ਹੁਣ ਚੰਗੀਆਂ ਨਹੀਂ ਲਗਦੀਆਂ ਦਿਵਾਲੀਆਂ
Published : Oct 27, 2019, 8:03 am IST
Updated : Oct 27, 2019, 8:03 am IST
SHARE ARTICLE
Diwali
Diwali

ਸਾਡੇ ਦਿਨ-ਤਿਉਹਾਰ ਸਾਡੇ ਸਭਿਆਚਾਰ ਦਾ ਅਹਿਮ ਅੰਗ ਹਨ। ਸਾਡੇ ਦੇਸ਼ ਦੀ ਆਰਥਕਤਾ ਵੀ ਸਾਡੇ ਤਿਉਹਾਰਾਂ ਨਾਲ ਜੁੜੀ ਹੋਈ ਹੈ।

ਸਾਡੇ ਦਿਨ-ਤਿਉਹਾਰ ਸਾਡੇ ਸਭਿਆਚਾਰ ਦਾ ਅਹਿਮ ਅੰਗ ਹਨ। ਸਾਡੇ ਦੇਸ਼ ਦੀ ਆਰਥਕਤਾ ਵੀ ਸਾਡੇ ਤਿਉਹਾਰਾਂ ਨਾਲ ਜੁੜੀ ਹੋਈ ਹੈ। ਸਾਡੇ ਦੇਸ਼ ਦੇ ਹਰ ਸੂਬੇ ਦੇ ਅਪਣੇ-ਅਪਣੇ ਖ਼ਾਸ ਤਿਉਹਾਰ ਹਨ ਪਰ ਕੁੱਝ ਤਿਉਹਾਰ ਅਜਿਹੇ ਹਨ ਜਿਹੜੇ ਸਾਰੇ ਭਾਰਤ ਵਿਚ ਸਾਂਝੇ ਤੌਰ 'ਤੇ ਮਨਾਏ ਜਾਂਦੇ ਹਨ। ਇਨ੍ਹਾਂ ਦਾ ਸਾਡੇ ਦੇਸ਼ ਦੀ ਆਰਥਕਤਾ ਨਾਲ ਵੀ ਗਹਿਰਾ ਸਬੰਧ ਹੈ ਕਿਉਂਕਿ ਸਾਡੇ ਲੋਕ ਤਿਉਹਾਰਾਂ ਮੌਕੇ ਜ਼ਿਆਦਾ ਖ਼ਰੀਦਦਾਰੀ ਕਰਦੇ ਹਨ। ਤਿਉਹਾਰਾਂ 'ਤੇ ਖੁਲ੍ਹ ਕੇ ਪੈਸਾ ਖ਼ਰਚਦੇ ਹਨ। ਅਜਿਹੇ ਤਿਉਹਾਰਾਂ ਵਿਚ ਦਿਵਾਲੀ ਸੱਭ ਤੋਂ ਖ਼ਾਸ ਤਿਉਹਾਰ ਹੈ।

ਦਿਵਾਲੀ ਪੂਰੇ ਭਾਰਤ ਵਿਚ ਮਨਾਇਆ ਜਾਣ ਵਾਲਾ ਸੱਭ ਤੋਂ ਖ਼ਾਸ ਤਿਉਹਾਰ ਹੈ। ਦਿਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ। ਪਹਿਲਾਂ ਲੋਕ ਦਿਵਾਲੀ ਵਾਲੀ ਰਾਤ ਅਪਣੇ ਘਰਾਂ ਦੀਆਂ ਕੰਧਾਂ, ਬਨੇਰਿਆਂ ਅਤੇ ਗੇਟਾਂ ਉੱਤੇ ਸਾਡੇ ਹੀ ਦੇਸ਼ ਦੇ ਵਾਸੀਆਂ ਘੁਮਿਆਰ ਜਾਤੀ ਦੇ ਲੋਕਾਂ ਵਲੋਂ ਬਣਾਏ ਦੀਵੇ ਲਾਉਂਦੇ ਸਨ। ਇਹ ਪ੍ਰੰਪਰਾ ਕਾਫ਼ੀ ਲੰਮਾ ਸਮਾਂ ਚਲਦੀ ਰਹੀ। ਫਿਰ ਮੋਮਬੱਤੀਆਂ ਹੋਂਦ ਵਿਚ ਆਈਆਂ ਤਾਂ ਲੋਕ ਦੀਵਿਆਂ ਦੇ ਨਾਲ-ਨਾਲ ਮੋਮਬੱਤੀਆਂ ਅਪਣੇ ਘਰਾਂ ਦੀਆਂ ਕੰਧਾਂ, ਬਨੇਰਿਆਂ ਅਤੇ ਗੇਟਾਂ ਉੱਤੇ ਲਾਉਣ ਲੱਗ ਪਏ। ਮੋਮਬੱਤੀਆਂ ਦੀਵਿਆਂ ਦੇ ਮੁਕਾਬਲੇ ਜਗਾਉਣੀਆਂ ਆਸਾਨ ਸਨ ਪਰ ਉਨ੍ਹਾਂ ਦੀ ਉਮਰ ਦੀਵੇ ਦੇ ਮੁਕਾਬਲੇ ਘੱਟ ਸੀ। ਦੂਜਾ ਮੋਮਬੱਤੀਆਂ ਦੀਵਿਆਂ ਦੇ ਮੁਕਾਬਲੇ ਹਵਾ ਨਾਲ ਜਲਦੀ ਬੁੱਝ ਜਾਂਦੀਆਂ ਸਨ। ਇਸੇ ਕਾਰਨ ਬਜ਼ੁਰਗਾਂ ਵਿਚ ਦੀਵੇ ਦੀ ਅਹਿਮੀਅਤ ਸਦਾ ਬਰਕਰਾਰ ਰਹੀ।

Diwali Lamp Diwali 

ਸਮੇਂ ਨੇ ਤਰੱਕੀ ਕੀਤੀ। ਬਿਜਲੀ ਹਰ ਘਰ ਵਿਚ ਪਹੁੰਚ ਗਈ। ਲੋਕ ਦਿਵਾਲੀ ਨੂੰ ਬਿਜਲੀ ਦੇ ਛੋਟੇ ਬਲਬ (ਲੜੀਆਂ) ਆਦਿ ਜਗਾਉਣ ਲੱਗ ਪਏ ਪਰ ਪਿਛਲੇ ਕੁੱਝ ਸਾਲਾਂ ਤੋਂ ਚੀਨ ਦੀਆਂ ਬਣੀਆਂ ਲੜੀਆਂ ਨੇ ਦੀਵੇ ਅਤੇ ਮੋਮਬੱਤੀਆਂ ਖ਼ਤਮ ਹੀ ਕਰ ਦਿਤੀਆਂ ਸਨ। ਸਿਰਫ਼ ਰਸਮ ਪੂਰੀ ਕਰਨ ਲਈ ਹੀ ਕੁੱਝ ਘਰਾਂ ਵਿਚ ਪੰਜ-ਸੱਤ ਦੀਵੇ ਜਗਾ ਲਏ ਜਾਂਦੇ ਸਨ। ਪਰ ਕਹਿੰਦੇ ਹਨ ਕਿ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ। ਉਸੇ ਅਨੁਸਾਰ ਪਿਛਲੇ ਦੋ ਕੁ ਸਾਲਾਂ ਤੋਂ ਲੋਕਾਂ ਨੇ ਮੋਮਬੱਤੀਆਂ ਅਤੇ ਦੀਵਿਆਂ ਨੂੰ ਮੁੜ ਸਵੀਕਾਰਨਾ ਸ਼ੁਰੂ ਕਰ ਦਿਤਾ ਹੈ। ਚਾਹੇ ਚੀਨ ਦੀਆਂ ਬਣੀਆਂ ਲੜੀਆਂ ਸਾਡੇ 'ਤੇ ਭਾਰੂ ਹਨ ਪਰ ਫਿਰ ਵੀ ਦੀਵਿਆਂ ਅਤੇ ਮੋਮਬੱਤੀਆਂ ਦੀ ਮਹਾਨਤਾ ਵਧੀ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਅੱਜ ਸਾਡੇ ਦੇਸ਼ ਦੀ ਆਰਥਿਕਤਾ ਡਾਵਾਂਡੋਲ ਹੋਣ ਕਾਰਨ ਹਰ ਵਿਅਕਤੀ ਦੁਖੀ ਹੈ, ਹਰ ਇਨਸਾਨ ਖ਼ੁਸ਼ੀ ਅਤੇ ਸੰਤੁਸ਼ਟੀ ਲਈ ਕਿਸੇ ਦੈਵੀ ਸ਼ਕਤੀ ਦਾ ਸਹਾਰਾ ਭਾਲ ਰਿਹਾ ਹੈ ਤਾਂ ਹੀ ਸਾਡੇ ਦੇਸ਼ ਵਿਚ ਧਰਮ ਦਾ ਬੋਲ-ਬਾਲਾ ਜ਼ਿਆਦਾ ਵੱਧ ਰਿਹਾ ਹੈ। ਅੱਜ ਲੋਕ ਜ਼ਿਆਦਾਤਰ ਨਾਸਤਿਕ ਹੋਣ ਦਾ ਵਿਖਾਵਾ ਕਰ ਰਹੇ ਹਨ ਪਰ ਅਸਲ ਵਿਚ ਰੱਬ ਦੀ ਹੋਂਦ ਨੂੰ ਜ਼ਿਆਦਾ ਮੰਨ ਰਹੇ ਹਨ।

Diwali DecorationDiwali Decoration

ਤਕਰੀਬਨ ਸਾਰੇ ਹੀ ਧਰਮਾਂ ਅਨੁਸਾਰ ਦੀਵੇ ਦੀ ਅਹਿਮ ਖ਼ਾਸੀਅਤ ਹੈ। ਵੈਸੇ ਦਿਵਾਲੀ ਦਾ ਸਬੰਧ ਪੰਜਾਬੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਮੌਕੇ ਤੋਂ ਹੀ ਜੁੜਿਆ ਹੋਇਆ ਹੈ ਪਰ ਇਸ ਦਾ ਵਿਸ਼ੇਸ਼ ਮਹੱਤਵ ਉਦੋਂ ਹੋਰ ਬਣਿਆ ਹੈ ਜਦੋਂ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਗ਼ਲਾਂ ਦੀ ਕੈਦ ਤੋਂ ਮੁਕਤ ਹੋ ਕੇ ਅਤੇ 52 ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਅਪਣੇ ਨਾਲ ਮੁਕਤ ਕਰਵਾ ਕੇ ਬਾਹਰ ਆਏ। ਇਸ ਖ਼ੁਸ਼ੀ ਵਿਚ ਲੋਕਾਂ ਨੇ ਦੀਪਮਾਲਾ ਕੀਤੀ ਸੀ। ਪ੍ਰਸਿੱਧ ਇਤਿਹਾਸਕਾਰ ਭਾਈ ਕਾਹਨ ਸਿੰਘ ਨਾਭਾ ਅਨੁਸਾਰ 'ਦੀਵੇ ਜਗਾਉਣ ਦੀ ਰਸਮ ਬਾਬਾ ਬੁੱਢਾ ਸਿੰਘ ਜੀ ਨੇ ਸ਼ੁਰੂ ਕੀਤੀ ਸੀ।' ਸਿੱਖ ਧਰਮ ਅਨੁਸਾਰ ਗੁਰੂ ਮਹਾਰਾਜ ਦੀ ਦੇਸੀ ਘਿਉ ਦੀ ਜੋਤ ਜਗਾਈ ਜਾਂਦੀ ਹੈ, ਹਿੰਦੂ ਧਰਮ ਅਨੁਸਾਰ ਮਾਤਾ ਦੀਆਂ ਜੋਤਾਂ ਜਗਦੀਆਂ ਹਨ। ਪੀਰਾਂ ਦੇ ਦੀਵੇ ਜਗਾਏ ਜਾਂਦੇ ਹਨ। ਇਸਾਈਆਂ ਦੇ ਕੈਂਡਲ (ਮੋਮਬੱਤੀ) ਜਗਦੀ ਹੈ। ਸੱਭ ਦਾ ਮਕਸਦ ਇਕ ਹੀ ਹੈ ਰੌਸ਼ਨੀ ਪੈਦਾ ਕਰਨਾ। ਦਿਵਾਲੀ ਮੌਕੇ ਦੀਵੇ, ਮੋਮਬੱਤੀਆਂ, ਲੜੀਆਂ ਆਦਿ ਜਗਾਉਣ ਦਾ ਵੀ ਇਹੋ ਮਤਲਬ ਹੈ। ਚੀਨ ਸਾਡੀ ਇਸ ਪ੍ਰੰਪਰਾ ਵਿਚੋਂ ਵੀ ਆਰਥਕ ਲਾਹਾ ਲੈ ਗਿਆ। ਪਿਛਲੇ ਦੋ ਕੁ ਸਾਲਾਂ ਤੋਂ ਚੀਨ ਦੀਆਂ ਬਣੀਆਂ ਲੜੀਆਂ ਨੂੰ ਵਿਦੇਸ਼ੀ ਆਖ ਕੇ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ। ਇਸ ਦਾ ਸਬੰਧ ਵੀ ਸਾਡੀ ਆਰਥਕਤਾ ਨਾਲ ਹੀ ਹੈ।

Bandi Chhor DivasBandi Chhor Divas

ਪਿਛਲੇ ਸਾਲਾਂ ਦੌਰਾਨ ਮੈਨੂੰ ਦੋ ਦਿਵਾਲੀਆਂ ਕੈਨੇਡਾ ਵਿਖੇ ਵੇਖਣ ਦਾ ਮੌਕਾ ਮਿਲਿਆ। ਮੈਨੂੰ ਅਪਣੇ ਆਪ 'ਤੇ ਅਫ਼ਸੋਸ ਹੋ ਰਿਹਾ ਸੀ ਕਿ ਦਿਵਾਲੀ ਨੂੰ ਮੈਂ ਅਪਣੇ ਪੰਜਾਬ ਕਿਉਂ ਨਹੀਂ ਵਾਪਸ ਆਇਆ? ਕੈਨੇਡਾ ਵਿਚ ਦਿਵਾਲੀ ਮੌਕੇ ਨਾ ਹੀ ਪਟਾਕਿਆਂ ਦੀਆਂ ਵਿਸ਼ੇਸ਼ ਦੁਕਾਨਾਂ ਸਨ, ਨਾ ਹੀ ਮਠਿਆਈਆਂ ਦੀਆਂ। ਨਾ ਹੀ ਉਥੇ ਦਿਵਾਲੀ ਮੌਕੇ ਵਿਸ਼ੇਸ ਸੇਲ ਲੱਗੀ ਅਤੇ ਨਾ ਹੀ ਬਾਜ਼ਾਰ ਵਿਸ਼ੇਸ ਤੌਰ 'ਤੇ ਸਜੇ ਹੋਏ ਹੁੰਦੇ ਹਨ। ਕੈਨੇਡਾ ਵਿਚ ਦਿਵਾਲੀ ਮੌਕੇ ਜ਼ਿਆਦਾਤਰ ਲੋਕ ਘਰਾਂ ਵਿਚ ਲੜੀਆਂ ਵੀ ਨਹੀਂ ਲਗਾਉਂਦੇ। ਫਿਰ ਕੈਨੇਡਾ ਵਿਚ ਦਿਵਾਲੀ ਮੌਕੇ ਖ਼ਰੀਦੋ-ਫ਼ਰੋਖਤ ਕਿਵੇਂ ਵਿਸ਼ੇਸ਼ ਹੋ ਸਕਦੀ ਹੈ ਜੋ ਉਥੋਂ ਦੀ ਆਰਥਿਕਤਾ 'ਤੇ ਅਸਰ ਪਾਵੇ। ਕੈਨੇਡਾ ਵਿਚ ਦਿਵਾਲੀ ਵਾਲਾ ਦਿਨ ਆਮ ਦਿਨਾਂ ਵਰਗਾ ਹੀ ਬੀਤ ਜਾਂਦਾ ਹੈ।

ਭਾਰਤ ਵਿਚ ਦਿਵਾਲੀ ਦੀ ਗਹਿਮਾ-ਗਹਿਮੀ ਤਕਰੀਬਨ ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਦੁਸਹਿਰੇ ਵਾਲੇ ਦਿਨ ਤੋਂ ਤਾਂ ਦਿਵਾਲੀ ਦੀਆਂ ਤਿਆਰੀਆਂ ਅਤੇ ਖ਼ਰੀਦੋ-ਫ਼ਰੋਖਤ ਪੂਰੇ ਜ਼ੋਰਾਂ 'ਤੇ ਹੁੰਦੀ ਹੈ। ਸੱਭ ਦੇ ਕੰਮ-ਕਾਰ ਵਧੀਆ ਤਰੀਕੇ ਨਾਲ ਚਲਦੇ ਹਨ। ਮਨ ਖ਼ੁਸ਼ ਹੁੰਦਾ ਹੈ। ਦਿਵਾਲੀਆਂ ਵੀ ਤਾਂ ਹੀ ਚੰਗੀਆਂ ਲਗਦੀਆਂ ਹਨ। ਹੁਣ ਪਿਛਲੇ ਸਾਲਾਂ ਦੌਰਾਨ ਹੋਈ ਨੋਟਬੰਦੀ ਕਾਰਨ ਆਮ ਲੋਕਾਂ ਦੇ ਮੰਦੇ ਹੋਏ ਕਾਰੋਬਾਰ ਕਾਰਨ ਜੇਬਾਂ ਖ਼ਾਲੀ ਹੋ ਗਈਆਂ ਅਤੇ ਜੀ.ਐਸ.ਟੀ. ਲਾਗੂ ਹੋਣ ਕਾਰਨ ਵਪਾਰੀ ਵਰਗ ਪ੍ਰੇਸ਼ਾਨ ਹੋ ਗਿਆ। ਇਸ ਦਾ ਭਾਰ ਵੀ ਆਮ ਲੋਕਾਂ ਦੀਆਂ ਜੇਬਾਂ 'ਤੇ ਹੀ ਪਿਆ ਹੈ ਜਿਸ ਕਾਰਨ ਹੁਣ ਦਿਵਾਲੀਆਂ ਵੀ ਚੰਗੀਆਂ ਨਹੀਂ ਲਗਦੀਆਂ। ਫਿਰ ਵੀ ਹਰ ਇਨਸਾਨ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਦੀਪਾਂ ਦੇ ਇਸ ਤਿਉਹਾਰ ਦਿਵਾਲੀ ਦਾ ਨਿੱਘ ਅਪਣਿਆਂ ਨਾਲ ਮਾਣਿਆ ਜਾਵੇ। ਸਾਡੇ ਬੰਧਨ, ਸਾਡੇ ਰਿਸ਼ਤੇ-ਨਾਤੇ ਭਾਵੇਂ ਉਹ ਭੈਣ-ਭਰਾ ਦਾ ਹੋਵੇ, ਮਾਂ-ਬਾਪ, ਬੇਟੇ ਜਾਂ ਬੇਟੀ ਦਾ ਹੋਵੇ, ਦੋਸਤੀ ਦਾ, ਪਿਆਰ ਦਾ, ਮੁਹੱਬਤ ਦਾ ਹੋਵੇ। ਇਨ੍ਹਾਂ ਵਿਚਲੇ ਨਿੱਘ ਨੂੰ ਪੂਰੀ ਤਰ੍ਹਾਂ ਮਾਣਨ ਅਤੇ ਹੋਰ ਵਧਾਉਣ ਦਾ ਯਤਨ ਕੀਤਾ ਜਾਂਦਾ ਹੈ।

DiwaliDiwali

ਮੱਸਿਆ ਦੀ ਕਾਲੀ ਰਾਤ ਨੂੰ ਰੁਸ਼ਨਾਉਂਦਾ, ਪਿਆਰ ਦੇ ਅਹਿਸਾਸਾਂ ਨੂੰ ਜਗਾਉਂਦਾ ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਹੁੰਦਾ ਹੈ, ਆਮ ਤੌਰ 'ਤੇ ਇਹ ਨਵੰਬਰ ਵਿਚ ਆਉਂਦਾ ਹੈ। ਵੈਸੇ ਇਸ ਤਿਉਹਾਰ ਪਿੱਛੇ ਸਾਡੀਆਂ ਧਾਰਮਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਹਰ ਧਰਮ ਦੇ ਲੋਕ ਅਪਣੇ-ਅਪਣੇ ਪੈਰੋਕਾਰਾਂ ਦੇ ਦੱਸੇ ਅਨੁਸਾਰ ਇਹ ਤਿਉਹਾਰ ਮਨਾਉਂਦੇ ਆ ਰਹੇ ਹਨ। ਅਸੀਂ ਇਸ ਤਿਉਹਾਰ ਸਮੇਂ ਅਪਣੇ-ਅਪਣੇ ਸੱਜਣਾਂ ਮਿੱਤਰਾਂ, ਸਕੇ-ਸਬੰਧੀਆਂ, ਛੋਟੇ ਭੈਣ-ਭਰਾਵਾਂ ਨੂੰ ਤੋਹਫ਼ੇ ਦੇ ਕੇ ਖ਼ੁਸ਼ੀ ਮਹਿਸੂਸ ਕਰਦੇ ਹਾਂ। ਤੋਹਫ਼ੇ ਹਾਸਲ ਕਰ ਕੇ ਵੀ ਖ਼ੁਸ਼ੀ ਮਹਿਸੂਸ ਹੁੰਦੀ ਹੈ। ਇਹ ਖ਼ੁਸ਼ੀ ਉਸ ਸਮੇਂ ਹੋਰ ਵੀ ਦੁੱਗਣੀ ਹੋ ਜਾਂਦੀ ਹੈ ਜਦੋਂ ਕੋਈ ਸਾਡਾ ਪਿਆਰਾ ਸਾਡੇ ਲਈ ਖ਼ਾਸ ਤੋਹਫ਼ਾ ਲੈ ਕੇ ਆਉਂਦਾ ਹੈ। ਵੈਸੇ ਤਾਂ ਹਰ ਕੋਈ ਇਹੀ ਕੋਸ਼ਿਸ਼ ਕਰਦਾ ਹੈ ਕਿ ਅਪਣਿਆਂ ਨੂੰ ਕੀਮਤੀ ਤੋਹਫ਼ੇ ਦਿਤੇ ਜਾਣ। ਇਹ ਜ਼ਰੂਰੀ ਨਹੀਂ ਕਿ ਤੋਹਫ਼ੇ ਦੀ ਕੀਮਤ ਪੈਸੇ ਵਿਚ ਜ਼ਿਆਦਾ ਹੋਵੇ। ਕੀਮਤ ਤਾਂ ਭਾਵਨਾਵਾਂ ਦੀ ਚਾਹੀਦੀ ਹੈ, ਕਦਰ ਦੀ ਚਾਹੀਦੀ ਹੈ, ਪਿਆਰ ਦੀ ਚਾਹੀਦੀ ਹੈ। ਸਾਡੇ ਸਮਾਜ ਵਿਚ ਬਹੁਤ ਲੋਕ ਅਜਿਹੇ ਹਨ ਜਿਹੜੇ ਤੋਹਫ਼ੇ ਨੂੰ ਇਕ ਆੜ ਸਮਝਦੇ ਹਨ। ਜੇਕਰ ਪਿਆਰ ਦੇ ਇਸ ਤੋਹਫ਼ੇ ਨੂੰ ਆੜ ਸਮਝਿਆ ਜਾਵੇ, ਤੋਹਫ਼ੇ ਦਿੰਦੇ ਸਮੇਂ ਜਾਂ ਲੈਣ ਸਮੇਂ ਹੋਠਾਂ 'ਤੇ ਪਿਆਰ ਭਰੀ ਮੁਸਕਾਨ ਨਾ ਹੋਵੇ ਤਾਂ ਤੋਹਫ਼ਾ ਅਰਥਹੀਣ ਹੋ ਜਾਂਦਾ ਹੈ।

diwali diwali

ਜਦੋਂ ਕੋਈ ਸਾਨੂੰ ਤੋਹਫ਼ਾ ਦਿੰਦਾ ਹੈ ਤਾਂ ਉਹ ਤੋਹਫ਼ੇ ਦੀ ਕੀਮਤ ਪੈਸੇ ਵਿਚ ਵੇਖਣ ਦੀ ਬਜਾਏ ਉਸ ਦੀ ਕੀਮਤ ਭਾਵਨਾ ਅਤੇ ਪਿਆਰ ਵਿਚ ਵੇਖੀ ਜਾਵੇ ਤਾਂ ਉਹ ਜ਼ਿਆਦਾ ਖ਼ੁਸ਼ੀ ਪ੍ਰਦਾਨ ਕਰੇਗਾ। ਜੇਕਰ ਪੈਸੇ ਵਿਚ ਕੀਮਤੀ ਤੋਹਫ਼ੇ ਜ਼ਿਆਦਾ ਖ਼ੁਸ਼ੀ ਦਿੰਦੇ ਤਾਂ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਸਿਰਫ਼ ਅਮੀਰ ਲੋਕਾਂ ਤਕ ਹੀ ਸੀਮਤ ਰਹਿ ਜਾਣਾ ਸੀ। ਅੱਜਕਲ੍ਹ ਮਹਿੰਗਾਈ ਦਾ ਜ਼ਮਾਨਾ ਹੈ ਇਸ ਲਈ ਘਰੇਲੂ ਬਜਟ ਨੂੰ ਵੇਖਦੇ ਹੋਏ ਹੀ ਖ਼ਰਚਾ ਕਰਨਾ ਚਾਹੀਦਾ ਹੈ। ਤੁਹਾਡਾ ਪਿਆਰ ਨਾਲ ਦਿਤਾ ਹੋਇਆ ਕਾਗ਼ਜ਼ ਦਾ ਇਕ ਟੁਕੜਾ ਵੀ ਤੁਹਾਡੇ ਅਪਣਿਆਂ ਨੂੰ ਅਜਿਹੀ ਖ਼ੁਸ਼ੀ ਦੇ ਸਕਦਾ ਹੈ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਪਰ ਜੇ ਤੋਹਫ਼ਾ ਲੈਣ ਵਾਲਾ ਬੇਕਦਰਾ ਹੈ ਫਿਰ ਤੁਹਾਡਾ ਹਜ਼ਾਰਾਂ-ਲੱਖਾਂ ਦਾ ਤੋਹਫ਼ਾ ਵੀ ਉਸ ਨੂੰ ਖ਼ੁਸ਼ੀ ਨਹੀਂ ਦੇ ਸਕਦਾ।

ਖ਼ੁਸ਼ੀਆਂ ਅਤੇ ਖੇੜਿਆਂ ਦੀ ਸੂਚਕ ਦਿਵਾਲੀ ਜਦ ਆਉਂਦੀ ਹੈ ਤਾਂ ਮਨ ਖ਼ੁਸ਼ੀ ਦੀ ਕਲਪਨਾ ਕਰਦਾ ਹੈ। ਰੱਬ ਕਰੇ! ਕਿਸੇ ਲਈ ਵੀ ਅਜਿਹੀ ਦਿਵਾਲੀ ਕਦੇ ਨਾ ਆਵੇ, ਜਿਸ ਵਿਚ ਕਿਸੇ ਦੇ ਵਿਛੋੜੇ ਦਾ ਦਰਦ ਹੋਵੇ। ਦੇਸ਼ ਦੇ ਕੋਨੇ-ਕੋਨੇ ਅਤੇ ਕੁੱਝ ਵਿਦੇਸ਼ਾਂ ਵਿਚ ਮਨਾਏ ਜਾਣ ਵਾਲੇ ਪੰਜਾਬ ਦੇ ਸੱਭ ਤੋਂ ਵੱਡੇ ਤਿਉਹਾਰ ਦਿਵਾਲੀ 'ਤੇ ਚਾਹੇ ਕਰੋੜਾਂ ਰੁਪਏ ਖ਼ਰਚ ਹੋ ਜਾਂਦੇ ਹਨ ਪਰ ਇਸ ਦੇ ਬਦਲੇ ਜੋ ਬੇਅੰਤ ਖ਼ੁਸ਼ੀ ਪ੍ਰਾਪਤ ਹੁੰਦੀ ਹੈ, ਉਸ ਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਸਮੂਹ ਪਾਠਕਾਂ ਦੇ ਘਰ ਮਿਲਾਪ, ਪਿਆਰ, ਖ਼ੁਸ਼ੀਆਂ, ਅਪਸੀ ਭਾਈਚਾਰਾ ਅਤੇ ਉੱਚੀ-ਸੁੱਚੀ ਸੋਚ ਦੇ ਦੀਪ ਹਮੇਸ਼ਾ ਜਗਦੇ ਰਹਿਣ। ਸੱਭ ਦੇ ਦਿਲਾਂ ਦੀ ਨਫ਼ਰਤ ਦੂਰ ਹੋਵੇ ਅਤੇ ਪਿਆਰ ਦਾ ਦੀਵਾ ਹਮੇਸ਼ਾ ਜਗਦਾ ਰਹੇ।  

ਭਵਨਦੀਪ ਸਿੰਘ ਪੁਰਬਾ
ਸੰਪਰਕ : 9988-92-9988

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement