਰੀ ਦੀ ਰਾਜਨੀਤੀ ਨੂੰ ਸਮਝਦੀ ਹੈ।

ਸਵਾਲ: ਇਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਕਾਂਗਰਸ ਉਤੇ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ, ਦੂਜੇ ਪਾਸੇ ਤੁਹਾਡੇ ਰਾਹੁਲ ਗਾਂਧੀ, ਮੱਲਿਕਾਰਜੁਨ ਖੜਗੇ ਇਕ ਮੰਚ ਉਤੇ ਅਰਵਿੰਦ ਕੇਜਰੀਵਾਲ ਲਈ ਰੈਲੀ ਕਰ ਰਹੇ ਨੇ?
ਜਵਾਬ: ਆਮ ਆਦਮੀ ਪਾਰਟੀ ਜੋ ਕਰ ਰਹੀ ਹੈ, ਉਸ ਨੂੰ ਜਨਤਾ ਨੇ ਉੱਤਰ ਦੇਣਾ ਹੈ। ਸਾਨੂੰ ਮਹਾਤਮਾ ਗਾਂਧੀ, ਬਾਬਾ ਸਾਹਿਬ ਅੰਬੇਡਕਰ, ਭਗਤ ਸਿੰਘ ਨੇ ਇਹੀ ਸਿਖਾਇਆ ਕਿ ਜੇ ਦੁਸ਼ਮਣ ਨਾਲ ਵੀ ਬੇਇਨਸਾਫ਼ੀ ਹੋਵੇ ਤਾਂ ਉਸ ਦਾ ਵੀ ਡਟ ਕੇ ਸਾਥ ਦੇਣਾ ਹੈ। ਜਿਥੇ ਵੀ ਧੱਕਾ ਹੋਵੇਗਾ ਅਸੀਂ ਉਥੇ ਖੜੇ ਹੋਵਾਂਗੇ। ਚੋਣਾਂ ਸਮੇਂ ਵਿਰੋਧੀ ਪਾਰਟੀਆਂ ਦੇ ਖਾਤੇ ਬੰਦ ਕਰਨਾ, ਮੁੱਖ ਮੰਤਰੀਆਂ ਨੂੰ ਅੰਦਰ ਕਰਨਾ, ਇੰਨੀ ਕੀ ਜਲਦੀ ਆ ਗਈ।

ਸਵਾਲ: ਕਾਂਗਰਸ ਦੇ ਨਿਆਂ ਚਿੱਠੀ ਉਤੇ ਅਸੀਂ ਕਿਉਂ ਯਕੀਨ ਕਰੀਏ? ਇਲਜ਼ਾਮ ਇਹ ਹੁੰਦੇ ਹਨ ਕਿ ਪਾਰਟੀਆਂ ਕਹਿ ਕੇ ਭੁੱਲ ਜਾਂਦੀਆਂ ਹਨ।
ਜਵਾਬ: ਅਸੀਂ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ, ਕਿਸਾਨਾਂ ਲਈ ਜੀਐਸਟੀ ਮੁਆਫ਼ੀ, ਫ਼ਸਲਾਂ ਦਾ ਸਿੱਧਾ ਮੁਆਵਜ਼ਾ 30 ਦਿਨਾਂ ਵਿਚ ਅਦਾ ਕਰਨਾ, ਕਰਜ਼ਾ ਮੁਆਫ਼ੀ ਲਈ ਕਮਿਸ਼ਨ ਬਣਾਉਣ ਦਾ ਭਰੋਸਾ ਦਿੰਦੇ ਹਾਂ। ਘੱਟੋ ਘੱਟ ਸਮਰਥਨ ਮੁੱਲ 1967 ਵਿਚ ਇੰਦਰਾ ਗਾਂਧੀ ਦੀ ਸਰਕਾਰ ਲੈ ਕੇ ਆਈ ਸੀ, ਡਾ. ਮਨਮੋਹਨ ਸਿੰਘ ਨੇ ਦੇਸ਼ ਦੇ ਕਿਸਾਨਾਂ ਦਾ 72 ਹਜ਼ਾਰ ਕਰੋੜ ਰੁਪਏ ਕਰਜ਼ਾ ਮੁਆਫ਼ ਕੀਤਾ। ਅਸੀਂ ਪੰਜਾਬ ਵਿਚ ਪਹਿਲੀ ਸਰਕਾਰ ਸੀ ਜਿਸ ਨੇ ਕਿਸਾਨਾਂ ਦਾ 4700 ਕਰੋੜ ਰੁਪਏ ਕਰਜ਼ਾ ਮੁਆਫ਼ ਕੀਤਾ, ਹਾਲਾਂਕਿ ਉਸ ਸਮੇਂ ਸੂਬੇ ਦੀ ਵਿੱਤੀ ਹਾਲਤ ਬਹੁਤ ਮਾੜੀ ਸੀ। ਇਕ ਸਾਲ ਕਿਸਾਨ ਸੜਕਾਂ ਉਤੇ ਰਿਹਾ, ਕਾਂਗਰਸ ਦੇ ਰਾਜ ਵਿਚ ਕੋਈ ਪਰਚਾ ਨਹੀਂ ਹੋਇਆ। ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਤਕ ਛੱਡ ਕੇ ਆਉਣ ਦਾ ਕੰਮ ਕੀਤਾ। ਸ਼ਹੀਦ ਕਿਸਾਨਾਂ ਨੂੰ ਨੌਕਰੀਆਂ ਦਿਤੀਆਂ ਅਤੇ ਮੁਆਵਜ਼ਾ ਦਿਤਾ। ਇਨ੍ਹਾਂ ਗੱਲਾਂ ਨੂੰ ਵੇਖਦੇ ਲੋਕ ਸਾਡੇ ਨਿਆਂ ਚਿੱਠੀ ਉਤੇ ਯਕੀਨ ਜ਼ਰੂਰ ਕਰਨਗੇ।

ਸਵਾਲ: ਤੁਸੀਂ ਨੌਕਰੀਆਂ ਦੀ ਵੀ ਗੱਲ ਕੀਤੀ ਪਰ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਤੁਸੀਂ ਅਪਣੇ 5 ਸਾਲਾਂ ਦੌਰਾਨ ਪੰਜਾਬ ਵਿਚ ਨੌਕਰੀਆਂ ਨਹੀਂ ਦਿਤੀਆਂ?
ਜਵਾਬ: ਅਸੀਂ ਵੱਖ-ਵੱਖ ਵਿਭਾਗਾਂ ਵਿਚ ਖ਼ਾਲੀ ਪਈਆਂ 30 ਲੱਖ ਨੌਕਰੀਆਂ ਦਾ ਵਾਅਦਾ ਕੀਤਾ ਹੈ। ਇਸ ਵਿਚ ਔਰਤਾਂ ਨੂੰ 50 ਫ਼ੀ ਸਦੀ ਰਾਖਵਾਂਕਰਨ ਦੇਵਾਂਗੇ। ਪੰਜਾਬ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ 45 ਹਜ਼ਾਰ ਨੌਕਰੀਆਂ ਦੇ ਦਾਅਵੇ ਕਰ ਰਹੇ ਹਨ, ਕਈ ਵਾਰ ਸਰਕਾਰ ਅਪਣੇ ਤਰੀਕੇ ਨਾਲ ਅੰਕੜੇ ਪੇਸ਼ ਕਰ ਦਿੰਦੀ ਹੈ। ਇਨ੍ਹਾਂ ਨੌਕਰੀਆਂ ਦੇ ਇਸ਼ਤਿਹਾਰ ਵੀ ਅਸੀਂ ਜਾਰੀ ਕੀਤੇ ਸੀ ਅਤੇ ਪ੍ਰਕਿਰਿਆ ਵੀ ਅਸੀਂ ਹੀ ਪੂਰੀ ਕੀਤੀ ਸੀ ਪਰ ਨਿਯੁਕਤੀ ਪੱਤਰਾਂ ਤੋਂ ਪਹਿਲਾਂ ਚੋਣ ਜ਼ਾਬਤਾ ਲੱਗ ਗਿਆ। ਇਹ ਜਾਣਕਾਰੀ ਸੂਚਨਾ ਦਾ ਅਧਿਕਾਰ ਤਹਿਤ ਹਾਸਲ ਕੀਤੀ ਜਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਇਹ ਰਫ਼ਤਾਰ ਹੌਲੀ ਸੀ, 2 ਸਾਲ ਕੋਰੋਨਾ ਕਾਲ ਰਿਹਾ। ਇਹ ਸਾਰਾ ਕੰਮ ਆਖ਼ਰੀ 3-4 ਮਹੀਨਿਆਂ ਵਿਚ ਕੀਤਾ।

ਸਵਾਲ: ਇਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਲੋਕ ਮਹਿੰਗਾਈ, ਬੇਰੁਜ਼ਗਾਰੀ ਤੋਂ ਘਬਰਾਏ ਹੋਏ ਹਨ। ਜਦੋਂ ਇਕ ਆਗੂ ਨੂੰ ਚੁਣਨ ਦੀ ਗੱਲ ਆਉਂਦੀ ਹੈ ਤਾਂ ਲੋਕ ਨਰਿੰਦਰ ਮੋਦੀ ਨੂੰ ਤਰਜੀਹ ਦਿੰਦੇ ਹਨ। ਹਾਲਾਂਕਿ ਰਾਹੁਲ ਗਾਂਧੀ ਨੂੰ ਅੱਜ ਕੋਈ ‘ਪੱਪੂ’ ਨਹੀਂ ਕਹਿ ਸਕਦਾ ਪਰ ਉਨ੍ਹਾਂ ਨੂੰ ਚੁਨੌਤੀ ਨਹੀਂ ਮੰਨਿਆ ਜਾ ਰਿਹਾ।
ਜਵਾਬ: ਰਾਹੁਲ ਗਾਂਧੀ ਜੀ ਨੂੰ ‘ਪੱਪੂ’ ਬਣਾਉਣ ਪਿਛੇ ਬਹੁਤ ਵੱਡੀ ਤਾਕਤ ਲਗਾਈ ਗਈ। ਨਰਿੰਦਰ ਮੋਦੀ ਨੇ ਦੇਸ਼ ਨੂੰ ਨੋਟਬੰਦੀ ਦਿਤੀ ਤੇ ਰਾਹੁਲ ਗਾਂਧੀ ਨੇ ਲੋਕਾਂ ਨੂੰ ਮਨਰੇਗਾ ਦਿਤਾ। ਜੇ ਮਨਰੇਗਾ ਨਾ ਹੁੰਦੀ ਤਾਂ ਲੋਕਾਂ ਨੇ ਕੋਰੋਨਾ ਕਾਲ ਵਿਚ ਭੁੱਖੇ ਮਰ ਜਾਣਾ ਸੀ। ਮੋਦੀ ਜੀ ਨੇ ਦੇਸ਼ ਨੂੰ ਜੀਐਸਟੀ ਦਿਤਾ ਜਦਕਿ ਕਾਂਗਰਸ ਨੇ ਲੋਕਾਂ ਨੂੰ ਰਾਸ਼ਣ ਦੇਣ ਦਾ ਕੰਮ ਕੀਤਾ। ਕਾਂਗਰਸ ਸੂਚਨਾ ਦਾ ਅਧਿਕਾਰ, ਸਿਖਿਆ ਦਾ ਅਧਿਕਾਰ ਲੈ ਕੇ ਆਈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਸ ਵਿਚ ਲੜਾਉਣ ਦਾ ਕੰਮ ਕੀਤਾ। ਰਾਹੁਲ ਗਾਂਧੀ ਹੌਲੀ-ਹੌਲੀ ਉੱਭਰ ਕੇ ਆ ਰਹੇ ਹਨ। ਰਾਹੁਲ ਗਾਂਧੀ ਨੇਕ ਇਨਸਾਨ ਹਨ, ਉਹ ਕਿਸੇ ਨੂੰ ਡਰਾਉਂਦੇ ਨਹੀਂ, ਉਹ ਕਿਸੇ ਪਿਛੇ ਏਜੰਸੀ ਨਹੀਂ ਲਗਾਉਂਦੇ। ਨਰਿੰਦਰ ਮੋਦੀ ਦੀ ਬਦੌਲਤ ਪੰਜਾਬੀਆਂ ਨੂੰ ਬਾਹਰੀ ਸੂਬਿਆਂ ਵਿਚ ‘ਖ਼ਾਲਿਸਤਾਨੀ’ ਦਾ ਟੈਗ ਦਿਤਾ ਜਾ ਰਿਹਾ ਹੈ।

ਸਵਾਲ: ਕਾਂਗਰਸ ਨੂੰ ਕੋਈ ਵੋਟ ਕਿਉਂ ਪਾਵੇ? ਇਕ ਲਾਈਨ ਵਿਚ ਜਵਾਬ ਦਿਉ।
ਜਵਾਬ: ਜੇ ਦੇਸ਼ ਨੂੰ ਬਚਾਉਣਾ ਹੈ ਤੇ ਲੋਕਤੰਤਰ ਅਤੇ ਸੰਵਿਧਾਨ ਬਹਾਲ ਰਖਣਾ ਹੈ ਤਾਂ ਕਾਂਗਰਸ ਨੂੰ ਵੋਟ ਦਿਉ।

ਸਵਾਲ: ਤੁਸੀਂ ਕਿਹਾ ਕਿ ਜੇ ਲੋੜ ਪਈ ਤਾਂ ਜਾ ਕੇ ਕੰਗਨਾ ਰਣੌਤ ਨੂੰ ਹਰਾ ਕੇ ਆਵਾਂਗਾ?
ਜਵਾਬ: ਮੈਨੂੰ ਲੋੜ ਨਹੀਂ ਪਈ...ਹਰ ਪੰਜਾਬੀ ਇਸ ਦੀ ਜ਼ਿੰਮੇਵਾਰੀ ਲਵੇ। ਉਸ ਨੇ ਸਾਡੇ ਪੰਜਾਬੀਆਂ, ਕਿਸਾਨਾਂ ਅਤੇ ਸਾਡੀ ਸ਼ਾਨ ਵਿਰੁਧ ਬਹੁਤ ਕੁੱਝ ਬੋਲਿਆ। ਸਾਨੂੰ ਗੁਰੂਆਂ ਨੇ ਧੀਆਂ-ਭੈਣਾਂ ਦੀ ਇੱਜ਼ਤ ਕਰਨਾ ਸਿਖਾਇਆ ਹੈ ਪਰ ਹਰੇਕ ਪੰਜਾਬੀ ਹਰ ਰੋਜ਼ ਹਿਮਾਚਲ ਜਾ ਕੇ ਕੰਗਨਾ ਨੂੰ ਦਸੇ ਕਿ ਪੰਜਾਬੀ ਕੀ ਹੁੰਦੇ ਹਨ। ਜੇ ਅਜਿਹਾ ਕਰਨ ਨਾਲ ਇਕ ਵੋਟ ਵੀ ਬਦਲ ਗਈ ਤਾਂ ਦੇਸ਼ ਵਿਚ ਬਹੁਤ ਵੱਡਾ ਸੁਨੇਹਾ ਜਾਵੇਗਾ।

‘ਦਰਬਾਰ-ਏ-ਸਿਆਸਤ’ ’ਚ ਰਾਜਾ ਵੜਿੰਗ ਨੂੰ ਕੁੱਝ ਆਗੂਆਂ ਦੀਆਂ ਤਸਵੀਰਾਂ ਵਿਖਾਈਆਂ ਗਈਆਂ, ਜਿਨ੍ਹਾਂ ਉਤੇ ਉਨ੍ਹਾਂ ਨੇ ਅਪਣੀ ਪ੍ਰਤੀਕਿਰਿਆ ਦਿਤੀ

  • ਕੇਂਦਰ ਵਿਰੁਧ ਪ੍ਰਦਰਸ਼ਨ ਦੌਰਾਨ ਜੰਜ਼ੀਰਾਂ ਵਿਚ ਜਕੜੇ ਸੁਸ਼ੀਲ ਰਿੰਕੂ (ਜੋ ਬਾਅਦ ਵਿਚ ਭਾਜਪਾ ਵਿਚ ਸ਼ਾਮਲ ਹੋ ਗਏ) ਦੀ ਤਸਵੀਰ ਬਾਰੇ ਰਾਜਾ ਵੜਿੰਗ ਨੇ ਕਿਹਾ, “ਇਹ ਤਸਵੀਰ ਵੇਖ ਕੇ ਭਗਤ ਸਿੰਘ ਨੂੰ ਵੀ ਸ਼ਰਮ ਆਉਂਦੀ ਹੋਵੇਗੀ”।
  • ਮੁੱਖ ਮੰਤਰੀ ਭਗਵੰਤ ਮਾਨ ਨਾਲ ਅਪਣੀ ਇਕ ਤਸਵੀਰ ਉਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ, “ਅਸੀਂ ਸਿਆਸੀ ਲੋਕ ਹਾਂ, ਕੋਈ ਦੁਸ਼ਮਣ ਨਹੀਂ। ਇਸ ਤਸਵੀਰ ਵਿਚ ਮੈਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਨ ਦੀ ਵਧਾਈ ਦੇ ਰਿਹਾ ਹਾਂ। ਸਾਨੂੰ ਇਹ ਭਾਈਚਾਰਾ ਜ਼ਰੂਰ ਰਖਣਾ ਚਾਹੀਦਾ ਹੈ ਪਰ ਮੁੱਖ ਮੰਤਰੀ ਨੇ ਅਜਿਹਾ ਨਹੀਂ ਕੀਤਾ”।
  •  ਅਕਾਲੀ ਆਗੂ ਬਿਕਰਮ ਸਿਘ ਮਜੀਠੀਆ ਦੀ ਤਸਵੀਰ ਬਾਰੇ ਰਾਜਾ ਵੜਿਗ ਨੇ ਕਿਹਾ, “ਇਹ ਅਪਣੇ ਆਪ ਨੂੰ ਪੰਜਾਬ ਦੇ ਸੱਭ ਤੋਂ ਸੱਚੇ ਵਿਅਕਤੀ ਸਮਝਦੇ ਹਨ ਪਰ ਪੰਜਾਬ ਨੂੰ ਡੋਬਣ ਵਿਚ ਇਨ੍ਹਾਂ ਦਾ ਬਹੁਤ ਵੱਡਾ ਹੱਥ ਹੈ”।
  • ਨਵਜੋਤ ਸਿੱਧੂ ਨਾਲ ਇਕ ਪੁਰਾਣੀ ਤਸਵੀਰ ਬਾਰੇ ਉਨ੍ਹਾਂ ਕਿਹਾ, “ਮੈਂ ਉਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਹਾਂ ਤੇ ਇਹ ਸਤਿਕਾਰ ਬਣਿਆ ਰਹੇਗਾ। ਸ਼ਰਤ ਇਹ ਹੈ ਕਿ ਕੰਮ ਵਿਚ ਗ਼ਲਤ ਨੂੰ ਗ਼ਲਤ ਕਿਹਾ ਜਾਵੇ”।
  • ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਅਪਣੀ ਤਸਵੀਰ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ, “ਮੈਨੂੰ ਅਫ਼ਸੋਸ ਹੈ ਕਿ ਮੈਂ ਸਿੱਧੂ ਮੂਸੇਵਾਲਾ ਲਈ ਬਹੁਤ ਕੁੱਝ ਨਹੀਂ ਕਰ ਸਕਿਆ। ਉਹ ਯਾਰਾਂ ਦਾ ਯਾਰ ਅਤੇ ਪੰਜਾਬ ਦਾ ਪੁੱਤ ਸੀ।”
  • ਧੂਰੀ ਦੇ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਦਲਵੀਰ ਸਿੰਘ ਗੋਲਡੀ ਦੀ ਤਸਵੀਰ ਬਾਰੇ ਰਾਜਾ ਵੜਿੰਗ ਨੇ ਕਿਹਾ, “ਉਹ ਚੰਗੇ ਨੌਜੁਆਨ ਹਨ ਪਰ ਮੇਰੀ ਗਲਤੀ ਹੈ ਕਿ ਮੈਂ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਚੋਣ ਲੜਾਵਾਂਗਾ। ਉਹ ਆਉਣ ਵਾਲੇ ਸਮੇਂ ਵਿਚ ਚੰਗਾ ਆਗੂ ਬਣੇਗਾ”।
  • ਹਾਲ ਹੀ ਵਿਚ ਕਾਂਗਰਸ ਛੱਡ ਆਮ ਆਦਮੀ ਵਿਚ ਸ਼ਾਮਲ ਹੋਏ ਰਾਜ ਕੁਮਾਰ ਚੱਬੇਵਾਲ ਦੀ ਤਸਵੀਰ (ਜਿਸ ਵਿਚ ਉਹ ਕਰਜ਼ੇ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਦਾ ਵਿਰੋਧ ਕਰ ਰਹੇ ਹਨ) ਬਾਰੇ ਰਾਜਾ ਵੜਿੰਗ ਨੇ ਕਿਹਾ, “ਉਹ ਗਿਰਗਿਟ ਹਨ”।
  • ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਜੋ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ) ਨਾਲ ਅਪਣੀ ਤਸਵੀਰ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ, “ਉਹ ਹਮੇਸ਼ਾ ਮਿਲ ਕੇ ਚੰਗੀਆਂ ਗੱਲਾਂ ਕਰਦੇ ਸਨ ਪਰ ਉਨ੍ਹਾਂ ਦੇ ਮਨ ਦੀ ਗੱਲ ਕਿਸੇ ਨੂੰ ਪਤਾ ਨਹੀਂ ਲੱਗ ਸਕੀ”।
  • ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ਦੀ ਤਸਵੀਰ ਉਤੇ ਟਿਪਣੀ ਕਰਦਿਆਂ ਰਾਜਾ ਵੜਿੰਗ ਨੇ ਕਿਹਾ “ਇਸ ਵਿਅਕਤੀ ਕਾਰਨ ਮੈਂ ਸੱਭ ਕੁੱਝ ਹਾਂ”।
  • ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਤਸਵੀਰ ਬਾਰੇ ਰਾਜਾ ਵੜਿੰਗ ਦਾ ਕਹਿਣਾ ਹੈ, “ਜਾਖੜ ਸਾਹਬ ਨੈਤਿਕਤਾ ਦੀਆਂ ਗੱਲਾਂ ਬਹੁਤ ਕਰਦੇ ਹਨ ਪਰ ਉਨ੍ਹਾਂ ਦੀ ਅਪਣੀ ਕੋਈ ਨੈਤਿਕਤਾ ਨਹੀਂ”।
  • ਅਪਣੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਨਾਲ ਤਸਵੀਰ ਬਾਰੇ ਰਾਜਾ ਵੜਿੰਗ ਨੇ ਕਿਹਾ, “ਇਸ ਤੋਂ ਬਿਨਾਂ ਮੇਰਾ ਜੀਵਨ ਅਧੂਰਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement