
ਬੇਗ਼ਮਪੁਰੇ ਵਿਚ ਸੱਭ ਨੂੰ ਅਧਿਕਾਰ ਹੋਵੇਗਾ ਕਿ ਕੋਈ ਵੀ ਕਿਤੇ ਵੀ ਜਾ ਸਕਦਾ ਹੈ, ਘੁੰਮ ਫਿਰ ਸਕਦਾ ਹੈ, ਕੋਈ ਕਿਸੇ ਨੂੰ ਰੋਕੇਗਾ ਨਹੀਂ।
ਭਗਤ ਰਵਿਦਾਸ ਜੀ ਦਾ ਜੀਵਨ ਤੇ ਮਿਸ਼ਨ ਉਨ੍ਹਾਂ ਲੋਕਾਂ ਦੇ ਲੇਖੇ ਰਿਹਾ ਜਿਨ੍ਹਾਂ ਨੂੰ ਸਮਾਜ ਦੇ ਠੇਕੇਦਾਰਾਂ ਨੇ ਲੰਮੇ ਅਰਸੇ ਤੋਂ ਕੋਹ-ਕੋਹ ਦੇ ਅਤੇ ਕਈ ਤਰ੍ਹਾਂ ਦੇ ਤਸੀਹੇ ਦੇ-ਦੇ ਕੇ ਉਨ੍ਹਾਂ ਤੋਂ ਸਖ਼ਤ ਤੋਂ ਸਖ਼ਤ, ਗੰਦੇ ਤੇ ਘਿਨਾਉਣੇ ਕੰਮ ਵੀ ਲੈਂਦੇ ਆ ਰਹੇ ਸਨ ਤੇ ਬਦਲੇ ਵਿਚ ਰੋਟੀ ਕਪੜੇ ਦੀ ਬਜਾਏ ਭੁੱਖ ਅਤੇ ਗ਼ਰੀਬੀ ਵੀ ਦਿੰਦੇ ਆ ਰਹੇ ਸਨ। ਉਨ੍ਹਾਂ ਦਾ ਕੋਈ ਵਾਲੀਵਾਰਸ ਨਹੀਂ ਸੀ, ਬਾਂਹ ਫੜਨ ਵਾਲਾ ਨਹੀਂ ਸੀ। ਉਨ੍ਹਾਂ ਦੀ ਇਸ ਲਾਚਾਰੀ ਵਾਲੀ ਹਾਲਤ ਵਿਚ ਰਵਿਦਾਸ ਜੀ ਨੇ ਉਨ੍ਹਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਅਤੇ ਸਮਾਜ ਦੇ ਅਖੌਤੀ ਠੇਕੇਦਾਰਾਂ ਵਲੋਂ ਕੀਤੀਆਂ ਜਾ ਰਹੀਆਂ ਘੋਰ ਬੇਇਨਸਾਫ਼ੀਆਂ ਵਿਰੁਧ ਇਕ ਬਗ਼ਾਵਤ ਖੜੀ ਕਰ ਦਿਤੀ। ਇਨ੍ਹਾਂ ਦੀ ਸਮੁੱਚੀ ਬਾਣੀ ਇਨ੍ਹਾਂ ਹੀ ਨਿਤਾਣਿਆਂ ਤੇ ਨਿਮਾਣਿਆਂ ਲਈ ਵਿਚਾਰਬੱਧ ਹੈ। ਉਹ ਇਸ ਤਰ੍ਹਾਂ ਦੀ ਘਟੀਆ ਸਮਾਜਕ ਵਿਵਸਥਾ ਦੀ ਤਸਦੀਲੀ ਦੇ ਝੰਡਾ ਬਰਦਾਰ ਰਹੇ ਤੇ ਇਸ ਨਾਲ ਸਬੰਧਤ ਵਿਚਾਰਾਂ ਨਾਲ ਹੀ ਲਬਰੇਜ਼ ਹੈ, ਉਨ੍ਹਾਂ ਦੀ ਬਾਣੀ। ਇਸ ਸੰਦਰਭ ਵਿਚ ਉਨ੍ਹਾਂ ਦੇ ਚਿਤਰੇ ਬੇਗ਼ਮਪੁਰੇ ਦੇ ਸੰਕਲਪ ਵੀ ਵਿਸ਼ੇਸ਼ ਮਹੱਤਤਾ ਵੀ ਬਣਦੀ ਹੈ।
Bhagat Ravidas Ji
ਰਵਿਦਾਸ ਜੀ ਦੇ ਫ਼ਲਸਫ਼ੇ ਵਿਚ ਆਇਆ, ਇਹ ਬੇਗ਼ਮਪੁਰੇ ਦਾ ਵਿਚਾਰ ਆਮ ਕਰ ਕੇ ਦੋ ਤਰ੍ਹਾਂ ਲਿਆ ਜਾਂਦਾ ਹੈ। ਕੁੱਝ ਸ਼ਰਧਾਲੂ ਇਸ ਨੂੰ ਬਹੁਤ ਉੱਚੀ ਮਾਨਸਕ ਅਵਸਥਾ ਮੰਨਦੇ ਹਨ, ਜਿਥੇ ਪਹੁੰਚ ਕੇ ਮਨੁੱਖ ਦੁਖਾਂ ਤੋਂ ਰਹਿਤ ਹੋ ਜਾਂਦਾ ਹੈ। ਉਨ੍ਹਾਂ ਦੀਆਂ ਨਜ਼ਰਾਂ ਵਿਚ ਬਰਾਬਰੀ ਵਾਲਾ ਨਜ਼ਰੀਆ ਆ ਜਾਂਦਾ ਹੈ। ਕੋਈ ਛੋਟਾ ਜਾਂ ਵੱਡਾ ਜਾਂ ਊਚ-ਨੀਚ ਨਹੀਂ ਰਹਿੰਦਾ। ਦੂਜੀ ਤਰ੍ਹਾਂ ਦੇ ਸ਼ਰਧਾਲੂ ਬੇਗ਼ਮਪੁਰੇ ਨੂੰ ਇਕ ਆਦਰਸ਼ ਸਮਾਜ ਦੀ ਉਸਾਰੀ ਦਾ ਸੰਕਲਪ ਮੰਨਦੇ ਹਨ। ਇਕ ਵਿਚਾਰ ਆਦਰਸ਼ ਵਿਅਕਤੀ ਸਿਰਜਦਾ ਹੈ ਤੇ ਦੂਜਾ ਆਦਰਸ਼ ਸਮਾਜ। ਦੋਵੇਂ ਇਕ ਦੂਜੇ ਨਾਲ ਰਲਦਾ ਮਿਲਦਾ ਮੰਤਵ ਪੈਦਾ ਕਰਦੇ ਹਨ ਤੇ ਇਕ ਦੂਜੇ ਦਾ ਪੂਰਕ ਬਣੇ ਵੀ ਨਜ਼ਰ ਆਉਂਦੇ ਹਨ। ਆਦਰਸ਼ ਵਿਅਕਤੀਆਂ ਦਾ ਜੋੜ ਜਮ੍ਹਾਂ ਹੀ ਆਰਦਸ਼ ਸਮਾਜ ਬਣਾਉਂਦਾ ਹੈ ਅਤੇ ਆਦਰਸ਼ ਸਮਾਜ ਹੀ ਆਦਰਸ਼ ਵਿਅਕਤੀ ਵੀ ਪੈਦਾ ਕਰਦਾ ਹੈ।
ਦੋਹਾਂ ਦਾ ਆਖ਼ਰੀ ਮੰਤਵ ਮਾਨਵ ਭਲਾਈ ਹੈ ਜੋ ਮਨੁੱਖੀ ਜੀਵਨ ਵਿਚ ਖ਼ੁਸ਼ੀਆਂ ਖੇੜੇ ਬਿਖੇਰਦੀ ਹੈ। ਬੇਗ਼ਮਪੁਰੇ ਦਾ ਸੰਕਲਪ ਰਵਿਦਾਸ ਜੀ ਨੂੰ ਇਕ ਵਖਰੀ ਪਛਾਣ ਦਿੰਦਾ ਹੈ ਅਤੇ ਇਕ ਮਹਾਨ ਸਮਾਜਵਾਦੀ ਚਿੰਤਕ ਵਜੋਂ ਉਭਾਰਦਾ ਹੈ। ਉਨ੍ਹਾਂ ਦੇ ਵੇਲੇ ਸਮਾਜ ਚਤੁਰ ਵਰੁਣ ਜਾਤੀ ਵਿਵਸਥਾ ਵਿਚ ਬੁਰੀ ਤਰ੍ਹਾਂ ਗ੍ਰਸਿਆ ਹੋਇਆ ਸੀ। ਇਹ ਵਿਵਸਥਾ ਸਦੀਆਂ ਤੋਂ ਤੁਰੀ ਆ ਰਹੀ ਸੀ ਤੇ ਸਮੇਂ ਸਮੇਂ ਸਿਰ ਇਸ ਅਣਮਨੁੱਖੀ ਵੰਡ ਦੇ ਵਿਰੁਧ ਸੰਤਾਂ, ਮਹਾਤਮਾਂ, ਗੁਰੂਆਂ ਵਲੋਂ ਆਵਾਜ਼ਾਂ ਉਠਦੀਆਂ ਰਹੀਆਂ ਸਨ। ਕਿੰਨੀਆਂ ਆਹੂਤੀਆਂ, ਸ਼ਹੀਦੀਆਂ ਤੇ ਕੁਰਬਾਨੀਆਂ ਲੈ ਕੇ ਵੀ ਇਹ ਮੱਠੀ ਨਹੀਂ ਸੀ ਪਈ। ਸੱਭ ਤੋਂ ਹੇਠਲੇ ਵਰਣ ਦੇ ਮਨੁੱਖ ਨੂੰ ਤਾਂ ਜਾਨਵਰ ਤੋਂ ਵੀ ਹੇਠ ਦਾ ਕੋਈ ਕੀੜਾ ਮਕੌੜਾ ਹੀ ਸਮਝਿਆ ਜਾਂਦਾ ਸੀ ਜਿਸ ਨੂੰ ਕਿਸੇ ਵੇਲੇ ਵੀ ਨਿਕੀ ਜਹੀ ਗ਼ਲਤੀ ਬਦਲੇ ਮਸਲਿਆ ਜਾ ਸਕਦਾ ਸੀ। ਜਾਤਪਾਤ, ਊਚ-ਨੀਚ, ਘਿਰਣਾ ਨਫ਼ਰਤ ਦੀਆਂ ਨਿੱਤ ਦੀਆਂ ਠੋਕਰਾਂ ਠੇਡੇ ਖਾ ਰਿਹਾ, ਹਰ ਸਵੇਰ ਸ਼ਾਮ ਸੂਲੀ ਚੜ੍ਹਦਾ ਉਤਰਦਾ, ਖ਼ਾਲੀ ਪੇਟ ਤੇ ਨੰਗੇ ਸ੍ਰੀਰ ਜ਼ਿੰਦਗੀ ਤੇ ਮੌਤ ਨਾਲ ਘੋਲ ਕਰਦਾ ਰੇਂਗਦਾ ਜਾ ਰਿਹਾ ਸੀ ਇਹ ਮਨੁੱਖ।
ਇਸੇ ‘ਮਨੁੱਖ’ ਨੂੰ ਜਗਾ ਕੇ ਉਸ ਨੂੰ ਮਨੁੱਖਾਂ ਵਾਲਾ ਦਰਜਾ ਦੁਆ ਕੇ ਇਕ ਸਮਾਨਤਾ ਸੁਤੰਤਰਤਾ ਤੇ ਭਾਈਚਾਰੇ ਵਾਲਾ ਸਮਾਜ ਸੰਗਠਤ ਕਰਨ ਦਾ ਸੁਪਨਾ ਲਿਆ ਸੀ, ਰਵਿਦਾਸ ਜੀ ਨੇ ਜਿਸ ਵਿਚ ਨਾ ਟੋਏ ਟਿੱਬੇ ਰਹਿਣ, ਨਾ ਕੋਈ ਚੰਗਾ ਮਾੜਾ ਰਹੇ ਅਤੇ ਨਾ ਮਾਲਕ ਗ਼ੁਲਾਮ ਰਹੇ। ਇਸ ਤਰ੍ਹਾਂ ਚਿਤਰਿਆ ਹੈ ਇਸ ਵਿਚਾਰ ਨੂੰ:-
ਬੇਗ਼ਮਪੁਰਾ ਸਹਰ ਕੋ ਨਾਉ। ਦੁਖ ਅੰਦੋਰ ਨਹੀ ਤਿਹਿ ਠਾਉ। ਰਵਿਦਾਸ ਜੀ ਨੇ ਇਕ ਅਜਿਹੇ ਸ਼ਹਿਰ ਜਾਂ ਦੇਸ਼ ਦੀ ਕਲਪਨਾ ਕੀਤੀ ਜਿਸ ਵਿਚ ਰਹਿਣ ਵਾਲਿਆਂ ਨੂੰ ਕੋਈ ਦੁੱਖ ਦਰਦ, ਗ਼ਮ ਜਾਂ ਸੰਤਾਪ ਨਾ ਹੰਢਾਉਣਾ ਪਵੇ। ਆਮ ਲੋਕਾਂ ਨੂੰ ਇਹ ਅਲਾਮਤਾਂ ਚਿੰਬੜੀਆਂ ਵੇਖ ਉਨ੍ਹਾਂ ਦਾ ਅਵਾਜ਼ਾਰ ਹੋਇਆ ਦਿਲ ਅੰਤ ਇਕ ਸੁਪਨਮਈ ਸ਼ਹਿਰ ਵਸਾਉਣਾ ਲੋਚ ਰਿਹਾ ਹੈ ਜਿਸ ਵਿਚ ਇਹ ਨਾ ਹੋਣ। ਇਹ ਅਸਲ ਵਿਚ ਉਸ ਵੇਲੇ ਦੇ ਸਮਾਜ ਦੀ ਹਾਲਾਤ ਹੈ। ਅਸੀ ਭਲੀਭਾਂਤ ਸਮਝ ਸਕਦੇ ਹਾਂ ਕਿ ਉਸ ਵੇਲੇ ਰਾਜ ਪ੍ਰਬੰਧ ਵੀ ਕਿਹੋ ਜਿਹਾ ਹੋਵੇਗਾ ਜਿਸ ਵਿਚ ਇਹੋ ਜਹੀਆਂ ਖ਼ਾਮੀਆਂ ਸਨ। ਆਉ ਹੋਰ ਅੱਗੇ ਵੇਖਦੇ ਹਾਂ :-
ਨਾ ਤਸਵੀਸ ਖਿਰਾਜ ਨਾ ਮਾਲ। ਖਾਉਫ ਨਾ ਖਤਾ ਨਾ ਤਰਸ ਜਵਾਲ।
ਉਸ ਸ਼ਹਿਰ ਵਿਚ ਕਿਸੇ ਨੂੰ ਕੋਈ ਫ਼ਿਕਰ (ਤਸਵੀਸ) ਨਾ ਹੋਵੇ। ਕਿਸੇ ਦੇ ਮਾਲ ਅਸਬਾਬ ਤੇ ਕੋਈ ਚੂੰਗੀ (ਖਿਰਾਜ) ਨਾ ਲਗੇ। ਕਿਸੇ ਨੂੰ ਕਿਸੇ ਦਾ ਡਰ (ਖੌਫ਼) ਨਾ ਹੋਵੇ। ਫਿਰ ਕੋਈ ਕਿਸੇ ਤਰ੍ਹਾਂ ਦੀ ਗ਼ਲਤੀ (ਖਤਾ) ਵੀ ਨਹੀਂ ਕਰੇਗਾ। ਨਾ ਫਿਰ ਕਿਸੇ ਦੀ ਤਰਸਯੋਗ ਹਾਲਤ ਬਣੇਗੀ ਅਤੇ ਨਾ ਕਿਸੇ ਦਾ ਮਾਣ ਸਤਿਕਾਰ ਢਹਿੰਦੀਆਂ ਕਲਾਂ ਵਿਚ ਜਾਵੇਗਾ। ਆਮ ਤੌਰ ਤੇ ਬਹੁਤੀਆਂ ਗ਼ਲਤੀਆਂ ਜ਼ਿਆਦਾ ਡਰ ਭੈਅ ਕਾਰਨ ਵੀ ਹੋ ਜਾਂਦੀਆਂ ਹਨ ਤੇ ਬਹੁਤੀਆਂ ਗ਼ਲਤੀਆਂ ਜ਼ਿਆਦਾ ਡਰ ਭੈਅ ਕਾਰਨ ਵੀ ਹੋ ਜਾਂਦੀਆਂ ਹਨ ਤੇ ਉਨ੍ਹਾਂ ਦੀਆਂ ਸਜ਼ਾਵਾਂ ਪੁਗਤਦਿਆਂ ਬੜੀ ਤਰਸਯੋਗ ਹਾਲਤ ਬਣ ਜਾਂਦੀ ਹੈ। ਇਹ ਸ਼ੂਦਰਾਂ ਨਾਲ ਤਾਂ ਵੱਡੀ ਗਿਣਤੀ ਵਿਚ ਵਾਪਰਦਾ ਰਿਹਾ ਹੈ। ਉਨ੍ਹਾਂ ਉਤੇ ਏਨੀਆਂ ਪਾਬੰਦੀਆਂ ਦਾ ਡਰ ਭੈਅ ਸੀ ਕਿ ਉਹ ਡਰ-ਡਰ ਕੇ ਚਲਦਿਆਂ ਵੀ ਸਜ਼ਾ ਦੇ ਭਾਗੀ ਬਣ ਜਾਂਦੇ ਸਨ। ਸ਼ਜਾ ਵੀ ਆਮ ਗਾਲ੍ਹਾਂ, ਲੱਤਾਂ ਮਾਰਨੀਆਂ, ਠੁੱਡੇ ਮਾਰਨੇ ਤਾਂ ਹੈ ਹੀ ਸੀ ਪਰ ਕਈ ਵਾਰ ਕੰਨਾਂ ਵਿਚ ਗਰਮ-ਗਰਮ ਤੇਲ ਜਾਂ ਢਾਲਿਆ ਸਿੱਕਾ ਪਾ ਕੇ ਸਦਾ ਲਈ ਬੋਲੇ ਕਰ ਦੇਣਾ ਜਾਂ ਜੀਭ ਕੱਟ ਕੇ ਗੁੰਗਾ ਬਣਾ ਦੇਣਾ ਵੀ ਸ਼ਾਮਲ ਹੋ ਜਾਂਦਾ ਸੀ। ਇਹੋ ਜਹੀ ਹਾਲਤ ਤਰਸਯੋਗ ਨਹੀਂ ਜਾਰੋਜ਼ਾਰ ਰੋਣ ਵਾਲੀ ਬਣਦੀ ਹੈ। ਉਹ ਜੀਵੇ ਤਾਂ ਸਹੀ ਪਰ ਕੁੱਝ ਕਹਿ ਨਾ ਸਕੇ ਤੇ ਨਾ ਹੀ ਸੁਣ ਸਕੇ। ਬਸ ਜ਼ੁਲਮ ਤੇ ਅਤਿਆਚਾਰ ਸਹਿੰਦਾ ਰਹੇ। ਵਗਾਰਾਂ ਕਰਦਾ ਰਹੇ, ਇਕ ਸੀਲ ਜਾਨਵਰ ਦੀ ਤਰ੍ਹਾਂ। ਅੱਗੇ ਆਖਦੇ ਹਨ :-
ਅਬ ਮੋਹਿ ਖ਼ੂਬ ਵਤਨ ਗਹਿ ਪਾਈ। ਊਹਾਂ ਖ਼ੈਰ ਸਦਾ ਮੇਰੇ ਭਾਈ।
ਹੁਣ ਮੈਂ ਉਸ ਵਤਨ (ਬੇਗਮਪੁਰਾ) ਬਾਰੇ ਚੰਗੀ ਤਰ੍ਹਾਂ ਜਾਣ ਲਿਆ ਹੈ। ਉਸ ਵਤਨ ਵਿਚ ਹਮੇਸ਼ਾ ਹੀ ਸੁਖ ਹੀ ਸੁਖ ਹੋਣਗੇ ਕੋਈ ਦੁੱਖ ਨਹੀਂ ਹੋਵੇਗਾ। ਉਨ੍ਹਾਂ ਇਨ੍ਹਾਂ ਦੁਖਾਂ ਦੇ ਝੰਬੇ ਲੋਕਾਂ ਲਈ ਇਕ ਪਿਆਰ ਤੇ ਹਮਦਰਦੀ ਦਾ ਫੰਬਾ ਰਖਿਆ ਜਾਪਦਾ ਹੈ ਜਿਨ੍ਹਾਂ ਨੂੰ ਦੁਖਾਂ ਤੋਂ ਬਿਨਾਂ ਕਿਸੇ ਸੁੱਖ ਬਾਰੇ ਪਤਾ ਹੀ ਨਹੀਂ ਸੀ।
ਕਾਇਮ ਦਾਇਮ ਸਦਾ ਪਾਤਸ਼ਾਹੀ। ਦੋਮ ਨਾ ਸੋਮ ਏਕ ਸੋ ਆਹੀ।
ਤਸੱਵਰ ਕੀਤਾ ਗਿਆ ਹੈ ਕਿ ਉਸ ਵਤਨ ਵਿਚ ਹਮੇਸ਼ਾ ਬਰਾਬਰੀ ਰਹੇਗੀ ਸੱਭ ਅਵਲ ਦਰਜੇ ਦੇ ਹੋਣਗੇ ਦੂਜੇ (ਦੋਮ) ਜਾਂ ਤੀਜੇ (ਸੋਮ) ਦਰਜੇ ਦਾ ਕੋਈ ਨਹੀਂ ਹੋਵੇਗਾ। ਇਹੀ ਵਰਤਾਰਾ ਅੱਜ ਵੀ ਸਦੀਆਂ ਬਾਅਦ ਤੁਰਿਆ ਆ ਰਿਹਾ ਹੈ। ਅੱਜ ਵੀ ਇਕ ਵੱਡੇ ਹਿੱਸੇ ਨੂੰ ਹੇਠਲੇ ਦਰਜੇ ਦਾ ਹੀ ਮੰਨਿਆ ਜਾਂਦਾ ਹੈ। ਕਿੰਨੀਆਂ ਲੰਮੀਆਂ ਜੜ੍ਹਾਂ ਹਨ ਇਸ ਮਨੁੱਖ ਦੀ ਦਰਜਾਬੰਦੀ ਦੀਆਂ ਜੋ ਏਨੇ ਸੰਤਾਂ, ਮਹਾਤਮਾ, ਗੁਰੂਆਂ ਦੀਆਂ ਘਾਲਨਾਵਾਂ ਦੇ ਬਾਵਜੂਦ ਵੀ ਹੁਣ ਤਕ ਕਾਇਮ ਹਨ!! ਹੇਠਲੇ ਦਰਜੇ ਦਾ ‘ਮਨੁੱਖ’ ਅੱਜ ਵੀ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੋਇਆ ਗ਼ਰੀਬੀ ਤੇ ਭੁੱਖਮਰੀ ਨਾਲ ਜੂਝ ਰਿਹਾ ਹੈ। ਅਗਲੇ ਸ਼ਬਦ ਹਨ:-
ਅਬਾਦਾਨ ਸਦਾ ਮਸ਼ਹੂਰ। ਊਹਾਂ ਗਨੀ ਬਸਹਿ ਮਾਮੂਰ।
ਰਵਿਦਾਸ ਜੀ ਇਸ ਤਰ੍ਹਾਂ ਦੇ ਵਤਨ ਦੀ ਕਾਮਨਾ ਕਰ ਰਹੇ ਹਨ ਜੋ ਏਨੀਆਂ ਸਹੂਲਤਾਂ ਤੇ ਗੁਣਾਂ ਨਾਲ ਭਰਪੂਰ ਹੁੰਦਿਆਂ ਸਦਾ ਆਬਾਦ (ਅਬਾਦਾਨ) ਰਹੇਗਾ ਕਿਉਂਕਿ ਉਸ ਵਿਚ ਰਹਿਣ ਵਾਲੇ ਸਾਰੇ ਹੀ ਲੋਕ ਸਰਬ ਸੰਪਨ ਅਮੀਰ (ਗਨੀ) ਹੋਣਗੇ ਕੋਈ ਗ਼ਰੀਬ ਨਹੀਂ ਹੋਵੇਗਾ। ਅਮੀਰੀ ਨਾਲ ਹੀ ਭਰਪੂਰ (ਮਾਮੂਰ) ਰਹੇਗਾ, ਇਹ ਦੇਸ਼, ਇਹ ਕੋਈ ਅਤਿ ਕਥਨੀ ਨਹੀਂ ਜਾਪਦੀ। ਅੱਜ ਕਿੰਨੇ ਹੀ ਦੇਸ਼ ਗ਼ਰੀਬੀ ਤੇ ਭੁੱਖਮਰੀ ਤੋਂ ਖਹਿੜਾ ਛੁਡਾ ਚੁੱਕੇ ਹਨ। ਉਨ੍ਹਾਂ ਵਿਚ ਮਨੁੱਖਤਾ ਦੀ ਕਦਰ ਹੈ, ਆਜ਼ਾਦੀ ਹੈ, ਬਰਾਬਰੀ ਹੈ। ਬਹੁਤੇ ਦੇਸ਼ ਬੇਗ਼ਮਪੁਰਾ ਵਸਾ ਚੁੱਕੇ ਹਨ, ਕੁੱਝ ਨੇੜੇ-ਤੇੜੇ ਹਨ ਪਰ ਅਸੀ ਉਸ ਤੋਂ ਦੂਰ ਹੋਰ ਦੂਰ ਹੁੰਦੇ ਜਾ ਰਹੇ ਹਾਂ। ਅੱਗੇ ਆਖਦੇ ਹਨ :
ਤਿਉ ਤਿਉ ਸੈਲ ਕਰਹਿ ਜਿਉ ਭਾਵੈ। ਮਹਿਰਮ ਮਹਲ ਨ ਕੋ ਅਟਕਾਵੈ।
ਬੇਗ਼ਮਪੁਰੇ ਵਿਚ ਸੱਭ ਨੂੰ ਅਧਿਕਾਰ ਹੋਵੇਗਾ ਕਿ ਕੋਈ ਵੀ ਕਿਤੇ ਵੀ ਜਾ ਸਕਦਾ ਹੈ, ਘੁੰਮ ਫਿਰ ਸਕਦਾ ਹੈ, ਕੋਈ ਕਿਸੇ ਨੂੰ ਰੋਕੇਗਾ ਨਹੀਂ। ਇਹ ਗੱਲ ਭਾਵੇਂ ਜਾਪਦੀ ਤਾਂ ਬਹੁਤ ਸਾਧਾਰਣ ਹੈ ਪਰ ਇਸ ਵਿਚ ਵੀ ਇਤਿਹਾਸਕ ਤੱਥ ਛਿਪੇ ਹੋਏ ਹਨ। ਉਸ ਵੇਲੇ ਦੇ ਸਮਾਜਕ ਹਾਲਾਤ ਅਜਿਹੇ ਸਨ ਕਿ ਹਰ ਥਾਂ ’ਤੇ ਹਰ ਕਿਸੇ ਲਈ ਜਾਣ ਦੀ ਆਗਿਆ ਨਹੀਂ ਸੀ ਹੁੰਦੀ। ਅਛੂਤਾਂ ਉਤੇ ਜਿਥੇ ਖਾਣ ਪੀਣ ਅਤੇ ਪਹਿਨਣ ਤਕ ਦੀਆਂ ਪਾਬੰਦੀਆਂ ਸਨ ਉਥੇ ਧਾਰਮਕ ਥਾਵਾਂ, ਸਕੂਲਾਂ, ਤਲਾਬਾਂ, ਖੂਹਾਂ ਆਦਿ ਤੇ ਜਾਣ ਦੀਆਂ ਵੀ ਪਾਬੰਦੀਆਂ ਸਨ। ਇਥੋਂ ਤਕ ਕਿ ਗਲੀਆਂ ਬਜ਼ਾਰਾਂ ਵਿਚ ਵੀ ਦਾਖ਼ਲਾ ਬੰਦ ਸੀ। ਬਾਹਰ ਨਿਕਲਣ ਲਈ ਦੁਪਹਿਰ ਦਾ ਸਮਾਂ ਮੁਕਰਰ ਕੀਤਾ ਗਿਆ ਸੀ ਜਦੋਂ ਪਰਛਾਵਾਂ ਸਿਰ ਤੇ ਹੁੰਦਾ ਹੈ ਕਿਸੇ ਦੂੇ ਤੇ ਨਹੀਂ ਪੈ ਸਕਦਾ। ਪਰਛਾਵੇਂ ਨਾਲ, ਪੈੜਾਂ ਨਾਲ, ਥੁੱਕਣ ਨਾਲ ਧਰਤੀ ਵੀ ਭਿੱਟੀ ਜਾਂਦੀ ਸੀ, ਮਨੁੱਖ ਤਾਂ ਇਕ ਪਾਸੇ। ਅਜਿਹੀ ਹਾਲਤ ਵਿਚ ਬੇਗ਼ਮਪੁਰੇ ਵਿਚ ਮਨਮਰਜ਼ੀ ਨਾਲ ਘੁੰਮਣ ਫਿਰਨ ਦੀ ਇਹ ਗੱਲ ਮਹੱਤਵਪੂਰਨ ਤੇ ਅਲੋਕਾਰੀ ਹੈ।
(ਬਾਕੀ ਅਗਲੇ ਹਫ਼ਤੇ)
ਫ਼ਤਿਹਜੰਗ ਸਿੰਘ,ਸੰਪਰਕ : 98726-70278