Jawaharlal Nehru Death Anniversary 2024: ਨੇਕ ਦਿਲ ਨੇਤਾ ਜਵਾਹਰ ਲਾਲ ਨਹਿਰੂ
Published : May 27, 2024, 9:38 am IST
Updated : May 27, 2024, 9:38 am IST
SHARE ARTICLE
Jawaharlal Nehru
Jawaharlal Nehru

ਉਹ ਹੁਣ ਤਕ ਰਹੇ ਪ੍ਰਧਾਨ ਮੰਤਰੀਆਂ ’ਚੋਂ ਸਭ ਤੋਂ ਲੰਮਾ ਸਮਾਂ, ਲਗਭਗ 17 ਸਾਲ ਤਕ ਪ੍ਰਧਾਨ ਮੰਤਰੀ ਰਹੇ ਤੇ 27 ਮਈ 1964 ਨੂੰ ਦਿਲ ਦੇ ਦੌਰੇ ਕਾਰਨ ਫ਼ੌਤ ਹੋ ਗਏ।

Jawaharlal Nehru Death Anniversary 2024: ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਮੋਤੀ ਲਾਲ ਨਹਿਰੂ ਤੇ ਸਵਰੂਪ ਰਾਨੀ ਨਹਿਰੂ ਦੀ ਸੰਤਾਨ, ਪ੍ਰਯਾਗਰਾਜ ਅਲਾਹਾਬਾਦ ’ਚ ਪੈਦਾ ਹੋਏ। ਉਹ ਬਸਤੀਵਾਦ ਵਿਰੋਧੀ ਰਾਸ਼ਟਰਵਾਦੀ ਸਨ ਜੋ ਕੁਸ਼ਲ ਰਾਜਨੀਤੀਵਾਨ, ਸਮਾਜਕ ਜਮਹੂਰਕ, ਧਰਮ ਨਿਰਪੱਖ ਮਨੁੱਖ ਤੇ ਬਹੁਤ ਵੱਡੇ ਲੇਖਕ ਸਨ। ਉਹ ਭਾਰਤ ਦੇ ਆਜ਼ਾਦੀ ਅੰਦੋਲਨ ’ਚ ਕੇਂਦਰੀ ਹਸਤੀ ਬਣ ਕੇ ਉਭਰੇ। 1923 ’ਚ ਉਹ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਬਣੇ।

ਉਹ ਇਟਲੀ, ਜਰਮਨੀ, ਇੰਗਲੈਂਡ, ਬੈਲਜੀਅਮ, ਸਵਿਟਜ਼ਰਲੈਂਡ ਤੇ ਰੂਸ ਤਕ ਘੁੰਮੇ। ਅੰਗ੍ਰੇਜ਼ਾਂ ਤੋਂ ਆਜ਼ਾਦੀ ਪ੍ਰਾਪਤੀ ਦੇ ਸੰਘਰਸ਼ ’ਚ ਖੁੱਭ ਕੇ ਲੀਨ ਹੋਏ ਇਸ ਨੇਤਾ ਦਾ ਨਾਂ ਕਸ਼ਮੀਰੀ ਪੰਡਿਤ ਹੋਣ ਦੇ ਹਵਾਲੇ ਨਾਲ ‘ਪੰਡਿਤ ਨਹਿਰੂ’ ਵਜੋਂ ਮਸ਼ਹੂਰ ਹੋ ਗਿਆ। ਉਹ ਭਾਰਤੀ ਕੌਮ ਦੇ ਸੱਚੇ ਨਿਰਮਾਤਾ ਸਾਬਤ ਹੋਏ। ਉਹ ਹੁਣ ਤਕ ਰਹੇ ਪ੍ਰਧਾਨ ਮੰਤਰੀਆਂ ’ਚੋਂ ਸਭ ਤੋਂ ਲੰਮਾ ਸਮਾਂ, ਲਗਭਗ 17 ਸਾਲ ਤਕ ਪ੍ਰਧਾਨ ਮੰਤਰੀ ਰਹੇ ਤੇ 27 ਮਈ 1964 ਨੂੰ ਦਿਲ ਦੇ ਦੌਰੇ ਕਾਰਨ ਫ਼ੌਤ ਹੋ ਗਏ।  

ਨਵੰਬਰ ਮਹੀਨੇ ਦੀ 14 ਤਰੀਕ ਬਾਲ-ਦਿਵਸ ਵਜੋਂ ਮਨਾਈ ਜਾਂਦੀ ਹੈ। ਭਾਰਤ ਦੇ ਪ੍ਰਥਮ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਬੱਚਿਆਂ ਨੂੰ ਸਮਰਪਿਤ ਕੀਤੇ ਜਾਣ ਦਾ ਵਿਸ਼ੇਸ਼ ਮਹੱਤਵ ਇਸ ਲਈ ਹੈ ਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ। ਪੰਡਿਤ ਜਵਾਹਰ ਲਾਲ ਨਹਿਰੂ ਆਦਰਸ਼ ਸਿਆਸਤਦਾਨ ਤੇ ਹਰਮਨ-ਪਿਆਰੇ ਨੇਤਾ ਸਨ। ਉਹ ਇਤਿਹਾਸਕ ਸ਼ਖ਼ਸੀਅਤ ਤੇ ਮਹਾਨ ਆਤਮਾ ਬਣ ਕੇ ਭਾਰਤ ਵਿਚ ਪੈਦਾ ਹੋਏ।

ਆਜ਼ਾਦੀ ਮਿਲਣ ਤੋਂ ਹੁਣ ਤਕ ਦੇ ਸੱਤ ਦਹਾਕਿਆਂ ’ਚ ਨਹਿਰੂ ਤੋਂ ਨਰਿੰਦਰ ਮੋਦੀ ਤਕ ਕਈ ਸਿਆਸਤਦਾਨ ਤੇ ਦਰਜਨ ਕੁ ਪ੍ਰਧਾਨ ਮੰਤਰੀ ਸਾਡੀ ਪੀੜ੍ਹੀ ਨੇ ਵੇਖ ਲਏ ਹਨ ਪਰ ਨਹਿਰੂ ਵਰਗਾ ਨੇਤਾ ਹੋਰ ਕੋਈ ਪੈਦਾ ਨਹੀਂ ਹੋਇਆ। ਨਹਿਰੂ ਦੀ ਸ਼ਖ਼ਸੀਅਤ ਤੇ ਚਿਹਰੇ ਦੇ ਕੁਲ ਪ੍ਰਭਾਵ ਵਿਚ ਜੋ ਖਿੱਚ ਅਤੇ ਮਿਕਨਾਤੀਸੀ ਸੀ, ਉਹ ਹੁਣ ਵਾਲੇ ਕਿਸੇ ਲੀਡਰ ਵਿਚ ਨਹੀਂ ਮਿਲਦੀ। ਨੇਕ ਨੀਯਤ, ਨੇਕ ਇਰਾਦੇ ਤੇ ਨੇਕ ਕਰਮ ਦੀ ਜੋ ਕਮਾਈ ਚਿਹਰੇ ’ਤੇ ਝਲਕਣੀ ਚਾਹੀਦੀ ਹੈ, ਉਹ ਅੱਜ ਦੇ ਸਿਆਸਤਾਦਾਨਾਂ ਕੋਲ ਨਹੀਂ ਹੈ। ਸ਼ਾਇਦ ਇਹੀ ਕਾਰਨ ਹੈ ਕਿ ਕਿਸੇ ਵੀ ਪਾਰਟੀ ਦਾ ਕੋਈ ਵੀ ਨੇਤਾ ਅਜਿਹਾ ਨਜ਼ਰ ਨਹੀਂ ਆਉਂਦਾ ਜਿਸ ਨੂੰ ਵੇਖ ਕੇ ਅਕਲਮੰਦ ਅਵਾਮ ਨੂੰ ਉਹੋ ਜਹੀ ਰੂਹਾਨੀ ਖ਼ੁਸ਼ੀ ਤੇ ਤਸੱਲੀ ਦਾ ਅਹਿਸਾਸ ਹੁੰਦਾ ਹੋਵੇ ਜੋ ਪੰਡਿਤ ਨਹਿਰੂ ਨੂੰ ਵੇਖ ਕੇ ਮਿਲਦੀ ਸੀ।

ਨਹਿਰੂ ਦੀ ਸ਼ਖ਼ਸੀਅਤ ਵਿਚ ਸਿਆਸਤ ਦੇ ਨਾਲ-ਨਾਲ ਰਾਸ਼ਟਰੀ ਭਾਵਨਾ, ਕਲਾ, ਸਾਹਿਤਮਈ ਰੁਚੀਆਂ ਤੇ ਮਨੁੱਖੀ ਸਦਭਾਵਨਾ ਦਾ ਸੁਮੇਲ ਸੀ। 1964 ਵਿਚ ਉਹ ਜਦੋਂ ਫ਼ੌਤ ਹੋਏ ਤਾਂ ਉਨ੍ਹਾਂ ਦੀ ਮੇਜ਼ ਉਤੇ ਪਈ ਡਾਇਰੀ ’ਚ ਰੌਬਰਟ ਫ਼ਰੌਸਟ ਨਾਂ ਦੇ ਮਸ਼ਹੂਰ ਅੰਗਰੇਜ਼ੀ ਕਵੀ ਦੀ ਕਵਿਤਾ ਦੀਆਂ ਸਤਰਾਂ ਦਰਜ ਸਨ :
‘‘ਦਿ ਵੁਡ ਜ਼ ਆਰ ਲਵਲੀ ਡਾਰਕ ਐਂਡ ਡੀਪ
ਬਟ ਆਈ ਹੈਵ ਪ੍ਰਾਮਿਸਿਜ਼ ਟੁ ਕੀਪ
ਐਂਡ ਮਾਈਲਜ਼ ਟੁ ਗੋ ਬਿਫ਼ੋਰ ਆਈ ਸਲੀਪ’’
ਇਹ ਸਤਰਾਂ ਪੜ੍ਹ ਕੇ ਯਕੀਨ ਹੋ ਜਾਂਦਾ ਹੈ ਕਿ ਨਹਿਰੂ ਜੀ ਸਮੇਂ ਤੋਂ ਪਹਿਲਾਂ ਹੀ ਜੱਗ ਤੋਂ ਤੁਰ ਗਏ ਸਨ। ਸਾਲ 1962 ਦੇ ਚੀਨ ਦੇ ਹਮਲੇ ਤੋਂ ਮਿਲੀ ਉਦਾਸੀ ਤੇ ਨਿਰਾਸਤਾ ਨੇ ਨਹਿਰੂ ਨੂੰ ਅਸਹਿ ਸਦਮਾ ਦਿਤਾ ਸੀ ਤੇ ਉਹ ਸਮੇਂ ਤੋਂ ਪਹਿਲਾਂ ਹੀ ਰਾਸ਼ਟਰ ਨੂੰ ਤੇ ਦੁਨੀਆਂ ਨੂੰ ਅਲਵਿਦਾ ਕਹਿ ਗਏ। ਅਜੋਕੇ ਸਿਆਸਤਦਾਨਾਂ ਵਿਚ ਅਜਿਹੀ ਸੰਵੇਦਨਸ਼ੀਲਤਾ ਕਿੱਥੇ ਕਿ ਉਹ ਕਿਸੇ ਮਸਲੇ ਨੂੰ ਦਿਲ ’ਤੇ ਲਾਉਣ। ਅਜੋਕੇ ਸਿਆਸਤਦਾਨ ਪੱਕੇ ਢੀਠ ਹਨ। ਇਹ ਤਾਂ ਕੁਕਰਮ ਕਰ ਕੇ ਅਤੇ ਦਿਨ-ਰਾਤ ਕੁਫ਼ਰ ਤੋਲ ਕੇ ਵੀ ਦੋ ੳਂੁਗਲਾਂ ਚੁੱਕ ਕੇ ਵਿਕਟਰੀ-ਚਿਨ੍ਹ ਬਣਾਉਣ ਲਈ ਅਤੇ ਉਂਗਲੀ ਚੁੱਕ ਕੇ ਨਸੀਹਤਾਂ ਦੇਣ ਲਈ ਬੇਤਾਬ ਰਹਿੰਦੇ ਹਨ।

ਅਜੋਕੇ ਸਿਆਸਤਦਾਨਾਂ ਦਾ ਕਿਰਦਾਰ ਸਿਰਫ਼ ਤੇ ਸਿਰਫ਼ ਚੋਣਾਂ ਜਿੱਤ ਕੇ ਕੁਰਸੀ ਹਥਿਆਉਣ ਤਕ ਕਾਰਜਸ਼ੀਲ ਹੈ। ਇਹ ਡੇਰਿਆਂ ਦੇ ਸੰਤਾਂ ਦੇ ਪੈਰੀਂ ਜਾ ਪੈਂਦੇ ਹਨ ਤਾਂ ਜੋ ਉਥੇ ਪੁਜਦੀ ਭੀੜ ਦੀਆਂ ਵੋਟਾਂ ਪੱਕੀਆਂ ਕਰ ਲੈਣ। ਇਸ ਦੇ ਉਲਟ ਨਹਿਰੂ ਨੂੰ ਅਪਣੇ ਲੋਕਾਂ ਨਾਲ ਤੇ ਰਾਸ਼ਟਰ ਦੇ ਹਿਤਾਂ ਨਾਲ ਅੰਤਾਂ ਦੀ ਮੁਹੱਬਤ ਸੀ। ਭਾਰਤ ਦਾ ਲੋਕਰਾਜ ਅੱਜ ਵੀ ਨਹਿਰੂ ਦੀਆਂ ਸਥਾਪਤ ਕੀਤੀਆਂ ਕਦਰਾਂ ਦੇ ਸਿਰ ਤੇ  ਚਲ ਰਿਹੈ। ਪਰ ਅਫ਼ਸੋਸ ਕਿ ਸਿਆਸਤ ’ਚ ਪੈਦਾ ਕੀਤੇ ਨਿਘਾਰ ਨੇ ਲੋਕਾਂ ਦੀ ਹਾਨੀ ਕੀਤੀ ਹੈ। ਜੇਤੂ ਪਾਰਟੀਆਂ ਦੇ ਨੁਮਾਇੰਦੇ ਅਪਣੇ ਹਿਤਾਂ ਦੀ ਰਾਖੀ ਕਰਦੇ ਹੋਏ ਵਿਰੋਧੀ ਪਾਰਟੀਆਂ ਨੂੰ ਕੋਸਦੇ ਰਹਿੰਦੇ ਹਨ ਤੇ ਲੋਕ-ਹਿਤਾਂ ਦੀ ਪਾਲਣਾ ਵਲ ਜ਼ਰਾ ਵੀ ਧਿਆਨ ਨਹੀਂ ਦਿੰਦੇ।

ਨਹਿਰੂ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਕੈਨੇਡੀ ਦੀ ਯਾਦ ਆਉਂਦੀ ਹੈ। ਦੋਵੇਂ ਅੱਗੜ-ਪਿੱਛੜ ਦੁਨੀਆਂ ਤੋਂ ਰੁਖ਼ਸਤ ਹੋਏ। ਵੀਹਵੀਂ ਸਦੀ ਦੇ ਪੰਜਵੇਂ-ਛੇਵੇਂ-ਸੱਤਵੇਂ ਦਹਾਕਿਆਂ ਦਾ ਸਮਾਂ ਨਹਿਰੂ-ਕੈਨੇਡੀ ਵਰਗੀਆਂ ਸ਼ਖ਼ਸੀਅਤਾਂ ਤੋਂ ਪ੍ਰਭਾਵਤ ਸੀ। ਉਸ ਦੌਰ ’ਚ ਕੌਮਾਂਤਰੀ ਪੱਧਰ ਦੀ ਰਾਜਨੀਤੀ ’ਚ ਸੁਹਜ, ਸਹਿਜ ਤੇ ਆਦਰਸ਼ਵਾਦ ਦਾ ਦੌਰ-ਦੌਰਾ ਸੀ। ਇਨ੍ਹਾਂ ਨੇਤਾਵਾਂ ਦੇ ਜਾਂਦਿਆਂ ਹੀ ਇਹ ਕਦਰਾਂ ਵੀ ਮੁੱਕਣ ਲਗੀਆਂ ਸਨ। ਭਾਰਤੀ ਸਮਾਜ ਦੇ ਵਰਤਾਰਿਆਂ ’ਤੇ ਜਦੋਂ ਨਹਿਰੂ ਦੌਰ ਤਾਰੀ ਸੀ ਤਾਂ ਫ਼ਿਲਮਾਂ ਵੀ ਆਦਰਸ਼ਵਾਦ ਤੋਂ ਪ੍ਰੇਰਿਤ ਸਨ। ਰਾਜਕਪੂਰ ਦੀ ਫ਼ਿਲਮ ‘ਬੂਟ ਪਾਲਿਸ਼’, ਫ਼ਿਲਮ ਜਾਗ੍ਰਿਤੀ, ‘ਦੋ ਬੀਘਾ ਜ਼ਮੀਨ’, ‘ਮਦਰ ਇੰਡੀਆ’ ਆਦਿ ’ਚ ਮਨੁੱਖਤਾ ਦੇ ਆਦਰਸ਼ ਦੀ ਤਸਵੀਰ ਹੈ। ਹਿੰਦੀ ਕਵਿਤਾ ’ਚੋਂ ਰਾਸ਼ਟਰੀ ਭਾਵਨਾ ਡੁਲ੍ਹ ਡੁਲ੍ਹ ਪੈਂਦੀ ਸੀ। ਆਮ ਜਨਤਾ ਨੂੰ ਸਰਕਾਰੀ ਪਲਾਨਾਂ ਤੇ ਪਾਲਸੀਆਂ ਦੀ ਗੱਲ ਜਿਨ੍ਹਾਂ ਗਾਣਿਆਂ ਦੀ ਜ਼ੁਬਾਨੀ ਸੁਣਾਈ ਜਾਂਦੀ ਸੀ, ਉਹ ਅੱਜ ਵੀ ਸਾਡੇ ਕੰਨਾਂ ’ਚ ਗੂੰਜਦੇ ਹਨ, ‘‘ਇਸ ਵਾਸਤੇ ਪੰਦਰਾਂ ਅਗੱਸਤ ਹੈ ਹਮੇਂ ਪਿਆਰਾ, ਆਜ਼ਾਦ ਹੂਆ ਆਜ ਕੇ ਦਿਨ ਦੇਸ਼ ਹਮਾਰਾ” ਜਾਂ ‘‘ਕਹਿ ਦੋ ਯੇਹ ਗਾਂਵ ਕੇ ਜਾਟ ਕੇ ਔਰ ਸ਼ਹਿਰ ਕੇ ਜੈਂਟਲਮੈਨ ਕੇ, ਕਾਮਯਾਬ ਹਮ ਕਰ ਕੇ ਰਹੇਂਗੇ ਪਾਂਚ ਸਾਲ ਕੇ ਪਲੈਨ ਕੋ।”

ਤਹਿ ਦਿਲੋਂ ਮੁਲਕ ਤੇ ਰਾਸ਼ਟਰ ਨੂੰ ਪਿਆਰ ਕਰਨ ਵਾਲੇ ਇਸ ਨੇਤਾ ਦੇ ਦਿਲ ਦੀ ਧੜਕਣ ਰਾਸ਼ਟਰੀ ਭਾਵਨਾ ਦੀ ਆਵਾਜ਼ ਸੀ। ਨਹਿਰੂ ਨੇ ਲੋਕ ਰਾਜ ਦੇ ਨਕਸ਼ ਉਲੀਕੇ ਅਤੇ ਲੋਕਤੰਤਰ ਨੂੰ ਪਹਿਚਾਣ ਦਿਤੀ। ਭਾਰਤ ’ਚ ਅੰਤਰਰਾਸ਼ਟਰੀ ਫ਼ਿਲਮ ਉਤਸਵ ਰਚਾਉਣ ਦੀ ਪਿਰਤ 1951 ’ਚ ਨਹਿਰੂ ਨੇ ਹੀ ਪਾਈ। ‘ਦਰਪਣ’ ਤੇ ‘ਕਲਾਕਸ਼ੇਤਰ’ ਨਾਂ ਦੀਆਂ ਭਾਰਤੀ ਕਲਾਸਕੀ ਨ੍ਰਿਤ ਕਲਾ ਨੂੰ ਸਮਰਪਿਤ ਅਕਾਦਮੀਆਂ ਵੀ ਕ੍ਰਮਵਾਰ ਮ੍ਰਿਣਾਲਿਨੀ ਸਾਰਾਭਾਈ ਤੇ ਰੁਕਮਣੀ ਦੇਵੀ ਅਰੁਨਡੇਲ ਦੀ ਅਗਵਾਈ ਅਤੇ ਉਦਮ ਅਧੀਨ ਨਹਿਰੂ ਜਿਹੇ ਨੀਤੀਵਾਨ ਦੀ ਸਰਪ੍ਰਸਤੀ ਹੇਠ ਬਣੀਆਂ। ਨਹਿਰੂ ਨੇ ਭਾਰਤੀਆਂ ਨੂੰ ਵਿਗਿਆਨਕ ਪਹੁੰਚ ਤੇ ਸੋਚ ਅਪਣਾਉਣ ਲਈ ਪ੍ਰੇਰਿਆ। ਕੱੁਝ ਵਿਅਕਤੀ ਨਹਿਰੂ ਦੀਆਂ ਗ਼ਲਤੀਆਂ ਕੱਢ ਕੇ ਉਸ ਨੂੰ ਨਿੰਦਦੇ ਹਨ। ਹਰ ਇਕ ’ਚ ਕੋਈ ਨਾ ਕੋਈ ਕਮੀ ਹੁੰਦੀ ਹੈ। ਮਨ ਦੀਆਂ ਭਾਵਨਾਵਾਂ ਦੀ ਸ਼ੁਧਤਾ ਵਾਲੇ ਵਿਅਕਤੀ ਦੁਨਿਆਵੀ ਮਸਲਿਆਂ ’ਚ ਖ਼ਤਾਵਾਰ ਹੋ ਸਕਦੇ ਹਨ। ਪਰ ਭਾਰਤੀਅਤਾ ਤੇ ਮਨੁੱਖਤਾ ਦੋਹਾਂ ਦਾ ਖ਼ੂਨ ਜਿਸ ਦੀਆਂ ਰਗਾਂ ’ਚ ਹੋਵੇ, ਉਹ ਨੇਤਾ ਕਦੇ ਹੀ ਪੈਦਾ ਹੁੰਦਾ ਹੈ ਭਾਵੇਂ ਕਿ ਉਸ ਦੀ ਲੋੜ ਸਦਾ ਹੀ ਰਹਿੰਦੀ ਹੈ।

ਅਪਣੇ ਜਿਉਂਦੇ ਜੀਅ ਨਹਿਰੂ ਨੇ ਮਰਨ ਉਪ੍ਰੰਤ ਅਪਣੀ ਰਾਖ ਨੂੰ ਗੰਗਾ ਨਦੀ ’ਚ ਤੇ ਭਾਰਤ ਦੇ ਖੇਤਾਂ ਵਿਚ ਬਿਖੇਰ ਦੇਣ ਦੀ ਇੱਛਾ ਜਤਾਈ ਸੀ। ਉਸ ਨੇ ਭਾਰਤੀ ਗ੍ਰੰਥਾਂ ਦਾ ਗਹਿਰਾ ਅਧਿਐਨ ਕੀਤਾ। ‘ਡਿਸਕਵਰੀ ਆਫ਼ ਇੰਡੀਆ’ ਲਿਖੀ। ਦੂਸਰੀ ਪੁਸਤਕ 1144 ਪੰਨਿਆਂ ਦੀ ‘ਗਲਿੰਪਸਿਜ਼ ਆਫ਼ ਵਰਲਡ ਹਿਸਟਰੀ’ 1934-35 ’ਚ ਜੇਲ੍ਹ ’ਚ ਬੈਠ ਕੇ ਲਿਖੀ। ਅਪਣੀ ਜੀਵਨੀ ਵੀ ਲਿਖੀ ਤੇ ਇਸ ਵਿਚ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਤਸਵੀਰ ਪੇਸ਼ ਕੀਤੀ।

1947 ਤੋਂ 1964 ਤਕ ਸੰਸਦ ਵਿਚ ਸਾਰੇ ਫ਼ੈਸਲੇ ਖੁਲ੍ਹੀ ਬਹਿਸ ਤੋਂ ਬਾਅਦ ਹੋਇਆ ਕਰਦੇ ਸਨ। ਇਹ ਜਮਹੂਰੀਅਤ ਦਾ ਸੁਨਹਿਰੀ ਯੁਗ ਸੀ। ਨਹਿਰੂ ਨੇ ਭਾਖੜਾ ਡੈਮ ਨੰਗਲ ਤੇ ਇਕ ਹੋਰ ਡੈਮ ਦਾ ਨਿਰਮਾਣ ਕੀਤਾ। ਪ੍ਰਮਾਣੂ ਊਰਜਾ ਤੇ ਸ਼ੋਧ ਕੇਂਦਰ ਵੀ ਸਥਾਪਤ ਕੀਤੇ। ਨਾਲ ਹੀ ਸਾਹਿਤ ਤੇ ਕਲਾ ਅਕਾਦਮੀਆਂ ਜਹੀਆਂ ਰਾਸ਼ਟਰ ਦਾ ਗੌਰਵ ਬਣ ਜਾਣ ਵਾਲੀਆਂ ਸੰਸਥਾਵਾਂ ਸਥਾਪਤ ਕੀਤੀਆਂ। ਨਹਿਰੂ ਨੇ ਭਾਖੜਾ ਡੈਮ ਵਰਗੇ ਨਿਰਮਾਣਾਂ ਨੂੰ ਆਧੁਨਿਕ ਭਾਰਤ ਦੇ ਮੰਦਿਰ ਗਰਦਾਨਿਆਂ। ਭਾਵੇਂ ਕੋਈ ਹੋਰ ਵੀ ਪ੍ਰਥਮ ਪ੍ਰਧਾਨ ਮੰਤਰੀ ਹੋ ਕੇ ਅਜਿਹੇ ਹੀ ਨਿਰਮਾਣ ਕਰਦਾ ਪਰ ਨਹਿਰੂ ਦੀ ਵਿਲੱਖਣ ਦੇਣ ਭਾਰਤੀਆਂ ਨੂੰ ਜਮਹੂਰੀਅਤ ਦੇ ਸੰਸਕਾਰ ਦੇਣਾ ਹੈ। ਉਹ ਅਪਣੀ ਕੈਬਿਨਟ ’ਚ ਵਿਰੋਧੀ ਪਾਰਟੀ ਦੇ ਮੈਂਬਰਾਂ ਨੂੰ ਵੀ ਸਥਾਨ ਦਿੰਦੇ ਸਨ।

ਨਹਿਰੂ ਦੇ ਗੰਗਾ ਨਦੀ ਬਾਰੇ ਕਹੇ ਗਏ ਸ਼ਬਦ ਇਕ ਕਵਿਤਾ ਵਾਂਗ ਹਨ:
‘‘ਮੈਂ ਸਵੇਰ ਦੀ ਰੋਸ਼ਨੀ ’ਚ ਗੰਗਾ ਨੂੰ ਉਛਲਦੀ ਕੁਦਦੀ ਵੇਖਿਆ ਅਤੇ ਸ਼ਾਮ ਦੇ ਸਾਏ ’ਚ ਉਦਾਸ, ਕਾਲੀ ਚਾਦਰ ’ਚ ਲਿਪਟੀ ਹੋਈ, ਰਹੱਸਮਈ। ਸਰਦ ਰੁੱਤ ’ਚ ਸਿਮਟੀ ਜਿਹੀ ਹੌਲੀ ਵਗਦੀ ਸੁੰਦਰ ਧਾਰਾ ਅਤੇ ਵਰਖਾ ਰੁੱਤ ਵਿਚ ਦੌੜਦੀ ਹੋਈ, ਸਮੁੰਦਰ ਵਰਗੀ ਚੌੜੀ ਛਾਤੀ ਵਾਲੀ ਤੇ ਸੰਸਾਰ ਨੂੰ ਬਰਬਾਦ ਕਰਨ ਦੀ ਸ਼ਕਤੀ ਨਾਲ ਲੈਸ ਹੋਈ ਵੇਖਿਆ ਹੈ। ਇਹ ਗੰਗਾ ਹੀ ਮੇਰੇ ਲਈ ਭਾਰਤ ਦੀ ਪ੍ਰਾਚੀਨਤਾ ਦੀ ਨਿਸ਼ਾਨੀ ਹੈ ਜੋ ਵਰਤਮਾਨ ਤਕ ਵਹਿੰਦੀ ਆਈ ਹੈ ਤੇ ਵਹਿੰਦੀ ਰਹੇਗੀ ਭਵਿੱਖ ਦੇ ਮਹਾਂਸਾਗਰ ਵਲ।”

