
ਲੱ ਖ ਕੋਸ਼ਿਸ਼ਾਂ ਦੇ ਬਾਵਜੂਦ ਸੰਤਾਲੀ ਦੇ ਸੰਤਾਪ ਨਾਲ ਝੁਰੜਿਆ ਬਜ਼ੁਰਗ ਮਾਤਾ ਦਾ ਚਿਹਰਾ ਮੇਰੇ ਚੇਤਿਆਂ ਵਿਚੋਂ ਮਨਫ਼ੀ ਨਹੀਂ ਹੋ ਰਿਹਾ
ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸੰਤਾਲੀ ਦੇ ਸੰਤਾਪ ਨਾਲ ਝੁਰੜਿਆ ਬਜ਼ੁਰਗ ਮਾਤਾ ਦਾ ਚਿਹਰਾ ਮੇਰੇ ਚੇਤਿਆਂ ਵਿਚੋਂ ਮਨਫ਼ੀ ਨਹੀਂ ਹੋ ਰਿਹਾ। 'ਵੇ ਥੋਡੇ ਵਿਚੋਂ ਕੋਈ ਨੂਰਮਹਿਲ ਦਾ ਹੈ? ਉਥੇ ਮੇਰਾ ਭਰਾ ਰਹਿੰਦੈ ਨੂਰਾ। ਵੱਢਾ-ਕੱਟੀ ਵੇਲੇ ਉਹ ਮੇਰੀ ਮਾਂ ਨਾਲੋਂ ਵਿਛੜ ਗਿਆ ਸੀ।' ਇਹ ਸਾਰਾ ਅਤੇ ਹੋਰ ਬਹੁਤ ਕੁੱਝ ਉਹ ਇੱਕੋ ਸਾਹ ਵਿਚ ਹੀ ਕਹਿ ਗਈ ਸੀ।ਇਹ ਕਿੱਸਾ ਨਨਕਾਣਾ ਸਾਹਿਬ ਦਾ ਹੈ। ਮੈਂ ਉਸ ਗਰੁੱਪ ਦਾ ਹਿੱਸਾ ਸੀ ਜੋ ਹਿੰਦ-ਪਾਕਿ ਦੋਸਤੀ ਦੇ ਤੰਦ ਪਾਉਣ ਦੀ ਸੱਧਰ ਲੈ ਕੇ ਉਸ ਮੁਲਕ ਗਿਆ ਸੀ। ਇਸ ਗਰੁੱਪ ਵਿਚ ਉੱਘੇ ਸਾਹਿਤਕਾਰਾਂ, ਗਾਇਕਾਂ ਤੋਂ ਇਲਾਵਾ ਕੁੱਝ ਪੱਤਰਕਾਰ ਵੀ ਸਨ। ਅਸੀ ਸਾਰੇ ਲਹਿੰਦੇ ਪੰਜਾਬ ਦੇ ਇਤਿਹਾਸਕ ਗੁਰਦਵਾਰਾ ਜਨਮ ਅਸਥਾਨ ਤੋਂ ਥੋੜ੍ਹੀ ਦੂਰ ਠਹਿਰੇ ਹੋਏ ਸੀ। ਹਵਾ ਵਿਚ ਹਲਕੀ ਠੰਢਕ ਸੀ। ਰਾਏ ਬਣੀ ਕਿ ਨਨਕਾਣਾ ਸਹਿਬ ਦਾ ਇਕ ਚੱਕਰ ਸਵੇਰੇ ਸਵੇਰੇ ਪੈਦਲ ਲਾਇਆ ਜਾਵੇ। ਅਸੀ ਬਾਹਰ ਨਿਕਲੇ ਹੀ ਸਾਂ ਕਿ ਸਾਨੂੰ ਵੇਖ ਕੇ ਸਾਹਮਣੇ ਬਸਤੀ ਵਿਚ ਇਕ ਬਜ਼ੁਰਗ ਮਾਈ ਸਾਡੇ ਵਲ ਨੂੰ ਚਕਵੇਂ ਪੈਰੀਂ ਹੋ ਤੁਰੀ। ਸ਼ਾਇਦ ਉਸ ਨੇ ਸਾਡੀਆਂ ਪੱਗਾਂ ਵੇਖ ਕੇ ਅੰਦਾਜ਼ਾ ਲਾ ਲਿਆ ਸੀ ਕਿ ਅਸੀ ਨੂਰਮਹਿਲ (ਨਕੋਦਰ) ਵਾਲੇ ਪੰਜਾਬ ਦੇ ਹਾਂ।
ਹਰਭਜਨ ਹਲਵਾਰਵੀ ਹੁਰੀਂ, ਜੋ ਸਾਡੇ ਨਾਲ ਸਨ, ਨੇ ਜਦੋਂ ਬੁੱਢੀ ਮਾਈ ਨੂੰ ਦਸਿਆ ਕਿ ਸਾਡੇ ਵਿਚ ਨੂਰਮਹਿਲ ਦਾ ਕੋਈ ਨਹੀਂ ਤਾਂ ਉਸ ਮਾਈ ਦੀ ਧਾਹ ਨਿਕਲ ਗਈ, ਉਸ ਦੀ ਰੂਹ ਕੁਰਲਾ ਉੱਠੀ, ਬੁਢੇਪੇ ਕਾਰਨ ਸੁਕੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ। ਪਿਛੋਂ ਹੀ ਮਾਈ ਦੇ ਪ੍ਰਵਾਰ ਦਾ ਇਕ ਅਧਖੜ ਉਮਰ ਦਾ ਸ਼ਖ਼ਸ ਆ ਗਿਆ। ਉਹ ਆਖਣ ਲੱਗਾ ਕਿ 'ਜਦੋਂ ਵੀ ਉਸ ਦੀ ਅੰਮੀ ਪੱਗਾਂ ਵਾਲਿਆਂ ਨੂੰ ਵੇਖਦੀ ਹੈ ਤਾਂ ਉਨ੍ਹਾਂ ਵਲ ਨੂੰ ਭੱਜ ਪੈਂਦੀ ਹੈ। ਇਸ ਨੂੰ ਲਗਦੈ ਸ਼ਾਇਦ ਇਹ ਲੋਕ ਨੂਰੇ ਦੇ ਪਿੰਡ ਤੋਂ ਆਏ ਨੇ। ਬਥੇਰਾ ਸਮਝਾਇਆ ਕਿ ਨੂਰਾ ਪਤਾ ਨਹੀਂ ਹੁਣ ਖ਼ਬਰੇ ਕਿਥੇ ਹੈ। ਪਰ ਇਹ ਮੰਨਦੀ ਨਹੀਂ। ਬੱਸ ਉਹਨੂੰ ਯਾਦ ਕਰ ਕੇ ਰੋਂਦੀ-ਕਰਲਾਉਂਦੀ ਰਹਿੰਦੀ ਹੈ।' ਕਿੰਨੇ ਹੀ ਅਜਿਹੇ ਪ੍ਰਵਾਰ ਹਨ ਜੋ ਵੰਡ ਵੇਲੇ ਅਪਣਿਆਂ ਤੋਂ ਵਿਛੜਿਆਂ ਦੀ ਯਾਦ ਵਿਚ ਖ਼ੂਨ ਦੇ ਹੰਝੂ ਵਹਾਉਂਦੇ ਰਹੇ ਨੇ। ਉਨ੍ਹਾਂ ਦੀ ਰੂਹ ਦੀ ਕੂਕ ਅੰਬਰਾਂ ਨੂੰ ਵੀ ਵਰ੍ਹਣ ਲਗਾ ਦਿੰਦੀ ਹੈ।ਵੰਡ ਦੀਆਂ ਕਲਯੁਗੀ ਘੜੀਆਂ ਨੂੰ ਸੱਤਰ ਵਰ੍ਹੇ ਬੀਤ ਗਏ ਹਨ। ਅਪਣਿਆਂ ਨੇ ਅਪਣਿਆਂ ਨੂੰ ਮਾਰ ਕੇ ਦਰਿੰਦਗੀ ਦਾ ਜਿਹੜਾ ਮੁਜ਼ਾਹਰਾ ਕੀਤਾ, ਉਸ ਦੀ ਸ਼ਾਇਦ ਹੀ ਕੋਈ ਉਦਾਹਰਣ ਮਿਲਦੀ ਹੋਵੇ। ਅਸੀ ਕਦੇ ਵੀ ਆਪਾ ਨਹੀਂ ਪੜਚੋਲਿਆ। ਘੋਖਣ ਤੋਂ ਬਾਅਦ ਜੋ ਸਾਹਮਣੇ ਆਉਂਦਾ ਹੈ, ਉਹ ਬਹੁਤ ਹੀ ਭਿਆਨਕ ਮੰਜ਼ਰ ਪੇਸ਼ ਕਰਦਾ ਹੈ। ਭਾਵ ਇਹ ਗੱਲ ਬਹੁਤਿਆਂ ਨੂੰ ਹਜ਼ਮ ਨਹੀਂ ਹੋਣੀ, ਪਰ ਇਹ ਇਕ ਇਤਿਹਾਸਕ ਸੱਚਾਈ ਹੈ ਕਿ ਸਾਡਾ ਪਿਛੋਕੜ ਕਾਫ਼ੀ ਜ਼ਾਲਮਾਨਾ ਰਿਹਾ ਹੈ। ਇਸ ਦੀਆਂ ਮਿਸਾਲਾਂ ਅੱਜ ਵੀ ਮਿਲਦੀਆਂ ਹਨ ਜਦੋਂ ਅਸੀ 'ਭਰਾ ਨੇ ਭਰਾ ਨੂੰ ਚਾਰ ਮਰਲੇ ਜ਼ਮੀਨ ਲਈ ਕਤਲ ਕਰ ਦਿਤਾ' ਵਰਗੀਆਂ ਖ਼ਬਰਾਂ ਪੜ੍ਹਦੇ ਹਾਂ ਜਾਂ ਫਿਰ 'ਨਹਿਰੀ ਪਾਣੀ ਦੇ ਪਿੱਛੇ ਹੋਈ ਲੜਾਈ ਕਰ ਕੇ ਗੁਆਂਢੀ ਖੇਤ ਵਾਲਾ ਕਤਲ' ਆਦਿ ਕਹਾਣੀਆਂ ਸੁਣਦੇ ਹਾਂ।
ਉਹ ਧਰਤੀ ਜਿਥੇ ਗੁਰੂਆਂ, ਪੀਰਾਂ-ਫ਼ਕੀਰਾਂ ਦੇ ਇਲਾਹੀ ਬੋਲਾਂ ਦੀ ਮਿਠਾਸ ਘੁਲੀ ਹੋਵੇ, ਜਿਥੇ ਇਸ ਤਰ੍ਹਾਂ ਦੀ ਕਤਲੋਗ਼ਾਰਤ ਹੋਈ ਹੋਵੇ, ਉਥੇ ਇਹ ਸਮਝ ਤੋਂ ਬਾਹਰ ਦੀ ਗੱਲ ਹੈ। ਸਾਡੇ ਵਡੇਰਿਆਂ ਦੇ ਬਹੁਤ ਹੀ ਮਾਨਵਵਾਦੀ ਕਾਰਨਾਮੇ ਹਨ, ਜਿਨ੍ਹਾਂ ਉਤੇ ਮਾਣ ਕਰ ਕੇ ਛਾਤੀ ਚੌੜੀ ਹੋ ਜਾਂਦੀ ਹੈ। ਪਰ ਸਾਡੇ ਵਿਰਸੇ ਵਿਚ ਬਹੁਤ ਕੁੱਝ ਸ਼ਰਮਸਾਰ ਕਰਨ ਵਾਲਾ ਵੀ ਸਾਡੇ ਹਿੱਸੇ ਆਇਆ ਹੈ। ਇਸ ਵਰਤਾਰੇ ਦਾ ਜ਼ਿਕਰ ਪਾਕਿਸਤਾਨੀ ਸ਼ਾਇਰ ਅਖ਼ਲਾਕ ਆਤਿਫ਼ ਬਾਖ਼ੂਬੀ ਕਰਦਾ ਲਿਖਦਾ ਹੈ:
ਸਾਡੇ ਕਾਰਿਆਂ ਰਲ-ਮਿਲ ਜਿਹੜੀ,
ਸਾਡੇ ਮੂੰਹ ਤੇ ਲਾਈ ਏ ਸਾਡੇ ਬੱਚੇ ਇਨਸ਼ਾ-ਅੱਲ੍ਹਾ,
ਇਸ ਕਾਲਖ਼ ਨੂੰ ਧੋਵਣਗੇ।
ਠੀਕ ਹੀ ਕਹਿੰਦਾ ਹੈ ਆਤਿਫ਼। ਜੇ ਵੰਡ ਵੇਲੇ ਹੋਈ ਵੱਢ-ਟੁੱਕ ਸਾਡੇ ਮੂੰਹ ਉਤੇ ਲੱਗੀ ਕਾਲਖ ਨਹੀਂ ਤਾਂ ਹੋਰ ਕੀ ਹੈ? ਵੰਡ ਦਾ ਜ਼ਖ਼ਮ ਸੱਤਰ ਸਾਲ ਤੋਂ ਰਿਸ ਰਿਹਾ ਹੈ। ਇਸ ਉਤੇ ਕੋਈ ਦਵਾ, ਮੱਲ੍ਹਮ ਅਸਰ ਨਹੀਂ ਕਰ ਹਹੀ। ਵੰਡ ਵਿਚੋਂ ਉਪਜੇ ਉਦਰੇਵੇਂ, ਹਿਜਰ ਅਤੇ ਸੰਤਾਪ ਦਾ ਅਕਸ ਬਿੰਬ ਬਣ ਕੇ ਪੰਜਾਬੀ ਸਾਹਿਤ, ਗੀਤਾਂ ਅਤੇ ਖ਼ਾਸ ਕਰ ਕੇ ਪੰਜਾਬੀ ਸ਼ਾਇਰੀ ਵਿਚ ਉਭਰ ਰਿਹਾ ਹੈ। ਉਸਤਾਦ ਦਾਮਨ ਨੇ ਵੰਡ ਤੋਂ ਬਾਅਦ ਲਿਖਿਆ ਸੀ:
ਜਾਗਣ ਵਾਲਿਆਂ ਰੱਜ ਕੇ ਲੁਟਿਆ ਏ,
ਸੋਏ ਤੁਸੀ ਵੀ ਹੋ, ਸੋਏ ਅਸੀ ਵੀ ਹਾਂ,
ਲਾਲੀ ਅੱਖਾਂ ਵਿਚ ਪਈ ਦਸਦੀ ਏ,
ਰੋਏ ਤੁਸੀ ਵੀ ਹੋ, ਰੋਏ ਅਸੀ ਵੀ ਹਾਂ।
ਇਹ ਲਾਲੀ ਆਮ ਨਹੀਂ ਸੀ। ਇਹ ਰੜਕਣ ਵਾਲੀ ਲਾਲੀ ਹੈ ਜੋ ਅੱਖੀਆਂ ਨੂੰ ਪ੍ਰੇਸ਼ਾਨ ਕਰਦੀ ਹੈ। ਇਸ ਲਾਲੀ ਬਾਰੇ ਅਹਿਮਦ ਰਾਹੀ ਨੂੰ ਪੁੱਛੋ ਜਿਸ ਨੇ ਆਖ਼ਰੀ ਸਾਹ ਲੈਣ ਤੋਂ ਪਹਿਲਾਂ ਅੰਮ੍ਰਿਤਸਰ ਆਉਣ ਦੀ ਜ਼ਿੱਦ ਫੜੀ ਹੋਈ ਸੀ। ਕਦੇ ਉਹ ਅਪਣੇ ਸ਼ਹਿਰ ਅੰਮ੍ਰਿਤਸਰ ਆਇਆ ਸੀ ਤੇ ਉਹ ਉੱਚੀ-ਉੱਚੀ ਇਸ ਤਰ੍ਹਾਂ ਵਿਲਕਿਆ ਸੀ:
ਦੇਸ਼ਾਂ ਆਲਿਓ... ਅਪਣੇ ਦੇਸ਼ ਅੰਦਰ,
ਅਸੀ ਆਏ ਹਾਂ ਵਾਂਗ ਪ੍ਰਦੇਸੀਆਂ ਦੇ...
ਇਸ ਮਿੱਟੀ ਦੀ ਕੁੱਖ ਵਿਚ ਮਾਂ ਮੇਰੀ,
ਸੁੱਤੀ ਪਈ ਹੈ ਸਮਿਆਂ ਦੀ ਹੂਕ ਬਣ ਕੇ,
ਇਸ ਪਾਣੀ ਨਾਲ ਪਾਣੀ ਹੋਏ ਨੀਰ ਮੇਰੇ,
ਇਥੇ ਆਸ ਤੜਫ਼ਾ ਮੇਰੀ ਕੂਕ ਬਣ ਕੇ।
ਪੰਜਾਬੀ ਦਾ ਸਮਰੱਥ ਸ਼ਾਇਰ ਅਨੂਪ ਵਿਰਕ ਪੰਜਾਬੀਆਂ ਨੂੰ ਵੱਡਾ ਤਾਹਨਾ ਮਾਰਦਾ ਹੋਇਆ ਲਿਖਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਕਦੇ ਸੁਖੀ ਵਸਣ ਦੀ ਕਾਮਨਾ ਨਹੀਂ ਕਰਨਾ ਚਾਹੀਦੀ ਜਿਨ੍ਹਾਂ ਨੇ ਅਪਣੀ ਮਾਂ ਵੰਡੀ ਹੋਵੇ। ਉਸ ਦੇ ਬੋਲ ਹਨ:
ਮਾਵਾਂ ਵੰਡ ਕੇ ਛਾਵਾਂ ਦੀ ਆਸ ਰੱਖੋ,
ਤੁਹਾਡੀ ਲਾਸ਼ ਨਾ ਕੋਈ ਗਿਰਝ ਖਾਵੇ।
ਅਸਲ ਵਿਚ ਵੰਡ ਨਾਲ ਸਿਰਫ਼ ਪੰਜਾਬ ਲਹੂ- ਲੁਹਾਨ ਹੀ ਨਹੀਂ ਹੋਇਆ ਸਗੋਂ ਇਸ ਦਾ ਸਭਿਆਚਾਰ ਅਤੇ ਤਹਿਜ਼ੀਬ ਵੀ ਜ਼ਰੀਬੀ ਗਈ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਲੋਕਾਂ ਅੰਦਰ ਪੰਜਾਬ ਦੇ ਵਿਰਸੇ ਦੀ ਜੋਤ ਜਗਦੀ ਹੈ, ਉਹ ਕਿਵੇਂ ਗੰਜੀ ਬਾਰ ਛੱਡ ਕੇ ਆਏ ਹੋਣਗੇ, ਜਿਥੇ ਦੁੱਲਾ-ਭੱਟੀ ਕਿਸੇ ਸਮੇਂ ਮੌਕੇ ਦੀ ਹਕੂਮਤ ਦੇ ਸਾਹਮਣੇ ਹਿੱਕ ਤਾਣ ਕੇ ਡਟ ਗਿਆ ਸੀ, ਜਿਥੇ ਮਿਰਜ਼ਾ, ਉਸ ਦੀ ਬੱਕੀ ਤੇ ਸਾਹਿਬਾਂ ਸਦੀਆਂ ਤੋਂ ਸੁੱਤੇ ਪਏ ਨੇ। ਮਿਰਜ਼ਾ ਅਪਣੀ ਕਿਸਮ ਦਾ ਲੋਕਨਾਇਕ ਹੈ, ਜਿਸ ਦੀ ਵਾਰ ਸੁਣ ਕੇ ਪੰਜਾਬੀਆਂ ਦੀ ਹਿੱਕ ਕੁੜਤਾ ਪਾੜ ਕੇ ਬਾਹਰ ਆ ਜਾਂਦੀ ਹੈ ਤੇ ਉਨ੍ਹਾਂ ਦੇ ਡੌਲੇ ਫਰਕਣ ਲੱਗ ਜਾਂਦੇ ਹਨ। ਉਸੇ ਧਰਤੀ ਉਤੇ ਪੰਜਾਬ ਦੇ ਵਿਰਸੇ ਦਾ ਅਲੰਬਰਦਾਰ ਵਾਰਿਸ ਸੁੱਤਾ ਪਿਆ ਹੈ। ਜੱਗੇ ਜੱਟ ਦੀਆਂ ਪੈੜਾਂ ਦੇ ਨਿਸ਼ਾਨ ਵੀ ਉਸ ਧਰਤੀ ਉਤੇ ਪਏ ਹਨ।