ਸਿੱਖ ਸਭਿਆਚਾਰ ਤੇ ਪੰਜਾਬੀ ਸਭਿਆਚਾਰ ਦਾ ਸਬੰਧ
Published : Feb 24, 2019, 10:59 am IST
Updated : Feb 24, 2019, 10:59 am IST
SHARE ARTICLE
Sikh culture and Punjabi culture
Sikh culture and Punjabi culture

ਸਭਿਆਚਾਰ ਦਾ ਅਸਲ ਤੱਤ ਉਹ ਗੱਲ ਹੈ ਜਿਹੜੀ ਕਿਸੇ ਭਾਈਚਾਰੇ ਦੇ ਮੈਂਬਰਾਂ ਨੂੰ ਇਕ ਖਾਸ ਕਿਸਮ ਦੇ ਸਾਂਚੇ ਵਿਚ ਢਾਲਦੀ ਹੈ

ਪੰਜਾਬੀ ਅਤੇ ਸਿੱਖ ਸਭਿਆਚਾਰ ਦੇ ਰੇੜਕੇ ਨੂੰ ਹੱਲ ਕਰਨ ਲਈ ਸਭ ਤੋਂ ਪਹਿਲੀ ਲੋੜ ‘ਸਭਿਆਚਾਰ’ ਬਾਰੇ ਸਹੀ ਸਮਝ ਬਣਾਉਣਾ ਹੈ। ਸਭਿਆਚਾਰ ਨੂੰ ਸਿਰਫ ਖਾਣ-ਪੀਣ,ਪਹਿਨਣ-ਪਚਰਨ ਤੇ ਮੌਜ-ਮਸਤੀ ਦੇ ਰੂਪਾਂ ਤਕ ਸੁੰਗੇੜ ਕੇ ਦੇਖਣ ਦੀ ਗਲਤੀ ਆਮ ਕੀਤੀ ਜਾਂਦੀ ਹੈ। ਇਹ ਗੱਲ ਅਕਸਰ ਹੀ ਅੱਖੋਂ ਓਹਲੇ ਕਰ ਦਿਤੀ ਜਾਂਦੀ ਹੈ ਕਿ ਕਿਸੇ ਵੀ ਬਹੁਪਰਤੀ ਤੇ ਗੁੰਝਲਦਾਰ ਵਰਤਾਰੇ ਦਾ ਅਸਲੀ ਤੱਤ ਉਸ ਦੀਆਂ ਬਾਹਰੀ ਕੰਨੀਆਂ ਤੋਂ ਨਹੀਂ, ਉਸ ਦੀ ‘ਗਿਰੀ’ ਤੋਂ ਨਿਰਧਾਰਿਤ ਹੁੰਦਾ ਹੈ। ਇਸ ਹਿਸਾਬ ਨਾਲ ਦੇਖਿਆਂ ਜਿਥੇ ਪੰਜਾਬੀ ਲੋਕਾਂ ਅੰਦਰ ਕੁਝ ਸਾਂਝੇ ਸਭਿਆਚਾਰਕ ਲੱਛਣਾਂ ਦੀ ਹੋਂਦ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ

, ਉਥੇ ਨਾਲ ਹੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਾਂਝੇ ਲੱਛਣ (ਜਿਨ੍ਹਾਂ ਦਾ ਸਬੰਧ ਜਿਆਦਾ ਕਰਕੇ ਖਾਣ-ਪੀਣ, ਪਹਿਨਣ-ਪਚਰਨ ਤੇ ਮੌਜ-ਮਸਤੀ ਦੇ ਰੂਪਾਂ ਨਾਲ ਹੈ) ਕਿਸੇ ਵੀ ਤਰ੍ਹਾਂ ਪੰਜਾਬੀ ਸਭਿਆਚਾਰ ਦੇ ਅਸਲ ਤੱਤ ਨੂੰ ਰੂਪਮਾਨ ਨਹੀਂ ਕਰਦੇ।ਸਭਿਆਚਾਰ ਦਾ ਅਸਲ ਤੱਤ ਉਹ ਗੱਲ ਹੈ ਜਿਹੜੀ ਕਿਸੇ ਭਾਈਚਾਰੇ ਦੇ ਮੈਂਬਰਾਂ ਨੂੰ ਇਕ ਖਾਸ ਕਿਸਮ ਦੇ ਸਾਂਚੇ ਵਿਚ ਢਾਲਦੀ ਹੈ; ਉਨ੍ਹਾਂ ਅੰਦਰ ਜ਼ਿੰਦਗੀ ਪ੍ਰਤੀ ਇਕ ਖਾਸ ਕਿਸਮ ਦਾ ਨਜ਼ਰੀਆ ਤੇ ਰਵੱਈਆ ਵਿਕਸਤ ਕਰਦੀ ਹੈ; ਉਨ੍ਹਾਂ ਅੰਦਰ ਖਾਸ ਕਿਸਮ ਦੀਆਂ ਸਮਾਜੀ ਤੇ ਸਭਿਆਚਾਰਕ ਕਦਰਾਂ-ਕੀਮਤਾਂ ਭਰਦੀ ਹੈ, ਅਥਵਾ ਉਨ੍ਹਾਂ ਦੀ ਸਮੁੱਚੀ ਸਖਸ਼ੀਅਤ ਤੇ ਜੀਵਨ-ਸ਼ੈਲੀ ਨੂੰ ਇਕ ਖਾਸ ਕਿਸਮ ਦੀ ਤਰਜ਼ ਉਤੇ ਢਾਲਦੀ ਹੈ।

ਸਵਰਗਵਾਸੀ ਪ੍ਰਿੰ. ਤੇਜਾ ਸਿੰਘ ਦੇ ਸ਼ਬਦਾਂ ਵਿਚ, ‘ਹਰ ਇਕ ਕੌਮ ਦੀ ਆਪੋ ਆਪਣੀ ਰੂਹ ਹੁੰਦੀ ਹੈ, ਆਪੋ ਆਪਣੀ ਅੰਦਰਲੀ ਬਿਰਤੀ ਹੁੰਦੀ ਹੈ, ਜਿਸ ਅਨੁਸਾਰ ਉਸ ਦੇ ਭਾਵ ਢਲਦੇ ਹਨ, ਇਸ ਨੂੰ ਸਭਿਆਚਾਰ ਆਖਦੇ ਹਨ।’ਇਸ ਦ੍ਰਿਸ਼ਟੀ ਤੋਂ ਦੇਖਿਆਂ ਸਾਫ਼ ਪ੍ਰਗਟ ਹੋ ਜਾਂਦਾ ਹੈ ਕਿ ਪੰਜਾਬੀ ਸਮਾਜ ਦੇ ਤਿੰਨੋਂ ਮੁੱਖ ਧਾਰਮਿਕ ਵਰਗ -ਹਿੰਦੂ, ਸਿੱਖ ਤੇ ਮੁਸਲਮਾਨਾਂ- ਵਿਚਕਾਰ ਸਭਿਆਚਾਰ ਦੇ ਕੁਝ-ਕੁ ਪੱਖਾਂ ਦੀ ਸਾਂਝ ਦੇ ਬਾਵਜੂਦ ਉਨ੍ਹਾਂ ਦੀ ‘ਰੂਹ’ ਇਕੋ ਜਿਹੀ ਨਹੀਂ, ਉਨ੍ਹਾਂ ਦੇ ‘ਅੰਦਰਲੀ ਬਿਰਤੀ’ ਇਕੋ ਜਿਹੀ ਨਹੀਂ, ਉਨ੍ਹਾਂ ਦੇ ‘ਭਾਵ’ ਸਾਂਝੇ ਨਹੀਂ। ਜੋ ਹਕੀਕਤ ਵਿਚ ਮੌਜੂਦ ਨਹੀਂ ਉਸ ਦੀ ਕਲਪਨਾ ਹੀ ਕੀਤੀ ਜਾ ਸਕਦੀ ਹੈ ਅਤੇ ਕਲਪਨਾ ਕਦੇ ਵੀ ਯਥਾਰਥ ਦੀ ਥਾਂ ਨਹੀਂ ਲੈ ਸਕਦੀ।

ਪਰ ਇਸ ਹਕੀਕਤ ਨੂੰ ਪਰਵਾਨ ਕਰ ਲੈਣ ਦਾ ਅਰਥ ਇਹ ਕਦਾਚਿਤ ਨਹੀਂ ਲਿਆ ਜਾਣਾ ਚਾਹੀਦਾ ਕਿ ਪੰਜਾਬੀ ਸਮਾਜ ਦੇ ਅਲੱਗ ਅਲੱਗ ਧਾਰਮਿਕ ਅੰਗਾਂ ਦੇ ਆਪਸ ਵਿਚ ਰਲ ਮਿਲ ਕੇ ਰਹਿਣ ਦੀ ਕੋਈ ਸੰਭਾਵਨਾ ਜਾਂ ਗੁੰਜਾਇਸ਼ ਨਹੀਂ। ਇਹ ਗੁੰਜਾਇਸ਼ ਮੌਜੂਦ ਹੈ ਪਰ ਇਸ ਦੇ ਅਮਲ ਵਿਚ ਸਾਕਾਰ ਹੋਣ ਲਈ ਸਭ ਤੋਂ ਪਹਿਲੀ ਤੇ ਬੁਨਿਆਦੀ ਸ਼ਰਤ ਇਹ ਹੈ ਕਿ ਇਕ ਦੂਜੇ ਵਰਗ ਦੀ ਵੱਖਰੀ ਪਛਾਣ ਦੇ ਸੱਚ ਨੂੰ ਇਮਾਨਦਾਰੀ ਸਹਿਤ ਪਰਵਾਨ ਕੀਤਾ ਜਾਵੇ ਅਤੇ ‘ਦੂਸਰੇ’ ਦੇ ਆਪਣੀ ਵੱਖਰੀ ਪਛਾਣ ਕਾਇਮ ਰੱਖਣ ਦੇ ਅਧਿਕਾਰ ਦੀ ਤਹਿ-ਦਿਲੋਂ ਕਦਰ ਕੀਤੀ ਜਾਵੇ। ‘ਦੂਸਰੇ’ ਦੇ ‘ਦੂਸਰੇਪਣ’ ਨੂੰ ਹਿਕਾਰਤ ਦੀ ਦ੍ਰਿਸ਼ਟੀ ਨਾਲ ਦੇਖਣ ਵਾਲੀ ਪ੍ਰਵਿਰਤੀ ਤਿਆਗੀ ਜਾਵੇ। ਅਜਿਹਾ ਹੋਣ ਨਾਲ ਹੀ ਆਪਸੀ ਪਿਆਰ ਤੇ ਭਾਈਚਾਰਾ ਕਾਇਮ ਰੱਖਿਆ ਜਾ ਸਕਦਾ ਹੈ।

ਇਸ ਆਮ ਸਚਾਈ ਤੋਂ ਕੋਈ ਵੀ ਮੁਨਕਰ ਨਹੀਂ ਹੁੰਦਾ ਕਿ ਸਭਿਆਚਾਰ ਕੋਈ ਸਦਾ-ਸਥਿਰ ਰਹਿਣ ਵਾਲੀ ਸ਼ੈਅ ਨਹੀਂ। ਇਹ ਲਗਾਤਾਰ ਤਬਦੀਲ ਹੁੰਦਾ ਅਥਵਾ ਵਿਕਾਸ ਕਰਦਾ ਰਹਿੰਦਾ ਹੈ ਪਰ ਸਭਿਆਚਾਰ ਦੇ ਵਿਕਾਸ ਦੇ ਅਮਲ ਦੀਆਂ ਕੁਝ ਵਿਸੇਸ਼ਤਾਈਆਂ ਹਮੇਸ਼ਾ ਧਿਆਨ ਵਿਚ ਰਹਿਣੀਆਂ ਚਾਹੀਦੀਆਂ ਹਨ। ਆਮ ਨਿਯਮ ਦੇ ਤੌਰ ‘ਤੇ ਇਹ ਵਿਕਾਸ ਦੋ ਕਿਸਮ ਦਾ ਹੋ ਸਕਦਾ ਹੈ। ਇਕ, ਜਿਸ ਨੂੰ ਅਸੀਂ ਮਿਕਦਾਰੀ ਪਰਿਵਰਤਨ ਜਾਂ ਸਹਿਜ-ਪੱਧਰੇ ਵਿਕਾਸ ਦਾ ਨਾਂ ਦੇ ਸਕਦੇ ਹਾਂ, ਜਦੋਂ ਸਭਿਆਚਾਰ ਦਾ ਮੂਲ ਤੱਤ ਅ-ਬਦਲ ਰਹਿੰਦਾ ਹੈ ਪਰ ਇਸ ਦੇ ਕੁਝ ਗੈਰ-ਪ੍ਰਮੁੱਖ ਪੱਖਾਂ ਵਿਚ ਤਬਦੀਲੀ ਆ ਜਾਂਦੀ ਹੈ। 

