
ਫਿਰ ਕੀ ਹੋਇਆ? ਬਸ ਇਹ ਖ਼ੁਸ਼ੀਆਂ ਦਾ ਗ਼ੁਲਾਬ ਬਹੁਤਾ ਚਿਰ ਨਾ ਖਿੜਿਆ ਰਿਹਾ। ਅਖੇ ਚਾਰ ਦਿਨ ਦੀ ਚਾਨਣੀ ਤੇ ਮੁੜ ਹਨੇਰੀ ਰਾਤ। ਇਕ ਦਿਨ ਆਲੇ ਦਵਾਲੇ ਭੁੱਲ ਕੇ ਨੀਝ ਲਾਈ ਬੈਠਾ...
ਫਿਰ ਕੀ ਹੋਇਆ? ਬਸ ਇਹ ਖ਼ੁਸ਼ੀਆਂ ਦਾ ਗ਼ੁਲਾਬ ਬਹੁਤਾ ਚਿਰ ਨਾ ਖਿੜਿਆ ਰਿਹਾ। ਅਖੇ ਚਾਰ ਦਿਨ ਦੀ ਚਾਨਣੀ ਤੇ ਮੁੜ ਹਨੇਰੀ ਰਾਤ। ਇਕ ਦਿਨ ਆਲੇ ਦਵਾਲੇ ਭੁੱਲ ਕੇ ਨੀਝ ਲਾਈ ਬੈਠਾ ਸਾਂ ਕਿ ਉਤੋਂ ਸੱਸ ਆ ਗਈ। ਉਹ ਵੇਖ ਕੇ ਚਲੀ ਗਈ ਤੇ ਨਾਲ ਹੀ ਰਾਣੀ ਨੂੰ ਸੈਨਤ ਮਾਰ ਕੇ ਥੱਲੇ ਲੈ ਗਈ। ਉਸ ਨੇ ਰਾਣੀ ਨੂੰ ਆਖਿਆ, ''ਹੈਂ ਨੀ, ਇਹ ਅਮੀਨ ਕਿਹੜੇ ਕੰਮ 'ਤੇ ਲੱਗਾ ਏ? ਇਹ ਗੋਰੀਆਂ ਕੁੱਤੀਆਂ ਬੰਦਿਆਂ ਨੂੰ ਬੜੀ ਛੇਤੀ ਉਂਗਲ ਲਾ ਲੈਂਦੀਆਂ ਨੇ। ਅੱਖਾਂ ਖੋਲ੍ਹ ਕੇ ਰਹਵੀਂ।'' ਰਾਣੀ ਨੇ ਆਖਿਆ, ''ਅੰਮਾਂ ਜੀ ਵਹਿਮ ਨਾ ਕਰੋ, ਇੰਜ ਦੀ ਕੋਈ ਗੱਲ ਨਹੀਂ।''
ਰਾਣੀ ਨੇ ਮੈਨੂੰ ਉਤੇ ਆ ਕੇ ਦਸਿਆ ਤਾਂ ਮੈਂ ਕਿਹਾ, ''ਪਹਿਲਾਂ ਖਿੜਕੀ ਨਹੀਂ ਸੀ ਖੁਲ੍ਹਵਾਉਣੀ ਜੇ ਦਿਲ ਦੀ ਖਿੜਕੀ ਐਡੀ ਸੌੜੀ ਸੀ। ਨਾਲੇ ਸਾਹਮਣੇ ਵਾਲੀ ਰੀਟਾ ਮਾਈ ਨੇ ਮੈਨੂੰ ਕੀ ਫਸਾਣੈ, ਉਹ ਤਾਂ ਆਪ ਹੁਣ ਮੌਤ ਦੀ ਕੁੰਡੀ ਨਾਲ ਅੜੀ ਪਈ ਏ। ਬਸ ਰੱਬ ਨੇ ਕਾਨਾ ਖਿੱਚਣਾ ਏ ਤੇ ਮਾਈ ਕੰਢੇ 'ਤੇ।'' ਬੜੇ ਸੋਹਣੇ ਦਿਹਾੜੇ ਲੰਘ ਰਹੇ ਸਨ ਪਰ ਅੰਮਾਂ ਜੀ ਨੂੰ ਰੀਟਾ ਮਾਈ ਅਪਣੀ ਧੀ ਲਈ ਖ਼ਤਰਾ ਲੱਗਣ ਲੱਗ ਪਈ। ਰਾਣੀ ਨੇ ਬਥੇਰਾ ਆਖਿਆ ,''ਅੰਮਾਂ ਜੀ, ਅਮੀਨ ਇੰਜ ਦਾ ਨਹੀਂ। ਨਾਲੇ ਅਮੀਨ ਨੇ ਤੇ ਹੱਜ ਵੀ ਕੀਤਾ ਹੋਇਆ ਏ।''
ਪਰ ਅੰਮਾਂ ਜੀ ਨੇ ਖ਼ੌਰੇ ਹੱਜ ਕਰਨ ਵਾਲਿਆਂ ਦੇ ਚਾਲੇ ਅੱਗੇ ਹੀ ਵੇਖੇ ਹੋਏ ਸਨ। ਉਸ ਆਖਿਆ, ''ਨੀ ਰਹਿਣ ਦੇ ਤੂੰ ਇਨ੍ਹਾਂ ਗੱਲਾਂ ਨੂੰ। ਤੇਰਾ ਪਿਉ ਵੀ ਜਦੋਂ ਇਥੇ ਆਇਆ ਸੀ, ਉਸ ਨੇ ਦੋ ਹੱਜ ਕੀਤੇ ਹੋਏ ਸਨ।'' ਓੜਕ ਮੈਨੂੰ ਖਿੜਕੀ ਵਾਲੀ ਅਯਾਸ਼ੀ ਤੋਂ ਹਟਾ ਦਿਤਾ ਗਿਆ। ਮੈਂ ਮੁੜ ਸਰਕਾਰੀ ਬਿਜਲੀ ਤੋਂ ਅੱਬਾ ਜੀ ਵਾਲੀ ਬਿਜਲੀ 'ਤੇ ਆ ਗਿਆ।
ਹੌਲੀ ਹੌਲੀ ਹੋਰ ਔਖਿਆਈ ਸ਼ੁਰੂ ਹੋ ਗਈ। ਜੇ ਕਦੇ ਮੇਰੇ ਕੋਲੋਂ ਬੂਹਾ ਜ਼ੋਰ ਨਾਲ ਢੁੱਕ ਜਾਂਦਾ ਤਾਂ ਬਾਬਾ ਜੀ ਆਖਦਾ, ''ਅਮੀਨ, ਤੈਨੂੰ ਬੂਹਾ ਬੰਦ ਕਰਨਾ ਨਹੀਂ ਆਉਂਦਾ? ਇਹ ਲੰਦਨ ਹੈ, ਬੂਹੇ ਦੇ ਖੜਾਕ ਨਾਲ ਗਵਾਂਢੀ ਜਾਗ ਜਾਂਦੇ ਨੇ ਤੇ ਨਾਲ ਹੀ ਪੁਲਿਸ ਸੱਦ ਲੈਂਦੇ ਨੇ। ਤੇ ਨਾਲੇ ਰਾਤ ਨੂੰ ਟਾਇਲਟ ਵਿਚ ਵੀ ਨਾ ਜਾਇਆ ਕਰ। ਫ਼ਲੱਸ਼ ਕਰਨ ਨਾਲ ਵੀ ਗਵਾਂਢੀ ਰੀਪੋਰਟ ਕਰ ਦੇਂਦੇ ਨੇ।''ਮੈਂ ਸੋਚਿਆ, ਪ੍ਰਿੰਸੀਪਲ ਵਾਲਟਨ ਕਾਲਜ ਲਾਹੌਰ ਦੀ ਨਿੱਕੀ ਜਹੀ ਗੱਲ ਨਾ ਸਹਾਰੀ ਤੇ ਨੌਕਰੀ ਨੂੰ ਲੱਤ ਮਾਰ ਆਇਆ। ਪਤਾ ਹੁੰਦਾ ਉਸ ਦੇ ਈ ਪੈਰ ਫੜ ਲੈਂਦਾ।
ਦਿਹਾੜੇ ਹੋਰ ਭਾਰੇ ਤੋਂ ਭਾਰੇ ਆਉਂਦੇ ਗਏ। ਕੁੱਝ ਦਿਹਾੜੇ ਤਾਂ ਸਹੁਰਾ ਜੀ ਨੇ ਸਹਿ ਲਿਆ। ਪਰ ਉਸ ਦੇ ਘਰੋਂ ਮੁਫ਼ਤ ਰੋਟੀ ਖਾ ਕੇ, ਉਸ ਦੀ ਮੰਜੀ ਤੋੜ ਕੇ ਅਪਣੀ ਨੀਂਦੇ ਸੌਵਾਂ ਤੇ ਅਪਣੀ ਨੀਂਦੇ ਉੱਠਾਂ, ਉਹ ਵਿਚਾਰਾ ਕਿੰਨਾ ਕੁ ਚਿਰ ਜਰਦਾ। ਉਹ ਸਵੇਰੇ ਸੁਵੱਖਤੇ ਉਤੇ ਆ ਕੇ ਖੰਘਦਾ ਤੇ ਖੰਘਾਰ ਸੁਟਦਾ। ਮੈਂ ਫਿਰ ਵੀ ਨਾ ਉਠਦਾ ਤਾਂ ਉਹ ਬੁੜ ਬੁੜ ਕਰਦਾ। ਇਕ ਦਿਨ ਮੈਂ ਬੁੜ ਬੁੜ ਉਪਰ ਧਿਆਨ ਦਿਤਾ ਤਾਂ ਬਾਬਾ ਜੀ ਪਏ ਆਖਦੇ ਸਨ, ''ਨਾ ਸ਼ਰਮ ਹਯਾ, ਨਾ ਗ਼ੈਰਤ, ਨਾ ਕਿਰਕ ਤੇ ਨਾ ਲੱਥੀ ਚੜ੍ਹੀ।'' ਮੈਥੋਂ ਰਿਹਾ ਨਾ ਗਿਆ, ਮੈਂ ਕਿਹਾ, ''ਅੱਬਾ ਜੀ ਕੀ ਹੋਇਆ ਏ?''
ਫ਼ਾਦਰ ਮਹੁਤਰਮ ਅੱਗੇ ਹੀ ਬਹਾਨਾ ਪਏ ਲਭਦੇ ਸਨ ਕਿ ਕੋਈ ਖੁੱਤ ਛੇੜ ਕੇ ਸੁੱਤੀ ਕਲਾ ਜਗਾਵੇ। ਬਾਬੇ ਹੋਰਾਂ ਆਖਿਆ, ''ਇਹ ਕੋਈ ਵੇਲਾ ਏ ਸੌਣ ਦਾ? ਬਾਰਾਂ ਵਜੇ ਤਕ ਮਰਾਸੀਆਂ ਵਾਂਗ ਸੁੱਤੇ ਰਹਿੰਦੇ ਹੋ। ਸਵੇਰੇ ਉਠਣਾ ਸਿਹਤ ਲਈ ਚੰਗਾ ਹੁੰਦੈ।'' ਮੈਂ ਭਾਵੇਂ ਵੇਲੇ ਦੀ ਕੁੜਿੱਕੀ ਵਿਚ ਫਸਿਆ ਹੋਇਆ ਸਾਂ ਪਰ ਆਦਤ ਤਾਂ ਕੜਕ ਰਹੀ ਸੀ। ਮਰਾਸੀ ਭਾਵੇਂ ਨਹੀਂ ਸਾਂ ਪਰ ਗੱਲ ਤਾਂ ਮਰਾਸੀਆਂ ਜਿੱਡੀ ਸੋਹਣੀ ਕਰ ਸਕਦਾ ਸਾਂ। ਮੈਂ ਆਖਿਆ, ''ਅੱਬਾ ਜੀ, ਤੁਹਾਨੂੰ ਮੇਰੀ ਸਿਹਤ ਦਾ ਐਡਾ ਗ਼ਮ ਕਿਉਂ ਖਾਈ ਜਾਂਦਾ ਏ? ਤੁਸਾਂ ਮੇਰਾ ਜੋੜ ਅਨੋਕੀ ਨਾਲ ਪੁਆਣਾ ਏ?
ਮੈਂ ਸਵੇਰੇ ਉਠ ਕੇ ਮੁੰਗਲੀ ਤੇ ਨਹੀਂ ਫੇਰਨੀ। ਮੈਂ ਜਿੰਨੇ ਜੋਗਾ ਵੀ ਹਾਂ ਅਪਣੇ ਘਰ ਠੀਕ ਆਂ।'' ਬਾਬਾ ਜੀ ਕਿਧਰੇ ਅੱਗੋਂ ਹੀ ਨੱਕ ਨੱਕ ਆਏ ਪਏ ਸਨ। ਉਨ੍ਹਾਂ ਆਖਿਆ, ''ਤੂੰ ਅਪਣੇ ਘਰ ਠੀਕ ਹੁੰਦਾ ਤਾਂ ਖ਼ੈਰ ਸੱਲਾ ਸੀ ਪਰ ਇਹ ਘਰ ਮੇਰਾ ਏ।'' ਐਨੇ ਵਿਚ ਰਾਣੀ ਉਠ ਬੈਠੀ। ਉਸ ਨੂੰ ਅਪਣੇ ਪਿਉ ਦਾ ਵੀ ਪਤਾ ਸੀ ਤੇ ਅਪਣੇ ਬਾਲਾਂ ਦੇ ਪਿਉ ਤੋਂ ਵੀ ਜਾਣੂ ਸੀ। ਵਿਚ ਪੈ ਕੇ ਮਾਮਲਾ ਠੱਪ ਦਿਤਾ। ਤਰਕਾਲੀਂ ਇਹ ਕੇਸ ਅੰਮਾਂ ਜੀ ਕੋਲ ਲੱਗ ਗਿਆ। ਅੰਮਾਂ ਅੰਦਰੋਂ ਬੜੀ ਰਾਜ਼ੀ ਸੀ ਕਿ ਬਾਬਾ ਜੀ ਨੇ ਫੱਨੇ ਖ਼ਾਂ ਜਵਾਈ ਨੂੰ ਚੰਗੀ ਧੂਣੀ ਦਿਤੀ ਹੋਈ ਏ।
ਅੰਮਾਂ ਜੀ ਅੰਦਰੋਂ ਖੋਚਰੀ ਸੀ, ਉਹ ਗੱਲਬਾਤ ਲੋਕਾਂ ਦੀ ਮਰਜ਼ੀ ਵਾਲੀ ਕਰਦੀ ਸੀ ਤੇ ਮਕਸਦ ਅਪਣੀ ਮਰਜ਼ੀ ਦਾ ਪੂਰਾ ਕਰਦੀ ਸੀ। ਉਸ ਨੇ ਸਾਨੂੰ ਦੋਹਾਂ ਨੂੰ ਡੋਈ ਡੋਈ ਪਾ ਕੇ ਠੰਢਾ ਕਰ ਦਿਤਾ। ਆਖਣ ਲੱਗੀ, ''ਵੇ ਅਮੀਨ, ਤੂੰ ਤਾਂ ਸਿਆਣਾ ਬਿਆਣਾ ਏ, ਅਪਣੇ ਅੱਬਾ ਦਾ ਗੁੱਸਾ ਨਾ ਕਰਿਆ ਕਰ।'' ਮੈਂ ਕਿਹਾ, ''ਮਾਂ ਜੀ, ਗੁੱਸੇ ਵਾਲੀ ਗੱਲ ਦਾ ਗੁੱਸਾ ਨਾ ਕਰਾਂ ਤਾਂ ਕੀ ਮੁਜਰਾ ਕਰਿਆ ਕਰਾਂ? ਤੁਸੀ ਹੀ ਦਸੋ ਕਿ ਜੇ ਮੈਂ ਇੰਗਲੈਂਡ ਆ ਹੀ ਗਿਆਂ ਤਾਂ ਦਸ ਦਿਨ ਜੇਰਾ ਕਿਉਂ ਨਹੀਂ ਕਰਦੇ?'' ਅੰਮਾਂ ਜੀ ਨੂੰ ਪਤਾ ਸੀ ਕਿ ਬਾਬਾ ਜੀ ਉਤੇ ਪਟਰੌਲ ਤਾਂ ਉਹ ਆਪ ਹੀ ਪਾਉਂਦੀ ਹੈ ਪਰ ਉਤੋਂ ਉਤੋਂ ਪਈ ਆਖੇ, ''ਪਰਵੇਜ਼ ਦੇ ਅੱਬਾ ਜੀ, ਤੁਹਾਨੂੰ ਵੀ ਪਤਾ ਨਹੀਂ ਕਦੋਂ ਅਕਲ ਆਵੇਗੀ।''
ਅੱਗੋਂ ਪਰਵੇਜ਼ ਦਾ ਅੱਬਾ ਵੀ ਚਾਬੀ ਵਾਲਾ ਬਾਵਾ ਸੀ ਵਿਚਾਰਾ। ਚੁੱਪ ਕਰ ਕੇ ਸੁਣਦਾ ਤੇ ਸਿਰ ਵਿਚ ਖੁਰਕੀ ਜਾਂਦਾ ਸੀ। ਉਹ ਚਾਰ ਫ਼ੁਟ ਸਾਢੇ ਸੱਤ ਇੰਚ ਦਾ ਬੰਦਾ, ਪਤਲੂਣ ਦੇ ਗੈਲਸ ਮੋਢਿਆਂ ਉਪਰ ਚੜ੍ਹਾਏ ਹੋਏ, ਮੈਨੂੰ ਇੰਜ ਲੱਗੇ ਜਿਵੇਂ ਇਸ ਸਰਕਸ ਵਿਚ ਖਲੋਤੇ ਹੋਏ ਨੇ ਹੁਣੇ ਉਲਟ ਬਾਜ਼ੀ ਮਾਰ ਦੇਣੀ ਹੈ। ਮੈਨੂੰ ਬੜੇ ਚਿਰ ਪਿਛੋਂ ਪਤਾ ਲੱਗਾ ਕਿ ਖੇਖਣ ਸਾਰੇ ਅੰਮਾਂ ਜੀ ਦੇ ਸਨ। ਉਹੀ ਚਾਬੀ ਭਰਦੀ ਸੀ। (ਚਲਦਾ)