
ਸਾਬਕਾ ਪ੍ਰਧਾਨ ਮੰਤਰੀ ਅਤੇ ਅਰਥਸ਼ਾਸਤਰੀ ਮਨਮੋਹਨ ਸਿੰਘ ਨੂੰ ਦੇਸ਼ ਇਕ ਮਹਾਨ ਅਰਥਸ਼ਾਸਤਰੀ ਦੇ ਰੂਪ ਵਿਚ ਹੀ ਜ਼ਿਆਦਾ ਯਾਦ ਕਰਦਾ ਹੈ।
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਅਤੇ ਅਰਥਸ਼ਾਸਤਰੀ ਮਨਮੋਹਨ ਸਿੰਘ ਨੂੰ ਦੇਸ਼ ਇਕ ਮਹਾਨ ਅਰਥਸ਼ਾਸਤਰੀ ਦੇ ਰੂਪ ਵਿਚ ਹੀ ਜ਼ਿਆਦਾ ਯਾਦ ਕਰਦਾ ਹੈ। ਉਹਨਾਂ ਨੂੰ ਪੀਐਮ ਦੇ ਕਾਰਜਕਾਲ ਦੌਰਾਨ ਸਭ ਤੋਂ ਵੱਡੀ ਸਫਲਤਾ ਪਰਮਾਣੂ ਸਮਝੌਤੇ ਦੌਰਾਨ ਮਿਲੀ ਸੀ। ਅੱਜ ਮਨਮੋਹਨ ਸਿੰਘ ਦਾ ਜਨਮ ਦਿਨ ਹੈ ਅਤੇ ਭਾਰਤ ਦੀ ਅਰਥ ਵਿਵਸਥਾ ਵਿਚ ਉਹਨਾਂ ਦੀ ਭੂਮਿਕਾ ਅਹਿਮ ਰਹੀ ਹੈ।
ਬੇਹੱਦ ਘੱਟ ਪਰ ਮਿੱਠਾ ਬੋਲਣ ਵਾਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਾਡੇ ਦੇਸ਼ ਵਿਚ ਹੀ ਨਹੀਂ, ਸਗੋਂ ਪੂਰੀ ਦੁਨੀਆ ਅੰਦਰ ਸਭ ਤੋਂ ਜ਼ਿਆਦਾ ਸਨਮਾਨ ਹਾਸਿਲ ਹੈ। 2010 ‘ਨਿਊਜ਼ਵੀਕ ਪੱਤ੍ਰਿਕਾ’ ਨੇ ਦੁਨੀਆ ’ਚ ਸਭ ਤੋਂ ਜ਼ਿਆਦਾ ਸਨਮਾਨ ਹਾਸਿਲ ਕਰਨ ਵਾਲੇ 10 ਨੇਤਾਵਾਂ ਦੀ ਸੂਚੀ ਜਾਰੀ ਕੀਤੀ ਸੀ, ਜਿਸ 'ਚ ਡੇਵਿਡ ਕੈਮਰੂਨ, ਨਿਕੋਲਸ ਸਰਕੋਜ਼ੀ ਅਤੇ ਵੇਨ ਜਿਆਬਾਓ ਵਰਗੇ ਨੇਤਾਵਾਂ ਨੂੰ ਪਿੱਛੇ ਛੱਡਦਿਆਂ ਡਾ. ਮਨਮੋਹਨ ਸਿੰਘ ਪਹਿਲੇ ਸਥਾਨ ਉੱਤੇ ਬਿਰਾਜਮਾਨ ਸਨ।
ਅੱਜ ਉਹਨਾਂ ਦੇ ਜਨਮ ਦਿਨ ਮੌਕੇ ‘ਤੇ ਅਸੀਂ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੇ ਸਫਰ ਬਾਰੇ ਕੁੱਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ। ਮਨਮੋਹਨ ਸਿੰਘ ਇਕ ਪ੍ਰੋਫੈਸਰ ਰਹਿ ਚੁੱਕੇ ਹਨ। ਅਰਥਸ਼ਾਸਤਰ ਵਿਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਉਹਨਾਂ ਨੇ ਕਈ ਕਿਤਾਬਾਂ ਵੀ ਲਿਖੀਆਂ। ਸਾਲ 1969 ਵਿਚ ਉਹ ਭਾਰਤ ਪਰਤੇ ਸਨ, ਇਸ ਤੋਂ ਪਹਿਲਾਂ ਉਹ ਯੂਐਨ ਵਿਚ ਵਪਾਰ ਅਤੇ ਵਿਕਾਸ ਲਈ ਕੰਮ ਕਰ ਰਹੇ ਹਨ। ਇੱਥੇ ਆਉਣ ਤੋਂ ਬਾਅਦ ਉਹਨਾਂ ਨੇ ਤਿੰਨ ਸਾਲ ਤੱਕ ਦਿੱਲੀ ਸਕੂਲ ਆਫ ਇਕਨੋਮਿਕਸ ਵਿਚ ਬਤੌਰ ਪ੍ਰੋਫੈਸਰ ਅਪਣਾ ਤਜਰਬਾ ਸਾਂਝਾ ਕੀਤਾ।
ਮਨਮੋਹਨ ਸਿੰਘ ਨੇ 1948 ਵਿਚ ਪੰਜਾਬ ਯੂਨੀਵਰਸਿਟੀ ਤੋਂ ਮੈਟਰਿਕ ਪਾਸ ਕੀਤੀ। ਉਸ ਤੋਂ ਬਾਅਦ ਉਹ ਯੂਨੀਵਰਸਿਟੀ ਆਫ ਕੈਂਬਰਿਜ, ਬ੍ਰਿਟੇਨ ਗਏ ਅਤੇ 1957 ਵਿਚ ਅਰਥ ਸ਼ਾਸਤਰ ਵਿਚ ਫਰਸਟ ਡਿਵੀਜ਼ਨ ‘ਚ ਡਿਗਰੀ ਹਾਸਲ ਕੀਤੀ। ਪੀਐਮ ਬਣਨ ਤੋਂ ਬਾਅਦ ਉਹ ਅਰਥਸ਼ਾਸਤਰੀ ਦੇ ਰੂਪ ਵਿਚ ਵੀ ਜਾਣੇ ਜਾਂਦੇ ਸਨ। ਜਦੋਂ ਆਰਬੀਆਈ ਨੇ ਰੁਪਇਆ ਲਈ ਮੁਦਰਾ ਨੀਤੀ ਬਣਾਈ ਸੀ, ਮਨਮੋਹਨ ਸਿੰਘ ਉਸ ਟੀਮ ਦਾ ਹਿੱਸਾ ਸਨ। ਉਹ ਸਾਲ 1976-1980 ਤੱਕ ਆਰਬੀਆਈ ਦੇ ਡਾਇਰੈਕਟਰ ਰਹੇ ਅਤੇ ਬਾਅਦ ਵਿਚ ਆਰਬੀਆਈ ਗਵਰਨਰ ਵੀ ਬਣੇ।
90 ਦੇ ਦਹਾਕੇ ਦੀ ਸ਼ੁਰੂਆਤ ਵਿਚ ਜਦੋਂ ਭਾਰਤ ਨੂੰ ਦੁਨੀਆ ਦੇ ਬਜ਼ਾਰ ਲਈ ਖੋਲ੍ਹਿਆ ਗਿਆ ਤਾਂ ਮਨਮੋਹਨ ਸਿੰਘ ਹੀ ਵਿੱਤ ਮੰਨਰੀ ਸਨ। ਦੇਸ਼ ਵਿਚ ਆਰਥਕ ਕ੍ਰਾਂਤੀ ਅਤੇ ਸੰਸਾਰੀਕਰਨ ਦੀ ਸ਼ੁਰੂਆਤ ਮਨਮੋਹਨ ਸਿੰਘ ਨੇ ਹੀ ਕੀਤੀ ਸੀ। ਇਸ ਤੋਂ ਬਾਅਦ ਪੀਐਮ ਰਹਿੰਦੇ ਹੋਏ ਮਨਰੇਗਾ ਦੀ ਸ਼ੁਰੂਆਤ ਵੀ ਉਹਨਾਂ ਦਾ ਵੱਡਾ ਫ਼ੈਸਲਾ ਰਿਹਾ, ਮਨਰੇਗਾ ਕਾਰਨ ਕਈ ਗਰੀਬ ਲੋਕਾਂ ਨੂੰ ਰੁਜ਼ਗਾਰ ਮਿਲ ਸਕਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।