ਅੱਜ ਦੇ ਹੁਕਮਰਾਨ ਜੋ ਨਹਿਰੂ ਦੇ ਯੋਗਦਾਨ ਨੂੰ ਨਕਾਰਦੇ ਹਨ ਤੇ ਉਸ ਦੀਆਂ ਬਣਾਈਆਂ ਸੰਸਥਾਵਾਂ ਨੂੰ ਮਿਟਾਉਣ ’ਤੇ ਤੁਲੇ ਹਨ, ਉਹ ਖ਼ੁਦ ਮਿਟ ਜਾਣਗੇ ਤੇ ਜੇ ਕੁੱਝ ਮਿਟਾ ਵੀ ਦੇਣਗੇ ਤਾਂ ਨਹਿਰੂ ਦੀ ‘ਡਿਸਕਵਰੀ ਆਫ਼ ਇੰਡੀਆ’ ਦੀ ਆਨ-ਬਾਨ ਨੂੰ ਸਮੂਹਕ ਭਾਰਤੀ ਜੀਵਨ ’ਚੋਂ ਮਨਫ਼ੀ ਨਹੀਂ ਕਰ ਸਕਣਗੇ।
ਮਹਾਨ ਸ਼ਾਇਰ ਕੈਫ਼ੀ ਆਜ਼ਮੀ ਦੀ ਨਹਿਰੂ ਦੀ ਮੌਤ ਉਤੇ ਲਿਖੀ ਕਵਿਤਾ ਸੱਚੀ ਸ਼ਰਧਾਜਲੀ ਹੈ:
‘‘ਮੇਰੀ ਆਵਾਜ਼ ਸੁਨੋ ਪਿਆਰ ਕਾ ਰਾਜ਼ ਸੁਨੋ, ਮੈਨੇ ਜੋ ਏਕ ਫੂਲ ਜੋ ਸੀਨੇ ਪੇ ਸਜਾ ਰੱਖਾ ਥਾ, ਉਸ ਕੇ ਪਰਦੇ ਮੇਂ ਤੁਮ੍ਹੇਂ ਦਿਲ ਸੇ ਲਗਾ ਰੱਖਾ ਥਾ, ਹੈਂ ਜੁਦਾ ਸਬ ਸੇ ਮੇਰੇ ਇਸ਼ਕ ਕਾ ਅੰਦਾਜ਼ ਸੁਨੋ, ਮੇਰੀ ਆਵਾਜ਼ ਸੁਨੋ।”
ਇਸ ਗੀਤ ਨੂੰ ਫ਼ਿਲਮ ਨੌਨਿਹਾਲ (1967) ’ਚ ਵਰਤਿਆ ਗਿਆ ਸੀ। ਸਮੇਂ ਨੂੰ ਲੋੜ ਹੈ ਜਵਾਹਰ ਲਾਲਾਂ ਦੀ ਤੇ ਜਵਾਹਰ ਲਾਲਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਦੀ।'

- ਕਮਲੇਸ਼ ਉੱਪਲ ਪਟਿਆਲਾ
ਮੋਬਾ : 98149-02564

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update: ਅਚਾਨਕ ਬਦਲਿਆ ਮੌਸਮ, ਪੈਣ ਲੱਗਾ ਮੀਂਹ, ਲੋਕਾਂ ਦੇ ਖਿੜੇ ਚਿਹਰੇ, ਵੇਖੋ ਦਿਲਾਂ ਨੂੰ ਠੰਢਕ .

20 Jun 2024 2:02 PM

Akali Dal 'ਤੇ Charanjit Brar ਦਾ ਮੁੜ ਵਾਰ, ਕੱਲੇ ਕੱਲੇ ਦਾ ਨਾਂਅ ਲੈ ਕੇ ਸਾਧਿਆ ਨਿਸ਼ਾਨਾ, ਵੇਖੋ LIVE

20 Jun 2024 1:36 PM

Amritsar Weather Update : Temperature 46 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ.. ਗਰਮੀ ਦਾ ਟੂਰਿਜ਼ਮ ’ਤੇ ਵੀ..

20 Jun 2024 1:02 PM

ਅੱਤ ਦੀ ਗਰਮੀ 'ਚ ਲੋਕਾਂ ਨੂੰ ਰੋਕ-ਰੋਕ ਪਾਣੀ ਪਿਆਉਂਦੇ Sub-Inspector ਦੀ ਸੇਵਾ ਦੇਖ ਤੁਸੀਂ ਵੀ ਕਰੋਗੇ ਦਿਲੋਂ ਸਲਾਮ

20 Jun 2024 11:46 AM

Bathinda News: ਇਹ ਪਿੰਡ ਬਣਿਆ ਮਿਸਾਲ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਦੇ ਰਿਹਾ ਹੈ 500 ਰੁਪਏ

20 Jun 2024 10:16 AM
Advertisement