
ਗੁਰੂ ਕਾ ਲਾਹੌਰ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਦੇ ਕਰੀਬ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਬਸੰਤਗੜ੍ਹ ਨੇੜੇ ਸਥਿਤ ਹੈ।
ਗ੍ਰਹਿਸਥ ਜੀਵਨ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਸਾਡੇ ਗੁਰੂ ਸਾਹਿਬਾਨਾਂ ਨੇ ਖ਼ੁਦ ਵੀ ਮਨੁੱਖੀ ਜ਼ਿੰਦਗੀ ਦੇ ਇਸ ਅਟੁੱਟ ਅੰਗ ਨੂੰ ਰਸਮੀ ਤੌਰ 'ਤੇ ਨਿਭਾ ਕੇ ਦਿਖਾਇਆ। ਜਿਸ ਅਸਥਾਨ 'ਤੇ ਖਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤੋ ਜੀ ਦੇ ਵਿਆਹ ਦੀਆਂ ਰਸਮਾਂ ਹੋਈਆਂ, ਉਸ ਅਸਥਾਨ ਨੂੰ ਸਿੱਖ ਜਗਤ ਗੁਰੂ ਕੇ ਲਾਹੌਰ ਦੇ ਨਾਂਅ ਨਾਲ ਜਾਣਦਾ ਹੈ। ਗੁਰੂ ਕਾ ਲਾਹੌਰ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਦੇ ਕਰੀਬ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਬਸੰਤਗੜ੍ਹ ਨੇੜੇ ਸਥਿਤ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਦਸਵੇਂ ਪਾਤਸ਼ਾਹ ਜੀ ਦਾ ਵਿਆਹ ਪੁਰਬ ਇਸ ਸਾਲ 26 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਦਰਅਸਲ ਗੁਰੂ ਸਾਹਿਬ ਦੇ ਸਹੁਰਾ ਸਾਬ੍ਹ ਹਰਿਜਸ ਜੀ ਨੇ ਬਰਾਤ ਦੇ ਲਾਹੌਰ ਪਹੁੰਚਣ ਦੀ ਇੱਛਾ ਦਾ ਪ੍ਰਗਟਾਵਾ ਕੀਤਾ, ਤਾਂ ਗੁਰੂ ਸਾਹਿਬ ਨੇ ਰੁਝੇਵਿਆਂ ਕਾਰਨ ਉੱਥੇ ਪਹੁੰਚਣ ਦੀ ਬਜਾਏ ਇੱਥੇ ਹੀ ਨਵਾਂ ਲਾਹੌਰ ਵਸਾਉਣ ਦੇ ਬਚਨ ਕੀਤੇ, ਅਤੇ ਇਸ ਨਵੇਂ ਲਾਹੌਰ 'ਚ ਹੀ ਗੁਰੂ ਸਾਹਿਬ ਅਤੇ ਮਾਤਾ ਜੀਤੋ ਜੀ ਦੇ ਵਿਆਹ ਦੀਆਂ ਰਸਮਾਂ ਸੰਪੂਰਨ ਹੋਈਆਂ। ਜਿਸ ਅਸਥਾਨ 'ਤੇ ਗੁਰੂ ਸਾਹਿਬ ਜੀ ਤੇ ਮਾਤਾ ਜੀ ਦੇ ਅਨੰਦ ਕਾਰਜ ਹੋਏ, ਉਸ ਅਸਥਾਨ ਨੂੰ ਅੱਜ ਸੰਗਤ ਗੁਰਦੁਆਰਾ ਅਨੰਦ ਕਾਰਜ ਅਸਥਾਨ ਪਾਤਸ਼ਾਹੀ ਦਸਵੀਂ ਦੇ ਨਾਂਅ ਨਾਲ ਜਾਣਦੀ ਹੈ।
ਇਲਾਕੇ ਦੀ ਸੰਗਤ ਵੱਲੋਂ ਪਾਣੀ ਦੀ ਕਮੀ ਦੀ ਬੇਨਤੀ ਦੇ ਮੱਦੇਨਜ਼ਰ ਦਸ਼ਮੇਸ਼ ਪਿਤਾ ਜੀ ਨੇ ਤ੍ਰਿਵੈਣੀ ਪ੍ਰਗਟ ਕਰਨ ਲਈ ਧਰਤੀ 'ਚ ਬਰਛਾ ਮਾਰਿਆ, ਜਿੱਥੇ ਗੁਰਦੁਆਰਾ ਤ੍ਰਿਵੈਣੀ ਸਾਹਿਬ ਸੁਸ਼ੋਭਿਤ ਹੈ। ਨਾਲ ਹੀ, ਜਿਸ ਅਸਥਾਨ 'ਤੇ ਗੁਰੂ ਮਹਾਰਾਜ ਜੀ ਦੇ ਘੋੜੇ ਨੇ ਪੌੜ ਮਾਰ ਕੇ ਪਾਣੀ ਪ੍ਰਗਟ ਕੀਤਾ ਸੀ, ਉੱਥੇ ਗੁਰਦੁਆਰਾ ਪੌੜ ਸਾਹਿਬ ਸੁਭਾਏਮਾਨ ਹੈ। ਗੁਰੂ ਕਾ ਲਾਹੌਰ ਦੇ ਨੇੜੇ ਹੀ ਇੱਕ ਹੋਰ ਅਸਥਾਨ ਗੁਰਦੁਆਰਾ ਸਿਹਰਾ ਸਾਹਿਬ ਸਥਿਤ ਹੈ, ਜਿਸ ਦੇ ਇਤਿਹਾਸ ਅਨੁਸਾਰ ਇਸ ਅਸਥਾਨ 'ਤੇ ਵਿਆਹ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿਹਰਾਬੰਦੀ ਹੋਈ ਸੀ।
ਹਰ ਸਾਲ ਬਸੰਤ ਪੰਚਮੀ ਦੇ ਦਿਨ ਗੁਰੂ ਸਾਹਿਬ ਅਤੇ ਮਾਤਾ ਜੀਤੋ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖਦੇ ਹੋਏ ਗੁਰੂ ਕਾ ਲਾਹੌਰ ਵਿਖੇ ਵੱਡੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ, ਜਿਨ੍ਹਾਂ 'ਚ ਸੰਗਤ ਦੂਰੋਂ-ਨੇੜਿਓਂ ਹਾਜ਼ਰੀ ਭਰਦੀ ਹੈ ਅਤੇ ਨਗਰ ਕੀਰਤਨ ਦੇ ਰੂਪ 'ਚ ਬਰਾਤ ਵਜੋਂ ਇਸ ਅਸਥਾਨ 'ਤੇ ਪਹੁੰਚਦੀ ਹੈ। ਨੇੜਲੇ ਇਲਾਕਿਆਂ ਦੇ ਵਸਨੀਕ ਇਨ੍ਹਾਂ ਸਮਾਗਮਾਂ ਨੂੰ 'ਬਾਬੇ ਦਾ ਵਿਆਹ' ਕਹਿ ਕੇ ਵੀ ਪੁਕਾਰਦੇ ਹਨ।