
ਐਨੀ ਨੌਬਤ ਆਈ ਹੀ ਕਿਉਂ?
ਮੁਹਾਲੀ: ਹੱਦਾਂ, ਸਰਹੱਦਾਂ ਤੇ ਕੋਈ ਖ਼ਤਰਾ ਬਣਿਆ, ਕੋਈ ਭਾਜੜ ਪਈ, ਔਕੜਾਂ, ਦਿੱਕਤਾਂ ਆਈਆਂ, ਮਾਰ ਲਉ ਆਵਾਜ਼ ਪੰਜਾਬੀਆਂ ਨੂੰ, ਸਿੱਖਾਂ ਨੂੰ। ਆਪੇ ਲੈ ਲੈਣਗੇ ਬਦਲੇ, ਵਹਾ ਦੇਣਗੇ ਖ਼ੂਨ ਅਪਣਾ ਵੀ ਤੇ ਦੁਸ਼ਮਣ ਦਾ ਵੀ। ਦੇਸ਼ ਦੇ ਕਿਸੇ ਹਿੱਸੇ, ਕੋਨੇ ਵਿਚ ਹੜ੍ਹ, ਸੋਕੇ ਕਾਰਨ ਅਨਾਜ ਦੀ ਕਮੀ ਹੋਈ, ਮਾਰ ਲਉ ਪੰਜਾਬ ਦੇ ਅੰਨਦਾਤਿਆਂ ਨੂੰ ਹਾਕ। ਦੇਸ਼ ਦੀ ਹਰ ਜ਼ਰੂਰਤ ਪੂਰੀ ਕਰਨਗੇ, ਚਾਹੇ ਬਦਲੇ ਵਿਚ ਅਪਣੀ ਧਰਤੀ ਨੂੰ ਵੀ ਬੰਜਰ ਬਣਾ ਲੈਣ। ਧਰਤੀ ਮਾਂ ਦੀ ਹਿੱਕ ਵਿਚੋਂ ਬੂੰਦ-ਬੂੰਦ ਕੱਢ ਕੇ ਵੀ ਖੜਨਗੇ ਦੇਸ਼ ਦੀ ਹਰ ਲੋੜ ਵੇਲੇ। ਲਾ ਦੇਣਗੇ ਥਾਂ-ਥਾਂ ਲੰਗਰ, ਪ੍ਰਵਾਹ ਈ ਕੋਈ ਨਹੀਂ। ਚਾਹੇ ਖ਼ੁਦ ਨੂੰ ਖ਼ੁਦਕੁਸ਼ੀਆਂ ਹੀ ਕਿਉਂ ਨਾ ਕਰਨੀਆਂ ਪੈਣ, ਪਰ ਕਿਸੇ ਦੀ ਭੁੱਖ ਲੋੜ ਨਹੀਂ ਵੇਖ ਸਕਦੇ ਪੰਜਾਬੀ। ਆਜ਼ਾਦੀ ਤੋਂ ਪਹਿਲਾਂ, ਬਾਅਦ ਤੇ ਹੁਣ ਤਕ ਲੇਖਾ ਜੋਖਾ ਕੀਤਾ ਜਾਏ ਤਾਂ ਪੰਜਾਬੀਆਂ ਦਾ ਯੋਗਦਾਨ ਅਣਮੁੱਲਾ ਤੇ ਵਡਮੁੱਲਾ ਹੈ। ਤੇ ਸ਼ਾਬਾਸ਼ ਭਾਰਤ ਸਰਕਾਰ ਦੇ, ਹਮੇਸ਼ਾ ਮਤਰੇਆਂ ਵਾਲਾ ਰਵਈਆ ਹੀ ਅਪਣਾਇਆ।
farmer
ਸਾਨੂੰ ਬਦਲੇ ਵਿਚ ਤੋਪਾਂ, ਟੈਂਕਾਂ ਦੇ ਗੋਲਿਆਂ ਦੀ ਸੌਗਾਤ ਦਿਤੀ ਗਈ। ਵੀਹ-ਵੀਹ ਸਾਲ ਤੋਂ ਨਿਰਦੋਸ਼ ਸਿੱਖ ਜੇਲਾਂ ਵਿਚ ਸੜ ਰਹੇ ਨੇ। ਜਿਸ ਤਰ੍ਹਾਂ ਪੰਜਾਬੀ ਸੂਬੇ ਦੀ ਕੱਟ-ਵੱਢ ਕੀਤੀ ਗਈ, ਬਿਨਾਂ ਰਾਜਧਾਨੀ ਤੋਂ ਲੰਗੜਾ ਪੰਜਾਬ, ਸਾਡੇ ਪਾਣੀਆਂ ਤੇ ਸਾਡੇ ਹੱਕ ਰਾਖਵੇਂ ਨਾ ਰੱਖ ਕੇ, ਉਦਯੋਗਾਂ ਨੂੰ ਪੰਜਾਬ ਤੋਂ ਦੂਰ ਰੱਖ ਕੇ, ਯੋਗਦਾਨ ਦਾ ਵਧੀਆ ਮੁੱਲ ਮੋੜਿਆ ਗਿਆ। ਅੱਜ ਅੱਕਿਆ, ਥਕਿਆ ਪੰਜਾਬ ਦਾ ਕਿਸਾਨ ਧਰਨੇ ਲਾਉਣ ਲਈ, ਅਪਣੇ ਹੱਕ ਖ਼ਾਤਰ ਮਜਬੂਰ ਹੋਇਆ, ਐਨੀ ਠੰਢ ਵਿਚ ਰਜ਼ਾਈ ਦਾ ਨਿੱਘ ਛੱਡ ਕੇ ਦਿੱਲੀ ਦੀਆਂ ਸੜਕਾਂ ਤੇ ਰੁਲ ਰਿਹਾ ਹੈ। ਐਨੀ ਨੌਬਤ ਆਈ ਹੀ ਕਿਉਂ?
Farmer protest
ਚਾਹੀਦਾ ਤਾਂ ਸੀ ਕਿ ਇਸ ਅੰਨਦਾਤੇ ਦੇ ਚੁੱਲ੍ਹੇ ਮੂਹਰੇ ਬੈਠ ਕੇ ਉਸ ਦੀ ਹਰ ਮੁਸ਼ਕਲ ਸੁਣੀ ਜਾਂਦੀ। ਕਿਸਾਨ ਤਾਂ ਰੀੜ੍ਹ ਦੀ ਹੱਡੀ ਵਾਂਗ ਹੁੰਦਾ ਏ। ਜੇਕਰ ਇਸ ਦਾ ਇਕ ਅੱਧਾ ਮਣਕਾ ਵੀ ਇਧਰ, ਉਧਰ ਹੋ ਗਿਆ ਤਾਂ ਸਾਰਾ ਦੇਸ਼ ਹਿੱਲ ਜਾਵੇਗਾ ਪਰ ਸੁੱਤੀ ਪਈ ਸਰਕਾਰ ਸ਼ਾਇਦ ਇਹ ਗੱਲ ਸਮਝਣ ਲਈ ਤਿਆਰ ਨਹੀਂ। ਫੋਕੀ ਹੈਂਕੜਬਾਜ਼ੀ, ਜ਼ਿੱਦ ਤੇ ਬੇਰੁਖ਼ੀ ਡੋਬ ਦੇਵੇਗੀ। ਹਾਲੇ ਵੀ ਡੁਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗਿੜਿਆ।
ਸਰਕਾਰ ਨੂੰ ਮੂਹਰੇ ਹੋ ਕੇ ਕਿਸਾਨਾਂ ਦੀਆਂ ਮੰਗਾਂ, ਹੱਕਾਂ ਨੂੰ ਤਵੱਜੋ ਦੇ ਕੇ ਹੀ ਨਹੀਂ, ਸਗੋਂ ਗੰਭੀਰਤਾ ਨਾਲ ਹੱਲ ਕਰਨਾ ਚਾਹੀਦਾ ਏ। ਮਨਾਂ ਵਿਚੋਂ ਬੇਗਾਨਾਪਣ ਕੱਢ ਕੇ ਅਪਣੇਪਨ ਦਾ ਅਹਿਸਾਸ ਕਰਵਾਉਣਾ ਬਹੁਤ ਜ਼ਰੂਰੀ ਏ। ਅਪਣੇ ‘ਮਨ ਕੀ ਬਾਤ’ ਬਹੁਤ ਸੁਣਾ ਲਈ, ਹੁਣ ਕਿਸਾਨਾਂ ਦੇ ਮਨ ਦੀ ਵੀ ਸੁਣ ਲੈਣੀ ਚਾਹੀਦੀ ਏ ਕਿਉਂਕਿ ਜੱਟ ਤੇ ਪੰਜਾਬੀ ਵਿਗੜ ਗਿਆ ਤਾਂ ਸੱਭ ਕੁੱਝ ਵਿਗਾੜ ਕੇ ਰੱਖ ਦੇਵੇਗਾ।
-ਸੁਖਜੀਵਨ ਕੁਲਬੀਰ ਸਿੰਘ, ਸੰਪਰਕ : 73409-23044