
ਸਿੱਖ ਇਤਿਹਾਸ ਦੀ ਇਹ ਵਿਲੱਖਣਤਾ ਹੈ ਕਿ ਇਸ ਵਿਚ ਸਾਨੂੰ ਅਨੇਕਾਂ ਅਜਿਹੀਆਂ ਸਖ਼ਸ਼ੀਅਤਾਂ ਦੇ ਜੀਵਨ ਬਾਰੇ ਪੜ੍ਹਨ-ਸੁਣਨ ਨੂੰ ਮਿਲਦਾ ਹੈ ਜਿਨ੍ਹਾਂ ਨੇ ਅਪਣੇ ਜੀਵਨ ਵਿਚ
ਸਿੱਖ ਇਤਿਹਾਸ ਦੀ ਇਹ ਵਿਲੱਖਣਤਾ ਹੈ ਕਿ ਇਸ ਵਿਚ ਸਾਨੂੰ ਅਨੇਕਾਂ ਅਜਿਹੀਆਂ ਸਖ਼ਸ਼ੀਅਤਾਂ ਦੇ ਜੀਵਨ ਬਾਰੇ ਪੜ੍ਹਨ-ਸੁਣਨ ਨੂੰ ਮਿਲਦਾ ਹੈ ਜਿਨ੍ਹਾਂ ਨੇ ਅਪਣੇ ਜੀਵਨ ਵਿਚ ਅਚੰਭਤ ਘਾਲਾਂ ਘਾਲੀਆਂ ਤੇ ਅਪਣੀ ਅਨੋਖੀ ਸੇਵਾ, ਨਿਮਰਤਾ, ਦਲੇਰੀ, ਬਹਾਦਰੀ, ਸੂਰਬੀਰਤਾ, ਕੁਰਬਾਨੀ ਤੇ ਅਮਰ ਸ਼ਹੀਦੀ ਸਦਕਾ ਇਸ ਇਤਿਹਾਸ ਨੂੰ ਸੰਸਾਰ ਵਿਚ ਨਿਵੇਕਲਾ ਬਣਾ ਦਿਤਾ।
Gurbani
ਭਾਵੇਂ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਤੋਂ ਅਸੀਂ ਭਲੀ-ਭਾਂਤ ਜਾਣੂੰ ਹਾਂ ਅਤੇ ਸਮੇਂ-ਸਮੇਂ ਤੇ ਉਨ੍ਹਾਂ ਨੂੰ ਯਾਦ ਕਰ ਕੇ ਸਦਾ ਨਤਮਸਤਕ ਹੁੰਦੇ ਰਹਿੰਦੇ ਹਨ ਪਰ ਫਿਰ ਵੀ ਬਹੁਤ ਸਾਰੀਆਂ ਅਜਿਹੀਆਂ ਰੂਹਾਂ ਸਿੱਖ ਇਤਿਹਾਸ ਵਿਚ ਵਿਚਰੀਆਂ ਹਨ ਜਿਨ੍ਹਾਂ ਨੂੰ ਕੌਮ ਅਤੇ ਸਾਡਾ ਸਮਾਜ ਬਣਦਾ ਸਨਮਾਨ ਨਹੀਂ ਦੇ ਸਕਿਆ। ਅਜਿਹੀ ਹੀ ਇਕ ਮਿਲਾਪੜੀ, ਸੇਵਾ ਦੀ ਪੁੰਜ ਅਤੇ ਸ਼ਹੀਦੀ ਦਾ ਜਾਮ ਪੀਣ ਵਾਲੀ ਮਹਾਨ ਸ਼ਖ਼ਸੀਅਤ ਹੋਈ ਹੈ ਭਾਈ ਨੰਨੂਆਂ ਬੈਰਾਗੀ ਜੀ।
ਇਥੇ ਇਹ ਗੱਲ ਵੀ ਦਸਣਯੋਗ ਹੈ ਕਿ ਸਿੱਖ ਧਰਮ ਅਤੇ ਬੈਰਾਗੀਆਂ ਵਿਚਕਾਰ ਬਹੁਤ ਗੂੜ੍ਹਾ ਸਬੰਧ ਰਿਹਾ ਹੈ ਜਿਸ ਦੀ ਸ਼ੁਰੂਆਤ ਬਾਬਾ ਰਾਮ ਥਮਨ ਜੀ ਤੋਂ ਹੁੰਦੀ ਹੈ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਸੀ ਦੇ ਸਪੁੱਤਰ ਸਨ। ਉਸ ਤੋਂ ਬਾਅਦ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਜੋ ਮੰਜੀ ਪ੍ਰਥਾ ਚਲਾਈ, ਉਸ ਵਿਚੋਂ ਲੁਧਿਆਣਾ ਅਤੇ ਪਟਿਆਲਾ ਦਾ ਚਾਰਜ ਮਾਈ ਦਾਸ ਬੈਰਾਗੀ ਨੂੰ ਦਿਤਾ ਸੀ।
Sri Guru Granth Sahib ji
ਭਾਈ ਨੰਨੂਆ ਸੈਣੀ ਬਰਾਦਰੀ ਨਾਲ ਸਬੰਧਤ ਸਨ ਅਤੇ ਉਨ੍ਹਾਂ ਦੇ ਪਿਤਾ ਜੀ ਦਾ ਨਾਮ ਭਾਈ ਬੱਗਾ ਸੀ ਜੋ ਮੁਹੱਲਾ ਦਿਲ ਵਾਲੀ ਦਿੱਲੀ ਦਾ ਰਹਿਣ ਵਾਲਾ ਸੀ। ਉਹ ਛਾਪੇ ਖ਼ਾਨੇ ਦਾ ਕੰਮ ਕਰਦੇ ਸੀ। ਸ਼ੁਰੂ ਵਿਚ ਭਾਈ ਨੰਨੂਆਂ ਬੈਰਾਗੀ ਸੰਪਰਦਾ ਨਾਲ ਜੁੜੇ ਹੋਏ ਸਨ ਪਰ ਬਾਅਦ ਵਿਚ ਉਹ ਅਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਸੰਪਰਕ ਵਿਚ ਆ ਕੇ ਸਿੱਖ ਗੁਰੂਆਂ ਦੀ ਸੇਵਾ ਵਿਚ ਲੱਗ ਗਏ।
ਭਾਈ ਨੰਨੂਆਂ ਜੀ ਇਕ ਅਜਿਹੀ ਮਹਾਨ ਸ਼ਖ਼ਸੀਅਤ ਹੋਏ ਹਨ ਜਿਨ੍ਹਾਂ ਨੂੰ ਤਿੰਨ ਸਿੱਖ ਗੁਰੂਆਂ ਅਠਵੇਂ, ਨੌਵੇਂ ਤੇ ਦਸਵੇਂ ਗੁਰੂ ਜੀ ਨਾਲ ਰਹਿਣ ਅਤੇ ਉਨ੍ਹਾਂ ਦੀ ਅਦੁੱਤੀ ਸੇਵਾ ਕਰਨ ਦਾ ਸੁਭਾਗ ਹਾਸਲ ਹੋਇਆ ਅਤੇ ਉਨ੍ਹਾਂ ਨੇ ਅਪਣਾ ਸਾਰਾ ਜੀਵਨ ਇਨ੍ਹਾਂ ਤਿੰਨ ਸਿੱਖ ਗੁਰੂਆਂ ਦੀ ਸੇਵਾ ਵਿਚ ਹੀ ਅਰਪਣ ਕਰ ਦਿਤਾ। ਜਦ 30 ਮਾਰਚ 1664 ਈ. ਨੂੰ ਦਿੱਲੀ ਵਿਖੇ ਬਾਲ ਗੁਰੂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦਾ ਪ੍ਰਲੋਕ ਗਮਨ ਹੋਇਆ ਤਾਂ ਉਨ੍ਹਾਂ ਦਾ ਸਸਕਾਰ ਕਰਨ ਵਾਲਿਆਂ ਵਿਚ ਭਾਈ ਨੰਨੂਆ ਜੀ ਵੀ ਸਨ। ਉਹ ਨੰਨੂ ਰਾਮ ਅਤੇ ਨਾਨੂੰ ਬੈਰਾਗੀ ਕਰ ਕੇ ਜਾਣੇ ਜਾਂਦੇ ਸਨ।
Kiratpur Sahib
ਗੁਰੂ ਜੀ ਦੇ ਸੰਸਕਾਰ ਤੋਂ ਬਾਅਦ ਉਨ੍ਹਾਂ ਮਾਈ ਦਾ ਮੋੜ ਪਰਗਣਾ ਦੇ ਅੰਬੀ-ਮਾੜੀ ਦੇ ਬੀਨਾ ਉਪਲ ਦੇ ਸਪੁੱਤਰ ਭਾਈ ਸੰਗਤ, ਪਰਗਣਾ ਸੌਧਾਰਾ ਦੇ ਦੁਬੁਰਜੀ ਦੇ ਪਦਮਾ ਦੇ ਪੁੱਤਰ ਜੱਗੂ ਤੇ ਪਰਗਣਾ ਮੁਲਤਾਨ ਦੇ ਅਲੀਪੁਰ ਛਮਾਲੀ ਦੇ ਮੁਲਾ ਦੇ ਸਪੁੱਤਰ ਦਰੀਆ ਨਾਲ ਮਿਲ ਕੇ ਗੁਰੂ ਜੀ ਦੀਆਂ ਅਸਥੀਆਂ ਅਤੇ ਰਾਖ ਵਾਲੇ ਕਲਸ਼ ਨੂੰ ਕੌਹਿਲੂਰ ਪਰਗਣਾ ਦੇ ਕੀਰਤਪੁਰ ਵਿਖੇ ਪਹੁੰਚਾਇਆ। ਇਹ ਘਟਨਾ 7 ਅਗਸਤ 1664 ਈ. ਦੀ ਹੈ ਕਿਉਂਕਿ ਗੁਰੂ ਜੀ ਦਾ ਜਨਮ ਸਥਾਨ ਵੀ ਕੀਰਤਪੁਰ ਸਾਹਿਬ ਹੀ ਸੀ।
ਸ੍ਰੀ ਕੀਰਤਪੁਰ ਸਾਹਿਬ ਵਿਖੇ ਹੀ ਇਨ੍ਹਾਂ ਅਸਥੀਆਂ ਨੂੰ ਸਤਲੁਜ ਦਰਿਆ ਵਿਚ ਜਲ ਪ੍ਰਵਾਹ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਈ ਦਰਗਾਹ ਮੱਲ ਅਤੇ ਭਾਈ ਮੁਨਸ਼ੀ ਕਲਿਆਣ ਨੂੰ ਗੁਰੂ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਪਹੁੰਚਾਉਣ ਲਈ ਕੀਰਤਪੁਰ ਭੇਜਿਆ ਜੋ ਕੀਰਤਪੁਰ ਸਾਹਿਬ ਪਹੁੰਚ ਕੇ ਗੁਰੂ ਜੀ ਦੀ ਭੈਣ ਬੀਬੀ ਰੂਪ ਕੌਰ ਨੂੰ ਮਿਲੇ।
Sikhs
ਉਸ ਤੋਂ ਦੂਜੇ ਦਿਨ ਉਹ ਇਸ ਦੁਖਾਂਤ ਦੀ ਖ਼ਬਰ ਦੇਣ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਲ ਬਕਾਲੇ ਚਲੇ ਗਏ ਕਿਉਂਕਿ ਥੋੜੀ ਦੇਰ ਪਹਿਲਾ ਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਵਿਖੇ ਮਿਲ ਕੇ ਆਏ ਸਨ ਪਰ ਹੁਣ ਉਹ ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਰਹੇ ਸਨ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਪ੍ਰਮਾਤਮਾ ਦਾ ਹੁਕਮ ਮੰਨਣ ਲਈ ਪ੍ਰੇਰਨਾ ਦਿਤੀ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ।
ਭਾਈ ਨੰਨੂਆਂ ਜੀ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੀਆਂ ਅਸਥੀਆਂ, ਕੀਰਤਪੁਰ ਸਾਹਿਬ ਵਿਖੇ ਸਤਲੁਜ ਵਿਚ ਜਲ ਪ੍ਰਵਾਹ ਕਰਨ ਤੋਂ ਬਾਅਦ ਗੁਰੂ ਜੀ ਦੇ ਪ੍ਰਵਾਰ ਸਮੇਤ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਲ ਬਕਾਲੇ ਚਲੇ ਗਏ ਅਤੇ ਉਨ੍ਹਾਂ ਨਾਲ ਸਿੱਖੀ ਦੇ ਪ੍ਰਚਾਰ ਵਿਚ ਲੱਗ ਗਏ। ਉਹ ਨੌਵੇਂ ਪਾਤਸ਼ਾਹ ਜੀ ਦੇ ਨਜ਼ਦੀਕੀ ਸੇਵਕਾਂ ਵਿਚ ਰਹੇ ਅਤੇ ਤਨ-ਮਨ ਤੋਂ ਗੁਰੂ ਜੀ ਦੀ ਸੇਵਾ ਵਿਚ ਲੱਗੇ ਰਹਿੰਦੇ।
File Photo
ਜਦ ਸ੍ਰੀ ਗੁਰੂ ਤੇਗ਼ ਬਹਾਦਰ ਜੀ ਧਰਮ ਖ਼ਾਤਰ ਕੁਰਬਾਨੀ ਦੇਣ ਲਈ ਦਿੱਲੀ ਵਲ ਚੱਲੇ ਤਾਂ ਭਾਈ ਨੰਨੂਆਂ ਜੀ ਵੀ ਉਨ੍ਹਾਂ ਦੀ ਸੰਗਤ ਵਿਚ ਹਾਜ਼ਰ ਸਨ। ਨੌਵੇਂ ਗੁਰੂ ਜੀ ਦੇ ਬਲੀਦਾਨ ਤਕ ਉਹ ਦਿੱਲੀ ਵਿਚ ਹੀ ਸਨ ਅਤੇ ਉਨ੍ਹਾਂ ਨੇ ਸਾਰਾ ਸ਼ਹੀਦੀ ਵਾਕਿਆ ਅਪਣੀ ਅੱਖੀਂ ਡਿੱਠਾ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸਮੇਂ ਬਲੀਦਾਨ ਦੇਣ ਵਾਲੇ ਸਿੱਖਾਂ ਦੇ ਦੇਹ-ਸਸਕਾਰ ਕਰਨ ਦਾ ਸੁਭਾਗ ਵੀ ਭਾਈ ਨੰਨੂਆਂ ਜੀ ਨੂੰ ਪ੍ਰਾਪਤ ਹੋਇਆ।
ਉਨ੍ਹਾਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਨੂੰ ਸੰਭਾਲਣ ਅਤੇ ਅਨੰਦਪੁਰ ਸਾਹਿਬ ਭੇਜਣ ਲਈ ਭਾਈ ਜੈਤਾ ਜੀ, ਭਾਈ ਗੁਰਬਖ਼ਸ਼ ਸਿੰਘ ਅਤੇ ਭਾਈ ਉਦਾ ਜੀ ਨਾਲ ਮਦਦ ਕੀਤੀ ਅਤੇ ਗੁਰੂ ਜੀ ਦੀ ਦੇਹ ਦਾ ਸਤਿਕਾਰ ਨਾਲ ਸਸਕਾਰ ਕਰਨ ਦਾ ਵੀ ਸਹੀ ਬੰਦੋਬਸਤ ਕੀਤਾ ਅਤੇ ਗੁਰੂ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ।
ਇਤਿਹਾਸ ਗਵਾਹ ਹੈ ਕਿ ਜਦੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਚਾਂਦਨੀ ਚੌਕ ਵਿਖੇ ਕਤਲ ਕੀਤਾ ਗਿਆ ਸੀ ਤਾਂ ਅਚਾਨਕ ਹਨੇਰੀ ਅਤੇ ਤੂਫ਼ਾਨ ਆਇਆ ਅਤੇ ਉਸ ਸਮੇਂ ਗੁਰੂ ਜੀ ਦਾ ਸੀਸ ਅਤੇ ਧੜ ਗ਼ਾਇਬ ਹੋ ਗਏ। ਏਨਾ ਸਖ਼ਤ ਪਹਿਰਾ ਹੋਣ ਦੇ ਬਾਵਜੂਦ ਗੁਰੂ ਜੀ ਦਾ ਸੀਸ ਅਤੇ ਧੜ ਕਿਥੇ ਗਏ, ਕਿਸੇ ਨੂੰ ਨਹੀਂ ਸੀ ਪਤਾ।
Guru Granth sahib ji
ਸਿਰਫ਼ ਅਫ਼ਵਾਹਾਂ ਦਾ ਬਾਜ਼ਾਰ ਗਰਮ ਸੀ। ਕੋਈ ਕਹਿ ਰਿਹਾ ਸੀ ਕਿ ਗੁਰੂ ਜੀ ਕਰਾਮਾਤ ਵਿਖਾ ਗਏ। ਕੋਈ ਕਹਿ ਰਿਹਾ ਸੀ ਹਨੇਰੇ ਦਾ ਫ਼ਾਇਦਾ ਉਠਾ ਕੇ ਭਾਈ ਨੰਨੂਆਂ ਜੀ ਸੀਸ ਅਤੇ ਧੜ ਉਠਾ ਕੇ ਲੈ ਗਏ। ਕੋਈ ਕਹਿ ਰਿਹਾ ਸੀ ਕਿ ਲੱਖੀ ਸ਼ਾਹ ਵਣਜਾਰਾ ਰੂੰਅ ਦੇ ਗੱਡਿਆਂ ਵਿਚ ਧੜ ਅਤੇ ਸੀਸ ਲੈ ਗਿਆ। ਕੋਈ ਕਹੇ ਕਿ ਬਾਦਸ਼ਾਹ ਦੇ ਅਪਣੇ ਬੰਦਿਆਂ ਨੇ ਮੋਹਰਾਂ ਦੇ ਲਾਲਚ ਵਿਚ ਸੀਸ ਤੇ ਧੜ ਚੁਕਵਾ ਦਿਤੇ (ਵੇਰਵਾ ਪੰਜਵਾਂ ਸਾਹਿਬਜ਼ਾਦਾ ਭਾਈ ਬਲਦੇਵ ਸਿੰਘ) ਪਰ ਇਸ ਸੱਚ ਨੂੰ ਕੇਵਲ 4 ਵਿਅਕਤੀ ਹੀ ਜਾਣਦੇ ਸਨ
ਅਤੇ ਉਹ ਸਨ ਭਾਈ ਆਗਿਆ ਰਾਮ ਜੀ, ਭਾਈ ਨੰਨੂਆਂ ਜੀ, ਚਾਂਦਨੀ ਚੌਕ ਦਾ ਕੋਤਵਾਲ ਅਤੇ ਪੰਡਿਤ ਸ਼ਿਵ ਨਰਾਇਣ ਜੋ ਕਲਿਆਣੇ ਦੀ ਧਰਮਸ਼ਾਲਾ ਵਿਚ ਰਹਿੰਦਾ ਸੀ। ਇਸ ਤਰ੍ਹਾਂ ਇਹ ਗੱਲ ਪੂਰੀ ਤਰ੍ਹਾਂ ਨਾਲ ਸਿੱਧ ਹੋ ਜਾਂਦੀ ਹੈ ਕਿ ਉਸ ਸਮੇਂ ਭਾਈ ਨੰਨੂਆਂ ਜੀ ਨੇ ਬਚਿੱਤਰ ਰੋਲ ਅਦਾ ਕੀਤਾ ਅਤੇ ਅਪਣੀ ਜਾਨ ਨੂੰ ਜੋਖਮ ਵਿਚ ਪਾ ਕੇ ਗੁਰੂ ਜੀ ਦੇ ਸੀਸ ਅਤੇ ਧੜ ਨੂੰ ਸਹੀ ਸਤਿਕਾਰ ਦੇਣ ਲਈ ਅਪਣਾ ਯੋਗਦਾਨ ਪਾਇਆ।
Anandpur Sahib
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਭਾਈ ਨੰਨੂਆ ਸ੍ਰੀ ਦਸਮੇਸ਼ ਪਿਤਾ ਜੀ ਕੋਲ ਅਨੰਦਪੁਰ ਸਾਹਿਬ ਪਹੁੰਚ ਗਏ ਅਤੇ ਅਨੰਦਪੁਰ ਸਾਹਿਬ ਆ ਕੇ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਏ। ਉਨ੍ਹਾਂ ਦਾ ਨਾਮ ਜਵਾਲਾ ਸਿੰਘ ਨੰਨੂਆਂ ਰਖਿਆ ਗਿਆ। ਉਹ ਗੁਰੂ ਜੀ ਦੇ ਬਹਾਦਰ ਯੋਧਿਆਂ ਵਿਚ ਗਿਣੇ ਜਾਣ ਲੱਗੇ ਅਤੇ ਦਸਮ ਪਿਤਾ ਜੀ ਦੇ ਬਹੁਤ ਨਜ਼ਦੀਕੀ ਰਹੇ। ਸੰਨ 1704 ਵਿਚ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਉਹ ਗੁਰੂ ਗੋਬਿੰਦ ਜੀ ਨਾਲ ਹੀ ਉਨ੍ਹਾਂ 40 ਸਿੰਘਾਂ ਸਮੇਤ ਚਮਕੌਰ ਸਾਹਿਬ ਪਹੁੰਚੇ ਜਿਨ੍ਹਾਂ ਨੇ ਅਥਾਹ ਬਹਾਦਰੀ ਵਿਖਾਉਂਦੇ ਹੋਏ ਚਮਕੌਰ ਦੀ ਲੜਾਈ ਵਿਚ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਭਾਈ ਜਵਾਲਾ ਸਿੰਘ ਜੀ ਦੇ ਬਾਕੀ ਪ੍ਰਵਾਰ ਨੂੰ ਵੀ ਗੁਰੂ ਜੀ ਲਈ ਸ਼ਹੀਦੀਆਂ ਪਾਉਣ ਦਾ ਮਾਣ ਪ੍ਰਾਪਤ ਹੋਇਆ। ਉਨ੍ਹਾਂ ਦੇ ਇਕ ਪੁੱਤਰ ਦਰਬਾਰ ਸਿੰਘ ਨੇ ਆਗਮਪੁਰ ਦੀ ਲੜਾਈ ਵਿਚ ਲੜਦੇ ਸਮੇਂ ਸ਼ਹੀਦੀ ਪਾਈ ਜਦਕਿ ਦੂਜੇ ਪੁੱਤਰ ਗੁਰਬਾਰ ਸਿੰਘ ਨੇ ਮੁਕਤਸਰ ਦੀ ਲੜਾਈ ਵਿਖੇ ਸ਼ਹੀਦੀ ਪ੍ਰਾਪਤ ਕੀਤੀ। ਭਾਈ ਨੰਨੂਆਂ ਜੀ ਦੇ ਪੋਤਰੇ ਕਵੀ ਜੈ ਰਾਜ ਸਿੰਘ ਸੈਣੀ ਨੂੰ ਮਹਾਰਾਜਾ ਪਟਿਆਲੇ ਦੇ ''ਦਰਬਾਰੀ ਕਵੀ'' ਹੋਣ ਦਾ ਮਾਣ ਪ੍ਰਾਪਤ ਹੋਇਆ। ਇਸ ਤਰ੍ਹਾਂ ਪੂਰੇ ਪ੍ਰਵਾਰ ਨੇ ਅਪਣੀਆਂ ਸੇਵਾਵਾਂ ਨਾਲ ਸਿੱਖ ਪੰਥ ਨੂੰ ਚੜ੍ਹਦੀਕਲਾ ਵਿਚ ਲਿਜਾਣ ਲਈ ਅਜੀਬ ਘਾਲਣਾਵਾਂ ਘਾਲੀਆਂ।
Guru Granth sahib ji
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਭਾਈ ਨੰਨੂਆਂ ਜੀ ਦੀ ਕੁਰਬਾਨੀ, ਭਾਈ ਬਚਿੱਤਰ ਸਿੰਘ, ਭਾਈ ਜੈਤਾ ਜੀ, ਭਾਈ ਸੰਗਤ ਸਿੰਘ ਅਤੇ ਮਾਈ ਭਾਗੋ ਅਤੇ ਦੂਜੇ ਮਹਾਨ ਸਿੱਖ ਯੋਧਿਆਂ ਦੀ ਤਰ੍ਹਾਂ ਬਹੁਤ ਮਹਾਨ ਸੀ। ਭਾਈ ਨੰਨੂਆਂ ਜੀ ਦੀ ਕੁਰਬਾਨੀ ਵੀ ਸਿੱਖ ਇਤਿਹਾਸ ਵਿਚ ਅਭੁੱਲ ਹੈ ਅਤੇ ਪੂਰਾ ਸਿੱਖ ਜਗਤ ਉਨ੍ਹਾਂ ਦੀ ਤਿੰਨ ਗੁਰੂਆਂ ਸਾਹਿਬਾਨ ਲਈ ਕੀਤੀ ਸੇਵਾ ਨੂੰ ਸਦਾ ਯਾਦ ਰੱਖੇਗਾ।
ਭਾਈ ਨੰਨੂਆਂ ਜੀ ਨੂੰ ਸਿੱਖ ਗੁਰੂਆਂ ਦੇ ਦਰਬਾਰ ਵਿਚ ਦਰਬਾਰੀ ਕਵੀ ਬਣਨ ਦਾ ਸੁਭਾਗ ਹਾਸਲ ਹੋਇਆ ਸੀ ਕਿਉਂਕਿ ਉਹ ਇਕ ਪ੍ਰਸਿੱਧ ਕਵੀ ਵੀ ਸਨ। ਉਨ੍ਹਾਂ ਦੀ ਕਵਿਤਾ ਦਾ ਪ੍ਰਭਾਵ ਪ੍ਰਸਿੱਧ ਕਵੀ ਬੁਲੇ ਸ਼ਾਹ ਦੀ ਕਵਿਤਾ 'ਤੇ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਦੀ ਕਵਿਤਾ ਮਨੁੱਖ ਨੂੰ ਬ੍ਰਹਮ ਨਾਲ ਆਤਮਾ ਦਾ ਮੇਲ ਦਰਸਾਉਂਦੀ ਹੈ। ਭਾਈ ਨੰਨੂਆਂ ਬੈਰਾਗੀ ਜੀ ਅਪਣੀ ਕਵਿਤਾ ਵਿਚ ਪ੍ਰਮਾਤਮਾ ਨੂੰ ਹੀ ਸੱਭ ਕੁੱਝ ਦਰਸਾਉਂਦੇ ਹਨ ਜੋ ਹਰ ਇਕ ਕਰਨੀ ਦਾ ਕਰਤਾ ਹੈ। ਉਹ ਅਪਣੀਆਂ ਕਵਿਤਾਵਾਂ ਸਦਕਾ, ਸਿੱਖਾਂ ਵਿਚ ਪੂਰਨ ਸ਼ਰਧਾ ਦਾ ਸਥਾਨ ਰਖਦੇ ਹਨ।
Bhai Kanhaiya Ji
ਭਾਵੇਂ ਭਾਈ ਨੰਨੂਆਂ ਜੀ ਦਾ ਜੀਵਨ ਸ਼ੁਰੂ ਵਿਚ ਬੈਰਾਗੀ ਰਿਹਾ ਹੈ ਅਤੇ ਉਹ ਨਾਨੂੰ ਬੈਰਾਗੀ ਦੇ ਤੌਰ 'ਤੇ ਵੀ ਪ੍ਰਸਿੱਧ ਹੋਏ ਪਰ ਬਾਅਦ ਵਿਚ ਸਿੱਖ ਗੁਰੂਆਂ ਦੀ ਸੰਗਤ ਅਤੇ ਭਾਈ ਘਨਈਆ ਜੀ ਦੀ ਸੇਵਾ ਮਿਸ਼ਨ ਤੋਂ ਵੀ ਬਹੁਤ ਪ੍ਰਭਾਵ ਪਿਆ ਅਤੇ ਉਹ ਭਾਈ ਘਨਈਆ ਜੀ ਦੇ ਵੀ ਅਨੁਆਈ ਬਣ ਗਏ ਅਤੇ ਸੇਵਾਪੰਥੀ ਸੰਪਰਦਾ ਵਿਚ ਵੀ ਕੰਮ ਕਰਦੇ ਰਹੇ। ਉਹ ਹਰ ਸਮੇਂ ਪ੍ਰਭੂ ਦੀ ਭਗਤੀ ਵਿਚ ਮਸਤ, ਮਨੁੱਖ ਦੇ ਭਲੇ ਲਈ ਕੰਮ ਕਰਦੇ ਰਹੇ। ਮਨੁੱਖਤਾ ਨੂੰ ਪਿਆਰ ਕਰਨ ਵਾਲੇ ਭਾਈ ਨੰਨੂਆ ਜੀ ਇਸ ਇਨਸਾਨੀਅਤ ਪ੍ਰਤੀ ਇਕ ਬਚਿੱਤਰ ਸ਼ਖ਼ਸੀਅਤ ਸਿੱਧ ਹੋਏ ਹਨ।
ਇਨਸਾਨੀਅਤ ਦੇ ਪਿਆਰ ਸਦਕਾ ਹੀ ਉਨ੍ਹਾਂ ਨੇ 22 ਦਸੰਬਰ 1704 ਈ. ਨੂੰ ਚਮਕੌਰ ਸਾਹਿਬ ਦੀ ਲੜਾਈ ਵਿਚ ਅਮਰ ਸ਼ਹੀਦੀ ਪ੍ਰਾਪਤ ਕੀਤੀ। ਇਸ ਤਰ੍ਹਾਂ ਭਾਈ ਨੰਨੂਆ ਜੀ ਉਤੇ ਸਿੱਖ, ਬੈਰਾਗੀ ਅਤੇ ਸੈਣੀ ਬਰਾਦਰੀ ਨੂੰ ਸਤਿਕਾਰ ਯੋਗ ਮਾਣ ਹੈ। ਪਰ ਇਥੇ ਇਸ ਗੱਲ ਦਾ ਅਫ਼ਸੋਸ ਹੈ ਕਿ ਸਰਕਾਰਾਂ, ਮਨੁੱਖਤਾ ਨੂੰ ਪਿਆਰ ਕਰਨ ਵਾਲੀਆਂ ਸੰਸਥਾਵਾਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਇਥੋਂ ਤਕ ਕਿ ਉਨ੍ਹਾਂ ਦੀ ਅਪਣੀ ਏਨੀ ਵੱਡੀ ਬਰਾਦਰੀ, ਭਾਈ ਨੰਨੂਆਂ ਨੂੰ ਵਿਸ਼ੇਸ਼ ਸਨਮਾਨ ਦੇਣ ਵਜੋਂ ਉਨ੍ਹਾਂ ਦੀ ਕੋਈ ਢੁਕਵੀਂ ਯਾਦਗਾਰ ਬਣਾਉਣ ਵਿਚ ਅਸਫ਼ਲ ਰਹੀਆਂ ਹਨ।
ਮੋਬਾਈਲ : 98764-52223, ਬਹਾਦਰ ਸਿੰਘ ਗੋਸਲ