
ਘਰ ਆ ਗਏ ਤੇ ਸੱਸ ਸਹੁਰਾ ਬੜੇ ਖ਼ੁਸ਼ ਨਜ਼ਰ ਆਏ ਕਿ ਹੁਣ ਇਨ੍ਹਾਂ ਨੂੰ ਖ਼ੈਰਾਤੀ ਭੱਤਾ ਮਿਲ ਜਾਵੇਗਾ ਤੇ ਅਪਣਾ ਆਟਾ ਅਪਣੇ ਬੋਝੇ ਵਿਚੋਂ ਲੈ ਕੇ ਖਾਣਗੇ। ਮੈਂ ਚਾਈਂ ਚਾਈਂ ਅੱਬਾ...
ਘਰ ਆ ਗਏ ਤੇ ਸੱਸ ਸਹੁਰਾ ਬੜੇ ਖ਼ੁਸ਼ ਨਜ਼ਰ ਆਏ ਕਿ ਹੁਣ ਇਨ੍ਹਾਂ ਨੂੰ ਖ਼ੈਰਾਤੀ ਭੱਤਾ ਮਿਲ ਜਾਵੇਗਾ ਤੇ ਅਪਣਾ ਆਟਾ ਅਪਣੇ ਬੋਝੇ ਵਿਚੋਂ ਲੈ ਕੇ ਖਾਣਗੇ। ਮੈਂ ਚਾਈਂ ਚਾਈਂ ਅੱਬਾ ਜੀ ਨੂੰ ਦੱਸ ਬੈਠਾ ਕਿ ਇਥੇ ਲੋਕ ਅੰਗਰੇਜ਼ੀ ਬੜੀ ਗ਼ਲਤ ਬੋਲਦੇ ਨੇ ਤੇ ਅੱਬਾ ਜੀ ਤੁਸੀ ਇਥੇ ਬਾਈ ਸਾਲਾਂ ਤੋਂ ਰਹਿ ਰਹੇ ਹੋ, ਤੁਸੀ ਤਾਂ ਚੰਗੀ ਤਰ੍ਹਾਂ ਸਿਖ ਲਵੋ। ਮੈਥੋਂ ਤਾਂ ਗ਼ਲਤੀ ਹੋ ਗਈ ਪਰ ਬਾਬਾ ਜੀ ਤੱਤੇ ਹੋ ਕੇ ਆਖਣ ਲੱਗੇ, ''ਆਪ ਕਿਸੇ ਜਹੀ ਨਾ, ਤੇ ਗਲ ਕਰਨੋਂ ਰਹੀ ਨਾ। ਜੇ ਲੰਦਨ ਆ ਹੀ ਗਿਆ ਏਂ ਤੇ ਜਰ ਕੇ ਖਾ। ਤੇਰਾ ਕੀ ਖ਼ਿਆਲ ਏ ਮੈਂ ਅੰਗਰੇਜ਼ੀ ਤੋਂ ਬਿਨਾਂ ਹੀ ਟੱਬਰ ਦੇ ਗਿਆਰਾਂ ਜੀਅ ਇੰਗਲੈਂਡ ਵਿਚ ਵਾੜ ਲਏ ਨੇ।''
ਮੈਂ ਆਖਿਆ ਅੱਬਾ ਜੀ, ਇਹ ਤਾਂ ਕਾਨੂੰਨੀ ਹੱਕ ਵਰਤ ਕੇ ਆ ਗਏ ਨੇ। ਇਹ ਤੁਹਾਡੀ ਅੰਗਰੇਜ਼ੀ ਉਤੇ ਚੜ੍ਹ ਕੇ ਤਾਂ ਨਹੀਂ ਆਏ। ਗੱਲ ਖ਼ਰਾਬ ਸੀ ਪਰ ਐਵੇਂ ਮੂੰਹੋਂ ਨਿਕਲ ਗਈ। ਫ਼ਾਦਰ ਜੀ ਵਾਹਵਾ ਤੱਤੇ ਹੋ ਗਏ ਤੇ ਮੇਰੀ ਖੁੰਬ ਠੱਪ ਦਿਤੀ। ਮੈਂ ਚੁੱਪ ਹੋ ਗਿਆ। ਬਾਬਾ ਜੀ ਦੀਆਂ ਗੱਲਾਂ ਭਾਰੀਆਂ ਵੇਖ ਕੇ ਮੈਂ ਹੌਲਾ ਪੈ ਗਿਆ।
ਅਸੀ ਜਿੰਨਾ ਵੀ ਚਿਰ ਇਸ ਘਰ ਵਿਚ ਰਹੇ ਕਲਗ਼ੀ ਉਤੇ ਥੁੱਕ ਲਾ ਲਾ ਕੇ ਲੜੇ ਅਤੇ ਸੁਥਰੇ ਪੈਰ ਆਏ। ਇਕ ਦਿਨ ਫ਼ਾਦਰ ਮਰਹੂਮ, ਰਾਣੀ ਨੂੰ ਆਖਣ ਲੱਗੇ, ''ਇਥੇ ਬੇ ਘਰਾਂ ਨੂੰ ਹਕੂਮਤ ਘਰ ਦੇਂਦੀ ਹੈ ਤੇ ਅਮੀਨ ਨੂੰ ਆਖ ਪਿਛੇ ਲੱਗ ਕੇ ਘਰ ਲਵੇ।''
ਰਾਣੀ ਨੇ ਮੈਨੂੰ ਦਸਿਆ ਤਾਂ ਮੈਂ ਆਖਿਆ ਐਡੇ ਸਾਰੇ ਘਰ ਵਿਚ ਮਾਈ ਬਾਬੇ ਨੇ ਕਿੱਕਲੀ ਪਾਉਣੀ ਹੈ? ਰਾਣੀ ਨੇ ਵਜ੍ਹਾ ਦਸੀ ਕਿ ਅੱਬਾ ਜੀ ਆਖਦੇ ਹਨ ਆਜ਼ਾਦੀ ਚੰਗੀ ਹੁੰਦੀ ਹੈ। ਮੈਂ ਕਿਹਾ ਅੱਗੇ ਮਸਾਂ ਮਸਾਂ ਅੰਗਰੇਜ਼ਾਂ ਕੋਲੋਂ ਗ਼ਲਤ ਜਹੀ ਆਜ਼ਾਦੀ ਲਈ ਸੀ ਤੇ ਹੁਣ ਸਾਡੇ ਕੋਲੋਂ ਵੀ ਆਜ਼ਾਦੀ ਮੰਗਣ ਲੱਗ ਪਏ ਨੇ। ਪਰ ਕਿਲ ਕਿਲ ਤੋਂ ਡਰਦਿਆਂ ਹਕੂਮਤ ਨੂੰ ਅਪਣੇ ਸਹਿਮੇ ਹੋਏ ਬਾਲ ਵਿਖਾ ਕੇ ਘਰ ਦਾ ਤਰਲਾ ਮਾਰਿਆ। ਸਾਡੇ ਜਹਿਆਂ ਕੋਲੋਂ ਤੰਗ ਆ ਕੇ ਹਕੂਮਤ ਨੇ ਆਖਿਆ ਸਾਨੂੰ ਦੋ ਮਹੀਨੇ ਦੀ ਮੁਹਲਤ ਦਿਉ।
ਘਰ ਆ ਕੇ ਦਸਿਆ ਤੇ ਬਾਬਾ ਜੀ ਨੇ ਸਾਨੂੰ ਤਜੁਰਬੇਕਾਰ ਤਰੀਕਾ ਦਸਦੇ ਹੋਏ ਆਖਿਆ ਕਿ ਹਕੂਮਤ ਨੂੰ ਜਾ ਕੇ ਆਖੋ, ''ਮਿਸਟਰ ਸ਼ਰੀਫ਼ ਲੈਂਡ ਲਾਰਡ ਨੇ ਸਾਨੂੰ ਘਰੋਂ ਕੱਢ ਦਿਤਾ ਹੈ। ਅਸੀ 'ਹੋਮ ਲੈਸ' ਹੋ ਗਏ ਹਾਂ।'' ਅਸੀ ਡਰਦੇ ਫਿਰ ਗੋਰੇ ਕੋਲ ਚਲੇ ਗਏ। ਭਲਾ ਮਾਨਸ ਜਿਹਾ ਤੰਗ ਆਇਆ ਗੋਰਾ ਆਖਣ ਲੱਗਾ, ''ਮੈਂ ਤੁਹਾਡੇ ਫ਼ਾਦਰ ਦੀ ਮਿੰਨਤ ਕਰ ਲੈਂਦਾ ਹਾਂ ਕਿ ਤਿੰਨ ਹਫ਼ਤੇ ਸਬਰ ਕਰ ਲਵੋ, ਫਿਰ ਅਸੀ ਮਕਾਨ ਦੇ ਦੇਵਾਂਗੇ।'' ਮੈਂ ਗੋਰੇ ਸਾਹਿਬ ਨੂੰ ਫ਼ਾਦਰ ਜੀ ਦਾ ਫ਼ੋਨ ਨੰਬਰ ਦੇ ਕੇ ਸ਼ੁਕਰੀਆ ਅਦਾ ਵੀ ਕੀਤਾ।
ਗੋਰੇ ਨੇ ਫ਼ੋਨ ਮਿਲਾ ਕੇ ਆਖਿਆ, ''ਕਿਆ ਮੈਂ ਮਿਸਟਰ ਸ਼ੈਰਫ਼ ਨਾਲ ਗੱਲ ਕਰ ਸਕਦਾ ਹਾਂ।'' ਗੋਰੇ ਨੇ ਸ਼ਰੀਫ਼ ਨੂੰ ''ਸ਼ੈਰਫ਼'' ਆਖਿਆ ਤੇ ਮੈਂ ਬੋਲ ਪਿਆ। ਕੋਲੋਂ ਰਾਣੀ ਨੇ ਵੱਖੀ ਵਿਚ ਕੂਹਣੀ ਮਾਰ ਕੇ ਆਖਿਆ, ''ਚੁੱਪ ਕਰ, ਇਥੇ ਸ਼ਰੀਫ਼ ਨੂੰ ਸ਼ੈਰਫ਼ ਹੀ ਆਖਦੇ ਹਨ।'' ਗੋਰੇ ਨੇ ਜਦੋਂ ਮਿਸਟਰ ਸ਼ੈਰਫ਼ ਕੋਲੋਂ ਮਹੁਲਤ ਮੰਗੀ ਤੇ ਈਮਾਨ ਨਾਲ ਅੱਗੋਂ ਬਾਬਾ ਜੀ ਨੇ ਗੁੱਸੇ ਨਾਲ ਜਵਾਬ ਦਿਤਾ, ''ਬਿਲਕੁਲ ਨਾਟ, 9 am kick out Malik family'' ਗੋਰੇ ਨੇ ਤ੍ਰਭਕ ਕੇ ਫ਼ੋਨ ਬੰਦ ਕਰ ਦਿਤਾ। ਉਂਜ ਆਖ ਕੇ ਅਸੀ ਹੀ ਫ਼ਾਦਰ ਨੂੰ ਗਏ ਸਾਂ ਕਿ ਕਿਸੇ ਨੇ ਮਿੰਨਤ ਕੀਤੀ ਤੇ ਪਰਾਂ ਉਪਰ ਪਾਣੀ ਨਾ ਪੈਣ ਦੇਵੀਂ, ਸਗੋਂ ਉਖੜੀ ਕੁਹਾੜੀ ਵਾਂਗ ਪੈ ਜਾਵੀਂ।
ਤੀਜੇ ਦਿਨ ਮੈਂ ਤੇ ਰਾਣੀ ਦੋਹਾਂ ਬਾਲਾਂ ਨਾਲ ਵਰ੍ਹਦੇ ਮੀਂਹ ਵਿਚ ਬੁਚਕੜੀਆਂ ਚੁਕ ਕੇ ਟੁਰ ਪਏ। ਜੇ ਸਾਡੇ ਕੋਲ ਇਕ ਬਾਂਦਰੀ, ਪੂਛ ਕਟੀ ਵਾਲਾ ਕੁੱਤਾ ਅਤੇ ਦਾੜ੍ਹੀ ਵਾਲਾ ਬਕਰਾ ਹੁੰਦਾ ਤਾਂ ਲੋਕਾਂ ਇਹ ਹੀ ਆਖਣਾ ਸੀ ਕਿ ਇਹ ਟੱਪਰੀ ਵਾਸ ਗਗੜੇ ਕਿਸੇ ਨਵੀਂ ਥਾਂ ਟੱਪਰੀ ਲਾਉਣ ਚੱਲੇ ਹਨ। ਮੈਨੂੰ ਇਕ ਵਾਰ ਫਿਰ 1947 ਯਾਦ ਆਇਆ। ਫ਼ਰਕ ਇੰਨਾ ਹੀ ਸੀ ਕਿ ਮੈਂ ਉਸ ਸਮੇਂ ਅਪਣੇ ਬਾਲਾਂ ਜਿੱਡਾ ਸਾਂ ਤੇ ਨੰਗੇ ਸਿਰ ਮੇਰੀ ਮਾਂ ਨੇ ਮੈਨੂੰ ਬਚਾਉਣ ਲਈ ਪਤਾ ਨਹੀਂ ਮੌਤ ਅੱਗੇ ਕਿੰਨੀ ਵਾਰ ਹੱਥ ਜੋੜੇ ਸਨ। ਉਸ ਨੇ ਕਿੰਨੀ ਵਾਰ ਕਿਰਪਾਨ ਕੋਲੋਂ ਕਿਰਪਾ ਮੰਗੀ ਸੀ ਅਤੇ ਮਾਸ਼ਕੀ ਨੂੰ ਤਿੰਨ ਸੌ ਰੁਪਏ ਦੇ ਕੇ ਰਾਵੀ ਪਾਰ ਕਰਵਾਇਆ ਸੀ।
ਗਲੀਆਂ ਦੇ ਵਿਚ ਫਿਰਨ ਨਮਾਣੇ ਲਾਲਾਂ ਦੇ ਵਣਜਾਰੇ ਹੂ
ਸ਼ਾਲਾ ਪਰਦੇਸੀ ਕੋਈ ਨਾ ਥੀਵੇ ਕੱਖ ਜਿਨ੍ਹਾਂ ਥੀਂ ਭਾਰੇ ਹੂ
-43 ਆਕਲੈਂਡ ਰੋਡ, ਲੰਡਨ-ਈ 15-2ਏਐਨ,
ਫ਼ੋਨ : 0208-519 21 39