ਭਾਰਤ ਦਾ ਮਿੰਨੀ ਸਵਿਜ਼ਰਲੈਂਡ ਖਜਿਆਰ (ਡਲਹੌਜ਼ੀ)
Published : Feb 28, 2021, 10:31 am IST
Updated : Feb 28, 2021, 10:45 am IST
SHARE ARTICLE
Dalhousie
Dalhousie

ਸੈਂਟ ਜੋਨਜ਼ ਚਰਚ ਡਲਹੌਜ਼ੀ ਦਾ ਮੁੱਖ ਆਕ੍ਰਸ਼ਿਤ ਤੇ ਇਤਿਹਾਸਕ ਸਥਾਨ ਹੈ ਜੋ ਗਾਂਧੀ ਚੌਕ ਦੇ ਸਾਹਮਣੇ ਹੈ।

ਮਨੁੱਖ ਦਾ ਕੁਦਰਤ ਨਾਲ ਬੜਾ ਗੂੜ੍ਹਾ ਰਿਸ਼ਤਾ ਹੈ ਜਿਸ ਦੀ ਸੰਗਤ ਲਈ ਉਹ ਕੁਦਰਤ ਵਲ ਖਿਚਿਆ ਤੁਰਿਆ ਜਾਂਦਾ ਹੈ। ਭਾਰਤ ਵਾਤਾਵਰਨ ਪੱਖੋਂ ਬਹੁਤ ਅਮੀਰ ਦੇਸ਼ ਹੈ। ਇਥੇ ਸਰਦੀ, ਗਰਮੀ, ਪਤਝੜ ਤੇ ਬਹਾਰ ਬਨਸਪਤੀ ਨੂੰ ਨਵੇਕਲੇ ਰੰਗਾਂ ਵਿਚ ਲਪੇਟੀ ਰਖਦੀ ਹੈ, ਜਿਸ ਸਦਕਾ ਪਹਾੜ, ਰੁੱਖ, ਫੁੱਲ, ਫਲ ਤੇ ਹਰਿਆਵਲ ਦੇ ਨਜ਼ਾਰੇ ਹੋਰ ਦਿਲਕਸ਼ ਹੋ ਜਾਂਦੇ ਹਨ, ਜੋ ਮਨੁੱਖ ਨੂੰ ਸਕੂਨ ਦੇ ਪਲ ਬਖ਼ਸ਼ਦੇ ਹਨ।  ਹਿਮਾਚਲ ਦਾ ਜ਼ਿਲ੍ਹਾ ਚੰਬਾ ਪਹਾੜੀ ਖ਼ੂਬਸੂਰਤੀ ਦਾ ਅਦਭੁਤ ਨਮੂਨਾ ਹੈ। ਇਥੇ ਵਸੋਂ ਜ਼ਰੂਰ ਘੱਟ ਹੈ ਪਰ ਪਹਾੜਾਂ ਦੀ ਆਪ ਮੁਹਾਰੀ ਉਮੜੀ ਕੁਦਰਤੀ ਕਲਾ ਦੀ ਕੋਈ ਘਾਟ ਨਹੀਂ ਜਿਸ ਨੂੰ ਪਿਛਲੇ ਦਸੰਬਰ ਵਿਚ ਸਾਡੇ ਪ੍ਰਵਾਰ ਨੂੰ ਜਾਣਨ ਤੇ ਮਾਣਨ ਦਾ ਸਬੱਬ ਨਸੀਬ ਹੋਇਆ। ਇਸ ਮਹੀਨੇ ਡਲਹੌਜ਼ੀ, ਕਾਲਾਟੋਪ, ਡਾਇਨ ਕੁੰਡ, ਖਜਿਆਰ ਤੇ ਚਮੇਰਾ ਝੀਲ ਦੀ ਮੌਸਮੀ ਤਾਜ਼ਗੀ ਚਰਮ ਸੀਮਾ ’ਤੇ ਹੁੰਦੀ ਹੈ।

DalhousieDalhousie

ਚੰਡੀਗੜ੍ਹ ਤੋਂ ਡਲਹੌਜ਼ੀ ਸੜਕ ਦੁਆਰਾ ਵਾਇਆ ਪਠਾਨਕੋਟ ਜਾਣ ਦਾ ਮਾਰਗ 327 ਕਿਲੋਮੀਟਰ ਹੈ, ਜੋ ਪਹਾੜੀ ਰਸਤਿਆਂ ਵਿਚੋਂ ਗੁਜ਼ਰਦਿਆਂ ਪਤਾ ਵੀ ਨਹੀਂ ਲਗਦਾ। ਖਜਿਆਰ  ਹਰਿਆਵਲ ਦਾ ਵੇਖਣਯੋਗ ਨਮੂਨਾ ਹੈ ਪਰ ਡਲਹੌਜ਼ੀ ਵੀ ਕਲਾ ਅਤੇ ਪ੍ਰਕਿਰਤੀ ਦੇ ਸੁਹੱਪਣ ਪੱਖੋਂ ਘੱਟ ਨਹੀਂ। ਇਸ ਦਾ ਪਰਬਤੀ ਖੇਤਰ ਧੌਲਧਾਰ ਦੀਆਂ ਪਹਾੜੀਆਂ ਵਿਚੋਂ ਲੰਘਦਾ ਹੈ ਜਿਹੜਾ ਸਮੁੰਦਰੀ ਤਟ ਤੋਂ 1970 ਮੀਟਰ ਉੱਚਾ ਹੈ ਅਤੇ ਜਿਸ ਨੂੰ 1848 ਵਿਚ ਲਾਰਡ ਡਲਹੌਜ਼ੀ ਨੇ ਵਸਾਇਆ। ਉਸ ਸਮੇਂ ਅੰਗਰੇਜ਼ੀ ਫ਼ੌਜ ਦੇ ਅਫਸਰਾਂ ਵਾਸਤੇ ਗਰਮੀਆਂ ਦੀਆਂ ਛੁੱਟੀਆਂ ਬਤੀਤ ਕਰਨ ਲਈ ਰੈਣ-ਬਸੇਰੇ ਤੇ ਸੈਰ ਸਪਾਟੇ ਦਾ ਰਮਣੀਕ ਸਥਾਨ ਸੀ। ਇਹ ਉਤਰੀ ਭਾਰਤ ਦੇ ਸਾਮਰਾਜੀ ਅਫ਼ਸਰਾਂ ਦਾ ਕੇਂਦਰ ਬਿੰਦੂ ਰਿਹਾ ।   

DalhousieDalhousie

ਸੈਂਟ ਜੋਨਜ਼ ਚਰਚ ਡਲਹੌਜ਼ੀ ਦਾ ਮੁੱਖ ਆਕ੍ਰਸ਼ਿਤ ਤੇ ਇਤਿਹਾਸਕ ਸਥਾਨ ਹੈ ਜੋ ਗਾਂਧੀ ਚੌਕ ਦੇ ਸਾਹਮਣੇ ਹੈ। ਹਰੇ ਕਚੂਚ ਲੱਦੇ ਪਹਾੜ ਤੇ ਪਾਈਨ ਦੇ ਰੁੱਖਾਂ ਵਿਚਲੇ ਸ਼ਾਂਤ ਮਾਹੌਲ ਨੂੰ ਹੋਰ ਰੂਹਾਨੀ ਬਣਾਉਂਦਾ ਹੈ। ਇਹ ਚਰਚ ਪ੍ਰੋਸਟੈਸਟੈਂਟ ਈਸਾਈਆਂ ਨਾਲ ਸਬੰਧਤ ਹੈ, ਜੋ ਪਹਿਲਾਂ ਲਕੜੀ ਦਾ ਬਣਾਇਆ ਗਿਆ ਸੀ। 1863 ਵਿਚ ਜਾਨ ਐਚ. ਪਾਰਟ ਨੇ ਇਸ ਨੂੰ ਪੱਥਰ, ਸ਼ੀਸ਼ੇ ਤੇ ਲੱਕੜ ਦੀ ਮੀਨਾਕਾਰੀ ਨਾਲ ਸਥਾਈ ਰੂਪ ਦਿਤਾ। ਇਸ ਦਾ ਮੁਹਾਂਦਰਾ ਇਨ-ਬਿਨ ਇੰਗਲੈਂਡ ਦੇ ਕੈਥੋਲਿਕ ਚਰਚ ਨਾਲ ਮਿਲਦਾ ਹੈ। ਚੈਪਲ (ਚਰਚ ਦਾ ਪੂਜਾ ਸਥਾਨ) ਨੂੰ ਲਕੜੀ ਤੇ ਰੰਗਦਾਰ ਸ਼ੀਸ਼ੇ ਨਾਲ ਸਜਾਇਆ ਗਿਆ ਹੈ। ਉਸ ਸਮੇਂ ਦੇ ਇਤਿਹਾਸ ਤੇ ਸਭਿਆਚਾਰ ਨੂੰ ਗੈਲਰੀ ਦੀਆਂ ਫੋਟੋ ਤੇ ਲਾਇਬਰ੍ਰੇਰੀ ਦੀਆਂ ਦੁਰਲਭ ਕਿਤਾਬਾਂ ਬਾਖ਼ੂਬੀ ਬਿਆਨ ਕਰਦੀਆਂ ਹਨ। ਚਰਚ ਹਫ਼ਤੇ ਦੇ ਸੱਤ ਦਿਨ ਸਵੇਰੇ 7 ਤੋਂ ਸ਼ਾਮ 7 ਵਜੇ ਤਕ ਖੁਲ੍ਹਦਾ ਹੈ  ਜਿਥੇ ਆਥਣ ਵੇਲੇ ਲੋਕ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਨਾਲ ਲਗਦੇ ਮੇਨ ਬਜ਼ਾਰ ਵਿਚੋਂ ਲੱਕੜ ਦੇ ਬਣੇ ਸਮਾਨ ਦੀ ਖਰੀਦਦਾਰੀ ਵੀ ਕਰਦੇ ਹਨ। ਸੈਲਾਨੀ ਠੰਢ ਤੋਂ ਬਚਣ ਲਈ ਗਰਮ ਪਹਾੜੀ ਪਕਵਾਨਾਂ ਨਾਲ ਉਬਲਦੇ ਕੇਸਰ ਵਾਲੇ ਦੁੱਧ ਦਾ ਜ਼ਾਇਕਾ ਲੈਣਾ ਨਹੀਂ ਭੁਲਦੇ।

DalhousieDalhousie

ਡਲਹੌਜ਼ੀ ਤੋਂ ਖਜਿਆਰ ਦਾ ਸੜਕ ਰਾਹੀਂ ਸਫ਼ਰ 22 ਕਿਲੋਮੀਟਰ ਹੈ ਜਦੋਂ ਕਿ ਹਵਾਈ ਸਫ਼ਰ ਸਿਰਫ਼ 9 ਕਿਲੋਮੀਟਰ ਹੀ ਹੈ ਪਰ ਦੇਵਦਾਰ ਤੇ ਓਕ ਦੇ ਰੁੱਖਾਂ ਵਿਚੋਂ ਲੰਘਦੇ ਵਲੇਵੇਂ ਖਾਂਦੇ ਰਸਤਿਆਂ ਦਾ ਅਨੰਦ ਜਹਾਜ਼ ਵਿਚ ਨਹੀਂ ਮਿਲਦਾ। ਇਨ੍ਹਾਂ ਦੋਹਾਂ ਸਟੇਸ਼ਨਾਂ ਵਿਚਕਾਰ (ਕਾਲਾਟੋਪ) ਖਜਿਆਰ ਸੈਂਕਚੂਅਰੀ ਪੈਂਦੀ ਹੈ। ਇਹ ਨਾਮ ਚਾਰੇ ਪਾਸੇ ਫ਼ੈਲੇ ਕਾਲੀ ਲੱਕੜ ਵਾਲੇ ਸੰਘਣੇ ਜੰਗਲਾਂ ਕਾਰਨ ਪਿਆ ਜੋ ਸਮੁੰਦਰੀ ਤਲ ਤੋਂ 2768 ਮੀਟਰ ਉੱਚਾ ਹੈ। ਤਕਰੀਬਨ  30 ਕਿਲੋਮੀਟਰ ਸੰਘਣੀ ਬਨਸਪਤੀ ਦਾ ਇਹ ਇਲਾਕਾ  ਟ੍ਰੈਕਿੰਗ ਵਾਲਿਆਂ ਦੀ ਪਹਿਲੀ ਪਸੰਦ ਹੈ। ਲਗਭਗ 19 ਕਿਲੋਮੀਟਰ ਦੇ ਪਹਾੜੀ ਖੇਤਰ ਵਿਚ ਇਕੱਲੇ  ਦੇਵਦਾਰ ਤੇ ਫਰ ਜਾਤੀ ਦੇ ਦਰਖ਼ਤ ਹਨ। ਇਨ੍ਹਾਂ ਸਿੱਧੇ ਤਣੇ ਵਾਲੇ ਦਰਖ਼ਤਾਂ ਦੀ ਉੱਚਾਈ 131 ਤੋਂ 164 ਫੁੱਟ ਹੁੰਦੀ ਹੈ ਪਰ ਕਈ ਦਰਖ਼ਤ 197 ਫੁੱਟ ਉੱਚੇ ਵੀ ਹਨ ਜਿਸ ਦੇ ਤਣੇ ਦਾ ਖੇਤਰਫਲ 10 ਫੁੱਟ ਦੇ ਕਰੀਬ ਹੈ। ਇਸ ਦੇ ਪੱਤੇ ਲੰਮੇ, ਚਮਕੀਲੇ ਤੇ ਨੋਕਦਾਰ ਹਨ। ਇਨ੍ਹਾਂ ਦਾ ਮੂਲ ਸਥਾਨ ਹਿਮਾਲਿਆ ਪਰਬਤ ਤੇ ਭੂੰ-ਮੱਧ ਸਾਗਰ ਹੈ।

DalhousieDalhousie

ਲੱਕੜ ਵਜ਼ਨ ਵਿਚ ਹਲਕੀ ਪਰ ਮਜ਼ਬੂਤ ਹੁੰਦੀ ਹੈ। ਇਸ ਲੱਕੜ ਨੂੰ ਅੰਗਰੇਜ਼ ਬੈਰਕਾਂ ਬਣਾਉਣ ਲਈ ਵਰਤਦੇ ਸਨ। ਹੰਢਣਸਾਰ ਹੋਣ ਕਰ ਕੇ ਕਸ਼ਮੀਰ ਵਿਚ ਸ਼ਿਕਾਰੇ ਤੇ ਕਿਸ਼ਤੀਆਂ ਵੀ ਬਣਾਈਆਂ ਜਾਂਦੀਆਂ ਹਨ। ਦੇਵਦਾਰ ਪਕਿਸਤਾਨ ਦਾ ਰਾਸ਼ਟਰੀ ਰੁੱਖ ਹੈ। ਪਾਈਨ ਦੇ ਰੁੱਖ ਪਹਾੜਾਂ ਦੀ ਸ਼ਾਨ ਨੂੰ ਹੋਰ ਵੀ ਵਧਾਉਂਦੇ ਹਨ। ਇਨ੍ਹਾਂ ਦੀ ਉਮਰ 100 ਤੋਂ 1000 ਸਾਲ  ਹੁੰਦੀ ਹੈ ਅਤੇ ਲੰਬਾਈ 10 ਤੋਂ 260 ਫੁੱਟ ਹੁੰਦੀ ਹੈ। ਕੈਲੇਫੋਰਨੀਆ ਵਿਚ ਦੁਨੀਆਂ ਦਾ ਸੱਭ ਤੋਂ ਪੁਰਾਣਾ ਮੈਥੂਸਲੇਹ ਕਿਸਮ ਦੇ ਪਾਈਨ ਰੁੱਖ ਦੀ ਉਮਰ 4852 ਸਾਲ ਹੈ। ਪਹਾੜਾਂ ਵਿਚ ਭਾਲੂ, ਭੇੜੀਏ, ਗੁਰੀਲੇ, ਬਾਂਦਰ, ਹਿਰਨ, ਲੰਗੂਰ, ਬਲੈਕ ਹੋਂਡਾ ਜੈਅ, ਕੈਮੂਨਟ ਬਿਲਡ ਰੋਕ ਥਰੰਮ, ਗਰੇਅ ਹਿੰਡਰ ਅਤੇ ਫ਼ਲਾਈ ਕੈਂਚਰ ਵਰਗੇ ਜਾਨਵਰਾਂ ਤੋਂ ਇਲਾਵਾ ਮੋਰ, ਤੋਤੇ, ਚਿੜੀਆਂ, ਪਹਾੜੀ ਮੁਰਗੇ, ਖ਼ਰਗੋਸ਼, ਬਤਖ਼ਾਂ ਵੀ ਆਮ ਵੇਖਣ ਨੂੰ ਮਿਲਦੀਆਂ ਹਨ।

ਕਾਲਾਟੋਪ ਤੇ ਡਾਇਨ ਕੁੰਡ ਚੋਟੀ ਉਪਰ ਬਰਫ਼ਬਾਰੀ ਬਾਕੀ ਖੇਤਰ ਤੋਂ 2-3 ਦਿਨ ਪਹਿਲਾਂ ਹੋਣ ਲੱਗ ਪੈਂਦੀ ਹੈ, ਜੋ ਆਲੇ-ਦੁਵਾਲੇ ਲਈ ਬਰਫ਼ੀਲੇ ਮੌਸਮ ਸ਼ੁਰੂ ਹੋਣ ਦਾ ਸੰਕੇਤ ਹੁੰਦਾ ਹੈ। 1973 ਵਿਚ ਡਾਇਨ ਕੁੰਡ ਚੋਟੀ ਉਪਰ ਏਅਰ ਫ਼ੋਰਸ ਸਟੇਸ਼ਨ ਸਥਾਪਤ ਕੀਤਾ ਗਿਆ, ਉਸ ਸਮੇਂ ਤੋਂ ਆਮ ਲੋਕਾਂ ਦਾ ਜਾਣਾ ਸੰਭਵ ਨਹੀਂ। ਰਾਵੀ ਨਦੀ ਡਾਇਨ ਕੁੰਡ ਵਿਚੋਂ ਹੋ ਕੇ ਨਿਕਲਦੀ ਹੈ। ਅਗਲਾ ਮੁੱਖ ਪੜਾਅ ਖਜਿਆਰ ਸਮੁੰਦਰੀ ਤਲ ਤੋਂ 2050 ਮੀਟਰ ਉੱਚਾ ਹੈ ਅਤੇ ਕੇਵਲ 15 ਕਿਲੋਮੀਟਰ ਦੀ ਦੂਰੀ ’ਤੇ ਸੀ। ਪਹਿਲੀ ਨਜ਼ਰ ਵਿਚ ਕੁਦਰਤ ਦੀ ਕਲਾਕਾਰੀ ਵੇਖ ਕੇ ਅੱਖਾਂ ਅੱਡੀਆਂ ਹੀ ਰਹਿ ਜਾਂਦੀਆਂ ਹਨ। ਉਹ ਪਲ ਸਵਰਗਮਈ  ਦੁਨੀਆਂ ਦੇ ਪ੍ਰਵੇਸ਼ ਤੋਂ ਘੱਟ ਨਹੀਂ ਜਾਪਦਾ। ਚਾਰੇ ਪਾਸੇ ਦੇਵਦਾਰ ਨਾਲ ਲੱਦੇ ਪਹਾੜ, ਨੀਲਾ ਅਸਮਾਨ ਤੇ ਖੁੱਲ੍ਹਾ ਹਰਾ ਭਰਾ ਘਾਹ ਦਾ ਮੈਦਾਨ, ਪਲਾਂ ਲਈ ਦੁਨਿਆਵੀ ਝਮੇਲਿਆਂ ਤੋਂ ਮੁਕਤ ਕਰ ਦਿੰਦਾ ਹੈ। ਝੀਲ ਵਿਚ ਘੁੰਮਦਾ ਟਾਪੂ ਪ੍ਰਕਿਰਤੀ ਦੀ ਸਿਰਜਣਾ ਦਾ ਅਲੌਕਿਕ ਰੰਗ ਹੈ।

ਖਾਜੀ ਨਗ ਮੰਦਰ ਸਥਾਨਕ ਲੋਕਾਂ ਦੀ ਆਸਥਾ ਨੂੰ ਰੂ-ਬ-ਰੂ ਕਰਵਾਉਂਦਾ ਹੈ, ਜਿਸ ਤੋਂ ਖਜਿਆਰ ਦਾ ਨਾਮਕਰਨ ਹੋਇਆ ਸੀ। ਇਹ ਮੰਦਰ 12ਵੀਂ ਸਦੀ ਵਿਚ ਰਾਜੇ ਪਿ੍ਰਥਵੀ ਸਿੰਘ ਨੇ ਬਣਵਾਇਆ ਸੀ। ਇਸ ਖ਼ੁਸ਼ਗਵਾਰ ਮਾਹੌਲ ਵਿਚ ਯਾਤਰੀ ਪੈਰਾਗਲ਼ਾਈਡਿੰਗ, ਘੋੜ ਸਵਾਰੀ, ਜ਼ੋਰਬਿੰਗ (ਘੁੰਮਦਾ ਬੰਦ ਗੁਬਾਰਾ) ਵਰਗੀਆਂ ਨਵੀਆਂ ਖੇਡਾਂ ਦਾ ਅਨੰਦ ਮਾਣਦੇ ਹਨ। ਲੋਕ ਪਹਾੜੀ ਪੌਸ਼ਾਕਾਂ, ਖ਼ਰਗੋਸ਼ ਤੇ ਮਨਮੋਹਕ ਦ੍ਰਿਸ਼ਾਂ ਨਾਲ ਫ਼ੋਟੋ ਖਿੱਚਦੇ, ਬੱਚੇ  ਖੇਡਾਂ ਖੇਡਦੇ ਅਤੇ ਵੱਖ ਵੱਖ ਖਾਣਿਆਂ ਦਾ ਲੁਤਫ਼ ਉਠਾਉਂਦੇ ਹਨ। ਨਾਲ ਲਗਦੇ ਸ਼ਿਵ ਮੰਦਰ ਵਿਚ ਸ਼ਿਵਜੀ ਭਗਵਾਨ ਦੀ 84 ਫੁੱਟ ਉੱਚੀ ਮੂਰਤੀ ਦੀ ਵਿਲੱਖਣ ਬੁੱਤ ਤਰਾਸ਼ਣ ਕਲਾ ਵੀ ਵੇਖਣਯੋਗ ਹੈ। 
ਮੈਦਾਨ ਤੋਂ 2 ਕਿਲੋਮੀਟਰ ਤੰਗ ਪਹਾੜੀ ਰਸਤੇ ਤੋਂ ਅੱਗੇ ਸੇਬਾਂ ਦਾ ਬਗੀਚਾ ਹੈ, ਜਿਥੇ ਬੱਚਿਆਂ ਲਈ ਹੈਰਤਅੰਗੇਜ਼ ਖੇਡਾਂ ਜਿਵੇਂ ਰੱਸੀ ’ਤੇ ਸਾਈਕਲ ਚਲਾਉਣਾ, ਜੰਪ ਲਾਈਨ, ਰੱਸੀ ਦਾ ਝੂਲਦਾ ਫੱਟੀਆਂ ਵਾਲਾ ਪੁਲ ਪਾਰ ਕਰਨਾ ਆਦਿ। ਹਜ਼ਾਰਾਂ ਕਿਲੋਮੀਟਰ ਡੂੰਘੀ ਖਾਈ ਕਿਨਾਰੇ ਬਣੇ ਹੋਣ ਕਾਰਨ ਇਹ ਹੋਰ ਵੀ ਦਿਲਚਸਪ ਹੋਣ ਦੇ ਨਾਲ ਅਤਿ ਡਰਾਉਣਾ ਵੀ ਹੈ। ਇਥੇ ਰਾਤ ਨੂੰ ਘਰ ਨੁਮਾ ਟੈਂਟ ਵਿਚ ਰਹਿਣ ਦਾ ਅਲੱਗ ਹੀ ਨਜ਼ਾਰਾ ਹੁੰਦਾ ਹੈ। ਇਸ ਪਹਾੜ ਉਪਰ ਸਿਰਫ਼ ਪੈਦਲ ਜਾਣ ਦਾ ਇਕਹਿਰਾ ਰਸਤਾ ਹੀ ਹੈ।   

7 ਜੁਲਾਈ 1972 ਨੂੰ ਭਾਰਤ ਵਿਚ ਸਵਿਟਜ਼ਰਲੈਂਡ ਦੇ ਰਾਜਦੂਤ ਵਿਲੀ ਪੀ. ਬਲੇਜਰ  ਵਲੋਂ ਅਪਣੇ ਦੇਸ਼ ਦੇ ਵਾਈਸ ਕੌਂਸਲਰ ਤੇ ਹੈਡ ਆਫ਼ ਚੈਂਸਰੀ ਨੂੰ ਘੁੰਮਣ ਲਈ ਸਦਿਆ। ਉਨ੍ਹਾਂ ਇਸ ਥਾਂ ਦੀ ਕੁਦਰਤੀ ਕਲਾ ਨੂੰ ਨਿਹਾਰਦਿਆਂ ਮਿੰਨੀ ਸਵਿਟਜ਼ਰਲੈਂਡ ਦਾ ਨਾਮ ਦਿਤਾ। ਖਜਿਆਰ ਦੁਨੀਆਂ ਦੇ 160 ਸਥਾਨਾਂ ਵਿਚੋਂ ਇਕ ਹੈ ਜੋ ਸਵਿਟਜ਼ਰਲੈਂਡ ਦੀਆਂ ਲੋਕੇਸ਼ਨਾਂ ਨਾਲ ਮੇਲ ਖ਼ਾਂਦਾ ਹੈ। ਉਹ ਇਥੋਂ ਦਾ ਇਕ ਪੱਥਰ ਸਵਿਸ ਪਾਰਲੀਮੈਂਟ ਲਈ ਲੈ ਕੇ ਗਏ, ਤਾਂ ਜੋ ਇਹ ਯਾਦਾਂ ਤਾਜ਼ਾ ਰਹਿ ਸਕਣ। ਦੁਨੀਆਂ ਦੇ ਟੂਰਿਸਟ ਨਕਸ਼ੇ ਵਿਚ ਖਜਿਆਰ ਦਾ ਨਾਮ “ਭਾਰਤ ਦਾ ਮਿੰਨੀ ਸਵਿਜ਼ਰਲੈਂਡ’’ ਵਜੋਂ ਦਰਜ ਹੈ। ਸਫ਼ਰ ਦਾ ਆਖਰੀ ਪੜਾਅ ਚਮੇਰਾ ਝੀਲ ਦੇ ਕੰਢੇ ਬੀਤਿਆ ਜੋ ਖਜਿਆਰ ਤੋਂ 55 ਕਿਲੋਮੀਟਰ ਦੂਰੀ ’ਤੇ ਸਮੁੰਦਰ ਤਲ ਤੋਂ 763 ਮੀਟਰ ਉੱਚੀ ਹੈ। ਇਸ  ਲਈ ਇਥੇ ਦਿਨ ਦਾ ਤਾਪਮਾਨ ਪੰਜਾਬ ਵਾਂਗ ਹੀ ਰਹਿੰਦਾ ਹੈ ਪਰ ਪਹਾੜੀ ਵਾਤਾਵਰਣ ਕਾਰਨ ਇਹ ਰਾਤ ਨੂੰ ਘਟ ਜਾਂਦਾ ਹੈ। ਝੀਲ ਰਾਵੀ ਨਦੀ ਉਤੇ ਬੰਨ੍ਹ ਮਾਰ ਕੇ ਬਣਾਈ ਗਈ ਹੈ।

ਚਾਰੇ ਪਾਸਿਉਂ ਪਹਾੜਾਂ ਨਾਲ ਘਿਰੀ ਝੀਲ ਦੇ ਪਾਣੀ ਦੀ ਨੀਲੀ ਚਮਕ ਯੂਰਪੀ ਸਮੁੰਦਰਾਂ ਨੂੰ ਮਾਤ ਪਾਉਂਦੀ ਹੈ। ਇਸ ਦੇ 540 ਮੈਗਾਵਾਟ ਪਣ ਬਿਜਲੀ ਪ੍ਰੋਜੈਕਟ ਨਾਲ ਚੰਬਾ ਜਗਮਗਾਉਂਦਾ ਹੈ, ਜਿਸ ਦਾ ਪਾਣੀ 747 ਮੀਟਰ ਡੂੰਘਾ ਤੇ ਲੰਬਾਈ 968 ਫੁੱਟ ਹੈ। ਇਹ ਪਾਣੀ ਦੀਆਂ ਖੇਡਾਂ ਲਈ ਸ਼ਾਨਦਾਰ ਸਥਾਨ ਹੈ। ਸ਼ੁੱਧ ਤੇ ਸ਼ਾਂਤ ਵਾਤਾਵਰਣ ਵਿਚ ਲੋਕ ਮੋਟਰ ਬੋਟ, ਪੈਡਲ ਬੋਟ, ਸ਼ਿਕਾਰਾ, ਰੋਇੰਗ, ਫ਼ਿਸ਼ਿੰਗ ਤੇ ਚੱਪੂ ਕਿਸ਼ਤੀ ਦਾ ਅਨੰਦ ਮਾਣਦੇ ਹਨ। ਸਾਨੂੰ ਸਮੇਂ ਦੀ ਘਾਟ ਕਾਰਨ ਕੁੱਝ ਸਥਾਨ ਨਾ ਚਾਹੁੰਦਿਆਂ ਵੀ ਛਡਣੇ ਪਏ। ਇਥੇ ਦਸੰਬਰ ਤੋਂ ਮਾਰਚ ਅੱਧ ਤਕ ਜਾਣ ਦਾ ਵਧੀਆ ਸਮਾਂ ਹੈ। ਇਹ ਦਿਲ ਛੂੰਹਦੀ ਕਇਨਾਤ ਯਾਤਰੀਆ ਲਈ ਕਿਸੇ ਸਵਰਗ ਤੋਂ ਘੱਟ ਨਹੀਂ, ਜੋ ਸਾਨੂੰ ਕੁਦਰਤ ਦੇ ਅੰਗ-ਸੰਗ ਰਹਿਣ, ਉਸ ਨੂੰ ਮਾਣਨ ਤੇ ਬਚਾਉਣ ਲਈ ਪ੍ਰੇਰਦੀ ਹੈ।
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ,ਸੰਪਰਕ :78374-90309

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement