
ਸਾਡੀ ਜ਼ਮੀਨ ਦੋ ਪਾਸੇ ਹੈ। ਇਕ ਪਾਸੇ ਵਾਲੀ ਜ਼ਮੀਨ ਵਿਚ ਬਹੁਤ ਪੁਰਾਣੀ ਮੋਟਰ ਹੈ ਤੇ ਇਕ ਵਿਚ ਬਹੁਤ ਦੇਰ ਬਾਅਦ ਲੱਗੀ ਸੀ
ਸਾਡੀ ਜ਼ਮੀਨ ਦੋ ਪਾਸੇ ਹੈ। ਇਕ ਪਾਸੇ ਵਾਲੀ ਜ਼ਮੀਨ ਵਿਚ ਬਹੁਤ ਪੁਰਾਣੀ ਮੋਟਰ ਹੈ ਤੇ ਇਕ ਵਿਚ ਬਹੁਤ ਦੇਰ ਬਾਅਦ ਲੱਗੀ ਸੀ। ਸਾਡੀ ਮੋਟਰ ਵਾਲੀ ਜ਼ਮੀਨ ਵਿਚ ਬਹੁਤ ਸਾਰੇ ਦਰੱਖ਼ਤ ਸਨ। ਘੱਟੋ-ਘੱਟ ਚਾਰ ਪੰਜ ਤਾਂ ਵੱਡੀਆਂ ਟਾਹਲੀਆਂ ਸਨ। ਦੋ ਤਿੰਨ ਤੂਤ, ਬਕਰੈਨਾਂ ਤੇ ਇਕ ਵੱਡੀ ਬੇਰੀ ਸੀ। ਮੋਟਰ ਦੁਆਲੇ ਤਾਂ ਰੁੱਖਾਂ ਦਾ ਝੁਰਮਟ ਹੀ ਪਿਆ ਹੋਇਆ ਸੀ। ਗਰਮੀਆਂ ਵਿਚ ਵੀ ਮੋਟਰ ਦੁਆਲੇ ਦਰੱਖ਼ਤਾਂ ਹੇਠ ਸ਼ਿਮਲਾ ਹੀ ਬਣਿਆ ਰਹਿੰਦਾ ਸੀ। ਜਦੋਂ ਗਰਮੀ ਦੇ ਦਿਨਾਂ ਵਿਚ ਖੇਤ ਵਿਚ ਕੰਮ ਕਰਨਾ ਤਾਂ ਅਸੀ ਬੱਚਿਆਂ ਨੇ ਉਥੇ ਜਿਹੜੀ ਖ਼ਾਲੀ ਜਗ੍ਹਾ ਹੁੰਦੀ ਉਥੇ ਇਧਰੋਂ ਉਧਰੋਂ ਬਕਰੈਨ, ਤੂਤ ਜਾਂ ਹੋਰ ਕੋਈ ਦਰੱਖ਼ਤ ਲਗਾ ਦੇਣੇ। ਵੱਡਿਆਂ ਨੇ ਕੁੱਝ ਨਾ ਆਖਣਾ, ਬੇਸ਼ਕ ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਜ਼ਿਆਦਾ ਦਰੱਖ਼ਤ ਫ਼ਸਲ ਨੂੰ ਖ਼ਰਾਬ ਕਰਦੇ ਹਨ ਪਰ ਉਨ੍ਹਾਂ ਸਮਿਆਂ ਵਿਚ ਲੋਕਾਂ ਨੂੰ ਸ਼ਾਇਦ ਫ਼ਸਲਾਂ ਨਾਲੋਂ ਰੁੱਖ ਜ਼ਿਆਦਾ ਪਿਆਰੇ ਸਨ।
ਫੱਲਦਾਰ ਰੁੱਖ ਹੋਣ ਕਾਰਨ ਸਾਡਾ ਬੱਚਿਆਂ ਦਾ ਬੇਰੀ ਨਾਲ ਜ਼ਿਆਦਾ ਲਗਾਅ ਹੁੰਦਾ ਸੀ। ਫ਼ਰਵਰੀ ਵਿਚ ਬੇਰੀ ਨੂੰ ਬੂਰ ਪੈਣਾ ਜਿਹੜਾ ਮਾਰਚ ਅਪ੍ਰੈਲ ਤਕ ਪੱਕ ਕੇ ਬੇਰਾਂ ਦਾ ਰੂਪ ਧਾਰ ਲੈਂਦਾ। ਉਨ੍ਹੀਂ ਦਿਨੀਂ ਬੱਚਿਆਂ ਕੋਲ ਖਾਣ ਲਈ ਅੱਜ ਵਾਂਗ ਜ਼ਿਆਦਾ ਪਦਾਰਥ ਨਹੀਂ ਸਨ ਹੁੰਦੇ। ਸ਼ਹਿਰੋਂ ਲਿਆਂਦੇ ਫੱਲ ਤੇ ਹੋਰ ਵਸਤਾਂ ਤਾਂ ਨਸੀਬ ਨਾਲ ਹੀ ਮਿਲਦੀਆਂ ਸਨ। ਬੱਚਿਆਂ ਦੇ ਜ਼ਿਆਦਾਤਰ ਫੱਲ ਖੇਤਾਂ ਵਿਚਲੇ ਤੂਤਾਂ ਦੀਆਂ ਤੂਤੀਆਂ, ਲਸੂੜੇ ਤੇ ਬੇਰ ਹੀ ਹੁੰਦੇ ਸਨ। ਬੱਚੇ ਅਕਸਰ ਟੋਲੀਆਂ ਬਣਾ ਕੇ ਖੇਤਾਂ ਵਿਚਲੇ ਤੂਤ, ਲਸੂੜਿਆਂ ਤੇ ਬੇਰੀਆਂ ਤੋਂ ਫੱਲ ਇਕੱਠੇ ਕਰ ਕੇ ਲਿਫ਼ਾਫ਼ੇ ਭਰ ਲਿਆਉਂਦੇ।
File photo
ਘਰ ਦੇ ਸਾਰੇ ਮੈਂਬਰ ਵੀ ਖੇਤੋਂ ਲਿਆਂਦੇ ਫੱਲ ਮਜ਼ੇ ਨਾਲ ਖਾਂਦੇ। ਸਾਡੇ ਖੇਤ ਵਾਲੀ ਬੇਰੀ ਨੂੰ ਮਾਰਚ ਮਹੀਨੇ ਬਹੁਤ ਬੇਰ ਲਗਣੇ। ਅਸੀ ਜਿਸ ਨੂੰ ਹੁਣ ਪੌਲੀਥੀਨ ਕਹਿੰਦੇ ਹਾਂ ਉਦੋਂ ਅਸੀ ਮੋਮੀਕਾਗ਼ਜ਼ ਦਾ ਕਹਿੰਦੇ ਸੀ ਦਾ ਲਿਫਾਫਾ ਨਾਲ ਲਿਜਾਣਾ। ਵਧੀਆ-ਵਧੀਆ ਬੇਰ ਨਾਲੋ-ਨਾਲ ਖਾਈ ਵੀ ਜਾਣੇ ਤੇ ਲਿਫ਼ਾਫ਼ਾ ਵੀ ਭਰੀ ਜਾਣਾ। ਘਰਦਿਆਂ ਨੇ ਬਸ ਹਲਕਾ ਜਿਹਾ ਘੂਰਨਾ ਉਏ ਇਸ ਨਾਲ ਖੰਘ ਹੋ ਜਾਵੇਗੀ।
ਸਾਡੇ ਤੋਂ ਬਿਨਾਂ ਪਿੰਡ ਦੇ ਹੋਰ ਜੁਆਕਾਂ ਨੇ ਵੀ ਸਾਡੇ ਖੇਤ ਵਾਲੀ ਬੇਰੀ ਦੇ ਬੇਰ ਲੈਣ ਅਕਸਰ ਫੇਰਾ ਪਾਉਂਦੇ ਹੀ ਰਹਿਣਾ ਹੁੰਦਾ ਸੀ। ਬੱਚਿਆਂ ਨੇ ਬੇਰੀ ਦੇ ਬੇਰ ਚੁਗਣ ਦੌਰਾਨ ਬੇਰੀ ਹੇਠੋਂ ਕਣਕ ਦੀ ਫ਼ਸਲ ਵੱਡੀ ਪੱਧਰ ਉਤੇ ਮਿੱਧ ਦੇਣੀ। ਤਕਰੀਬਨ ਦਸ ਪੰਦਰਾਂ ਫੁੱਟ ਦੇ ਚੱਕਰਾਕਾਰ ਖੇਤਰ ਵਿਚੋਂ ਬੱਚਿਆਂ ਨੇ ਕਣਕ ਦਾ ਬਿਲਕੁਲ ਸਫ਼ਾਇਆ ਹੀ ਕਰ ਦੇਣਾ। ਮੈਨੂੰ ਅੱਜ ਤਕ ਯਾਦ ਹੈ ਪਿਤਾ ਜੀ ਨੇ ਸਿਰਫ਼ ਏਨਾ ਹੀ ਕਹਿਣਾ ਕਿ ''ਔਹ ਵੇਖ ਕੰਜਰਾਂ ਨੇ ਕਿੰਨ੍ਹੀ ਕਣਕ ਖ਼ਰਾਬ ਕਰ ਦਿਤੀ। ਕੱਲ ਨੂੰ ਆਉਣ ਦੇ ਬਣਾਊਂ ਇਨ੍ਹਾਂ ਦੀ ਰੇਲ।'' ਪਰ ਕੱਲ ਵੀ ਲੰਘ ਜਾਣੀ।
ਪਿਤਾ ਜੀ ਨੇ ਜੁਆਕਾਂ ਨੂੰ ਕਹਿਣਾ ਕੁੱਝ ਵੀ ਨਾ। ਜੇਕਰ ਜਵਾਕ ਵੇਖ ਲੈਣੇ ਤਾਂ ਦੂਰੋਂ ਹੀ ਫੋਕਾ ਜਿਹਾ ਲਲਕਾਰਾ ਮਾਰ ਦੇਣਾ ''ਉਏ ਤੁਸੀ ਹਟਦੇ ਨੀ? ਸਾਰੀ ਕਣਕ ਖ਼ਰਾਬ ਕਰਤੀ।'' ਕਈ ਡਰਪੋਕ ਜਹੇ ਡਰ ਕੇ ਭੱਜ ਜਾਂਦੇ ਕਈਆਂ ਨੇ ਕਹਿਣਾ, ''ਮੈਂ ਤਾਂ ਅੱਜ ਈ ਆਇਆਂ ਜੀ।'' ਚਾਚਾ, ਤਾਇਆ ਜਾਂ ਬਾਬਾ ਕੁੱਝ ਵੀ ਕਹਿ ਲੈਂਦੇ ਪਰ ਅੰਕਲ ਨਹੀਂ ਸੀ ਕਹਿੰਦੇ। ਜੁਆਕਾਂ ਵਲੋਂ ਕਣਕ ਦਾ ਨੁਕਸਾਨ ਕਰਨ ਤੋਂ ਇਲਾਵਾ ਮਈ ਜੂਨ ਦੇ ਮਹੀਨਿਆਂ ਦੌਰਾਨ ਸੁੱਕਣ ਉਤੇ ਇਸ ਬੇਰੀ ਦੇ ਕੰਡੇ ਵੀ ਦੂਰ ਦੂਰ ਤਕ ਫੈਲ ਜਾਣੇ।
ਮੈਂ ਪਿਤਾ ਜੀ ਨੂੰ ਆਖਣਾ, ''ਪਿਤਾ ਜੀ ਇਸ ਬੇਰੀ ਨੂੰ ਵੱਢ ਕਿਉਂ ਨਹੀਂ ਦਿੰਦੇ? ਇਹ ਬੇਰੀ ਕਿੰਨੀ ਤਾਂ ਕਣਕ ਖ਼ਰਾਬ ਕਰਦੀ ਆ। ਨਾਲੇ ਕੰਡੇ ਵਜਦੇ ਆ ਪੈਰਾਂ ਵਿਚ।'' ਪਰ ਪਿਤਾ ਜੀ ਨੇ ਕਦੇ ਵੀ ਕੋਈ ਦਰੱਖ਼ਤ ਨਹੀਂ ਸੀ ਵੱਢਣ ਦਿਤਾ। ਕਈ ਵਾਰ ਟਾਹਲੀਆਂ ਦੇ ਗਾਹਕਾਂ ਨੇ ਆਉਣਾ ਤੇ ਵਧੀਆ ਪੈਸਿਆਂ ਦੀ ਵੀ ਪੇਸ਼ਕਸ਼ ਕਰਨੀ। ਪਰ ਪਿਤਾ ਜੀ ਨੇ ਨਾਂਹ ਕਰ ਦੇਣੀ। ਪਰ ਗੱਲ ਮੇਰੀ ਸਮਝ ਤੋਂ ਬਾਹਰ ਸੀ ਕਿ ਫ਼ਸਲ ਖ਼ਰਾਬ ਕਰਨ ਵਾਲੇ ਇਨ੍ਹਾਂ ਦਰੱਖ਼ਤਾਂ ਨੂੰ ਵੇਚ ਕੇ ਪਿਤਾ ਜੀ ਪੈਸੇ ਕਿਉਂ ਨਹੀਂ ਕਮਾ ਰਹੇ? ਉਨ੍ਹਾਂ ਸਮਿਆਂ ਦੇ ਅਨਪੜ੍ਹ ਬਜ਼ੁਰਗਾਂ ਦੀ ਸੋਚ ਸਾਨੂੰ ਹੁਣ ਪੜ੍ਹ ਲਿਖ ਕੇ ਮਸਾਂ ਸਮਝ ਆਉਣ ਲੱਗੀ ਏ। ਪਰ ਅਕਲ ਹਾਲੇ ਵੀ ਨਹੀਂ ਆ ਰਹੀ।