ਉਹ ਧਰਤੀ ਜਿਥੇ ਦੁਨਿਆਵੀ ਧੁੰਦ ਮਿਟਾਉਣ ਅਤੇ ਜੱਗ ਵਿਚ ਚਾਨਣ ਕਰਨ ਲਈ ਬਾਬੇ ਨਾਨਕ ਨੇ ਇਲਾਹੀ ਨੂਰ ਬਖੇਰਿਆ, ਉਹ ਧਰਤੀ ਜਿਥੇ ਪੋਠੋਹਾਰ, ਬੇਲੇ, ਸੰਦਲ ਬਾਰ ਅਤੇ ਹੋਰ ਅਜਿਹੇ ਸਭਿਆਚਾਰਕ ਚਿੰਨ੍ਹ ਹਨ, ਜਿਨ੍ਹਾਂ ਦੀ ਗੂੰਜ ਪੰਜਾਬੀਆਂ ਦੇ ਕੰਨਾਂ ਅੰਦਰ ਸ਼ਹਿਦ ਘੋਲ ਦਿੰਦੀ ਹੈ। ਕਿਵੇਂ ਉਸ ਵਿਰਸੇ ਨਾਲੋਂ ਵਿਛੜੇ ਹੋਣੇ ਨੇ ਲੋਕ? ਕਿਆਮਤ ਦੀਆਂ ਉਨ੍ਹਾਂ ਘੜੀਆਂ ਬਾਰੇ ਸੋਚ ਕੇ ਸਿਰ ਚਕਰਾਉਣ ਲਗਦਾ ਹੈ।ਆਰਥਰ ਵਿਕਟਰ ਨੇ ਜਿਸ ਢੰਗ ਨਾਲ ਪੰਜਾਬ ਦੀ ਹੋਣੀ ਦਾ ਜ਼ਿਕਰ ਕੀਤਾ ਹੈ, ਉਹ ਦਿਲ ਨੂੰ ਵਲੂੰਧਰਦਾ ਹੈ। ਬੜੇ ਸਰਲ, ਸਾਦੇ ਢੰਗ ਨਾਲ ਉਹ ਪੰਜਾਬ ਦੀ ਤਰਾਸਦੀ ਬਿਆਨਦਾ ਹੈ:
ਮੈਂ ਲਹੂ-ਲੁਹਾਨ ਕਿਉਂ ਹੋ ਗਿਆ,
ਮੈਨੂੰ ਵੇਖ ਹਰ ਕੋਈ ਰੋ ਪਿਆ,
ਮੇਰਾ ਸਬਰ ਟੁਟਦਾ ਜਾ ਰਿਹੈ,
ਪਛਿਆ ਗਿਆ ਬੇਹਿਸਾਬ ਹਾਂ,
ਮੈਂ ਪੰਜਾਬ ਹਾਂ, ਮੈਂ ਪੰਜਾਬ ਹਾਂ।
ਅਮ੍ਰਿਤਾ ਪ੍ਰੀਤਮ ਨੇ ਵੰਡ ਦਾ ਦਰਦ ਜਿਵੇਂ ਹੰਢਾਇਆ ਅਤੇ ਪ੍ਰਗਟਾਇਆ ਹੈ, ਉਹ ਅਪਣੇ ਆਪ ਵਿਚ ਇਕ ਅਮਰ ਗਾਥਾ ਬਣ ਗਿਆ ਹੈ। ਉਸ ਦੀ ਰਚਨਾ 'ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੇ ਕਬਰਾਂ ਵਿਚੋਂ ਬੋਲ' ਅਪਣੇ ਆਪ ਵਿਚ ਹੀ ਪੰਜਾਬੀ ਸਾਹਿਤ ਦਾ ਮਹਾਨਕੋਸ਼ ਹੋ ਨਿਬੜਦਾ ਹੈ। ਪਰ ਉਸ ਦੀ ਇਕ ਹੋਰ ਕਵਿਤਾ ਵੀ ਏਨੀ ਹੀ ਵੰਡ ਦੀ ਪੀੜ ਨਾਲ ਵਿੰਨ੍ਹੀ ਹੋਈ ਹੈ। ਉਸ ਨੇ ਲਿਖਿਆ ਹੈ:
ਰਾਜਿਆ ਰਾਜ ਕਰੇਂਦਿਆ, ਕੇਹਾ ਚੜ੍ਹਿਆ ਸਾਉਣ,
ਓਏ ਆਪ ਬੁਲਾਈਆਂ ਹੋਣੀਆਂ ਤੇ ਅੱਜ ਰੋਕਣ ਵਾਲਾ ਕੌਣ।
ਰਾਹੀਆ ਰਾਹ ਜਾਂਦਿਆਂ ਅੱਜ ਕੀ-ਕੀ ਦਿਆਂ ਸੁਣਾ,
ਓਏ ਕਹਾਣੀ ਦੇਸ਼ ਪੰਜਾਬ ਦੀ, ਪੱਥਰ ਦੇਵੇ ਰੁਆ।
ਸਮੇਂ ਦਾ ਸਿਤਮ ਵੇਖੋ, ਜੋ ਵੰਡਣ ਵਾਲੇ ਸਨ ਉਨ੍ਹਾਂ ਦਾ ਵੰਡੇ ਜਾਣ ਵਾਲਿਆਂ ਨਾਲ ਕੋਈ ਰਿਸ਼ਤਾ ਨਹੀਂ ਸੀ। ਵੰਡ ਦਾ ਫ਼ੈਸਲਾ ਕੁੱਝ ਮੁੱਠੀ ਭਰ ਲੋਕਾਂ ਨੇ ਕੀਤਾ ਪਰ ਉਨ੍ਹਾਂ ਵਿਚ ਪੰਜਾਬੀ ਇਕ ਵੀ ਨਹੀਂ ਸੀ। ਜੇ ਵੰਡੇ ਜਾਣ ਵਾਲੇ ਹੀ ਵੰਡ ਦਾ ਫ਼ੈਸਲਾ ਕਰਦੇ ਤਾਂ ਘੱਟੋ-ਘੱਟ ਉਹ ਜੀਆਘਾਣ ਨਹੀਂ ਸੀ ਹੋਣਾ, ਜੋ ਵੰਡ ਵੇਲੇ ਹੋਇਆ।
ਹਰਨੇਕ ਸਿੰਘ ਘੜੂੰਆਂ ਦੀ ਕਿਤਾਬ 'ਉਠ ਗਏ ਗੁਆਂਢੋਂ ਯਾਰ' ਪੜ੍ਹ ਕੇ ਬੰਦਾ ਰੋਏ ਬਗ਼ੈਰ ਨਹੀਂ ਰਹਿ ਸਕਦਾ। ਵੰਡ ਦੀ ਵੇਦਨਾ ਨੂੰ ਜਿਸ ਢੰਗ ਨਾਲ ਉਸ ਨੇ ਬਿਆਨ ਕੀਤਾ ਹੈ, ਸ਼ਾਇਦ ਹੀ ਪਹਿਲਾਂ ਅਜਿਹਾ ਕਦੇ ਹੋਇਆ ਹੋਵੇ। ਵਾਹਗਾ ਪੰਜਾਬ ਦੀ ਵੰਡ ਦੀ ਕੰਡਿਆਲੀ ਥੋਰ ਬਣ ਗਿਆ ਹੈ। ਇਹ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਛਾਤੀ ਉਤੇ ਦਿਤੇ ਚੀਰੇ ਦਾ ਨਾ ਮਿਟਣ ਵਾਲਾ ਨਿਸ਼ਾਨ ਹੈ। ਧੁਰ ਅੰਦਰ ਤਕ ਪੀੜ ਪਰੁੰਨੇ ਸਵਰਾਜ ਵੀਰ ਨੇ ਵਾਹਗਾ ਦਾ ਵਰਨਣ ਕਰਦੇ ਹੋਇਆਂ ਲਿਖਿਆ ਹੈ, “ਵਾਹਗਾ ਜ਼ਖ਼ਮ ਹੈ। ਪੰਜਾਬ ਦੀ ਧਰਤੀ ਦੇ ਪਿੰਡੇ ਉਤੇ ਟਸ ਟਸ ਕਰਦਾ। ਜ਼ਖ਼ਮ ਵੀ ਹੈ ਤੇ ਮਿਲਣ ਦਾ ਸੁਨੇਹਾ ਵੀ। ਕਈ ਸੁਨੇਹੇ ਜ਼ਖ਼ਮਾਂ ਵਰਗੇ ਹੁੰਦੇ ਹਨ।'' ਉਸ ਨੇ ਤੇ ਉਹਦੇ ਮਿੱਤਰ, ਜੋ ਵੰਡ ਨੂੰ ਮਾਨਸਕ ਤੇ ਜ਼ਿਹਨੀ ਤੌਰ ਤੇ ਕਬੂਲ ਨਹੀਂ ਕਰਦੇ, ਨੇ ਇਕ ਪੰਜਾਬੀ ਮੈਗਜ਼ੀਨ ਕਢਿਆ ਹੈ ਜਿਸ ਦਾ ਨਾਂ ਹੀ 'ਵਾਹਗਾ' ਰਖਿਆ ਹੈ।
ਮੱਖਣ ਬਰਾੜ ਦਾ ਗੀਤ 'ਕਰੀਂ ਕਿਤੇ ਮੇਲ ਰੱਬਾ, ਦਿੱਲੀ ਤੇ ਲਾਹੌਰ ਦਾ' ਹੁਣ ਪੰਜਾਬੀ ਲੋਕ-ਧਾਰਾ ਦਾ ਹਿੱਸਾ ਬਣ ਗਿਆ ਹੈ। ਹਰ ਪੰਜਾਬੀ ਇਹ ਤੁਕ ਟਰੱਕ ਪਿੱਛੇ ਲਿਖਵਾਈ ਫਿਰਦਾ ਹੈ। ਕਿਸੇ ਸਮੇਂ ਅਣਵੰਡੇ ਪੰਜਾਬ ਦੀ ਰਾਜਧਾਨੀ ਸੀ ਲਾਹੌਰ। ਉਸ ਦੀ ਮਕਬੂਲੀਅਤ ਦੇ ਮਹਾਨ ਕਿੱਸੇ ਹਨ। ਪੰਜਾਬੀ ਸਭਿਆਚਾਰ ਦਾ ਕਿਲ੍ਹਾ ਸੀ ਲਾਹੌਰ, ਪੰਜਾਬੀਆਂ ਦੇ ਸੁਪਨਿਆਂ ਦਾ ਸ਼ਹਿਰ। ਇਹ ਅਜੇ ਵੀ ਮਸ਼ਹੂਰ ਹੈ ਕਿ 'ਜਿਸ ਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ।' ਅਸਲ ਵਿਚ ਲਾਹੌਰ ਪੰਜਾਬੀਆਂ ਦੇ ਇਤਿਹਾਸ ਦਾ ਸੱਭ ਤੋਂ ਵੱਡਾ ਗ੍ਰੰਥ ਹੈ। ਪੰਜਾਬੀਆਂ ਨੂੰ ਉਮੀਦ ਹੈ ਕਿ ਪੰਜਾਬ ਦੀ ਹਿੱਕ ਨੂੰ ਜੋ ਚੀਰਾ 70 ਸਾਲ ਪਹਿਲਾਂ ਵੰਡ ਵੇਲੇ ਵਾਹਗਾ ਵਾਲੀ ਲਕੀਰ ਵਾਹ ਕੇ ਦਿਤਾ ਸੀ ਤੇ ਜਿਹੜੀ ਉਥੇ ਕੰਡਿਆਲੀ ਤਾਰ ਲਗਾਈ ਗਈ ਹੈ, ਇਸ ਨੇ ਜ਼ਰੂਰ ਕਢੇ ਫੁੱਲ ਬਣਨਾ ਹੈ। ਇਸੇ ਉਮੀਦ ਵਿਚੋਂ ਇਹ ਗੀਤ ਨਿਕਲਿਆ ਹੈ:
ਵਾਹਗੇ ਵਾਲੀ ਕੰਡਿਆਲੀ ਤਾਰ ਨੇ ਕਦੇ ਫੁਲ ਬਣਨਾਪਿਛਲੇ 70 ਸਾਲਾਂ ਵਿਚ ਭਾਰਤ-ਪਾਕਿਸਤਾਨ ਵਿਚ ਕਈ ਯੁੱਧ ਹੋਏ ਹਨ। ਯੁੱਧਾਂ ਦਾ ਵਿਰੋਧ ਕਰਦੇ ਪ੍ਰਸਿੱਧ ਪੰਜਾਬੀ ਕਵੀ ਬਾਬਾ ਨਜ਼ਮੀ ਨੇ ਲਿਖਿਆ:
ਗੋਲੀ ਇਨ੍ਹਾਂ ਵਲੋਂ ਚਲੇ, ਗੋਲੀ ਉਨ੍ਹਾਂ ਵਲੋਂ ਚੱਲੇ,
ਗੋਲੀ ਨਾਲ ਪੁਆੜਾ ਪੈਂਦਾ, ਗੋਲੀ ਨਾਲ ਉਜਾੜਾ ਪੈਂਦਾ,
ਏਧਰ ਵੀ ਬੰਦੇ ਮਰੇ, ਉਧਰ ਵੀ ਬੰਦੇ ਮਰੇ,
ਮੇਰੀ ਮੰਨੋ, ਮੇਰੇ ਚੰਨੋ, ਇਕ-ਦੂਜੇ ਦੇ ਸੀਨੇ ਲੱਗੋ,
ਫੁੱਲਾਂ ਦੇ ਗੁਲਦਸਤੇ ਲੱਭੋ, ਬੰਦ ਖਾਣੀ ਗੋਲੀ ਦੱਬੋ।
ਅੱਜ ਤੋਂ ਕੋਈ ਦੋ ਸੌ ਵਰ੍ਹੇ ਪਹਿਲਾਂ, ਅਮਰੀਕਾ ਅਤੇ ਕੈਨੇਡਾ ਵਿਚ ਵੀ ਬੜੀ ਭਿਆਨਕ ਜੰਗ ਲੜੀ ਗਈ ਸੀ। ਇਸ ਵਿਚ ਬਹੁਤ ਨੁਕਸਾਨ ਹੋਇਆ। ਆਖ਼ਰ ਜੰਗਬੰਦੀ ਦੀ ਸੰਧੀ ਹੋਈ। ਦੋਹਾਂ ਦੇਸ਼ਾਂ ਨੇ ਫ਼ੈਸਲਾ ਕੀਤਾ ਕਿ ਲੜਾਈ ਦੀ ਬਜਾਏ, ਆਪਸੀ ਮਿਲਵਰਤਣ ਵਧਾਇਆ ਜਾਵੇ। ਇਸ ਸਬੰਧ ਵਿਚ ਯੁੱਧ ਨੂੰ ਹਮੇਸ਼ਾ ਲਈ ਦਫ਼ਨ ਕਰਨ ਵਾਸਤੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ਾਂਤੀ ਦਾ ਸੰਦੇਸ਼ ਦੇਣ ਵਾਸਤੇ ਡੌਗਲਾਸ ਬਾਰਡਰ ਤੇ ਇਕ ਯਾਦਗਾਰ ਕਾਇਮ ਕਰਨ ਦਾ ਫ਼ੈਸਲਾ ਕੀਤਾ ਗਿਆ। ਡੌਗਲਾਸ ਰਾਹੀ ਸਰੀ ਤੋਂ ਬਲੈਨ ਤੇ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਨੂੰ ਹਾਈਵੇ ਜਾਂਦਾ ਹੈ। ਕੈਨੇਡਾ ਵਾਲੇ ਪਾਸੇ ਇੰਡੀਆ ਗੇਟ ਵਰਗੀ ਯਾਦਗਾਰ ਦੀ ਉਸਾਰੀ ਕੀਤੀ ਗਈ ਹੈ। ਇਸ ਨੂੰ 'ਪੀਸ ਆਰਕ' (ਸਾਂਤੀ ਦਾ ਚਿੰਨ੍ਹ) ਕਿਹਾ ਜਾਂਦਾ ਹੈ। ਇਸ ਰਸਤੇ ਹੀ ਬਹੁਤ ਸਾਰੇ ਕੈਨੇਡੀਅਨ ਹਰ ਰੋਜ਼ ਅਪਣੀਆਂ ਕਾਰਾਂ ਰਾਹੀਂ ਅਮਰੀਕਾ ਜਾਂਦੇ ਹਨ ਅਤੇ ਇਸੇ ਤਰ੍ਹਾਂ ਹੀ ਹਜ਼ਾਰਾਂ ਅਮਰੀਕੀ, ਕੈਨੇਡਾ ਵਿਚ ਆਉਂਦੇ ਹਨ। ਸਰਹੱਦ ਲੰਘਣ ਵੇਲੇ ਸਿਰਫ਼ ਡਰਾਈਵਿੰਗ ਲਾਇਸੈਂਸ ਵਿਖਾਉਣਾ ਪੈਂਦਾ ਹੈ।
ਪਰ ਸਾਰਿਆਂ ਤੋਂ ਦਿਲਚਸਪ ਇਸ 'ਪੀਸ ਆਰਕ' ਤੇ ਲਿਖੀ ਵਾਰਤਾ ਹੈ। ਇਕ ਪਾਸੇ ਪ੍ਰਾਰਥਨਾ ਰੂਪੀ ਸ਼ਬਦਾਵਲੀ ਵਿਚ ਲਿਖਿਆ ਹੈ, ''ਇਹ ਦਰਵਾਜ਼ੇ ਕਦੇ ਵੀ ਬੰਦ ਨਾ ਹੋਣ।'' ਅਤੇ ਦੂਜੇ ਪਾਸੇ ਲਿਖਿਆ ਹੈ, ''ਸਾਝੀ ਮਾਂ ਦੇ ਪੁੱਤਰ।'' ਦੂਜੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਯਾਦਗਾਰ ਦੀ ਉਸਾਰੀ ਉਤੇ ਪੈਸੇ ਅਮਰੀਕਾ ਅਤੇ ਕੈਨੇਡਾ ਦੇ ਵਿਦਿਆਰਥੀਆਂ ਨੇ ਇਕੱਠੇ ਕਰ ਕੇ ਲਾਏ ਹਨ।ਪੰਜਾਬੀਆਂ ਨੂੰ ਵੀ ਇਹ ਉਮੀਦ ਹੈ ਕਿ ਕਦੇ ਕੈਨੇਡਾ-ਅਮਰੀਕਾ ਵਾਲੀ 'ਪੀਸ ਆਰਕ' ਵਾਹਗਾ ਵਿਖੇ ਵੀ ਉਸਰੇਗੀ। ਕਾਰਾਂ ਸਿੱਧੀਆਂ ਲਾਹੌਰ ਨੂੰ ਜਾਇਆ ਕਰਨਗੀਆਂ। ਉਧਰੋਂ ਅੰਮ੍ਰਿਤਸਰ-ਜਲੰਧਰ-ਚੰਡੀਗੜ੍ਹ ਆਇਆ ਕਰਨਗੀਆਂ। ਭਾਰਤ-ਪਾਕਿ ਵੀ 'ਇਕੋ ਮਾਂ ਦੇ ਹੀ ਪੁੱਤਰ ਹਨ।' ਪਰ ਸਮੇਂ ਦੀ ਹੋਣੀ ਨੇ ਇਹ ਹਾਲੇ ਆਪਸ ਵਿਚ ਉਲਝਾਏ ਹੋਏ ਹਨ।