
ਪਿਛਲੇ ਸਾਲ 13 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਇਕ ਅਹਿਮ ਅਤੇ ਇਤਿਹਾਸਕ ਫ਼ੈਸਲਾ ਲਿਆ ਗਿਆ.....
ਪਿਛਲੇ ਸਾਲ 13 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਇਕ ਅਹਿਮ ਅਤੇ ਇਤਿਹਾਸਕ ਫ਼ੈਸਲਾ ਲਿਆ ਗਿਆ ਜਿਸ ਵਿਚ ਇਹ ਕਿਹਾ ਗਿਆ ਕਿ ਦਲਿਤ ਸਿੱਖਾਂ ਨੂੰ ਬਰਾਬਰੀ ਦੇ ਕੇ ਸਨਮਾਨਤ ਕੀਤਾ ਜਾਵੇ। ਖ਼ਾਸ ਕਰ ਕੇ ਰੰਘਰੇਟੇ ਮਜ਼੍ਹਬੀ ਸਿੱਖਾਂ ਦਾ ਜ਼ਿਕਰ ਕੀਤਾ ਗਿਆ। ਜਥੇਦਾਰ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਲਿਤਾਂ ਨੂੰ 'ਰੰਗਰੇਟੇ ਗੁਰੂ ਕੇ ਬੇਟੇ' ਕਹਿ ਕੇ ਗਲ ਨਾਲ ਲਾਇਆ ਸੀ। ਜਥੇਦਾਰ ਜੀ ਨੇ ਹਦਾਇਤ ਕੀਤੀ ਕਿ ਕਿਸੇ ਵੀ ਗੁਰੂਘਰ ਵਿਚ ਵਿਤਕਰਾ ਨਾ ਕੀਤਾ ਜਾਵੇ।
ਅਸੀ ਇਥੇ ਸਾਫ਼ ਕਰਨਾ ਚਾਹੁੰਦੇ ਹਾਂ ਕਿ ਇਹ ਵਿਤਕਰਾ ਮਜ਼੍ਹਬੀ ਸਿੱਖਾਂ ਅਤੇ ਰਾਮਦਾਸੀਏ ਸਿੱਖਾਂ ਨਾਲ ਕੁੱਝ ਗੁਰਦਵਾਰਿਆਂ, ਡੇਰਿਆਂ, ਨਿਹੰਗ ਸਿੰਘਾਂ ਦੇ ਦਲਾਂ ਤੇ ਕੁੱਝ ਸਿੱਖ ਸੰਪਰਦਾਵਾਂ ਵਿਚ ਅੱਜ ਵੀ ਜਾਰੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜ ਜਥੇਦਾਰਾਂ ਦੀ ਅਪੀਲ ਉਤੇ ਅਖੌਤੀ ਜਾਤਪਾਤ ਦੇ ਨਾਮ ਉਤੇ ਇਹੋ ਜਹੇ ਡੇਰੇ ਜਾਂ ਗੁਰਦਵਾਰੇ ਚਲਾਉਣ ਵਾਲੇ ਮੁਖੀ ਕਿੰਨਾ ਕੁ ਅਮਲ ਕਰਦੇ ਹਨ। ਕਿਉਂਕਿ ਸਿੱਖ ਸਿਧਾਂਤ ਅਨੁਸਾਰ ਸਮੂਹ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁਪਰੀਮ ਮੰਨਦੇ ਹਨ।
ਉਂਜ ਵੀ ਗੁਰੂ ਗ੍ਰੰਥ ਸਾਹਿਬ ਵਿਚ ਇਕ ਵੀ ਅਜਿਹਾ ਸ਼ਬਦ ਨਹੀਂ ਮਿਲਦਾ ਜਿਹੜਾ ਜਾਤ-ਪਾਤ ਨੂੰ ਉਤਸ਼ਾਹਿਤ ਕਰਦਾ ਹੋਵੇ। ਸਗੋਂ ਗੁਰਬਾਣੀ ਤਾਂ ਅਜਿਹਾ ਕਰਨ ਵਾਲੇ ਨੂੰ ਮੂਰਖ ਅਤੇ ਗਵਾਰ ਕਹਿੰਦੀ ਹੈ। ਆਉ ਸਾਰੇ ਰਲ ਕੇ ਇਸ ਬੁਰਾਈ ਅਤੇ ਸਿੱਖੀ ਸਿਧਾਂਤਾਂ ਵਿਰੁਧ ਹੁੰਦੇ ਰਵਈਏ ਨੂੰ ਰੋਕਣ ਦਾ ਯਤਨ ਕਰੀਏ। 'ਸਿੱਖ ਦੀ ਕੋਈ ਜਾਤ ਨਹੀਂ, ਜਿਸ ਦੀ ਜਾਤ ਹੈ ਉਹ ਸਿੱਖ ਨਹੀਂ।'
-ਸੁਰਜੀਤ ਸਿੰਘ, ਪ੍ਰਧਾਨ ਮਜ਼੍ਹਬੀ ਸਿੱਖ ਮਹਾਂਸਭਾ ਹਰਿਆਣਾ, ਸੰਪਰਕ : 97296-16708