
ਅੱਜ ਪੂਰੇ ਸੱਤਰ ਸਾਲ ਹੋ ਗਏ ਹਨ, ਦੇਸ਼ ਨੂੰ ਆਜ਼ਾਦ ਹੋਇਆਂ। ਵੱਡੇ-ਵੱਡੇ ਸਿਆਸਤਦਾਨ ਲਾਲ ਕਿਲ੍ਹੇ ਦੀ ਫਸੀਲ ਤੇ ਹੋਰ ਥਾਵਾਂ ਤੇ, ਜਿਥੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ..
ਅੱਜ ਪੂਰੇ ਸੱਤਰ ਸਾਲ ਹੋ ਗਏ ਹਨ, ਦੇਸ਼ ਨੂੰ ਆਜ਼ਾਦ ਹੋਇਆਂ। ਵੱਡੇ-ਵੱਡੇ ਸਿਆਸਤਦਾਨ ਲਾਲ ਕਿਲ੍ਹੇ ਦੀ ਫਸੀਲ ਤੇ ਹੋਰ ਥਾਵਾਂ ਤੇ, ਜਿਥੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਹੁੰਦੇ ਹਨ, ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲਿਆਂ ਨੂੰ ਅੱਖਰਾਂ ਰਾਹੀਂ ਬੋਲ ਕੇ ਸ਼ਰਧਾਂਜਲੀ ਦਿੰਦੇ ਤੇ ਜਨਤਕ ਭਲਾਈ ਦੇ ਵਾਅਦੇ ਕਰਦੇ ਨਹੀਂ ਥਕਦੇ।
ਅੱਜ ਦੀ ਇਸ ਪੀੜ੍ਹੀ ਨੂੰ ਤਾਂ ਇਹ ਪਤਾ ਵੀ ਨਹੀਂ ਕਿ ਇਸ ਆਜ਼ਾਦੀ ਦੀ ਪ੍ਰਾਪਤੀ ਵਿਚ ਕੀ ਕੁੱਝ ਹੋਇਆ। ਜਿਹੜੇ 1947 ਵਿਚ ਮੇਰੇ ਵਰਗੇ ਤਿੰਨ ਸਾਲਾਂ ਤੋਂ ਵੀ ਛੋਟੇ ਸਨ, ਅੱਜ 73 ਸਾਲਾਂ ਦੇ ਲਾਗੇ ਜਾ ਪਹੁੰਚੇ ਹਨ। ਉਸ ਵੇਲੇ ਇਸ ਉਮਰ ਵਾਲੇ ਜਾਂ ਇਸ ਦੇ ਲਾਗੇ ਚਾਗੇ ਦੀ ਉਮਰ ਵਾਲਿਆਂ ਨੇ ਸ਼ਾਇਦ ਇਨ੍ਹਾਂ ਦੇ ਵੱਡਿਆਂ ਨੇ (ਜਿਹੜੇ ਉਸ ਖ਼ੂਨੀ ਘੱਲੂਘਾਰੇ ਵਿਚ ਬਚ ਗਏ ਸਨ) ਕੁੱਝ ਉਸ ਸਮੇਂ ਦੀਆਂ ਦਾਸਤਾਨਾਂ ਭਾਵੇਂ ਦਸੀਆਂ ਹੋਣ। ਜਿਹੜੇ ਬੱਚੇ 1960 ਜਾਂ ਉਸ ਤੋਂ ਬਾਅਦ ਇਸ ਸੰਸਾਰ ਵਿਚ ਆਏ, ਉਨ੍ਹਾਂ ਨੂੰ ਦੇਸ਼ ਦੀ ਇਸ 'ਆਜ਼ਾਦੀ' ਦੀ ਪ੍ਰਾਪਤੀ ਲਈ, ਕੀ ਕੁੱਝ ਘਾਲਣਾ ਘਾਲੀਆਂ ਗਈਆਂ, ਸ਼ਾਇਦ ਕੁੱਝ ਇਲਮ ਵੀ ਨਹੀਂ - ਸਿਵਾਏ ਉਨ੍ਹਾਂ ਦੇ, ਜਿਨ੍ਹਾਂ ਨੂੰ ਪੁਰਾਣੇ ਇਤਿਹਾਸ ਦੇ ਪੰਨਿਆਂ ਨੂੰ ਵੇਖਣ ਦਾ ਸ਼ੌਕ ਹੈ।
ਬਿਨਾਂ ਸ਼ੱਕ ਸਿੱਖ ਇਕ ਬਹਾਦਰ ਕੌਮ ਹੈ। ਦਸਮ ਪਾਤਸ਼ਾਹ ਦੀ ਕਿਰਪਾ ਸਦਕਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਇਕੱਠਿਆਂ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਤੋਂ 5 ਸਾਲ ਤੋਂ ਪਹਿਲਾਂ ਉਸ ਵੇਲੇ ਦੀ ਮੁਗਲੀਆ ਸਲਤਨਤ ਨਾਲ ਲੋਹਾ ਲੈ ਕੇ ਪੰਜਾਬ ਵਿਚ ਰਾਜ ਸਥਾਪਤ ਕਰ ਲਿਆ। ਉਸ ਤੋਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਨੂੰ ਇਕੱਠਿਆਂ ਕਰ ਕੇ ਪੂਰੇ ਪੰਜਾਬ, ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਉਤੇ ਖ਼ਾਲਸਾਈ ਝੰਡਾ ਝੁਲਾਇਆ। ਅੰਗਰੇਜ਼ ਕੁਟਲ ਨੀਤੀ ਨਾਲ ਹਿੰਦੁਸਤਾਨ ਤੇ ਛਾ ਗਏ ਅਤੇ ਸੱਭ ਤੋਂ ਆਖ਼ਰ 'ਚ ਸਿੱਖਾਂ ਵਿਚੋਂ ਗ਼ੱਦਾਰਾਂ ਦੀ ਮਦਦ ਨਾਲ ਸਿੱਖ ਰਾਜ ਨੂੰ ਵੀ ਅਪਣੇ ਵਿਚ ਸ਼ਾਮਲ ਕਰ ਲਿਆ।
ਅੰਗਰੇਜ਼ ਸਮਝਦਾਰ ਸਨ ਅਤੇ ਉਨ੍ਹਾਂ ਨੂੰ ਸਿੱਖਾਂ ਦੀ ਦਲੇਰੀ ਅਤੇ ਬਹਾਦਰੀ ਦੀ ਸਮਝ ਸੀ। ਸਿੱਖ ਇਨ੍ਹਾਂ ਅੰਗਰੇਜ਼ਾਂ ਦੀ ਫ਼ੌਜ ਵਿਚ ਸ਼ਾਮਲ ਹੋ ਕੇ ਅਪਣੀਆਂ ਜਾਨਾਂ ਵਾਰਦੇ ਰਹੇ ਤੇ ਫ਼ਿਰੰਗੀਆਂ ਦਾ ਰਾਜ ਮਜ਼ਬੂਤ ਹੁੰਦਾ ਰਿਹਾ। ਸਾਡੀ ਕੌਮ ਦੀ ਬਦਕਿਸਮਤੀ ਵੇਖੋ ਕਿ ਸਾਡੇ ਕੋਲ ਕੋਈ ਇਕ ਵੀ ਅਜਿਹਾ ਨੇਤਾ ਨਹੀਂ ਸੀ ਜਿਸ ਨੂੰ ਇਹ ਸਮਝ ਹੁੰਦੀ ਕਿ ਭਾਵੇਂ ਰਾਜ ਇਕ ਵਾਰੀ ਚਲਾ ਗਿਆ ਹੈ, ਇਹ ਮੁੜ ਵੀ ਲਿਆ ਜਾ ਸਕਦਾ ਹੈ। ਸਿੱਖਾਂ ਨੇ ਅੰਗਰੇਜ਼ਾਂ ਨਾਲ ਰਲ ਕੇ ਬਹੁਤ ਸਾਰੀਆਂ ਜੰਗਾਂ ਲੜੀਆਂ ਤੇ ਹਜ਼ਾਰਾਂ ਸਿੱਖ ਇਨ੍ਹਾਂ ਲੜਾਈਆਂ ਵਿਚ ਮਾਰੇ ਗਏ ਸਨ। ਕੋਈ ਸੂਝਵਾਨ ਸਿੱਖ ਨੀਤੀਵਾਨ ਨੇਤਾ ਸ਼ਾਇਦ ਇਸ ਤੋਂ ਵੀ ਘੱਟ ਸਿੱਖਾਂ ਦੀਆਂ ਕੁਰਬਾਨੀਆਂ ਕਰਾ ਕੇ ਕੌਮ ਲਈ ਕੁੱਝ ਪ੍ਰਾਪਤੀ ਕਰਾ ਸਕਦਾ। ਸਿੱਖਾਂ ਦੀ ਕੁਰਬਾਨੀ ਜਜ਼ਬਾ ਵੇਖੋ ਕਿ ਆਜ਼ਾਦ ਹਿੰਦ ਫ਼ੌਜ ਵੀ ਜਨਰਲ ਮੋਹਨ ਸਿੰਘ ਨੇ ਸੁਭਾਸ਼ ਚੰਦਰ ਬੋਸ ਨਾਲ ਰਲ ਕੇ ਖੜੀ ਕਰ ਦਿਤੀ। ਜਨਰਲ ਮੋਹਨ ਸਿੰਘ ਰਾਜਨੀਤੀ ਕਰਨ ਵਾਲਾ ਨਹੀਂ ਸੀ ਪਰ ਉਸ ਨੇ ਦੇਸ਼ ਦੀ ਆਜ਼ਾਦੀ ਲਈ ਵਿੱਢੇ ਸ਼ਾਂਤਮਈ ਅੰਦੋਲਨ ਤੋਂ ਵੱਖ ਅੰਗਰੇਜ਼ਾਂ ਨੂੰ ਦੂਜਾ ਪੱਖ ਵੀ ਵਿਖਾਇਆ। ਇਕ ਗੱਲ ਹੋਰ ਵੀ ਵਿਚਾਰੀਏ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਅਪਣੀ ਆਬਾਦੀ ਦੀ ਨਿਸਬਤ, ਕਿਤੇ ਵੱਧ ਹਿੱਸਾ ਪਾਇਆ। ਨਾਮਧਾਰੀਆਂ ਦੇ ਸ਼ਾਂਤਮਈ ਅੰਦੋਲਨ ਵਿਚ 500 ਤੋਂ ਵੱਧ ਸਿੱਖ ਨਾਮਧਾਰੀ ਮਾਰ ਦਿਤੇ ਗਏ। ਕਾਮਾਗਾਟਾਮਾਰੂ ਦੀ ਮੰਦਭਾਗੀ ਘਟਨਾ ਵਿਚ ਮਰਨ ਵਾਲੇ ਸਾਰੇ ਸਿੱਖ ਸ਼ਹੀਦ ਸਨ। ਜ਼ਲ੍ਹਿਆਂ ਵਾਲੇ ਬਾਗ਼ ਵਿਚ ਸ਼ਹੀਦ ਹੋਣ ਵਾਲਿਆਂ ਵਿਚੋਂ ਸੱਤਰ ਫ਼ੀ ਸਦੀ ਸਿੱਖ ਸਨ। ਕਾਲੇ ਪਾਣੀ ਦੀ ਸਜ਼ਾ ਭੁਗਤਣ ਵਾਲਿਆਂ ਵਿਚ 75 ਫ਼ੀ ਸਦੀ ਸਿੱਖ ਸਨ। ਕੁਲ ਆਜ਼ਾਦੀ ਦੇ ਸ਼ਹੀਦ ਹੋਣ ਵਾਲੇ ਪ੍ਰਵਾਨਿਆਂ ਵਿਚੋਂ 80 ਫ਼ੀ ਸਦੀ ਸਿੱਖ ਸਨ।
ਮਹਾਤਮਾ ਗਾਂਧੀ ਤੇ ਹੋਰ ਕਾਂਗਰਸੀ ਨੇਤਾਵਾਂ ਨੇ ਇਸ ਦਲੇਰ ਕੌਮ ਨੂੰ ਸਲਾਹੁੰਦਿਆਂ ਤੇ ਹੱਲਾਸ਼ੇਰੀ ਦੇ ਕੇ ਅੰਗਰੇਜ਼ਾਂ ਨਾਲ ਲੜਨ ਮਰਨ ਲਈ ਉਤਸ਼ਾਹਤ ਕੀਤਾ। ਇਹ ਕਾਂਗਰਸੀ ਨੇਤਾ ਬਹੁਤ ਚਲਾਕ ਨਿਕਲੇ। ਸਿੱਖ ਲੀਡਰਾਂ ਨੂੰ ਵਿਸ਼ਵਾਸ਼ ਦਿਤਾ ਗਿਆ ਕਿ ਆਜ਼ਾਦ ਹਿੰਦੁਸਤਾਨ ਵਿਚ, ਉਨ੍ਹਾਂ ਲਈ ਅਜਿਹਾ ਖਿੱਤਾ ਹੋਵੇਗਾ ਜਿਸ ਵਿਚ ਉਹ ਵੀ ਆਜ਼ਾਦੀ ਦਾ ਨਿੱਘ ਮਾਣਦੇ ਹੋਏ ਅਪਣੇ ਧਰਮ ਤੇ ਸਭਿਆਚਾਰ ਨੂੰ ਪ੍ਰਫੁੱਲਤ ਵੇਖ ਸਕਣਗੇ। ਇਕ ਗੱਲ ਨਾ ਭੁੱਲੀਏ ਕਿ ਅੰਗਰੇਜ਼ਾਂ ਨੇ ਸਿੱਖ ਕੌਮ ਨੂੰ ਤੀਜੀ ਧਿਰ ਤਸਲੀਮ ਕੀਤਾ ਸੀ। ਇਸ ਦੇ ਨਤੀਜੇ ਵਜੋਂ ਹੀ ਸਿੱਖ ਕੌਮ ਦੇ ਨੁਮਾਇੰਦੇ ਵਜੋਂ ਸਰਦਾਰ ਬਲਦੇਵ ਸਿੰਘ ਲੰਡਨ ਵਿਚ ਗੋਲ ਮੇਜ਼ ਕਾਨਫ਼ਰੰਸ ਵਿਚ ਸ਼ਾਮਲ ਹੋਏ।
ਸਿੱਖ ਲੀਡਰਾਂ ਨੇ ਇਨ੍ਹਾਂ ਚਾਲਾਕ ਕਾਂਗਰਸੀ ਨੇਤਾਵਾਂ ਦੇ ਬਚਨਾਂ ਤੇ ਵਿਸ਼ਵਾਸ ਕਰਦੇ ਹੋਏ ਆਜ਼ਾਦੀ ਦੇ ਸੰਗਰਾਮ ਵਿਚ ਮੋਢੇ ਨਾਲ ਮੋਢਾ ਡਾਹਿਆ। ਦੇਸ਼ ਆਜ਼ਾਦ ਹੋਇਆ ਤੇ ਮੁਲਕ ਦੀ ਵੰਡ ਹੋਈ। ਦੇਸ਼ ਦੀ ਇਸ ਆਜ਼ਾਦੀ ਵਿਚ ਲੱਖਾਂ ਸਿੱਖ ਉਜੜ ਗਏ। ਹਜ਼ਾਰਾਂ ਦੀ ਗਿਣਤੀ ਵਿਚ, ਸਿੱਖ ਨੌਜਵਾਨ, ਬਿਰਧ ਤੇ ਬੱਚੇ ਮਾਰ ਦਿਤੇ ਗਏ। ਹਜ਼ਾਰਾਂ ਪੰਜਾਬੀ ਔਰਤਾਂ ਪਾਕਿਸਤਾਨ ਵਿਚ ਜਰਵਾਣਿਆਂ ਦੀ ਵਹਿਸ਼ਤ ਦਾ ਸ਼ਿਕਾਰ ਬਣੀਆਂ। ਅਰਬਾਂ ਖਰਬਾਂ ਰੁਪਏ ਦੀ ਜਾਇਦਾਦ ਦੀ ਤਬਾਹੀ ਹੋਈ। ਲੱਖਾਂ ਸਿੱਖ ਪ੍ਰਵਾਰ, ਸਦੀਆਂ ਤੋਂ ਰਹਿੰਦੇ, ਅਪਣੇ ਘਰ ਛੱਡ ਕੇ ਮਿਲਟਰੀ ਟਰੱਕਾਂ 'ਚ, ਕਿਤੇ ਪੈਦਲ ਤੇ ਗੱਡਿਆਂ ਤੇ ਬੈਠ ਕੇ ਫਿਰ ਰੇਲ ਗੱਡੀ ਦੀਆਂ ਛੱਤਾਂ ਤੇ, ਮਾਵਾਂ ਅਪਣੇ ਬੱਚਿਆਂ ਨੂੰ ਕਲਾਵਿਆਂ 'ਚ ਲੈਂਦੀਆਂ ਇਸ ਆਜ਼ਾਦ ਭਾਰਤ 'ਚ ਆਏ। ਇਸ ਖ਼ੂਨੀ ਵੰਡ ਵਿਚ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਹੋਏ ਤੇ ਘਰਾਂ ਦੇ ਘਰ ਉਜੜ ਗਏ। ਲੇਖਕ ਦਾ ਪ੍ਰਵਾਰ ਵੀ ਉਸ ਦਹਿਸ਼ਤ ਦਾ ਸ਼ਿਕਾਰ ਬਣਿਆ। ਸੋਚੋ ਉਨ੍ਹਾਂ ਪ੍ਰਵਾਰਾਂ ਤੇ ਕੀ ਬੀਤੀ ਹੋਵੇਗੀ ਜਿਨ੍ਹਾਂ ਦੇ ਇਕੋ ਇਕ ਕਮਾਉਣ ਵਾਲੇ ਦਾ ਸਿਰ ਤੋਂ ਸਾਇਆ ਉਠ ਗਿਆ ਹੋਵੇਗਾ। ਸਿੱਖਾਂ ਨੂੰ ਪਤਾ ਨਾ ਲੱਗੇ ਕਿ ਇਹ ਕੀ ਭਾਣਾ ਵਰਤ ਗਿਆ ਹੈ ਤੇ ਉਨ੍ਹਾਂ ਕੋਲ ਰਹਿ ਗਏ ਸਿਰਫ਼ ਅੱਖਾਂ ਦੇ ਹੰਝੂ।
ਜ਼ਰਾ ਸੋਚੀਏ ਕਿ ਹਿੰਦੂਆਂ ਨੂੰ ਸੰਭਾਲਣ ਲਈ ਤਾਂ ਇਥੇ ਹਿੰਦੂ ਸਰਕਾਰ ਸੀ। ਮੁਸਲਮਾਨਾਂ ਦਾ ਤਾਂ ਅਪਣਾ ਦੇਸ਼ ਪਾਕਿਸਤਾਨ ਬਣ ਚੁੱਕਾ ਸੀ ਤੇ ਸਿੱਖਾਂ ਕੋਲ ਕੀ ਸੀ? ਸਿਵਾਏ ਹਿੰਦੁਸਤਾਨ ਵਿਚ ਇਨ੍ਹਾਂ ਦੇ ਰਹਿਮੋ-ਕਰਮ ਦੇ। ਕਿੰਨਾ ਵੱਡਾ ਧੋਖਾ ਹੋਇਆ, ਸਿੱਖ ਕੌਮ ਨਾਲ? ਜਦੋਂ ਇਨ੍ਹਾਂ ਕਾਂਗਰਸੀ ਨੇਤਾਵਾਂ ਨਹਿਰੂ ਸਮੇਤ ਨੂੰ ਉਨ੍ਹਾਂ ਦੇ ਕੌਲ ਕਰਾਰ ਯਾਦ ਕਰਵਾਏ ਤਾਂ ਇਕ ਸਤਰ ਦਾ ਜਵਾਬ ਮਿਲਿਆ ਕਿ 'ਹੁਣ ਹਾਲਾਤ ਬਦਲ ਗਏ ਹਨ।' ਸਿੱਖ ਨੇਤਾ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨਾਲ ਇਸ ਹੁੰਦੇ ਧੱਕੇ ਬਾਰੇ, ਦਿੱਲੀ ਵਿਚ ਇਕ ਪ੍ਰੋਟੈਸਟ ਮਾਰਚ ਦਾ ਐਲਾਨ ਕਰ ਦਿਤਾ। ਇਹ ਗੱਲ 1948 ਦੀ ਹੈ ਤੇ ਮਾਸਟਰ ਤਾਰਾ ਸਿੰਘ ਨੂੰ ਦਿੱਲੀ ਦੇ ਲਾਗੇ ਨਰੇਲੇ ਸਟੇਸ਼ਨ ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਇਹ 'ਆਜ਼ਾਦ ਭਾਰਤ' ਵਿਚ ਪਹਿਲੀ ਰਾਜਨੀਤਕ ਗ੍ਰਿਫ਼ਤਾਰੀ ਸੀ।
ਕੇਂਦਰ ਸਰਕਾਰ ਨੇ ਪੰਜਾਬ ਦੀਆਂ 8 ਸਟੇਟਾਂ, ਜਿਨ੍ਹਾਂ ਵਿਚ ਸਿੱਖ ਮਹਾਰਾਜੇ ਸਨ, ਇਕੱਠਿਆਂ ਕਰਦਿਆਂ ਪੈਪਸੂ ਦੀ ਸਥਾਪਨਾ ਕੀਤੀ। ਇਸ ਵਿਚ ਸਿੱਖ ਆਬਾਦੀ ਵੱਧ ਸੀ ਤੇ ਕੇਂਦਰ ਸਰਕਾਰ ਨੇ ਚਾਲਾਕੀ ਨਾਲ 1956 ਵਿਚ ਪੈਪਸੂ ਤੋੜ ਕੇ ਪੰਜਾਬ ਵਿਚ ਮਿਲਾ ਦਿਤਾ। ਭਾਸ਼ਾ ਦੇ ਆਧਾਰ ਤੇ ਰਾਜਾਂ ਦਾ ਪੁਨਰਗਠਨ ਹੋਣਾ ਸੀ। ਅਕਾਲੀ ਦਲ ਨੇ ਪੰਜਾਬੀ ਸੂਬੇ ਦਾ ਨਾਹਰਾ ਦਿਤਾ। ਇਸ ਨਾਹਰੇ ਤੇ ਵੀ ਪਾਬੰਦੀ ਲਾਈ ਗਈ ਤੇ ਛੱਬੀ ਹਜ਼ਾਰ ਤੋਂ ਵੱਧ ਸਿੱਖਾਂ ਨੇ ਇਸ ਸ਼ਾਂਤਮਈ ਅੰਦੋਲਨ ਵਿਚ ਹਿੱਸਾ ਲੈਂਦਿਆਂ ਗ੍ਰਿਫ਼ਤਾਰੀਆਂ ਦਿਤੀਆਂ। ਸਿੱਖਾਂ ਨੇ ਦੇਸ਼ਭਗਤੀ ਦਾ ਸਬੂਤ ਦਿੰਦਿਆਂ ਜਦੋਂ ਚੀਨ ਨਾਲ ਲੜਾਈ ਹੋਣ ਲੱਗੀ ਤਾਂ ਅਪਣਾ ਲਗਿਆ ਮੋਰਚਾ ਵਾਪਸ ਲੈ ਲਿਆ। ਆਖ਼ਰ, ਜਦੋਂ ਦੇਸ਼ ਦੇ ਸਾਰੇ ਸੂਬੇ ਭਾਸ਼ਾ ਦੇ ਆਧਾਰ ਤੇ ਬਣ ਚੁੱਕੇ ਸਨ, ਪੰਜਾਬ ਦੀ ਵਾਰੀ ਵੀ ਆਈ ਤੇ 1 ਨਵੰਬਰ 1966 ਨੂੰ ਅਜੋਕਾ ਪੰਜਾਬ ਹੋਂਦ ਵਿਚ ਆਇਆ। ਕੇਂਦਰ ਸਰਕਾਰ ਦੀ ਪੰਜਾਬ ਨਾਲ ਤੇ ਖ਼ਾਸ ਕਰ ਕੇ ਸਿੱਖਾਂ ਨਾਲ ਬਦਨੀਤੀਆਂ ਦੀ ਦਾਸਤਾਨ ਬੜੀ ਲੰਮੀ ਹੈ। ਜੇ ਪੰਜਾਬ ਬਣਿਆ ਤਾਂ ਚੰਡੀਗੜ੍ਹ ਨੂੰ ਕੇਂਦਰ ਸਰਕਾਰ ਨੇ ਅਪਣੇ ਕੋਲ ਰੱਖ ਲਿਆ। ਬਾਕੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਨਾ ਕੀਤੇ ਗਏ। ਦਰਿਆਈ ਪਾਣੀਆਂ, ਜਿਨ੍ਹਾਂ ਉਪਰ ਸਥਾਪਤ ਰਾਸ਼ਟਰੀ ਨਿਯਮਾਂ ਦੇ ਵਿਰੁਧ ਹਰਿਆਣਾ ਤੇ ਰਾਜਸਥਾਨ ਨੂੰ ਹਿੱਸੇਦਾਰ ਬਣਾਇਆ ਗਿਆ। ਸਿੱਖਾਂ ਦੀਆਂ ਧਾਰਮਕ ਮੰਗਾਂ ਨੂੰ ਅਣਗੌਲਿਆਂ ਕੀਤਾ ਗਿਆ। ਅਕਾਲੀ ਸਰਕਾਰਾਂ ਭਾਵੇਂ ਹੋਂਦ ਵਿਚ ਆਈਆਂ ਪਰ ਸਮੇਂ ਤੋਂ ਪਹਿਲਾਂ ਕਿਸੇ ਹੀਲੇ ਬਹਾਨੇ ਤੋੜ ਦਿਤੀਆਂ ਗਈਆਂ।
ਸਿੱਖ ਧਰਮ ਉਤੇ ਹਮਲੇ ਦੀਆਂ ਕਾਰਵਾਈਆਂ ਲਗਾਤਾਰ ਚਲਦੀਆਂ ਰਹੀਆਂ। ਨਿਰੰਕਾਰੀਆਂ ਨੂੰ ਉਤਸ਼ਾਹਤ ਕਰ ਕੇ, ਸਿੱਖਾਂ ਨੂੰ ਜ਼ਲਾਲਤ ਤੇ ਨੀਵੇਂਪਨ ਦਾ ਅਹਿਸਾਸ ਕਰਵਾਇਆ ਗਿਆ। 1983 ਵਿਚ ਦਿੱਲੀ ਵਿਚ ਏਸ਼ੀਆਈ ਖੇਡਾਂ ਦੌਰਾਨ ਹਰਿਆਣੇ ਵਿਚ ਲੰਘਦੇ ਸਿੱਖਾਂ ਨੂੰ ਬੇਪਤ ਕੀਤਾ ਗਿਆ ਤੇ ਸਿੱਖ ਗੁਰਦਵਾਰਿਆਂ ਤੇ ਹਮਲੇ ਕੀਤੇ ਗਏ। ਇਧਰ ਪੰਜਾਬ ਵਿਚ ਕਾਂਗਰਸ ਦੀ ਦਰਬਾਰਾ ਸਿੰਘ ਦੀ ਅਗਵਾਈ ਹੇਠਾਂ ਬਣੀ ਸਰਕਾਰ ਨੇ ਸਿੱਖਾਂ ਤੇ ਜਬਰ ਦੀ ਹਨੇਰੀ ਲਿਆ ਦਿਤੀ। ਸਿੱਖ ਨੌਜਵਾਨਾਂ ਦੀ ਫੜੋ ਫੜੀ, ਉਨ੍ਹਾਂ ਤੇ ਤਸ਼ੱਦਦ ਤੇ ਪ੍ਰਵਾਰਾਂ ਨੂੰ ਤੰਗ ਕਰਨਾ, ਫ਼ਰਜ਼ੀ ਮੁਕਾਬਲਿਆਂ ਵਿਚ ਸਿੱਖ ਨੌਜਵਾਨਾਂ ਨੂੰ ਮਾਰਨਾ ਇਹ ਰੋਜ਼ ਦੀ ਗੱਲ ਬਣ ਗਈ ਸੀ। ਇਸ ਸਮੇਂ ਧਾਰਮਕ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਏ ਤੇ ਕੌਮ ਨੂੰ ਇੱਜ਼ਤ ਨਾਲ ਜਿਉਣ ਦਾ ਸੰਦੇਸ਼ ਦਿਤਾ। ਦਰਬਾਰ ਸਾਹਿਬ ਸਮੂਹ ਨੂੰ ਪੁਲਿਸ ਤੇ ਸੀ.ਆਰ.ਪੀ. ਦਾ ਘੇਰਾ ਪੈ ਗਿਆ। ਆਖ਼ਰ ਕੇਂਦਰ ਸਰਕਾਰ ਨੇ ਉਹ ਕੀਤਾ, ਜਿਸ ਦੀ ਕਿਤੇ ਸੁਪਨੇ ਵਿਚ ਵੀ ਆਸ ਨਹੀਂ ਸੀ। ਜੂਨ '84 ਵਿਚ ਹਰਿਮੰਦਰ ਸਾਹਿਬ ਵਿਚ ਕਹਿਰ ਵਰਤਿਆ। ਹਜ਼ਾਰਾਂ ਸਿੱਖ ਫ਼ੌਜ ਨੇ ਮਾਰ ਦਿਤੇ ਤੇ ਹਜ਼ਾਰਾਂ ਦੀ ਗਿਣਤੀ ਵਿਚ ਗ੍ਰਿਫ਼ਤਾਰ ਕਰ ਕੇ ਜੇਲਾਂ ਵਿਚ ਡਕ ਦਿਤੇ ਗਏ। ਸਾਡੀ ਪਾਵਨ ਅਸਥਾਨਾਂ ਦੀ ਮਰਿਆਦਾ ਰੋਲ ਦਿਤੀ ਗਈ - ਸਿੱਖ ਰੈਫਰੈਂਸ ਲਾਇਬ੍ਰੇਰੀ ਜੋ ਵਡਮੁੱਲਾ ਖ਼ਜ਼ਾਨਾ ਸੀ, ਉਹ ਸਾੜ ਦਿਤੀ ਗਈ।
ਹਰਿਮੰਦਰ ਸਾਹਿਬ ਸਮੂਹ ਤੇ ਪੰਜਾਬ ਦੇ ਹੋਰ ਗੁਰਦਵਾਰਿਆਂ ਉਤੇ ਫ਼ੌਜ ਦਾ ਕਬਜ਼ਾ ਸੀ। ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਸਿੱਖ ਸੰਗਤਾਂ ਤੜਪਦੀਆਂ ਰਹੀਆਂ। ਆਖ਼ਰ ਦੋ ਨੌਜਵਾਨ - ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ। ਦੇਸ਼ ਵਿਚ ਖ਼ਾਸ ਕਰ ਕੇ ਦਿੱਲੀ ਵਿਚ ਸਿੱਖਾਂ ਤੇ ਜ਼ੁਲਮ ਦੀ ਹਨੇਰੀ ਝੁੱਲ ਪਈ। ਦਿਨ-ਦਿਹਾੜੇ ਪੰਜ ਹਜ਼ਾਰ ਨਿਹੱਥੇ ਸਿੱਖਾਂ ਨੂੰ ਸੋਟਿਆਂ, ਬਰਛਿਆਂ ਤੇ ਅੱਗਾਂ ਲਾ ਕੇ ਜ਼ਿੰਦਾ ਸਾੜ ਦਿਤਾ ਗਿਆ। ਇਹੀ ਹਾਲ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਵਿਚ ਹੋਇਆ। ਸਿੱਖਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਸਾੜ ਕੇ ਰਾਖ ਕਰ ਦਿਤੀਆਂ ਗਈਆਂ। ਸਰਕਾਰੀ ਅੰਕੜਿਆਂ ਅਨੁਸਾਰ ਦਿੱਲੀ ਵਿਚ 2733 ਸਿੱਖ ਮਾਰੇ ਗਏ, ਭਾਵੇਂ ਇਹ ਗਿਣਤੀ ਪੰਜਾਹ ਹਜ਼ਾਰ ਤੋਂ ਕਿਤੇ ਵੱਧ ਸੀ। ਦੇਸ਼-ਵਿਦੇਸ਼ਾਂ ਵਿਚ ਹਾਹਾਕਾਰ ਮਚ ਗਈ। ਅੱਜ 32 ਸਾਲ ਦਾ ਸਮਾਂ ਬੀਤ ਚੁਕਿਆ ਹੈ ਪਰ ਇਹ ਕਾਤਲ ਫ਼ਸਾਦ ਕਰਾਉਣ ਵਾਲੇ ਅਜੇ ਵੀ ਦਨਦਨਾਉਂਦੇ ਫਿਰ ਰਹੇ ਹਨ। ਸਿੱਖਾਂ ਲਈ ਕਿਹੜਾ ਇਨਸਾਫ਼ ਹੈ? ਅੱਖਾਂ ਪੂੰਝਣ ਲਈ, ਸਰਕਾਰ ਨੇ ਇਨ੍ਹਾਂ ਮਰਨ ਵਾਲਿਆਂ ਦੇ ਪ੍ਰਵਾਰਾਂ ਨੂੰ ਕੁੱਝ ਮਾਇਕ ਮਦਦ ਦਿਤੀ ਪਰ ਬੰਦੇ ਦੀ ਘਾਟ ਤਾਂ ਪੂਰੀ ਨਹੀਂ ਹੋ ਸਕਦੀ। ਸਿੱਖ ਬੀਬੀਆਂ ਦੀ ਬੇਪਤੀ ਕੀਤੀ ਗਈ ਤੇ ਸਿੱਖਾਂ ਨੂੰ ਹੀਣਤਾ ਤੇ ਨੀਵੇਂਪਨ ਦਾ ਅਹਿਸਾਸ ਕਰਾਇਆ ਗਿਆ।
ਜ਼ਰਾ ਗੰਭੀਰਤਾ ਨਾਲ ਸੋਚੀਏ ਕਿ ਸਿੱਖ ਕੌਮ ਦਾ ਆਜ਼ਾਦੀ ਤੋਂ ਬਾਅਦ ਕੀ ਬਣਿਆ ਹੈ? ਸਾਡੀ ਹੋਰ ਬਦਕਿਸਮਤੀ ਹੈ ਕਿ ਸਮੇਂ-ਸਮੇਂ ਸਾਡੀਆਂ ਪੰਜਾਬ ਵਿਚ ਅਕਾਲੀ ਸਰਕਾਰਾਂ ਬਣਦੀਆਂ ਰਹੀਆਂ। ਪਰ ਸਾਡੀ ਕੋਈ ਇਕ ਵੀ ਨਿੱਗਰ ਮੰਗ (ਜਿਨ੍ਹਾਂ ਕਰ ਕੇ ਧਰਮ ਯੁੱਧ ਮੋਰਚੇ ਲੱਗੇ, ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੋਇਆ ਤੇ ਹਜ਼ਾਰਾਂ ਹੀ ਨੌਜਵਾਨ ਮਾਰ ਦਿਤੇ ਗਏ) ਨਾ ਮਨਾਈ ਜਾ ਸਕੀ। ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ, ਅੱਜ ਤਕ ਨਹੀਂ ਮਿਲੇ, ਸਾਡੇ ਪਾਣੀ ਉਤੇ ਦੂਜਿਆਂ ਦਾ ਹੱਕ ਅੱਜ ਵੀ ਬਣਿਆ ਹੋਇਆ ਹੈ। ਇਕ ਹੋਰ ਦੁਖਦਾਈ ਗੱਲ ਹੈ ਕਿ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ, ਹਜ਼ਾਰਾਂ ਪ੍ਰਵਾਰ ਰੁਲ ਗਏ ਪਰ ਅੱਜ ਤਕ ਅਸੀ ਉਨ੍ਹਾਂ ਪ੍ਰਵਾਰਾਂ ਪ੍ਰਤੀ ਕੀ ਕੀਤਾ? ਇਹ ਸਵਾਲ ਵੇਲੇ ਦੀਆਂ ਅਕਾਲੀ ਸਰਕਾਰਾਂ ਅਤੇ ਹਰ ਸਿੱਖ ਨੂੰ ਮੁਖ਼ਾਤਬ ਹੈ।
ਲੋੜ ਹੈ ਸਾਨੂੰ ਯਹੂਦੀਆਂ ਤੇ ਪਾਰਸੀਆਂ ਤੋਂ ਸਿਖਣ ਦੀ। ਹਰ ਸਿੱਖ ਦੂਜੇ ਦੀ ਬਾਂਹ ਫੜੇ। ਆਪ ਉੱਚੇ ਤੇ ਸੁੱਚੇ ਜੀਵਨ ਵਾਲੇ ਹੋਈਏ ਤੇ ਗੁਰੂ ਆਸ਼ੇ ਵਿਚ ਪਰਪੱਕਤਾ ਰਖੀਏ। ਕੀ ਸਿੱਖ ਅੱਜ ਸੱਚੀ ਮੁੱਚੀ ਆਜ਼ਾਦ ਹੈ? ਆਏ ਦੂਜੇ ਦਿਨ ਕਦੀ ਰਾਜਸਥਾਨ ਵਿਚ, ਕਦੇ ਕਰਨਾਟਕ ਵਿਚ, ਕਦੀ ਕਿਸੇ ਹੋਰ ਸੂਬੇ ਵਿਚ ਇਕੜ ਦੁਕੜ ਸਿੱਖ ਨੂੰ ਚਾਰ-ਛੇ ਗੁੰਡੇ ਫੜ ਕੇ ਸੋਟੀਆਂ ਨਾਲ ਕੁਟਦੇ ਹਨ ਤੇ ਬਾਕੀ ਮੂਕ ਦਰਸ਼ਕ ਬਣੇ ਖੜੇ ਰਹਿੰਦੇ ਹਨ। ਕੀ ਘੱਟ ਗਿਣਤੀਆਂ ਤੇ ਸਿੱਖਾਂ ਨਾਲ ਇਸ ਤਰ੍ਹਾਂ ਹੀ ਹੋਣਾ ਹੈ? ਇਹ ਸਵਾਲ ਵਾਰ-ਵਾਰ ਮਨ 'ਚ ਆਉਂਦਾ ਹੈ। ਕਹਿਣ ਨੂੰ ਤਾਂ ਆਜ਼ਾਦੀ ਦਾ ਦਿਨ ਹੈ - ਪਰ ਕੀ ਪ੍ਰਾਪਤੀ ਮਿਲੀ ਹੈ ਸਿੱਖ ਕੌਮ ਨੂੰ ਇਸ ਆਜ਼ਾਦੀ ਵਿਚੋਂ? ਇਹ ਸਵਾਲ ਹਰ ਸਿੱਖ ਨੂੰ ਸੋਚਣਾ ਤੇ ਕਰਨਾ ਬਣਦਾ ਹੈ। ਇਕ ਰੁਬਾਈ ਯਾਦ ਆਉਂਦੀ ਹੈ -
ਅਪਣਾ ਤਾਣ ਭਰੋਸਾ ਅਪਣਾ, ਦੋਵੇਂ ਮਿੱਤਰ ਸਹਾਈ
ਨਿਰੇ ਭਰੋਸੇ ਤਾਕਤਵਰ ਦੇ, ਰਹਿਣਾ ਮੂਰਖਤਾਈ।
ਲੋੜ ਹੈ ਸੁੱਚੇ ਸਿੱਖ ਬਣਨ ਦੀ ਅਤੇ ਕੌਮਪ੍ਰਸਤ ਹੋਣ ਦੀ। ਸੰਪਰਕ : 88720-06924