ਹਰੇ ਇਨਕਲਾਬ ਨੇ ਸਾਡੇ ਖੇਤਾਂ ਵਿਚ ਵੀ ਦਸਤਕ ਦਿਤੀ।
ਪਿਤਾ ਜੀ ਨੇ ਪਹਿਲਾਂ ਇਕ ਏਕੜ ਫਿਰ ਦੋ ਏਕੜ ਫਿਰ ਹੌਲੀ-ਹੌਲੀ ਸਾਰੀ ਜ਼ਮੀਨ ਉਤੇ ਝੋਨਾ ਬੀਜਣਾ ਸ਼ੁਰੂ ਕਰ ਦਿਤਾ। ਝੋਨੇ ਦੇ ਕੱਦੂ ਦਾ ਅੜਿੱਕਾ ਬਣੀ ਸਾਡੇ ਖੇਤ ਵਿਚਲੀ ਬੇਰੀ ਤੇ ਟਾਹਲੀਆਂ ਸਮੇਤ ਤੂਤ ਸੱਭ ਕੁੱਝ ਨੂੰ ਨਿਗਲ ਗਿਆ ਇਹ ਝੋਨਾ। ਪਿਤਾ ਜੀ ਦੇ ਹੁੰਦਿਆਂ ਹੀ ਸਾਡੇ ਖੇਤ ਵਿਚ ਸਿਰਫ਼ ਮੋਟਰ ਲਾਗਲੇ ਦਰੱਖ਼ਤ ਰਹਿ ਗਏ ਸਨ। ਬਾਕੀ ਸਾਰਿਆਂ ਨੇ ਸਾਡੇ ਖੇਤ ਵਿਚੋਂ ਅਜਿਹੀ ਰੁਖ਼ਸਤ ਲਈ ਕਿ ਅੱਜ ਤਕ ਵਾਪਸੀ ਨਹੀਂ ਕੀਤੀ। ਅੱਜ ਵੀ ਸਿਰਫ਼ ਮੋਟਰ ਦੁਆਲੇ ਇਕ ਦੋ ਦਰੱਖ਼ਤ ਹਨ।
ਉਹ ਵੀ ਇਸ ਉਡੀਕ ਵਿਚ ਹਨ ਕਿ ਕਦੋਂ ਕੋਈ ਕਿਸਾਨ ਸਾਡੀ ਠੰਢੀ ਛਾਂ ਦਾ ਲੁਤਫ਼ ਉਠਾਉਣ ਆਵੇ। ਮੈਂ ਤਾਂ ਖੇਤੀ ਹੀ ਨਹੀਂ ਕਰਦਾ। ਠੇਕੇ ਉਤੇ ਜ਼ਮੀਨ ਲੈਣ ਵਾਲੇ ਕਿਹੜਾ ਉਨ੍ਹਾਂ ਦੀ ਛਾਵੇਂ ਬੈਠਦੇ ਹਨ। ਹੁਣ ਤਾਂ ਖੇਤਾਂ ਵਿਚੋਂ ਮੰਜੇ ਹੀ ਅਲੋਪ ਹੋ ਗਏ ਹਨ। ਮੈਂ ਕਦੇ ਕਦਾਈਂ ਖੇਤ ਗੇੜਾ ਮਾਰਨ ਜਾਂਦਾ ਹਾਂ ਤਾਂ ਦੂਰ ਤਕ ਨਿਗਾਹ ਮਾਰ ਕੇ ਉਸ ਮਿੱਠੇ ਬੇਰਾਂ ਵਾਲੀ ਬੇਰੀ ਨੂੰ ਲੱਭਣ ਦੀ ਅਸਫ਼ਲ ਕੋਸ਼ਿਸ਼ ਕਰਦਾ ਘਰ ਨੂੰ ਪਰਤ ਆਉਂਦਾ ਹਾਂ।
ਸੰਪਰਕ : 98786-05964