ਕੋਈ ਸਭਿਆਚਾਰ ਸਦੀਆਂ ਤਕ ਇਸ ਕਿਸਮ ਦੇ ਵਿਕਾਸ ਦਾ ਅਮਲ ਹੰਢਾ ਸਕਦਾ ਹੈ। ਪਰ ਇਤਿਹਾਸ ਅੰਦਰ ਕੁਝ ਮੋੜ ਅਜਿਹੇ ਆ ਜਾਂਦੇ ਹਨ ਜਦੋਂ ਕਿਸੇ ਸਭਿਆਚਾਰ ਅੰਦਰ ਸਿਫਤੀ ਪਰਿਵਰਤਨ ਦਾ ਪਿੜ ਤਿਆਰ ਹੋ ਜਾਂਦਾ ਹੈ। ਅਜਿਹਾ ਪਰਿਵਰਤਨ ਅਕਸਰ ਨਹੀਂ, ਇਤਿਹਾਸ ਅੰਦਰ ਬਹੁਤ ਹੀ ਵਿਰਲੇ ਮੌਕਿਆਂ ‘ਤੇ ਵਾਪਰਦਾ ਹੈ, ਜਿਸ ਦੇ ਠੋਸ ਕਾਰਨ ਇਤਿਹਾਸ ਅੰਦਰ ਮੌਜੂਦ ਹੁੰਦੇ ਹਨ। ਇਸ ਵਿਕਾਸ ਦਾ ਅਮਲ ਕਦੇ ਵੀ ਸਰਲ-ਪੱਧਰਾ ਨਹੀਂ ਹੁੰਦਾ। ਇਹ ਅਮਲ ਹਮੇਸ਼ਾ ਹੀ ਇਨਕਲਾਬਾਂ ਨਾਲ ਜੁੜਿਆ ਹੁੰਦਾ ਹੈ, ਜਦੋਂ ਪੁਰਾਣੇ ਨੂੰ ਜੜ੍ਹੋਂ ਪੁੱਟਕੇ ਬਹੁਤ ਕੁਝ ਨਵਾਂ ਸਿਰਜਿਆ ਜਾਂਦਾ ਹੈ। ਸਿੱਖ ਇਨਕਲਾਬ ਇਸੇ ਵੰਨਗੀ ਵਿਚ ਆਉਂਦਾ ਹੈ। ਇਹ ਇਨਕਲਾਬ ਮਹੀਨਿਆਂ ਜਾਂ ਸਾਲਾਂ ਵਿਚ ਨੇਪਰੇ ਨਹੀਂ ਸੀ ਚੜ੍ਹਿਆ।

Sardar Ajmer SinghSardar Ajmer Singh

ਇਸ ਨੂੰ ਤਕਰੀਬਨ ਦੋ ਸਦੀਆਂ ਲੱਗ ਗਈਆਂ ਸਨ (ਗੁਰੂ ਨਾਨਕ ਸਾਹਿਬ ਦੇ ‘ਵੇਈਂ ਪ੍ਰਵੇਸ਼’ ਤੋਂ ਆਰੰਭ ਹੋ ਕੇ ਨਾਂਦੇੜ ਵਿਖੇ ਦਸਮ ਪਾਤਸ਼ਾਹ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਬਖਸ਼ਣ ਤਕ)।  ਇਸ ਨੂੰ ਇਕ ਵਰਤਾਰੇ  ਦੇ ਰੂਪ ਵਿਚ ਹੀ ਸਮਝਿਆ ਜਾ ਸਕਦਾ ਹੈ। ਇਹ ਤਬਦੀਲੀ ਕਿਸੇ ਵੀ ਲਿਹਾਜ਼ ਨਾਲ ਸਧਾਰਨ ਨਹੀਂ ਸੀ। ਇਹ ਇਕ (paradigm shift) ਸੀ । ਜਦ ਪੈਰਾਡਾਈਮ ਸ਼ਿਫਟ (paradigm shift) ਵਾਪਰਦੀ ਹੈ ਤਾਂ ਪਿਛਲਾ ਬਹੁਤ ਕੁਝ (ਸਾਰਾ ਨਹੀਂ) ਰੱਦ ਤੇ ਬਹੁਤ ਕੁਝ ਬੇਲੋੜਾ  ਅਥਵਾ ਅਸੰਗਤ ਹੋ ਜਾਂਦਾ ਹੈ। ਜਿਵੇਂ ਆਈਨਸਟੀਨ ਦੀ (theory of relativity)  ਰੀਲੇਟੀਵਿਟੀ ਦੇ ਸਿਧਾਂਤ ਤੋਂ ਬਾਅਦ ਨਿਊਟਨ ਦੇ ਬਹੁਤ ਸਾਰੇ ਸਿਧਾਂਤ ਬੇਲੋੜੇ (redundant) ਹੋ ਗਏ ਸਨ। ਅਤੇ ਹੁਣ ਕੁਆਂਟਮ ਮਕੈਨਕਸ ਦੇ ਖੇਤਰ ਵਿਚ ਹੋਈਆਂ ਨਵੀਆਂ ਖੋਜਾਂ ਸਦਕਾ ਆਈਨਸਟੀਨ ਦੀਆਂ ਕੁਝ ਧਾਰਨਾਵਾਂ ਉਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਏ ਹਨ।

ਸਿੱਖ ਇਨਕਲਾਬ ਤੋਂ ਬਾਅਦ, ਸਿੱਖ ਸਭਿਆਚਾਰ ਦੇ ਹਵਾਲੇ ਤੋਂ ਬਿਨਾ ਪੰਜਾਬੀ ਸਭਿਆਚਾਰ ਦੀ ਗੱਲ ਕਰ ਸਕਣੀ ਸੰਭਵ ਨਹੀਂ ਰਹਿ ਗਈ। ਅੱਜ ਜੇਕਰ ਕੋਈ ਜਣਾ ਪੰਜਾਬੀ ਸਭਿਆਚਾਰ ਨੂੰ ਸਿੱਖ ਸਭਿਆਚਾਰ ਨਾਲੋਂ ਉਤਮ ਮੰਨ ਕੇ ਚਲਦਾ ਹੈ, ਤਾਂ ਉਸ ਨੂੰ ਦੋ ਗੱਲਾਂ ਬਾਰੇ ਆਪਣੀ ਪੋਜੀਸ਼ਨ ਸਪਸ਼ਟ ਕਰਨੀ ਪਏਗੀ। ਜਾਂ ਤਾਂ ਇਹ ਦਰਸਾਉਣਾ ਪਏਗਾ ਕਿ ਸਿੱਖ ਇਨਕਲਾਬ ਨਾਲ ਪੰਜਾਬੀ ਸਮਾਜ ਤੇ ਸਭਿਆਚਾਰ ਅੰਦਰ ਕੋਈ ਸਿਫਤੀ ਤਬਦੀਲੀ ਨਹੀਂ ਵਾਪਰੀ ਸੀ। ਅਥਵਾ ਇਕ ਆਮ ਜਿਹਾ ਪਰਿਵਰਤਨ ਹੀ ਆਇਆ ਸੀ। ਜਾਂ ਫਿਰ ਉਸ ਨੂੰ ਸਿੱਖ ਇਨਕਲਾਬ ਤੋਂ ਬਾਅਦ ਪੰਜਾਬ ਦੀ ਧਰਤੀ ਉਤੇ ਵਾਪਰੀ ਇਸ ਨਾਲੋਂ ਵੀ ਵੱਡੀ ਜਾਂ ਉਤਮ ਤਬਦੀਲੀ ਦੀ ਦੱਸ ਪਾਉਣੀ ਪਏਗੀ। ਅਰਥਾਤ ਗੁਰੂ ਸਾਹਿਬਾਨ ਦੇ ਸੰਦੇਸ਼ ਨਾਲੋਂ ਕਿਸੇ ਵੱਡੇ ਸੰਦੇਸ਼ ਦਾ ਸਬੂਤ ਦੇਣਾ ਪਏਗਾ ਅਤੇ ਨਾਲ ਹੀ ਇਸ ਸੰਦੇਸ਼ ਦੀ ਬਦੌਲਤ ਇਤਿਹਾਸ ਵੱਲੋਂ ਅਸਲੋਂ ਹੀ ਨਵੀਂ ਕਰਵਟ ਲਏ ਜਾਣ ਦਾ ਠੋਸ ਵਰਣਨ ਕਰਨਾ ਪਏਗਾ।

ਸਾਡੀ ਇਹ ਦ੍ਰਿੜ੍ਹ ਧਾਰਨਾ ਹੈ ਕਿ ਪੰਜਾਬ ਦੀ ਧਰਤੀ ਉਤੇ ਨਾ ਤਾਂ ਗੁਰੂ ਸਾਹਿਬਾਨ ਨਾਲੋਂ ਵੱਧ ਪ੍ਰਤਿਭਾਸ਼ਾਲੀ ਕੋਈ ਹੋਰ ਪੈਗੰਬਰ ਹੋਇਆ ਹੈ, ਨਾ ਸਿੱਖ ਚਿੰਤਨ ਨਾਲੋਂ ਵਧੇਰੇ ਚਮਤਕਾਰੀ ਕੋਈ ਹੋਰ ਚਿੰਤਨ ਹੋਇਆ ਹੈ ਜਿਸ ਨੇ ਸਿੱਖ ਅਮਲ ਨਾਲੋਂ ਵੱਡੇ ਅਮਲ ਨੂੰ ਜਨਮ ਦਿਤਾ ਹੋਵੇ ਅਤੇ ਸਿੱਖ ਸਦਾਚਾਰ ਦੀ ਅਪੂਰਣਤਾ ਜ਼ਾਹਰ ਕੀਤੀ ਹੋਵੇ। ਪੰਜਾਬ ਦਾ ਪਿਛਲੇ ਪੰਜ ਸੌ ਸਾਲਾਂ ਦਾ ਸਮੁੱਚਾ ਅਮਲ ਸਾਡੇ ਸਾਹਮਣੇ ਪਿਆ ਹੈ। ਇਸ ਨੂੰ ਅਧਾਰ ਬਣਾ ਕੇ ਜੇਕਰ ਕੋਈ ਦਾਨਸ਼ਵਰ ਪੰਜਾਬੀ ਸਭਿਆਚਾਰ ਨੂੰ ਸਿੱਖ ਸਭਿਆਚਾਰ ਨਾਲੋਂ ਉਤਮ ਦਰਸਾ ਦੇਵੇ ਤਾਂ ਸਾਨੂੰ ਸਿੱਖ ਸਭਿਆਚਾਰ ਨੂੰ ਛੱਡ ਕੇ ਪੰਜਾਬੀ ਸਭਿਆਚਾਰ ਅਪਣਾਉਣ ਵਿਚ ਕੋਈ ਇਤਰਾਜ਼ ਨਹੀਂ ਹੋਵੇਗਾ।
ਮੇਰਾ ਵਿਸ਼ਵਾਸ ਹੈ ਕਿ ਸਾਨੂੰ ਕਿਸੇ ਵੀ ਸਿਧਾਂਤ ਜਾਂ ਧਾਰਨਾ ਬਾਰੇ ਅਮੂਰਤ ਰੂਪ ਵਿਚ ਬਹਿਸ ਕਰਨ ਨਾਲੋਂ, ਕਿਸੇ ਸਿਧਾਂਤ ਦੀ ਸਾਰਥਿਕਤਾ ਨੂੰ ਜ਼ਿੰਦਗੀ ਦੇ ਠੋਸ ਅਮਲ ਨਾਲ ਜੋੜ ਕੇ ਦੇਖਣਾ ਚਾਹੀਦਾ ਹੈ। ਇਹ ਸਿੱਕੇਬੰਦ ਪਹੁੰਚ ਅਪਣਾ ਕੇ ਹੀ ਕਿਸੇ ਸਾਰਥਿਕ ਨਿਰਣੇ ਉਤੇ ਅਪੜਿਆ ਜਾ ਸਕਦਾ ਹੈ।

ਇਹ ਲਿਖਤ ਮੂਲ ਰੂਪ ਚ ਅਮ੍ਰਿਤਸਰ ਟਾਈਮਜ ਚੋ ਲਈ ਗਈ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement