ਮੋਬਾਇਲ ਮਨੋਰੋਗ: ਸਮਾਜ ਲਈ ਚਿੰਤਾ ਦਾ ਵਿਸ਼ਾ ( ਡਾ. ਅਰੁਣਜੀਤ ਸਿੰਘ ਟਿਵਾਣਾ )
Published : Feb 26, 2019, 4:53 pm IST
Updated : Feb 26, 2019, 5:01 pm IST
SHARE ARTICLE
The menace of Phubbing
The menace of Phubbing

ਮੋਬਾਈਲ ਨਾਲ ਰੇਡੀਏਸ਼ਨ, ਨਾਈਟ ਬਲਾਈਂਡਨੈੱਸ ਤੇ ਹੋਰ ਬਹੁਤ ਸਾਰੇ ਸਰੀਰਕ ਨੁਕਸਾਨ ਹੁੰਦੇ ਹਨ, ਪਰ ਮਨੋਰੋਗੀਆਂ ਦਾ ਮਨ ਦਿਮਾਗ ਦੀ ਨਹੀਂ ਸੁਣਦਾ

ਅੱਜ ਦੇ ਸਮੇਂ ਵਿਚ ਛੋਟੇ-ਵੱਡੇ ਖ਼ਾਸ ਕਰਕੇ ਨੌਜਵਾਨ ਵਰਗ ਮੋਬਾਇਲ ਮਨੋਰੋਗੀ ਬਣ ਰਿਹਾ ਹੈ। ਛੇ ਸਾਲ ਪਹਿਲਾਂ ਆਸਟਰੇਲੀਆ ਨੇ ਇਹ ਗੱਲ ਮਹਿਸੂਸ ਕੀਤੀ ਕਿ ਮੋਬਾਈਲ ਮਨੋਰੋਗੀ ਸਮਾਜ ਦੇ ਸ਼ਿਸ਼ਟਾਚਾਰ ਲਈ ਘਾਤਕ ਹਨ। ਉਸ ਦੇਸ਼ ਨੇ ਇਸ ਗੱਲ ਉੱਤੇ ਗੌਰ ਕੀਤਾ ਕਿ ਅਕਸਰ ਮੋਬਾਈਲ ਮਨੋਰੋਗੀ ਆਪਣੇ ਮੋਬਾਈਲ ਵਿਚ ਮਗਨ ਹੋ ਕੇ ਦੂਜੇ ਵਿਅਕਤੀ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕਰਦੇ ਹਨ।
ਆਸਟਰੇਲੀਆ ਦੇ ਚਿੰਤਕਾਂ ਨੇ ਇਸ ਗੱਲ ਦੀ ਚਿੰਤਾ ਪ੍ਰਗਟ ਕੀਤੀ ਕਿ ਉਨ੍ਹਾਂ ਕੋਲ ਇਸ ਸਮੱਸਿਆ ਲਈ ਕੋਈ ਸ਼ਬਦ ਨਹੀਂ ਹੈ। ਨਤੀਜੇ ਵਜੋਂ ਮਈ 2012 ਵਿੱਚ ਸਿਡਨੀ ਯੂਨੀਵਰਸਿਟੀ, ਆਸਟਰੇਲੀਆ ਵਿਚ ਧੁਨੀ ਅਤੇ ਸ਼ਬਦਕੋਸ਼ ਵਿਗਿਆਨੀਆਂ, ਲੇਖਕਾਂ, ਬੁੱਧੀਜੀਵੀਆਂ ਤੇ ਕਵੀਆਂ ਦੀ ਇਕੱਤਰਤਾ ਹੋਈ। ਇਸ ਇਕੱਤਰਤਾ ਦੌਰਾਨ ਸਰਬਸੰਮਤੀ ਨਾਲ ਫਬਿੰਗ (PHUBBING) ਸ਼ਬਦ ਉੱਭਰ ਕੇ ਆਇਆ। ਇਸ ਦਾ ਸ਼ਾਬਦਿਕ ਅਰਥ ਆਸਟਰੇਲੀਅਨ ਛੇਵੇਂ ਐਡੀਸ਼ਨ ਨਾਂ ਦੀ ਮੈਕੁਏਰੀ ਨੈਸ਼ਨਲ ਡਿਕਸ਼ਨਰੀ ਵਿਚ ਦਰਜ ਹੈ। ਅੱਜ ਆਸਟਰੇਲੀਆ ਦੇ ਨਾਲ-ਨਾਲ ਤਕਰੀਬਨ 180 ਦੇਸ਼ਾਂ ਦੇ ਲੋਕ ਫਬਿੰਗ ਸ਼ਬਦ ਵਰਤਦੇ ਹਨ, ਪਰ ਭਾਰਤ ਵਿਚ ਇਹ ਸ਼ਬਦ ਨਾ-ਮਾਤਰ ਵਰਤਿਆ ਜਾਂਦਾ ਹੈ।
ਤਕਨਾਲੋਜੀ ਦੇ ਉਲਝੇ ਤਾਣੇ-ਬਾਣੇ ਵਿਚ ਮੋਬਾਇਲ ਤਕਨਾਲੋਜੀ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੈ। ਇਸ ਤਕਨਾਲੋਜੀ ਦਾ ਸਿੱਧਾ ਸਬੰਧ ਮਨੁੱਖ ਦੀ ਮਾਨਸਿਕਤਾ ਨਾਲ ਬਣ ਗਿਆ ਹੈ। ਹਰੇਕ ਬਾਸ਼ਿੰਦਾ ਇਸ ਤਕਨਾਲੋਜੀ ਨੂੰ ਵਰਤਣ ਲਈ ਮਜਬੂਰ ਹੈ। ਇਹ ਤਕਨਾਲੋਜੀ ਇੰਨੀ ਪ੍ਰਭਾਵਸ਼ਾਲੀ ਹੈ ਕਿ ਹਰ ਕੋਈ ਸਵੇਰੇ ਜਾਗਣ ਤੋਂ ਲੈ ਕੇ ਰਾਤ ਸੌਣ ਤੱਕ ਇਸ ਰਾਹੀਂ ਆਪਣੇ ਗਿਆਨਾਤਮਕ, ਭਾਵਨਾਤਮਕ, ਆਰਥਿਕ, ਸੰਗੀਤਾਤਮਕ ਤੇ ਹੋਰ ਖਾਹਿਸ਼ਾਂ ਪੂਰੀਆਂ ਕਰਦਾ ਹੈ। ਇਸ ਤੋਂ ਇਲਾਵਾ ਦਿਨ-ਤਿਉਹਾਰ ਜਾਂ ਤਰੀਕਾਂ ਵੇਖਣ ਵਾਲਾ ਕੈਲੰਡਰ, ਫੋਟੋਆਂ ਸਾਂਭਣ ਵਾਲੀ ਐਲਬਮ, ਵੱਖ-ਵੱਖ ਟੈਲੀਫੋਨ ਜਾਂ ਜ਼ਰੂਰੀ ਕੰਮ ਨੋਟ ਕਰਨ ਵਾਲੀ ਡਾਇਰੀ, ਘੜੀ, ਪੈੱਨ, ਕੈਲਕੂਲੇਟਰ ਆਦਿ ਸਭ ਵਸਤੂਆਂ ਇਸ ਤਕਨਾਲੋਜੀ ਵਿਚ ਸਮਾ ਗਈਆਂ ਹਨ।

ਹੋਰ ਤਾਂ ਹੋਰ ਅਖ਼ਬਾਰ, ਡਿਕਸ਼ਨਰੀਆਂ ਤੇ ਕਿਤਾਬਾਂ ਵੀ ਮੋਬਾਈਲ ਤਕਨਾਲੋਜੀ ਦੀਆਂ ਹਾਣੀ ਬਣ ਚੁੱਕੀਆਂ ਹਨ। ਇੱਥੇ ਹੀ ਬਸ ਨਹੀਂ, ਕਿਸੇ ਸੱਜਣ-ਮਿੱਤਰ ਨੂੰ ਨਵੇਂ ਵਰ੍ਹੇ ਦੀ ਆਮਦ ਉੱਤੇ ਜਾਂ ਹੋਰ ਕਿਸੇ ਦਿਨ-ਸ਼ੁੱਭ ਮੌਕੇ ਭਾਵਨਾਵਾਂ ਵਿਚ ਗੜੁੱਚ ਚਿੱਠੀ-ਪੱਤਰ ਤੇ ਪੋਸਟ ਕਾਰਡ ਲਿਖਣਾ, ਕਿਸੇ ਰਿਸ਼ਤੇਦਾਰ, ਸਕੇ-ਸਬੰਧੀ ਜਾਂ ਪਹਿਲੀ ਵਾਰ ਕਿਸੇ ਓਪਰੇ ਵਿਅਕਤੀ ਦੇ ਘਰ ਜਾਣ ਲਈ ਕਈ ਜਣਿਆਂ ਤੋਂ ਉਤਸੁਕਤਾ ਨਾਲ ਉਸ ਦੇ ਘਰ ਦੇ ਰਸਤੇ ਬਾਰੇ ਪੁੱਛਣਾ, ਸੱਤ ਸਮੁੰਦਰੋਂ ਦੂਰ ਬੈਠੇ ਧੀਆਂ-ਪੁੱਤਰਾਂ ਦਾ ਮੂੰਹ ਦੇਖਣ ਲਈ ਤਰਸ ਜਾਣਾ, ਮੰਡੀ ਜਾਂ ਕਰਿਆਨੇ ਦੀ ਹੱਟੀ ਤੋਂ ਫ਼ਲਾਂ, ਸਬਜ਼ੀਆਂ ਜਾਂ ਹੋਰ ਰਾਸ਼ਨ-ਪਾਣੀ ਲਿਆਉਣ ਲਈ ਬਣੇ ਜੂਟ ਦੇ ਵੱਡੇ-ਵੱਡੇ ਥੈਲਿਆਂ ਨੂੰ ਹੱਥਾਂ ਵਿਚ ਫੜਨਾ, ਵਾਰ-ਵਾਰ ਰੁਮਾਲ ਵਿੱਚ ਕਈ ਗੱਠਾਂ ਨਾਲ ਬੰਨ੍ਹੇ ਹੋਏ ਪੈਸਿਆਂ ਨੂੰ ਜਾਂ ਚੋਰ ਜੇਬ ਵਿੱਚ ਪਾਏ ਬਟੂਏ ਨੂੰ ਟੋਹ-ਟੋਹ ਕੇ ਵੇਖਣਾ, ਕਿਸੇ ਨੂੰ ਸਮਾਂ ਕੱਢ ਕੇ ਉਚੇਚੇ ਤੌਰ ’ਤੇ ਸੱਦਾ-ਪੱਤਰ ਦੇਣ ਲਈ ਜਾਣਾ ਜਾਂ ਬੈਂਕ ਵਿਚ ਪੈਸਿਆਂ ਦੇ ਲੈਣ-ਦੇਣ ਲਈ ਘਰੋਂ ਬਾਹਰ ਨਿਕਲਣ ਆਦਿ ਵਰਗੀਆਂ ਗੱਲਾਂ ਵਟਸਐੱਪ, ਟਵਿੱਟਰ, ਇੰਸਟਾਗ੍ਰਾਮ, ਮੈਸੰਜਰ, ਗੂਗਲ ਮੈਪ, ਫੇਸਬੁੱਕ, ਵੀਡੀਓ ਕਾਲਿੰਗ, ਆਨਲਾਈਨ ਸ਼ਾਪਿੰਗ, ਪੇਅਟੀਐਮ, ਆਨਲਾਈਨ ਬੈਂਕਿੰਗ ਆਦਿ ਦਾ ਰੂਪ ਧਾਰ ਚੁੱਕੀਆਂ ਹਨ।

ਮੁਕਦੀ ਗੱਲ ਹੈ ਕਿ ਸਮਾਰਟ ਮੋਬਾਇਲ ਦੇ ਪਲੇਅ ਸਟੋਰ ਰਾਹੀਂ ਅੱਜ ਦਾ ਸਮਾਜ ਆਪਣੇ ਹਰ ਵਰਤਾਰੇ ਨੂੰ ਯਕੀਨੀ ਬਣਾ ਰਿਹਾ ਹੈ। ਸਥਿਤੀ ਹੁਣ ਇਹ ਬਣ ਗਈ ਹੈ ਕਿ ਜਿਸ ਵਿਅਕਤੀ ਕੋਲ ਮੋਬਾਇਲ ਹੈ, ਉਸ ਨੂੰ ਸਾਰੀ ਦੁਨੀਆਂ ਆਪਣੀ ਮੁੱਠੀ ਵਿੱਚ ਜਾਪਦੀ ਹੈ। ਮੋਬਾਇਲ ਦਾ ਮੁਥਾਜ ਬਣਨ ਕਾਰਨ ਹੀ ਮਨੁੱਖ ਮੋਬਾਇਲ ਮਨੋਰੋਗੀ ਬਣ ਰਿਹਾ ਹੈ, ਕਿਉਂਕਿ ਬਹੁਤੇ ਵਿਅਕਤੀ ਚੌਵੀ ਘੰਟੇ ਆਪਣੀ ਗਰਦਨ ਨੀਵੀਂ ਕਰ ਕੇ ਮੋਬਾਈਲ ਵਿਚ ਖੁੱਭੇ ਰਹਿੰਦੇ ਹਨ।


* ਕੀ ਹੈ ਮਨੋਰੋਗ: ਚੰਚਲਤਾ ਮਨੁੱਖੀ ਮਨ ਦੀ ਹੋਂਦ ਦਾ ਮੂਲ ਕਾਰਨ ਹੈ। ਜਦੋਂ ਮਨੁੱਖੀ ਮਨ ਦੀ ਚੰਚਲਤਾ ਦਾ ਸੰਤੁਲਨ ਵਿਗੜ ਜਾਂਦਾ ਹੈ ਤਾਂ ਮਨੋਰੋਗ ਵਰਗੀ ਸਥਿਤੀ ਬਣਦੀ ਹੈ। ਮਨੁੱਖੀ ਦਿਮਾਗ, ਮਨ ਦੀ ਚੰਚਲਤਾ ਨੂੰ ਸਮਝਾਉਣ ਦਾ ਫਰਜ਼ ਨਿਭਾਉਂਦਾ ਹੈ, ਪਰ ਜਦ ਮਨ, ਦਿਮਾਗ ਉੱਤੇ ਭਾਰੂ ਹੋ ਜਾਂਦਾ ਹੈ ਤਾਂ ਅਕਸਰ ਮਨੋਰੋਗ ਪੈਦਾ ਹੁੰਦਾ ਹੈ। ਮੋਬਾਈਲ ਮਨੋਰੋਗੀਆਂ ਨਾਲ ਵੀ ਅਜਿਹਾ ਹੀ ਹੁੰਦਾ ਹੈ। ਉਨ੍ਹਾਂ ਦੇ ਦਿਮਾਗਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਮੋਬਾਈਲ ਨਾਲ ਰੇਡੀਏਸ਼ਨ, ਨਾਈਟ ਬਲਾਈਂਡਨੈੱਸ ਤੇ ਹੋਰ ਬਹੁਤ ਸਾਰੇ ਸਰੀਰਕ ਨੁਕਸਾਨ ਹੁੰਦੇ ਹਨ, ਪਰ ਉਨ੍ਹਾਂ ਦਾ ਮਨ ਦਿਮਾਗ ਦੀ ਨਹੀਂ ਸੁਣਦਾ।

ਇਹ ਮਨੋਰੋਗੀ ਪਤਾ ਨਹੀਂ ਦਿਨ ਵਿਚ ਕਿੰਨੀ ਵਾਰ ਸੈਲਫ਼ੀਆਂ ਲੈ ਕੇ ਆਨੰਦ ਮਹਿਸੂਸ ਕਰਦੇ ਹਨ। ਆਪਣੀ ਖ਼ੁਦ ਦੀ ਪਛਾਣ ਲੱਭਣ ਲਈ ਸੈਲਫੀ ਮਨੋਰੋਗੀ ਫੇਸਬੁੱਕ ਉੱਤੇ ਲਾਈਕ ਜਾਂ ਕੁਮੈਂਟਸ ਬਟੋਰਨ ਵਿਚ ਰਹਿੰਦੇ ਹਨ। ਮੋਬਾਈਲ ਮਨੋਰੋਗੀਆਂ ਦੀ ਸਥਿਤੀ ਅੱਜ ਇਹ ਹੈ ਕਿ ਉਹ ਵਟਸਐਪ, ਫੇਸਬੁੱਕ ਜਾਂ ਇੰਸਟਾਗ੍ਰਾਮ ਰਾਹੀਂ ਦਰਸਾਉਣ ਵਿਚ ਲੱਗੇ ਰਹਿੰਦੇ ਹਨ ਕਿ ਉਨ੍ਹਾਂ ਨੇ ਕੀ ਖਾਧਾ, ਉਨ੍ਹਾਂ ਨੇ ਕੀ ਪਾਇਆ, ਉਹ ਕਿੱਥੇ ਹਨ ਤੇ ਉਨ੍ਹਾਂ ਦਾ ਮੂਡ ਕਿਹੋ ਜਿਹਾ ਹੈ। ਹਾਲ ਵਿਚ ਹੀ ਹਾਵਰਡ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਸਿੱਧ ਕੀਤਾ ਹੈ ਕਿ ਜਦੋਂ ਇਨਸਾਨ ਆਪਣੇ ਆਪ ਨੂੰ ਜਾਂ ਆਪਣੀਆਂ ਗੱਲਾਂ ਨੂੰ ਦੁਨੀਆਂ ਸਾਹਮਣੇ ਪੇਸ਼ ਕਰਦਾ ਹੈ ਤਾਂ ਉਸ ਨੂੰ ਸਭ ਤੋਂ ਵੱਧ ਖੁਸ਼ੀ ਮਿਲਦੀ ਹੈ।

ਅਫ਼ਸੋਸ ਦੀ ਗੱਲ ਇਹ ਹੈ ਕਿ ਇਨਸਾਨ ਦੀ ਇਹ ਖੁਸ਼ੀ, ਉਸ ਨੂੰ ਚੌਵੀ ਘੰਟੇ ਦਾ ਮਨੋਰੋਗੀ ਬਣਾ ਰਹੀ ਹੈ। ਕਈ ਲੋਕ ਵਾਹਨ ਚਲਾਉਂਦੇ ਜਾਂ ਸੜਕ ਉੱਤੇ ਵੀ ਮੋਬਾਇਲ ਦੀ ਵਰਤੋਂ ਕਰਦੇ ਹਨ, ਜਿਸ ਕਰਨ ਹਾਦਸੇ ਵਾਪਰਦੇ ਹਨ। ਮੋਬਾਇਲ ਵਿਚ ਖੁੱਭੇ ਕਈ ਵਿਅਕਤੀ ਅਗਲੇ ਵੱਲੋਂ ਵਾਰ-ਵਾਰ ਹਾਰਨ ਵਜਾਉਣ ’ਤੇ ਵੀ ਪਾਸੇ ਨਹੀਂ ਹੁੰਦੇ। ਪਿੱਛੇ ਜਿਹੇ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਕੈਨੇਡਾ ਤੇ ਅਮਰੀਕਾ ਵਿੱਚ ਵੱਡੇ-ਵੱਡੇ ਟਰਾਲੇ ਚਲਾਉਣ ਵਾਲੇ ਡਰਾਈਵਰ ਸਫ਼ਰ ਦੌਰਾਨ ਵਟਸਐਪ ਜਾਂ ਫੇਸਬੁੱਕ ਦੀ ਬਹੁਤ ਵਰਤੋਂ ਕਰਦੇ ਹਨ। ਇਕ ਸਰਕਾਰੀ ਅੰਕੜੇ ਅਨੁਸਾਰ ਭਾਰਤ ਵਿਚ 2016 ਦੌਰਾਨ ਕਰੀਬ 1,50,785 ਸੜਕ ਹਾਦਸੇ ਚਾਲਕਾਂ ਦੀ ਬੇਧਿਆਨੀ ਕਾਰਨ ਹੋਏ ਤੇ ਇਨ੍ਹਾਂ ਹਾਦਸਿਆਂ ਪਿੱਛੇ ਮੋਬਾਈਲ ਮਨੋਰੋਗ ਵੀ ਜ਼ਿੰਮੇਵਾਰ ਹੈ।

ਇਸੇ ਤਰ੍ਹਾਂ ਕੌਮੀ ਸੁਰੱਖਿਆ ਕੌਂਸਲ ਦੀ ਰਿਪੋਰਟ ਵੀ ਦੱਸਦੀ ਹੈ ਕਿ ਸੰਯੁਕਤ ਰਾਜ ਅਮਰੀਕਾ ਦੇ ਮੋਬਾਈਲ ਮਨੋਰੋਗੀ ਵਾਹਨ ਚਲਾਉਂਦੇ ਹੋਏ ਹਰ ਸਾਲ 16 ਲੱਖ ਸੜਕ ਹਾਦਸਿਆਂ ਨੂੰ ਅੰਜਾਮ ਦਿੰਦੇ ਹਨ। ਇਕ ਹੋਰ ਸਰਵੇਖਣ ਮੁਤਾਬਿਕ 40 ਫ਼ੀਸਦੀ ਲੋਕ ਆਪਣੇ ਕਿੱਤੇ ਨਾਲ ਸਬੰਧਤ ਗੱਲਾਂ ਜਾਂ ਲਿਖਤੀ ਸੰਦੇਸ਼ ਵਾਹਨ ਚਲਾਉਂਦੇ ਹੋਏ ਹੀ ਭੇਜਦੇ ਹਨ। 60 ਫ਼ੀਸਦੀ ਲੋਕ ਵਾਹਨ ਚਲਾਉਣ ਸਮੇਂ ਕਿਸੇ ਸੁਰੱਖਿਅਤ ਥਾਂ ਉੱਤੇ ਕਾਲ ਸੁਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਤੇ 40 ਫ਼ੀਸਦੀ ਉਹ ਲੋਕ ਹਨ, ਜੋ ਵਾਹਨ ਚਲਾਉਣ ਸਮੇਂ ਪੂਰੇ ਸੁਚੇਤ ਹਨ, ਫਿਰ ਵੀ ਮੋਬਾਈਲ ਦੇ ਪ੍ਰਭਾਵ ਵਿੱਚ ਰਹਿੰਦੇ ਹਨ। ਸੜਕ ਹਾਦਸਿਆਂ ਦੇ ਸ਼ਿਕਾਰ ਹੋਣ ਵਾਲਿਆਂ ਵਿਚੋਂ 34 ਫ਼ੀਸਦੀ ਉਹ ਹਨ, ਜਿਹੜੇ ਮੋਬਾਈਲ ਵਰਤਦੇ ਹੋਏ ਅਚਾਨਕ ਬਰੇਕ ਲਾ ਦਿੰਦੇ ਹਨ।

ਇਕ ਵੇਲ ਸੀ ਜਦ ਲੋਕੀਂ ਇਕੱਠੇ ਹੋ ਕੇ ਰੇਡੀਓ ਸੁਣਦੇ ਜਾਂ ਟੀਵੀ ਵੇਖਦੇ ਸਨ, ਪਰ ਅੱਜ ਮੋਬਾਈਲ ਦਾ ਸੰਸਾਰ ਹੋਰ ਹੈ। ਅੱਜ ਬੱਚਿਆਂ ਤੇ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਵੀ ਮੋਬਾਈਲ ਦੀ ਲਤ ਦਾ ਸ਼ਿਕਾਰ ਹੋ ਰਹੇ ਹਨ। ਮਿਹਨਤਕਸ਼ ਅਤੇ ਸਮੇਂ ਦੀ ਕਦਰ ਕਰਨ ਵਾਲੇ ਵਿਅਕਤੀ ਸਭ ਲਈ ਪ੍ਰੇਰਨਾਸ੍ਰੋਤ ਹਨ, ਜਿਨ੍ਹਾਂ ਤੋਂ ਪ੍ਰੇਰਿਤ ਹੋ ਕੇ ਮੋਬਾਈਲ ਮਨੋਰੋਗੀ ਵੀ ਬਹੁਤਾ ਮੋਬਾਈਲ ਵਰਤਣ ਦੀ ਆਦਤ ਸੁਧਾਰ ਸਕਦੇ ਹਨ। ਪੰਜਾਬ ਜਾਂ ਹੋਰ ਸੂਬਿਆਂ ਦੀ ਟ੍ਰੈਫ਼ਿਕ ਪੁਲੀਸ ਨੂੰ ‘ਮੋਬਾਈਲ ਗਸ਼ਤ’ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਜੋ ਜਿਹੜਾ ਵੀ ਸ਼ਖ਼ਸ ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਦਾ ਹੈ, ਉਸ ਨੂੰ ਮੌਕੇ ’ਤੇ ਹੀ ਜੁਰਮਾਨਾ ਕੀਤਾ ਜਾਵੇ। ਇਸ ਨਾਲ ਸੜਕ ਹਾਦਸਿਆਂ ਵਿਚ ਕਮੀ ਆਵੇਗੀ। ਵਿਅਕਤੀਗਤ ਤੌਰ ’ਤੇ ਸਾਰਿਆਂ ਨੂੰ ਸਮਾਰਟ ਫੋਨ ਵਰਤਣ ਦਾ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੋਬਾਈਲ ਅਜੋਕੇ ਸਮੇਂ ਦੀ ਜ਼ਰੂਰਤ ਹੈ, ਪਰ ਇਸ ਦੀ ਵਰਤੋਂ ਅਸੀਂ ਆਪ ਹੀ ਸੀਮਤ ਕਰਨੀ ਹੈ।                                                               

ਮੁਖੀ, ਪੰਜਾਬੀ ਵਿਭਾਗ
ਏਸ਼ੀਅਨ ਕਾਲਜ, ਪਟਿਆਲਾ
ਸੰਪਰਕ: 99157-15322

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement