
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ
ਇਸ ਤੋਂ ਬਾਦ ਅਕਾਲ ਤਖ਼ਤ ਦਾ ਮਹਾਨ ਜਥੇਦਾਰ ਗਿਆਨੀ ਪੂਰਨ ਸਿੰਘ। ਇਹ ਭਾਈ ਦੁਰਗਿਆਣਾ ਮੰਦਰ ਵਿਚ ਟੱਲੀਆਂ ਖੜਕਾਉਣ ਤੇ ਮੂਰਤੀਆਂ ਦੀ ਪੂਜਾ ਕਰਨ ਵੀ ਆਮ ਹੀ ਜਾਂਦਾ ਹੈ। ਇਹ ਬੜੀ ਬੇਸ਼ਰਮੀ ਨਾਲ ਗੁਰੂਆਂ ਨੂੰ ਲਵ-ਕੁਸ਼ ਦੀ ਔਲਾਦ ਵੀ ਕਹਿੰਦਾ ਹੈ। ਭਾਈ ਰਣਜੀਤ ਸਿੰਘ ਨੂੰ ਰਾਤੋ ਰਾਤ ਜਥੇਦਾਰੀ ਤੋਂ ਬਾਦਲ ਨੇ ਉਤਾਰਿਆ ਸੀ। ਉਸ ਦੀ ਥਾਂ ਪੂਰਨ ਸਿੰਘ ਨੂੰ ਬਿਠਾਇਆ ਸੀ। ਇਸ ਪੂਰਨ ਸਿੰਘ ਨਾਮ ਦੇ ਸ਼ਖ਼ਸ ਨੇ ਸਿਰਫ਼ ਦੋ ਮਹੀਨੇ ਜਥੇਦਾਰੀ ਦਾ ਤੁਰਲਾ ਅਪਣੇ ਸਿਰ ਤੇ ਰਖਿਆ। ਦੋ ਮਹੀਨਿਆਂ ਵਿਚ ਹੀ ਹੁਕਮਨਾਮੇ ਜਾਰੀ ਕਰਨ ਦੇ ਰਿਕਾਰਡ ਤੋੜ ਦਿਤੇ। ਮਿਤੀ 25-1-2000 ਤੋਂ 28-3-2000 ਦੇ ਸਮੇਂ ਦੌਰਾਨ ਇਸ ਬੰਦੇ ਨੇ ਸ਼੍ਰੋਮਣੀ ਕਮੇਟੀ ਦੀ ਉਸ ਸਮੇਂ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਵੀ ਪੰਥ ਵਿਚੋਂ ਛੇਕ ਦਿਤਾ ਸੀ। ਉਸ ਬੀਬੀ ਨੇ ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੀਤਾ ਨਾਨਕ ਸ਼ਾਹੀ ਕੈਲੰਡਰ ਪ੍ਰਵਾਨ ਕਰ ਕੇ ਲਾਗੂ ਕਰਨ ਦਾ ਐਲਾਨ ਕਰ ਦਿਤਾ ਸੀ। ਇਸ ਨਾ-ਸਮਝ ਬੰਦੇ ਨੇ ਹੋਰ ਵੀ ਕਈ ਘਿਨੌਣੀਆਂ ਹਰਕਤਾਂ ਕੀਤੀਆਂ ਜਿਸ ਕਾਰਨ ਸਿੱਖਾਂ ਦੀ ਕਾਫ਼ੀ ਜੱਗ ਹਸਾਈ ਹੋਈ। ਦੋ ਮਹੀਨਿਆਂ ਅੰਦਰ ਇਸ ਨੂੰ ਜ਼ਿੰਮੇਵਾਰੀ ਤੋਂ ਹਟਾ ਦਿਤਾ ਗਿਆ।
Akal Takht sahib
ਅੰਮ੍ਰਿਤਸਰ ਵਿਚ ਦਿੱਲੀ ਦੇ (1984) ਦੰਗਾ ਪੀੜਤ ਲੋਕਾਂ ਲਈ ਕਾਲੋਨੀ ਵਿਚ ਪਲਾਟ ਕੱਟ ਕੇ ਦਿਤੇ ਗਏ ਸਨ। ਪੂਰਨ ਸਿੰਘ ਨੇ ਅਪਣੇ ਗੁੰਡਿਆਂ ਰਾਹੀਂ ਪੀੜਤਾਂ ਦੇ ਕਈ ਪਲਾਟਾਂ ਤੇ ਜਬਰੀ ਕਬਜ਼ਾ ਕਰ ਲਿਆ। ਹਰਪਾਲ ਸਿੰਘ ਪੁੱਤਰ ਗੁਰਮੇਜ ਸਿੰਘ ਨੂੰ ਪੂਰਨ ਸਿੰਘ ਦੇ ਬੰਦਿਆਂ ਨੇ ਗੰਭੀਰ ਸੱਟਾਂ ਮਾਰੀਆਂ। ਇਸ ਦੇ ਸਾਥੀਆਂ ਤੇ ਪੁਲਿਸ ਨੇ ਪਰਚਾ ਦਰਜ ਕੀਤਾ। (ਸਪੋਕਸਮੈਨ, 22-2-2014) ਪੂਰਨ ਸਿੰਘ ਦਾ ਪੁੱਤਰ ਜੈ ਸਿੰਘ ਕੀਰਤਨੀ ਜਥਾ ਲੈ ਕੇ ਕੈਨੇਡਾ ਵਿਚ ਕੀਰਤਨ ਦੀ ਸੇਵਾ ਲਈ ਗਿਆ। ਉਥੇ ਕੀਰਤਨ ਨਾਲ ਜੈ ਸਿੰਘ ਨੇ ਖ਼ੂਬ ਅਯਾਸੀ ਕੀਤੀ। ਬਾਹਰ ਜੋ ਕੁੱਝ ਕੀਤਾ ਸੋ ਕੀਤਾ, ਜੈ ਸਿੰਘ ਦਾ ਜਥਾ ਜਿਸ ਘਰ ਵਿਚ ਠਹਿਰਿਆ ਹੋਇਆ ਸੀ, ਉਸ ਪ੍ਰਵਾਰ ਦੀ 13 ਸਾਲ ਦੀ ਨਾਬਾਲਗ਼ ਲੜਕੀ ਨਾਲ ਛੇੜਛਾੜ ਕੀਤੀ। ਲੜਕੀ ਨੇ ਰੌਲਾ ਪਾ ਦਿਤਾ। ਪ੍ਰਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੂਰਨ ਸਿੰਘ ਦੇ ਪੁੱਤਰ ਜੈ ਸਿੰਘ ਨੂੰ ਕੈਨੇਡਾ ਦੀ ਅਦਾਲਤ ਨੇ ਤਿੰਨ ਮਹੀਨਿਆਂ ਲਈ ਜੇਲ ਭੇਜਿਆ ਤੇ ਸਦਾ ਵਾਸਤੇ ਕੈਨੇਡਾ ਵਿਚ ਦਾਖਲ ਹੋਣ ਤੇ ਪਾਬੰਦੀ ਲਗਾ ਦਿਤੀ। (ਸਪੋਕਸਮੈਨ, 19-10-2013) ਮਾਰਚ 2000 ਵਿਚ ਪੂਰਨ ਸਿੰਘ ਜਥੇਦਾਰ ਨੂੰ ਜ਼ਲੀਲ ਕਰ ਕੇ ਕੱਢਣ ਤੋਂ ਬਾਅਦ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਇਕ ਗ੍ਰੰਥੀ ਜੋਗਿੰਦਰ ਸਿੰਘ ਵੇਦਾਂਤੀ ਜਥੇਦਾਰ ਥਾਪ ਦਿਤਾ। ਧਰਮ ਦੇ ਸਤਿਕਾਰਯੋਗ ਅਹੁਦਿਆਂ ਤੇ ਬੈਠ ਕੇ ਸੇਵਾ ਕਰਨ ਦਾ ਢਕਵੰਜ ਕਰਨ ਵਾਲਿਆਂ ਦੀ ਨਿਯੁਕਤੀ ਰਾਜਨੇਤਾ ਕਰਦੇ ਨੇ। ਏਨਾ ਵੱਡਾ ਅਹੁਦਾ ਤੇ ਏਨੀ ਮੋਟੀ ਤਨਖ਼ਾਹ ਤੇ ਸਹੂਲਤਾਂ ਦੇ ਕੇ ਅਪਣੀ ਮਨਮਰਜ਼ੀ ਦੇ ਹੁਕਮਨਾਮੇ ਜਾਰੀ ਕਰਵਾਉਂਦੇ ਹਨ।
Akal Takht sahib
ਅਪਣੇ ਹਮਾਇਤੀ ਭਾਵੇਂ ਸਮੁੱਚੇ ਪੰਥ ਨੂੰ ਵੇਚ ਕੇ ਖਾ ਜਾਣ, ਉਨ੍ਹਾਂ ਵਿਰੁਧ ਕਦੇ ਜ਼ੁਬਾਨ ਨਹੀਂ ਖੋਲ੍ਹਣੀ। ਵਿਰੋਧੀ ਪਾਰਟੀ ਵਾਲੇ ਨੇ ਭਾਵੇਂ ਕੋਈ ਗ਼ਲਤੀ ਨਾ ਕੀਤੀ ਹੋਵੇ, ਉਸ ਵਿਰੁਧ ਪੰਥ ਵਿਚੋਂ ਛੇਕਣ ਵਾਲਾ, ਅਕਾਲ ਤਖ਼ਤ ਦਾ ਨਾਮ ਵਰਤ ਕੇ ਹੁਕਮਨਾਮਾ ਜ਼ਰੂਰ ਜਾਰੀ ਕਰ ਦੇਣਾ ਹੈ। ਇਸੇ ਪ੍ਰੰਪਰਾ ਨੂੰ ਨਿਭਾਉਂਦਿਆਂ ਜੋਗਿੰਦਰ ਸਿੰਘ ਵੇਦਾਂਤੀ ਨੇ ਪੂਰਨ ਸਿੰਘ ਵੇਲੇ ਜਾਰੀ ਕੀਤੇ ਗਏ ਸਾਰੇ ਹੁਕਮਨਾਮੇ ਰੱਦ ਕਰ ਦਿਤੇ। ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਉਸ ਸਮੇਂ ਪ੍ਰਧਾਨ ਸੀ। ਸ਼੍ਰੋਮਣੀ ਕਮੇਟੀ ਮੈਂਬਰ ਪ੍ਰੀਤਮ ਸਿੰਘ ਭਾਟੀਆ, ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਵਕੀਲ ਨੂੰ ਪੰਥ ਵਿਚੋਂ ਪੂਰਨ ਸਿੰਘ ਨੇ ਖ਼ਾਰਜ ਕੀਤਾ ਸੀ। ਅਕਾਲ ਤਖ਼ਤ ਦਾ ਹੈੱਡ ਗ੍ਰੰਥੀ ਭਗਵਾਨ ਸਿੰਘ, ਦਮਦਮਾ ਸਾਹਿਬ ਦਾ ਜਥੇਦਾਰ ਗਿਆਨੀ ਕੇਵਲ ਸਿੰਘ, ਅਨੰਦਪੁਰ ਦਾ ਜਥੇਦਾਰ ਭਾਈ ਮਨਜੀਤ ਸਿੰਘ ਆਦਿ ਨੂੰ ਵੀ ਪੂਰਨ ਸਿੰਘ ਨੇ ਪੰਥ ਵਿਚ ਛੇਕ ਦਿਤਾ ਸੀ।
Jagir kaur
ਜੋਗਿੰਦਰ ਸਿੰਘ ਵੇਦਾਂਤੀ ਨੇ ਪੂਰਨ ਸਿੰਘ ਵਲੋਂ ਜਾਰੀ ਕੀਤੇ ਹੁਕਮਨਾਮੇ ਤਾਂ ਰੱਦ ਕਰ ਦਿਤੇ ਪਰ ਪੂਰਨ ਸਿੰਘ ਵਿਰੁਧ ਕੋਈ ਕਾਰਵਾਈ ਨਾ ਕੀਤੀ ਗਈ। ਜੇਕਰ ਪੂਰਨ ਸਿੰਘ ਦੇ ਹੁਕਮ ਗ਼ਲਤ ਸਨ, ਫਿਰ ਗ਼ਲਤੀਆਂ ਦੀ ਸਜ਼ਾ ਤਾਂ ਜ਼ਰੂਰ ਮਿਲਣੀ ਚਾਹੀਦੀ ਸੀ। ਬੀਬੀ ਜਗੀਰ ਕੌਰ ਦਾ ਸਾਥ ਦੇਣ ਵਾਲੇ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਨੂੰ ਵੀ ਪੂਰਨ ਸਿੰਘ ਨੇ ਪੰਥ ਵਿਚੋਂ ਛੇਕ ਦਿਤਾ ਸੀ ਜਿਨ੍ਹਾਂ ਦੇ ਨਾਮ ਇਹ ਹਨ- ਰਘੁਜੀਤ ਸਿੰਘ, ਸਤਨਾਮ ਸਿੰਘ, ਗੁਰਪਾਲ ਸਿੰਘ ਤੇ ਪ੍ਰੀਤਮ ਸਿੰਘ। 28-3-2000 ਨੂੰ ਪੂਰਨ ਸਿੰਘ ਦਾ ਇਹ ਆਖ਼ਰੀ ਹੁਕਮਨਾਮਾ ਸੀ। ਇਸੇ ਦਿਨ ਰਾਤ ਸਮੇਂ ਬਾਦਲ ਪ੍ਰਵਾਰ ਨੇ ਪੂਰਨ ਸਿੰਘ ਵਿਰੁਧ ਵੱਡਾ ਹੁਕਮਨਾਮਾ ਜਾਰੀ ਕਰ ਦਿਤਾ। ਪੂਰਨ ਸਿੰਘ ਨੂੰ ਜਥੇਦਾਰੀ ਤੋਂ ਉਤਾਰ ਦਿਤਾ। ਜੋਗਿੰਦਰ ਸਿੰਘ ਵੇਦਾਂਤੀ ਨੂੰ ਸਾਰਾ ਕੁੱਝ ਸਮਝਾ ਕੇ, ਵਫ਼ਾਦਾਰੀ ਨਿਭਾਉਣ ਦੇ ਗੁਰ ਸਿਖਾ ਕੇ ਵੱਡਾ ਪੁਜਾਰੀ ਥਾਪ ਦਿਤਾ। ਸ਼੍ਰੋਮਣੀ ਕਮੇਟੀ ਲਈ ਹੁਕਮਨਾਮਾ ਜਾਰੀ ਕੀਤਾ ਗਿਆ। ਇਹ ਹੁਕਮਨਾਮਾ ਚੰਗਾ ਸੀ ਪਰ ਅੱਜ ਤਕ ਇਸ ਨੂੰ ਮੰਨਿਆ ਹੀ ਨਹੀਂ ਗਿਆ।
bibi jagir kaur
ਹੁਕਮਨਾਮਾ ਇੰਜ ਸੀ -ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਰਾਂ ਦੀ ਕਮੇਟੀ ਦੀ ਸਥਾਪਨਾ ਕਰ ਕੇ, ਤਖ਼ਤ ਸਾਹਿਬਾਨ ਦੇ ਜਥੇਦਾਰ ਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਜਿਵੇਂ ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਤੇ ਜ਼ਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਤ ਕੀਤੇ ਜਾਣ। ਇਸ ਦੇ ਨਾਲ ਹੀ ਸਮੇਂ-ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਹੱਲ ਲਈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪੱਸ਼ਟ ਵਿਧੀ ਵਿਧਾਨ ਸੁਨਿਸ਼ਚਿਤ ਕੀਤਾ ਜਾਵੇ ਤਾਕਿ ਭਵਿੱਖ ਵਿਚ ਕਿਸੇ ਵਲੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਨਿਜੀ ਹਿਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ। ਖ਼ਾਲਸਾ ਪੰਥ ਵਿਚ ਅਕਾਲ ਤਖ਼ਤ ਸਾਹਿਬ ਤੋਂ ਸਮੇਂ-ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਹੇ। ਗੁਰਦੁਆਰਾ ਐਕਟ ਨੂੰ ਬਣਿਆਂ ਪੌਣੀ ਸਦੀ ਹੋ ਚੁੱਕੀ ਹੈ। ਸਮੇਂ ਦੀ ਪ੍ਰਬਲ ਲੋੜ ਹੈ ਕਿ ਗੁਰਦਵਾਰਾ ਪ੍ਰਬੰਧ ਨੂੰ ਪੰਥਕ ਯੁਕਤ ਦੇ ਅਨਸਾਰੀ ਬਣਾਉਣ ਲਈ ਇਸ ਐਕਟ ਅਧੀਨ ਬੀਤੇ ਸਮੇਂ ਵਿਚ ਹੋਈ ਲਾਭ ਹਾਨੀ ਦਾ ਲੇਖਾ ਜੋਖਾ ਕੀਤਾ ਜਾਵੇ। ਐਕਟ ਵਿਚ ਪੰਥਕ ਹਿਤਾਂ ਤੋਂ ਉਲਟ ਜੇਕਰ ਕੋਈ ਧਾਰਾ ਹੈ ਤਾਂ ਉਸ ਦੀ ਸੋਧ ਲਈ ਉਪਰਾਲਾ ਕੀਤਾ ਜਾਵੇ। ਗਰਦਵਾਰਾ ਪ੍ਰਬੰਧ ਨੂੰ ਸਿਆਸਤ ਦੀ ਕੁਟਲਤਾ ਦੇ ਪ੍ਰਭਾਵ ਤੋਂ ਪਾਕ ਰੱਖਣ ਨੂੰ ਯਕੀਨੀ ਬਣਾਇਆ ਜਾਵੇ।
SGPC
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਸਾਹਿਬ ਤੇ ਬਾਕੀ ਸਾਰੇ ਤਖ਼ਤ ਸਹਿਬਾਨ ਆਪ ਅਪਣੀ ਥਾਵੇਂ ਪੰਥ ਦੀਆਂ ਗੋਰਵਸ਼ੀਲ ਸੰਸਥਾਵਾਂ ਹਨ। ਇਨ੍ਹਾਂ ਸੰਸਥਾਵਾਂ ਦੇ ਸੇਵਾਦਾਰਾਂ ਨੂੰ ਪੰਥ ਵਲੋਂ ਬਖ਼ਸ਼ੀ ਹੋਈ ਜ਼ਿੰਮੇਵਾਰੀ ਪਰਸਪਰ ਪਿਆਰ ਸਤਿਕਾਰ ਅਤੇ ਮਿਲਵਰਤਣ ਦੀ ਭਾਵਨਾ ਅਧੀਨ ਨਿਭਾ ਕੇ ਗੁਰੂ ਕੇ ਪੰਥ ਵਲੋਂ ਸੁਰਖ਼ਰੂ ਹੋਣਾ ਚਾਹੀਦਾ ਹੈ। ਹਸਤਾਖ਼ਰ : ਜੋਗਿੰਦਰ ਸਿੰਘ ਵੇਦਾਂਤੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ। ਗੁਰਬਚਨ ਸਿੰਘ, ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਹੈਡ ਗ੍ਰੰਥੀ : ਮੋਹਣ ਸਿੰਘ, ਸ੍ਰੀ ਦਰਬਾਰ ਸਾਹਿਬ। ਚਰਨ ਸਿੰਘ, ਗ੍ਰੰਥੀ ਸ੍ਰੀ ਦਰਬਾਰ ਸਾਹਿਬ। ਰਵੇਲ ਸਿੰਘ, ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ। ਮਿਤੀ 29-3-2000 ਇਹ ਲਿਖਤ ਲਿਖੇ ਜਾਣ ਤਕ ਜਥੇਦਾਰ ਵੇਦਾਂਤੀ ਵਲੋਂ ਇਹ ਹੁਕਮਨਾਮਾ ਜਾਰੀ ਹੋਏ ਨੂੰ ਵੀਹ ਸਾਲ ਹੋ ਗਏ ਹਨ।
ਸ਼੍ਰੋਮਣੀ ਕਮੇਟੀ ਵਾਲਿਆਂ ਨੇ ਤੇ ਅਕਾਲੀ ਦਲਾਂ ਨੇ ਇਸ ਹੁਕਮਨਾਮੇ ਨੂੰ ਰੱਦੀ ਵਾਲੀ ਟੋਕਰੀ ਵਿਚ ਵਗਾਹ ਮਾਰਿਆ, ਇਸ ਤੇ ਕਦੇ ਵਿਚਾਰ ਚਰਚਾ ਤਕ ਨਾ ਕੀਤੀ ਗਈ। ਪਹਿਲਾਂ ਵਾਂਗ ਹੀ ਸ਼੍ਰੋਮਣੀ ਕਮੇਟੀ ਤੇ ਰਾਜਸੀ ਲੋਕਾਂ ਦਾ ਕਬਜ਼ਾ ਹੈ। ਉਸੇ ਤਰ੍ਹਾਂ ਚੜ੍ਹਾਵੇ ਦੇ ਪੈਸੇ ਦੀ ਅੰਨ੍ਹੀ ਲੁੱਟ ਹੋ ਰਹੀ ਹੈ। ਪਹਿਲਾਂ ਵਾਂਗ ਹੀ ਜਥੇਦਾਰ ਬਾਦਲਾਂ ਦੇ ਲਿਫ਼ਾਫ਼ਿਆਂ ਵਿਚੋਂ ਨਿਕਲਦੇ ਹਨ। ਹੈ ਨਾ ਉਤਕੜੇ ਦਾ ਸੱਤੀਂ ਵੀਹੀਂ ਸੌ? ਸਿੱਖਾਂ ਦੇ ਚਾਲਬਾਜ਼ ਲੀਡਰਾਂ ਨੇ ਲਗਾਤਾਰ ਦੀਆਂ ਲੂੰਬੜ ਚਾਲਾਂ ਨਾਲ ਮਾਨਸਕ ਤੌਰ ਉਤੇ ਤਬਾਹ ਕਰ ਕੇ ਰੱਖ ਦਿਤਾ ਹੈ। ਅਕਾਲ ਤਖ਼ਤ ਦਾ ਨਾਮ ਵਰਤ ਕੇ ਇਥੋਂ ਦੇ ਪੁਜਾਰੀਆਂ ਨੇ 40 ਸਾਲ ਪਹਿਲਾਂ ਇਕ ਹੁਕਮਨਾਮਾ ਜਾਰੀ ਕੀਤਾ ਸੀ। ਅਜਿਹੇ ਹੁਕਮਨਾਮਿਆਂ ਬਦਲੇ ਸਿੱਖ ਪੁਜਾਰੀਆਂ ਨੂੰ ਕਿੰਨਾ ਪੈਸਾ ਮਿਲਦਾ ਹੈ। ਕਿਵੇਂ ਝੁਕਣ ਵਾਸਤੇ ਮਜਬੂਰ ਕੀਤਾ ਜਾਂਦਾ ਹੈ? ਕਿਵੇਂ ਸਿੱਖ ਪੁਜਾਰੀਆਂ ਦੀ ਜ਼ਮੀਰ ਮਰ ਜਾਂਦੀ ਹੈ? ਕੀ ਅਜਿਹੀਆਂ ਕਰਤੂਤਾਂ ਗੰਗੂ ਜਾਂ ਚੰਦੂ ਨਾਲੋਂ ਘੱਟ ਬੁਰੀਆਂ ਹਨ? ਕੀ ਸ੍ਰੀ ਚੰਦ, ਪ੍ਰਿਥੀ ਚੰਦ ਤੇ ਧੀਰ ਮੱਲ ਦੁਬਾਰਾ ਤਾਂ ਨਹੀਂ ਜੰਮ ਪਏ? ਹੁਕਮਨਾਮੇ ਦੀ ਲਿਖਤ ਪੜ੍ਹ ਲਉ - ਪੰਥਕ ਟਿਕਟ ਉਤੇ ਕਾਮਯਾਬ ਹੋਏ ਸਮੂਹ ਅਕਾਲੀ ਵਿਧਾਇਕਾਂ ਨੂੰ ਹਦਾਇਤ ਕਰਦੇ ਹਾਂ ਕਿ ਪੰਥ ਦੀ ਸ਼ਾਨ ਨੂੰ ਉਚਿਆਂ ਰੱਖਣ ਤੇ ਚੜ੍ਹਦੀ ਕਲਾ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਇਕਮੁੱਠ ਹੋ ਕੇ ਪੰਜਬ ਸਰਕਾਰ ਨੂੰ ਮਜ਼ਬੂਤੀ ਨਾਲ ਚਲਾਉਣ ਤੇ ਸੂਬੇ ਦੀ ਸੇਵਾ ਕਰਨ।
ਸ਼੍ਰੋਮਣੀ ਕਮੇਟੀ ਦੇ ਸਾਰੇ ਪੰਥਕ ਮੈਂਬਰਾਂ ਨੂੰ ਤਾਕੀਦ ਕਰਦੇ ਹਾਂ ਕਿ ਗੁਰਦਵਾਰਿਆਂ ਦੇ ਪ੍ਰਬੰਧ ਨੂੰ ਚੰਗਿਆਂ ਬਣਾਉਣ ਲਈ ਤੇ ਸਿੱਖੀ ਪ੍ਰਚਾਰ ਦੀ ਲਹਿਰ ਨੂੰ ਤੇਜ਼ ਕਰਨ ਲਈ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਹੇਠ ਮਿਲ ਕੇ ਕੰਮ ਕਰਨ। ਸਹੀ-ਸਾਧੂ ਸਿੰਘ ਭੌਰਾ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਕ੍ਰਿਪਾਲ ਸਿੰਘ- ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਗੁਰਦਿਆਲ ਸਿੰਘ ਅਜਨੋਹਾ- ਜਥੇਦਾਰ - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ, ਸੋਹਣ ਸਿੰਘ ਗ੍ਰੰਥੀ-ਸ੍ਰੀ ਹਰਿਮੰਦਰ ਸਾਹਿਬ, ਪ੍ਰੀਤਮ ਸਿੰਘ-ਹੈੱਡ ਗ੍ਰੰਥੀ-ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ। (ਹਵਾਲਾ ਪੁਸਤਕ - ਹੁਕਮਨਾਮੇ, ਆਦੇਸ਼, ਸੰਦੇਸ਼, ਪੰਨਾ-79, ਸੰਪਾਦਕ-ਰੂਪ ਸਿੰਘ, ਪ੍ਰਕਾਸ਼ਕ-ਸਿੰਘ ਬ੍ਰਦਰਜ਼, ਅੰਮ੍ਰਿਤਸਰ, (ਛਾਪ ਜੂਨ-2003) ਨੌਸਰਬਾਜ਼ ਰਾਜਨੀਤਕ ਸਿੱਖ ਲੀਡਰਾਂ ਨੇ ਸਾਧ ਸੰਤਾਂ ਨੂੰ ਤਾਂ ਸਰਪ੍ਰਸਤੀ ਦਿਤੀ ਹੀ ਹੈ, ਸਗੋਂ ਨਾਮ ਬਦਲ ਕੇ, ਪਹਿਰਾਵਾ ਬਦਲ ਕੇ ਅਕਾਲ ਤਖ਼ਤ ਤੇ ਦਰਬਾਰ ਸਾਹਿਬ ਦੇ ਨਾਮ ਦੀ ਵਰਤੋਂ ਕਰ ਕੇ ਇਨ੍ਹਾਂ ਇਤਿਹਾਸਤਕ ਥਾਵਾਂ ਤੇ ਵੀ ਜਥੇਦਾਰ ਨਾਮਕਰਨ ਕਰ ਕੇ ਪੁਜਾਰੀ ਹੀ ਬਿਠਾ ਦਿਤੇ ਹਨ।
ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਦੇ ਹੁਕਮਨਾਮੇ ਰਾਹੀਂ ਅਕਾਲੀ ਦਲ ਨੂੰ ਅਪਣੇ ਨਾਮ ਲਿਖਵਾ ਲਿਆ। ਗੁਰਚਰਨ ਸਿੰਘ ਟੌਹੜਾ ਨੇ ਸ਼੍ਰੋਮਣੀ ਕਮੇਟੀ ਅਪਣੇ ਨਾਮ ਚੜ੍ਹਾ ਲਈ। ਅੱਜ 40 ਸਾਲ ਬੀਤ ਗਏ ਹਨ, ਇਨ੍ਹਾਂ ਹੁਕਮਨਾਮਿਆਂ ਵਿਰੋਧ ਵਿਚ ਕੋਈ ਵੀ ਖੜਾ ਨਹੀਂ ਹੋਇਆ। ਗੁਰਚਰਨ ਸਿੰਘ ਟੌਹੜਾ ਮਰਨ ਤਕ (27 ਸਾਲ) ਪ੍ਰਧਾਨ ਰਿਹਾ। ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦਾ ਮਾਲਕ ਮਰਨ ਤਕ ਹੀ ਰਹੇਗਾ। ਹੁਕਮਨਾਮਾ ਅਕਾਲ ਤਖ਼ਤ ਤੋਂ ਜਾਰੀ ਹੋਇਆ ਸੀ, ਉਸ ਨੂੰ ਕੌਣ ਰੱਦ ਕਰ ਸਕਦਾ ਹੈ? ਪ੍ਰਕਾਸ਼ ਸਿੰਘ ਬਾਦਲ ਵਿਰੁਧ ਜਥੇਦਾਰ ਅਕਾਲ ਤਖ਼ਤ ਅੰਮ੍ਰਿਤਸਰ ਨੇ ਇਕ ਹੁਕਮਨਾਮਾ ਜਾਰੀ ਕੀਤਾ ਸੀ, ਪੜ੍ਹੋ- ਕੌਮ ਦੇ ਨਾਮ ਸੰਦੇਸ਼
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਅੱਜ ਮਿਤੀ 11-2-1999 ਨੂੰ ਪਾਵਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ 10-2-1999 ਨੂੰ ਬਾਦਲ ਗੁੱਟ ਵਲੋਂ ਕੀਤੀ ਗਈ ਸ਼ਰਮਨਾਕ ਤੇ ਘਿਨਾਉਣੀ ਕਾਰਵਾਈ ਨੂੰ ਵਿਚਾਰਦਿਆਂ ਮੈਂ ਮਹਿਸੂਸ ਕਰਦਾ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬਾਬਰ ਬਣ ਕੇ ਪਾਵਨ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਮਹਾਨ ਪ੍ਰੰਪਰਾਵਾਂ ਅਤੇ ਮੀਰੀ ਪੀਰੀ ਦੇ ਸਿਧਾਂਤ ਤੇ ਕਬਜ਼ਾ ਕਰ ਲਿਆ ਹੈ।
ਮੈਂ ਸੰਸਾਰ ਦੀਆਂ ਸਿੱਖ ਸੰਗਤਾਂ ਵਲੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਾ ਹੋਇਆ ਸਿੱਖ ਕੌਮ ਨੂੰ ਬੜੀ ਨਿਮਰਤਾ ਸਹਿਤ ਅਪੀਲ ਕਰਦਾ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਤੇ ਇਸ ਦੀ ਸਲਾਹਕਾਰ ਜੁੰਡਲੀ ਦਾ ਰਾਜਨੀਤਕ ਅਤੇ ਧਾਰਮਕ ਖੇਤਰ ਵਿਚ ਕਦੇ ਵਿਸ਼ਵਾਸ ਨਾ ਕੀਤਾ ਜਾਵੇ। ਪ੍ਰਕਾਸ਼ ਸਿੰਘ ਬਾਦਲ ਸਿੱਖੀ ਦੇ ਰੁੱਖ ਤੇ ਅਮਰਵੇਲ ਬਣ ਕੇ ਛਾਇਆ ਹੋਇਆ ਹੈ ਜਿਸ ਨੇ ਚਾਰ ਦਹਾਕਿਆਂ ਤੋਂ ਬਾਬਾ ਨਾਨਕ ਸਾਹਿਬ ਵਲੋਂ ਲਗਾਏ ਸਿੱਖੀ ਦੇ ਰੁੱਖ ਨੂੰ ਵਧਣ ਫੁਲਣ ਨਹੀਂ ਦਿਤਾ। ਪੰਚ ਪ੍ਰਧਾਨੀ ਮਰਿਆਦਾ ਦੀ ਕਦਰ ਕਰਦਾ ਹੋਇਆ ਤੇ ਸਰਬੰਸ ਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਪਾ ਦੁਆਰਾ ਆ ਰਹੇ 300 ਸਾਲਾ ਖ਼ਾਲਸਾ ਸ਼ਤਾਬਦੀ ਦਿਵਸ ਨੂੰ ਧਿਆਨ ਵਿਚ ਰਖਦਿਆਂ ਮੈਂ ਅੱਜ ਮਿਤੀ 11-2-1999 ਦੀ ਮੀਟਿਗ ਅਣਮਿੱਥੇ ਸਮੇਂ ਲਈ ਮੁਲਤਵੀ ਕਰਦਾ ਹਾਂ। ਗੁਰੂ ਪੰਥ ਦਾ ਦਾਸ - ਰਣਜੀਤ ਸਿੰਘ, ਜਥੇਦਾਰ ਸ੍ਰੀ ਅਕਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ। (ਹਵਾਲਾ - ਹੁਕਮਨਾਮੇ, ਆਦੇਸ ਸੰਦੇਸ਼, ਸੰਪਾਦਕ-ਰੂਪ ਸਿੰਘ ਪੰਨਾ-201)
(ਬਾਕੀ ਅਗਲੇ ਬੁਧਵਾਰ)
ਪ੍ਰੋ. ਇੰਦਰ ਸਿੰਘ ਘੱਗਾ,ਸੰਪਰਕ : 98551-51699