
ਤਿੰਨ ਫ਼ੁਟੀਆਂ ਕ੍ਰਿਪਾਨਾਂ ਅਕਾਲੀ ਯੋਧਿਆਂ ਦੇ ਮੋਢਿਆਂ ਉਤੇ ਲਟਕਣ ਲਗੀਆਂ ਸਨ
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਲਾਇਲਪੁਰ ਦੇ ਅਕਾਲੀ ਜਥੇ ਵਲੋਂ 21 ਮਈ 1920 ਤੋਂ ਜੋ ‘ਅਕਾਲੀ’ ਨਾਂ ਦੀ ਅਖ਼ਬਾਰ ਸ਼ੁਰੂ ਕੀਤੀ ਸੀ, ਉਹ ਵੀ ਉਦੋਂ ਤਕ ਗੁਰਦਵਾਰਿਆਂ ਤੇ ਦੇਸ਼ ਦੀ ਆਜ਼ਾਦੀ ਲਈ ਲੋਕਾਂ ਦੀ ਜ਼ੁਬਾਨ ਬਣ ਚੁੱਕੀ ਸੀ। ਇਸ ਦੀ ਬਦੌਲਤ ਤਿੰਨ ਫ਼ੁਟੀਆਂ ਕ੍ਰਿਪਾਨਾਂ ਅਕਾਲੀ ਯੋਧਿਆਂ ਦੇ ਮੋਢਿਆਂ ਉਤੇ ਲਟਕਣ ਲਗੀਆਂ ਸਨ। ਇਸੇ ਅਖ਼ਬਾਰ ਦਾ ਹੀ ਸਿੱਟਾ ਸੀ ਕਿ ਕਬੀਰ ਪੰਥੀ, ਰਵਿਦਾਸੀਏ ਤੇ ਮਜ਼੍ਹਬੀ ਪ੍ਰਵਾਰਾਂ ਨਾਲ ਸਬੰਧਤ ਸ੍ਰੀ ਦਰਬਾਰ ਸਾਹਿਬ ਦੀ ਉਪਰੋਕਤ ਘਟਨਾ ਉਹ ਇਤਿਹਾਸਕ ਮੋੜ ਸਾਬਤ ਹੋਈ ਜਿਸ ਕਰ ਕੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਰਕਾਰ-ਪ੍ਰਸਤ ਤੇ ਦੁਰਾਚਾਰੀ ਮਹੰਤਾਂ ਦੇ ਕਬਜ਼ੇ ਹੇਠੋਂ ਮੁਕਤ ਹੋਏ। ਉਨ੍ਹਾਂ ਦੀ ਸੇਵਾ-ਸੰਭਾਲ ਜਥੇਦਾਰ ਕਰਤਾਰ ਸਿੰਘ ‘ਝੱਬਰ’ ਦੀ ਅਗਵਾਈ ਹੇਠ ਸ੍ਰ. ਤੇਜਾ ਸਿੰਘ ਭੁੱਚਰ ਵਰਗੇ ਪੰਥ-ਪ੍ਰਸਤ ਅਕਾਲੀ ਗੁਰਸਿੱਖਾਂ ਨੂੰ ਪ੍ਰਾਪਤ ਹੋਈ।
Nankana Sahib
ਇਨ੍ਹਾਂ ਗੁਰਮੁਖ ਸੱਜਣਾਂ ਨੇ ‘ਗੁਰਦਵਾਰਾ ਪ੍ਰਬੰਧ-ਸੁਧਾਰ ਲਹਿਰ’ (ਅਕਾਲੀ ਲਹਿਰ) ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਸਮੂਹ ਗੁਰਧਾਮਾਂ ਦੇ ਪ੍ਰਬੰਧਕੀ ਢਾਂਚੇ ਤੇ ਮਰਯਾਦਾ ਵਿਚ ਇਕਸਾਰਤਾ ਲਿਆਉਣ ਲਈ ਜ਼ੋਰਦਾਰ ਹੰਭਲੇ ਮਾਰੇ। ਨਤੀਜੇ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਬੱਤ ਖ਼ਾਲਸਾ ਦੀ ਪ੍ਰੰਪਰਾਗਤ ਪੰਥਕ-ਜੁਗਤਿ ਅਧੀਨ 16 ਨਵੰਬਰ ਸੰਨ 1920 ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ 14 ਦਸੰਬਰ ਸੰਨ 1920 ਨੂੰ ‘ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ’ ਦੀ ਮੁਢਲੀ ਸਥਾਪਨਾ ਹੋਈ। ਗੁਰਦਵਾਰਾ ਬਾਬੇ ਦੀ ਬੇਰ ਸਿਆਲਕੋਟ, ਗੁਰਦਵਾਰਾ ਭਾਈ ਜੋਗਾ ਸਿੰਘ ਪੇਸ਼ਾਵਰ ਤੇ ਗੁਰਦਵਾਰਾ ਪੰਜਾ ਸਾਹਿਬ ਤੇ ਗੁਰਦਵਾਰਾ ਸੱਚਾ ਸੌਦਾ (ਚੂਹੜਕਾਣਾ) ਦਾ ਪ੍ਰਬੰਧ ਇਸ ਤੋਂ ਪਹਿਲਾਂ ਹੀ ਮਹੰਤਾਂ ਪਾਸੋਂ ਸਥਾਨਕ ਅਕਾਲੀ ਜਥਿਆਂ ਨੇ ਸੰਭਾਲ ਲਿਆ ਸੀ। ਅਕਾਲੀਆਂ ਦੇ ਸ਼ਹੀਦੀ ਜਥੇ ਦੀ ਤਜਵੀਜ਼ ਨੂੰ ਧਿਆਨ ਵਿਚ ਰੱਖ ਕੇ ਸਰਕਾਰ ਨੇ ਅਕਤੂਬਰ ਸੰਨ 1920 ਨੂੰ ਗੁਰਦਵਾਰਾ ਰਕਾਬਗੰਜ ਸਾਹਿਬ ਦੀ ਕੰਧ ਵੀ ਆਪ ਹੀ ਉਸਾਰ ਦਿਤੀ। ਅਜਿਹੇ ਮੋਰਚਿਆਂ ਦੀ ਸਫ਼ਲਤਾ ਸਦਕਾ ਅਕਾਲੀਆਂ ਦੇ ਹੌਸਲੇ ਬੁਲੰਦ ਹੋ ਰਹੇ ਸਨ।
ਪਰ ਜਿਉਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾ-ਸੰਭਾਲ ਜਥੇ ਦੀ ਅਗਵਾਈ ਜੁਝਾਰੂ ਆਗੂ ਜਥੇਦਾਰ ਝੱਬਰ ਜੀ ਨੇ ਸੰਭਾਲੀ, ਤਿਉਂ ਹੀ ਉਨ੍ਹਾਂ ਨੂੰ ਵੱਖ-ਵੱਖ ਗੁਰਧਾਮਾਂ ਉਤੇ ਹੋ ਰਹੀਆਂ ਕੁਰੀਤੀਆਂ ਦੀਆਂ ਸ਼ਿਕਾਇਤਾਂ ਮਿਲਣ ਲਗੀਆਂ। ਇਨ੍ਹਾਂ ਵਿਚ ਸੱਭ ਤੋਂ ਘ੍ਰਿਣਤ ਸਨ ਗੁਰਦਵਾਰਾ ਤਰਨਤਾਰਨ ਤੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ। ਅਕਾਲੀਆਂ ਨੇ ਸ਼ਾਂਤਮਈ ਸੰਘਰਸ਼ ਦੀ ਵਿਉਂਤਬੰਦੀ ਕੀਤੀ ਤੇ ਉਸ ਤੋਂ ਪਹਿਲਾਂ ਹੇਠ ਲਿਖੀਆਂ ਸ਼ਰਤਾਂ ਅਧੀਨ ਸਾਰੇ ਮਹੰਤਾਂ ਨੂੰ ਅਦਬ ਸਹਿਤ ਗੁਰਦਵਾਰਾ ਪ੍ਰਬੰਧ ਸੁਧਾਰਨ ਲਈ ਸੁਹਿਰਦ ਸੁਨੇਹੇ ਵੀ ਭੇਜੇ :
ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਣਾਏ ਨੇਮਾਂ ਅਨੁਸਾਰ ਹੋਵੇ।
ਪ੍ਰਬੰਧ ਦੀ ਦੇਖਭਾਲ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਇਕ ਸਥਾਨਕ ਕਮੇਟੀ ਬਣਾਈ ਜਾਵੇ।
ਕੁਰੀਤੀਆਂ ਦੂਰ ਕੀਤੀਆਂ ਜਾਣ ਤੇ ਅਗਾਂਹ ਪੰਥ ਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਾ ਦਿਤਾ ਜਾਵੇ।
ਕੇਵਲ ਅੰਮ੍ਰਿਤਧਾਰੀ ਤੇ ਰਹਿਤ ਦੇ ਪੱਕੇ ਸਿੰਘਾਂ ਨੂੰ ਹੀ ਗ੍ਰੰਥੀ ਸਿੰਘ ਬਣਾਇਆ ਜਾਵੇ।
ਜਿਨ੍ਹਾਂ ਪੁਜਾਰੀਆਂ ਨੇ ਰਹਿਤ ਭੰਗ ਕੀਤੀ ਹੈ, ਉਹ ਸੰਗਤ ਦੀ ਲਗਾਈ ਤਨਖ਼ਾਹ ਮਨਜ਼ੂਰ ਕਰਨ।
ਬਹੁਤ ਸਾਰੇ ਮਹੰਤ ਤਾਂ ਉਪਰੋਕਤ ਸ਼ਰਤਾਂ ਪ੍ਰਵਾਨ ਕਰ ਕੇ ਅਪਣੀਆਂ ਸੇਵਾਵਾਂ ਜਾਰੀ ਰਖਣਾ ਚਾਹੁੰਦੇ ਸਨ ਪਰ ਸਰਕਾਰ ਅਜਿਹਾ ਨਹੀਂ ਸੀ ਚਾਹੁੰਦੀ। ਇਹੀ ਕਾਰਨ ਸੀ ਕਿ ਆਪਸੀ ਫ਼ੈਸਲੇ ਦੇ ਬਾਵਜੂਦ ਵੀ ਤਰਨ ਤਾਰਨ ਸਾਹਿਬ ਵਿਖੇ ਗੁੰਡੇ ਮਹੰਤਾਂ ਨੇ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਨਾਂ ਦੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿਤਾ। 17 ਸਿੰਘ ਜ਼ਖਮੀ ਕਰ ਦਿਤੇ ਗਏ। ਭਾਈਚਾਰਕ ਨੈਤਿਕਤਾ ਦਾ ਸਿਖਰ ਇਹ ਸੀ ਕਿ ਅਕਾਲੀਆਂ ਨੇ ਮਹੰਤਾਂ ਉਤੇ ਪਰਚੇ ਦਰਜ ਨਾ ਕਰਵਾਏ ਤੇ ਆਖਿਆ, “ਉਹ ਸਾਡੇ ਹੀ ਭਰਾ ਨੇ।” 26 ਜਨਵਰੀ 1921 ਨੂੰ ਗੁਰਦਵਾਰਾ ਸਾਹਿਬ ਦਾ ਪ੍ਰਬੰਧ 15 ਮੈਂਬਰੀ ਸਥਾਨਕ ਕਮੇਟੀ ਰਾਹੀਂ ਸ਼੍ਰੋਮਣੀ ਕਮੇਟੀ ਦੇ ਅਧੀਨ ਹੋ ਗਿਆ। ਇਥੋਂ ਹੀ ਸੰਨ 1921 ਦੇ ਅਸਲ ਅਕਾਲੀ ਸਾਕਿਆਂ ਦਾ ਇਤਿਹਾਸ ਸ਼ੁਰੂ ਹੋਇਆ ਜਿਸ ਨੂੰ ਗੁਰਦਵਾਰਾ ਪ੍ਰਬੰਧਕ ਸੁਧਾਰ ਲਹਿਰ (ਅਕਾਲੀ ਲਹਿਰ) ਦੇ ਨਾਂ ਤੋਂ ਜਾਣਿਆਂ ਜਾਂਦਾ ਹੈ। ਅਜਿਹਾ ਹੋਣ ਉਤੇ ਬਾਕੀ ਗੁਰਧਾਮਾਂ ਦੇ ਮਹੰਤ ਵੀ ਚੁਕੰਨੇ ਹੋ ਗਏ। ਉਨ੍ਹਾਂ ਨੇ ਅਖਾੜਿਆਂ ਦੇ ਰੂਪ ਵਿਚ ਜਿਥੇ ਅਪਣੇ ਟਿਕਾਣੇ ਬਣਾਉਣੇ ਸ਼ੁਰੂ ਕੀਤੇ, ਉਥੇ ਆਪੋ ਅਪਣੇ ਕਬਜ਼ੇ ਜਮਾਈ ਰੱਖਣ ਲਈ ਗ਼ੈਰ ਸਿੱਖ ਪ੍ਰੈੱਸ ਤੇ ਸੰਸਥਾਵਾਂ ਦਾ ਸਹਿਯੋਗ ਹਾਸਲ ਕਰਨ ਦੇ ਕੋਝੇ ਯਤਨ ਵੀ ਆਰੰਭ ਦਿਤੇ। ਉਸ ਵੇਲੇ ਉਘੇ ਆਰੀਆ ਸਮਾਜੀ ਲੀਡਰ ਲਾਲਾ ਲਾਜਪਤ ਰਾਏ ਦੀ ਸਰਪ੍ਰਸਤੀ ਹੇਠ ਲਾਹੌਰ ਤੋਂ ‘ਬੰਦੇ ਮਾਤਰਮ’ ਨਾਂ ਦਾ ਇਕ ਉਰਦੂ ਅਖ਼ਬਾਰ ਪ੍ਰਕਾਸ਼ਤ ਹੁੰਦਾ ਸੀ। ਮਹੰਤ ਨਰੈਣੂ ਨੇ ਉਸ ਨੂੰ 3 ਹਜ਼ਾਰ ਰੁਪਏ ਦਾ ਸਹਾਇਤਾ ਫੰਡ ਦਿਤਾ, ਜੋ ਉਸ ਵੇਲੇ ਦੀ ਮੋਟੀ ਰਕਮ ਮੰਨੀ ਜਾਂਦੀ ਸੀ।
ਯਤਨ ਸੀ ਕਿ ਭਵਿੱਖ ਵਿਚ ਪ੍ਰੱੈਸ ਉਸ ਦਾ ਪੱਖ ਪੂਰੇਗੀ। ਇਸ ਪਿੱਛੇ ਮਹੰਤ ਨੇ ਲਾਲਾ ਜੀ ਦੀ ਸਲਾਹ ਨਾਲ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਇਸ ਨਾਲ ਸਬੰਧਤ ਹੋਰ ਜਾਇਦਾਦ ਦਾ ਇਕ ਟਰੱਸਟ ਬਣਾਉਣਾ ਵੀ ਪ੍ਰਵਾਨ ਕਰ ਲਿਆ। ਜਦੋਂ ਮਹੰਤ ਨੇ ਪੁਛਿਆ ਕਿ ‘‘ਜੇ ਅਕਾਲੀ ਗੁਰਦਵਾਰੇ ਦਾ ਕਬਜ਼ਾ ਖੋਹਣ ਲਈ ਆ ਪਏ ਤਾਂ ਉਨ੍ਹਾਂ ਨਾਲ ਕੌਣ ਨਿਬੜੇਗਾ?’’ ਲਾਲਾ ਜੀ ਬੋਲੇ ‘‘ਮਹੰਤ ਸਾਹਬ! ਉਨ੍ਹਾਂ ਨਾਲ ਤਾਂ ਤੁਹਾਨੂੰ ਹੀ ਟੱਕਰ ਲੈਣੀ ਪਵੇਗੀ। ਮੌਕੇ ਤੇ ਤੁਸੀ ਹੋਵੋਗੇ। ਲੜਨ ਲਈ ਅਸੀ ਲਾਹੌਰ ਤੋਂ ਤਾਂ ਨਹੀਂ ਆ ਸਕਾਂਗੇ।’’ ‘‘ਤਾਂ ਫਿਰ ਟਰੱਸਟ ਬਣਾਉਣ ਦਾ ਮੈਨੂੰ ਕੀ ਲਾਭ ਹੋਇਆ?’’ ਮਹੰਤ ਨੇ ਪੁਛਿਆ । ਸੋ ਇਸ ਤਰ੍ਹਾਂ ਇਕ ਪਾਸੇ ਅੰਗਰੇਜ਼ ਹਾਕਮ ਸੰਨ 1877 ਤੋਂ ਮਹੰਤਾਂ ਰਾਹੀਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੇ ਕੇਂਦਰੀ ਅਸਥਾਨਾਂ ਨੂੰ ਨੀਲਾਮ ਕਰ ਕੇ ਗ਼ੈਰ ਸਿੱਖਾਂ ਨੂੰ ਮਾਲਕ ਬਣਾਉਣ ਲਈ ਸਕੀਮਾਂ ਘੜ ਰਹੇ ਸਨ ਤੇ ਦੂਜੇ ਪਾਸੇ ਉਨ੍ਹਾਂ ਦੇ ਸਹਿਯੋਗੀ ਬਣ ਕੇ ਆਰੀਆ ਸਮਾਜੀ ਹਿੰਦੂ ਵੀ ਕੁਟਿਲ ਚਾਲਾਂ ਚੱਲ ਰਹੇ ਸਨ ਤਾਕਿ ਗੁਰਸਿੱਖੀ ਨੂੰ ਬਿਪਰਵਾਦ ਦੇ ਖਾਰੇ ਸਮੁੰਦਰ ਵਿਚ ਗ਼ਰਕ ਕਰ ਲਿਆ ਜਾਏ।
ਅਜਿਹੀ ਖ਼ਤਰਨਾਕ ਸਥਿਤੀ ਵਿਚ ਅਤਿਅੰਤ ਜ਼ਰੂਰੀ ਸੀ ਕਿ ਸਿੱਖੀ ਦੇ ਸੋਮੇ ਮੰਨੇ ਜਾਂਦੇ ਗੁਰਧਾਮਾਂ ਨੂੰ ਉਪਰੋਕਤ ਕਿਸਮ ਦੇ ਲੋਕਾਂ ਦੀ ਗ੍ਰਿਫ਼ਤ ਵਿਚੋਂ ਛੇਤੀ ਅਜ਼ਾਦ ਕਰਵਾਇਆ ਜਾਏ। ਕੇਂਦਰੀ ਗੁਰ ਅਸਥਾਨ ਸ੍ਰੀ ਦਰਬਾਰ ਅੰਮ੍ਰਿਤਸਰ ਤੋਂ ਪਿੱਛੋਂ ਸੱਭ ਤੋਂ ਵੱਧ ਮਹਤਵਪੂਰਨ ਗੁਰਧਾਮ ਸੀ ‘ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ’। ਇਸ ਆਸ਼ੇ ਨੂੰ ਮੁੱਖ ਰੱਖ ਕੇ ਉਥੋਂ ਦੇ ਮੁਖੀ ਮਹੰਤ ਨਾਰਾਇਣ ਦਾਸ ਦੀ ਸਲਾਹ ਨਾਲ 5 ਤੇ 6 ਮਾਰਚ ਨੂੂੰ ਉਥੇ ਇਕ ਵਿਸ਼ੇਸ਼ ਅਕਾਲੀ ਕਾਨਫ਼ਰੰਸ ਸੱਦੀ ਗਈ। ਇਸ ਦਾ ਮਨੋਰਥ ਸੀ ਮਹੰਤਾਂ ਸਮੇਤ ਸਾਰੀਆਂ ਧਿਰਾਂ ਵਲੋਂ ਸ਼੍ਰੋਮਣੀ ਕਮੇਟੀ ਨੂੰ ਮਾਨਤਾ ਦੇਣਾ ਤਾਕਿ ਸਮੂਹ ਗੁਰਧਾਮਾਂ ਦਾ ਪ੍ਰਬੰਧ ਸ਼ਾਂਤੀਪੂਰਵਕ ਤੇ ਸੁਭਾਵਕ ਹੀ ਸ਼੍ਰੋਮਣੀ ਕਮੇਟੀ ਦੇ ਅਧੀਨ ਹੋ ਜਾਵੇ।
ਚਾਲਬਾਜ਼ ਮਹੰਤ ਨੇ ਅਕਾਲੀਆਂ ਨਾਲ ਸੁਲ੍ਹਾ ਦੀ ਗੱਲਬਾਤ ਵੀ ਜਾਰੀ ਰੱਖੀ ਅਤੇ ਸਰਕਾਰ ਦੀ ਸ਼ਹਿ ਉਤੇ ਕਾਨਫ਼ਰੰਸ ਮੌਕੇ ਮੁਖੀ ਅਕਾਲੀਆਂ ਨੂੰ ਕਤਲ ਕਰਵਾਉਣ ਦੀ ਵਿਉਂਤਬੰਦੀ ਵੀ ਸ਼ੁਰੂ ਕਰ ਦਿਤੀ। ਇਸ ਲਈ ਪੈਸੇ ਦੇ ਬਲਬੋਤੇ ਰਾਂਝਾ ਰਿਹਾਣਾ ਤੇ ਇਸਮਾਈਲ ਭੱਟੀ ਵਰਗੇ ਮੁਸਲਮਾਨ ਬਦਮਾਸ਼ਾਂ ਨੂੰ ਅਪਣੇ ਨਾਲ ਗੰਢ ਲਿਆ। ਸਰਕਾਰੀ ਅਫ਼ਸਰਾਂ ਵਿਚ ਅਸਰ ਰਸੂਖ਼ ਰੱਖਣ ਵਾਲੇ ਬਾਬਾ ਕਰਤਾਰ ਸਿੰਘ ਬੇਦੀ ਵਰਗੇ ਡੇਰੇਦਾਰ ਉਸ ਦੇ ਸਲਾਹਕਾਰ ਬਣ ਗਏ। ਮਹੰਤ ਨੇ ਅਪਣੀ ਸਰਪ੍ਰਸਤੀ ਹੇਠ ‘ਅਕਾਲੀ ਪਤ੍ਰਿਕਾ’ ਦੇ ਟਾਕਰੇ ਲਈ ‘ਸੰਤ-ਸੇਵਕ’ ਨਾਂ ਦਾ ਇਕ ਅਖ਼ਬਾਰ ਵੀ ਸ਼ੁਰੂ ਕਰਵਾ ਦਿਤਾ। ਲਾਹੌਰ ਦੇ ਕਮਿਸ਼ਨਰ ਮਿ. ਕਿੰਗ ਦੀ ਵੀ ਮਹੰਤ ਨੂੰ ਪੂਰੀ ਸ਼ਹਿ ਸੀ। 18 ਦਸੰਬਰ 1920 ਨੂੰ ਲਾਹੌਰ ਦੇ ਇਕ ਅਸਲਾ ਡੀਲਰ ਨੂੰ ਉਸ ਵਲੋਂ ਲਿਖੀ ਗੁਪਤ ਚਿੱਠੀ ਦੀ ਨਕਲ ‘ਇੰਡੀਆ ਹਾਊਸ ਲੰਡਨ’ ਦੀ ਲਾਇਬ੍ਰੇਰੀ ਵਿਚ ਅਜੇ ਵੀ ਪੜ੍ਹੀ ਜਾ ਸਕਦੀ ਹੈ ਜਿਸ ਰਾਹੀਂ ਮਹੰਤ ਨੂੰ ਸੁਰੱਖਿਆ ਲਈ ਬੰਦੂਕਾਂ ਆਦਿ ਲੋੜੀਂਦਾ ਅਸਲਾ ਦੇਣ ਦਾ ਆਦੇਸ਼ ਦਿਤਾ ਗਿਆ ਹੈ।
ਸ੍ਰੀ ਨਨਕਾਣਾ ਸਾਹਿਬ ਵਿਖੇ ਸਥਿਤ ਸ੍ਰ. ਉੱਤਮ ਸਿੰਘ ਕਾਰਖ਼ਾਨੇ ਵਾਲੇ ਦੇ ਮੁਨਸ਼ੀ ਸ੍ਰ. ਵਰਿਆਮ ਸਿੰਘ ਚੇਲੀਆਂਵਾਲੇ ਰਾਹੀਂ ਮਹੰਤ ਦੀ ਉਪਰੋਕਤ ਗੰਢਤੁਪ ਦੀ ਪੱਕੀ ਤੇ ਖ਼ਤਰਨਾਕ ਸੂਹ ਭਾਈ ਕਰਤਾਰ ਸਿੰਘ ‘ਝੱਬਰ’ ਤਕ ਪਹੁੰਚੀ। ਉਸ ਨੇ ਬਾਰ ਖ਼ਾਲਸਾ ਦੀਵਾਨ ਦੇ ਜਥੇਦਾਰ ਲਛਮਣ ਸਿੰਘ ਤੇ ਭਾਈ ਟਹਿਲ ਸਿੰਘ ਧਾਰੋਵਾਲ, ਭਾਈ ਬੂਟਾ ਸਿੰਘ ਤੇ ਸੰਤ ਤੇਜਾ ਸਿੰਘ ਲਾਇਲਪੁਰ ਤੇ ਭਾਈ ਦਲੀਪ ਸਿੰਘ ਸਾਹੋਵਾਲ ਵਰਗੇ ਅਪਣੇ ਸਾਥੀਆਂ ਨਾਲ ਗੁਪਤ ਫ਼ੈਸਲਾ ਕੀਤਾ ਕਿ ਪੰਜ ਕੁ ਹਜ਼ਾਰ ਸਿੰਘਾਂ ਦੇ ਜਥੇ ਨਾਲ 20 ਫ਼ਰਵਰੀ ਨੂੰ ਗੁਰਦਵਾਰਾ ਜਨਮ ਅਸਥਾਨ ਦਾ ਕਬਜ਼ਾ ਲੈ ਲਿਆ ਜਾਵੇ ਕਿਉਂਕਿ ਉਸ ਦਿਨ ਮਹੰਤ ਲਾਹੌਰ ਵਿਖੇ ‘ਸਨਾਤਨ ਸਿੱਖ ਕਾਨਫ਼ਰੰਸ’ ਵਿਚ ਸ਼ਾਮਲ ਹੋਵੇਗਾ। ਉਨ੍ਹੀਂ ਦਿਨੀ ਸ੍ਰੀ ਨਨਕਾਣਾ ਸਾਹਿਬ ਵਿਖੇ ਮਾਰਚ ਵਿਚ ਰੱਖੀ ਅਕਾਲੀ ਕਾਨਫ਼ਰੰਸ ਦੇ ਪ੍ਰਬੰਧ ਹਿੱਤ ਸ੍ਰੀ ਅੰਮ੍ਰਿਤਸਰ ਦੇ ਮੁਖੀ ਸਿੱਖ ਆਗੂ ਮਾਸਟਰ ਤਾਰਾ ਸਿੰਘ ਤੇ ਸ੍ਰ. ਤੇਜਾ ਸਿੰਘ ‘ਸਮੁੰਦਰੀ’ ਲਾਇਲਪੁਰ ਪੁੱਜੇ ਹੋਏ ਸਨ। ਉਨ੍ਹਾਂ ਨੂੰ ਝੱਬਰ ਜੀ ਦੀ ਵਿਉਂਤਬੰਦੀ ਦਾ ਉਦੋਂ ਪਤਾ ਲੱਗਾ, ਜਦੋਂ ਵੱਖ-ਵੱਖ ਥਾਵਾਂ ਤੋਂ ਕਈ ਸ਼ਹੀਦੀ ਜਥੇ ਸ੍ਰੀ ਨਨਕਾਣਾ ਸਾਹਿਬ ਵਲ ਕੂਚ ਕਰ ਚੁੱਕੇ ਸਨ ਤੇ ਨੇੜੇ ਦੇ ਕਈ ਜਥੇ ਤਿਆਰ ਹੋ ਰਹੇ ਸਨ।
ਮਾਸਟਰ ਜੀ ਨੇ ਚੂਹੜਕਾਣੇ ਹੁੰਦਿਆਂ ਲਾਹੌਰ ਤਕ ਭੱਜ-ਨੱਠ ਕਰ ਕੇ ਥਾਂ-ਥਾਂ ਜਥਿਆਂ ਨੂੰ ਰੋਕਣ ਦਾ ਯਤਨ ਕੀਤਾ ਕਿਉਂਕਿ ਉਨ੍ਹਾਂ ਨੂੰ ਖ਼ਬਰ ਮਿਲ ਗਈ ਸੀ ਕਿ ਮਹੰਤ ਲਾਹੌਰ ਦੀ ਕਾਨਫ਼ਰੰਸ ਵਿਚ ਨਹੀਂ ਗਿਆ। ਲੰਮੀ ਵਿਚਾਰ-ਚਰਚਾ ਪਿੱਛੋਂ ਸੰਤ ਤੇਜਾ ਸਿੰਘ ਬੋਲੇ, “ਝੱਬਰ ਸਾਹਬ! ਜੇਕਰ ਤੁਸੀ ਸ਼੍ਰੋਮਣੀ ਪੰਥਕ ਜਥੇਬੰਦੀ ਦੇ ਹੁਕਮ ਦੀ ਉਲੰਘਣਾ ਕਰ ਕੇ ਸ੍ਰੀ ਨਨਕਾਣਾ ਸਾਹਿਬ ਜਥਾ ਲੈ ਗਏ ਤਾਂ ਤੁਸੀ ਪੰਥ ਅਤੇ ਗੁਰੂ ਦੇ ਦੇਣਦਾਰ ਹੋਵੋਗੇ।” ਜਥੇਦਾਰ ਝੱਬਰ ਨੇ ਉੱਤਰ ਵਿਚ ਸਵਾਲ ਕੀਤਾ ਕਿ ‘‘ਜੇ ਆਪੋ ਵਿਚ ਹੋਏ ਫ਼ੈਸਲੇ ਮੁਤਾਬਕ ਜਥੇਦਾਰ ਧਾਰੋਵਾਲ ਜਾਂ ਕੋਈ ਹੋਰ ਜਥੇ ਸ੍ਰੀ ਨਨਕਾਣਾ ਸਾਹਿਬ ਪਹੁੰਚ ਗਏ ਤਾਂ ਜੋ ਵੀ ਨੁਕਸਾਨ ਹੋਇਆ, ਉਸ ਲਈ ਕੌਣ ਜ਼ਿੰਮੇਵਾਰ ਹੋਵੇਗਾ?’’ ਭਾਈ ਦਲੀਪ ਸਿੰਘ ਨੇ ਉਨ੍ਹਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਲੈ ਲਈ। ਉਥੇ ਹਾਜ਼ਰ ਛੇ ਸਿੰਘਾਂ ਨੇ ਗੁਰਮਤਾ ਕਰ ਕੇ ਹਸਤਾਖਰਾਂ ਸਮੇਤ ਚਿੱਠੀ ਲਿਖੀ ਤੇ 19 ਫ਼ਰਵਰੀ ਦੀ ਅੰਧੇਰੀ ਰਾਤ ਨੂੰ ਭਾਈ ਦਲੀਪ ਸਿੰਘ ਸਾਹੋਵਾਲ ਦੀ ਅਗਵਾਈ ਵਿਚ ਚਾਰ ਘੁੜਸਵਾਰ ਦੌੜਾਏ। ਹੋਰ ਜਥੇ ਤੇ ਇਕੜ-ਦੁਕੜ ਸਿੰਘ ਜਿੱਥੇ ਵੀ ਮਿਲੇ, ਰੋਕ ਦਿਤੇ ਗਏ ਪਰ ਜਥੇਦਾਰ ਲਛਮਣ ਸਿੰਘ ਧਾਰੋਵਾਲ ਨਾਲ ਮੁਲਾਕਾਤ ਨਾ ਹੋ ਸਕੀ। (ਬਾਕੀ ਅਗਲੇ ਹਫ਼ਤੇ)
ਜਗਤਾਰ ਸਿੰਘ ਜਾਚਕ ਸੰਪਰਕ : jachakji0gmail.com