
ਕੁੱਝ ਦਿਹਾੜੇ ਲੰਘੇ ਤੇ ਪੰਦਰਾਂ ਤਾਰੀਖ਼ ਆ ਗਈ। ਰਾਣੀ ਨੂੰ ਨਾਲ ਲੈ ਕੇ ਸਰਕਾਰੀ ਭੱਤਾ (ਸੋਸ਼ਲ ਸਕਿਉਰਟੀ) ਵਾਲਿਆਂ ਦੇ ਦਫ਼ਤਰ ਅੱਪੜ ਗਿਆ। ਰਾਹ ਵਿਚ ਪੱਕੀ ਕਰਦਾ ਗਿਆ ਕਿ...
ਕੁੱਝ ਦਿਹਾੜੇ ਲੰਘੇ ਤੇ ਪੰਦਰਾਂ ਤਾਰੀਖ਼ ਆ ਗਈ। ਰਾਣੀ ਨੂੰ ਨਾਲ ਲੈ ਕੇ ਸਰਕਾਰੀ ਭੱਤਾ (ਸੋਸ਼ਲ ਸਕਿਉਰਟੀ) ਵਾਲਿਆਂ ਦੇ ਦਫ਼ਤਰ ਅੱਪੜ ਗਿਆ। ਰਾਹ ਵਿਚ ਪੱਕੀ ਕਰਦਾ ਗਿਆ ਕਿ ਜਦੋਂ ਉਹ ਗੱਲ ਕਰਨ, ਛੇਤੀ ਨਾਲ ਪੰਜਾਬੀ ਵਿਚ ਮੈਨੂੰ ਸਮਝਾ ਦੇਵੀਂ। ਜਵਾਬ ਦੇਣ ਨੂੰ ਮੈਂ ਸ਼ੇਰ ਹਾਂ। ਲਾਈਨ ਵਿਚ ਲੱਗੇ ਹੀ ਸਾਂ ਕਿ ਇਕ ਲਵਾ ਜਿਹਾ ਮੁੰਡਾ ਹਾਲ ਵਿਚ ਉਸਲਵੱਟ ਜਹੇ ਲੈਂਦਾ ਫਿਰਦਾ ਸੀ। ਮੂੰਹ 'ਤੇ ਹਵਾਈਆਂ ਉੱਡੀਆਂ ਹੋਈਆਂ, ਅੱਖਾਂ ਵਿਚ ਫ਼ਰਿਆਦ ਅਤੇ ਕਈ ਸਵਾਲ। ਵਲਾਇਤੀ ਲੀੜਿਆਂ ਵਿਚ ਵੜਿਆ ਹੋਇਆ ਵੀ ਸਾਫ਼ ਨਜ਼ਰ ਆਉਂਦਾ ਸੀ ਪਈ ਵਾਈਨ ਦੇ ਗਲਾਸ ਵਿਚ ਲੱਸੀ ਪੈ ਗਈ ਏ।
ਸਿਆਲ ਵਿਚ ਪੈਰੀਂ ਠੰਢੀਆਂ ਜੁਰਾਬਾਂ ਅਤੇ ਪਿਸ਼ਾਵਰੀ ਚੱਪਲ ਪਾਈ ਹੋਈ ਸੀ। ਇਕ ਪੈਰ ਦੀ ਵਿਚਕਾਰਲੀ ਉਂਗਲ ਤੋਂ ਪਾਟੀ ਹੋਈ ਜੁਰਾਬ ਵਿਚੋਂ ਬਾਹਰ ਨਿਕਲੀ ਹੋਈ ਉਂਗਲ ਇੰਜ ਲੱਗੇ ਜਿਵੇਂ ਕੱਛੂ ਨੇ ਸਿਰੀ ਕੱਢੀ ਹੋਈ ਹੋਵੇ। ਬੋਝੇ ਵਿਚੋਂ ਮੋਰਾਕੀਨ ਦਾ ਰੁਮਾਲ ਬਾਹਰ ਦਿਸਦਾ ਸੀ। ਸੱਜੇ ਹੱਥ ਦੀ ਤਲੀ ਵਿਚ ਮਹਿੰਦੀ ਅਤੇ ਖੱਬੇ ਹੱਥ ਦੀ ਚੀਚੀ ਉਪਰ ਨਹੁੰ ਪਾਲਸ਼ ਵੀ ਲੱਗੀ ਹੋਈ ਸੀ। ਇਹ ਤਾਂ ਪਤਾ ਲੱਗ ਗਿਆ ਸੀ ਕਿ ਮੇਰੇ ਵਾਂਗੂੰ ਕੋਈ ਨਵਾਂ ਭਾਰੂ ਫਸਿਆ ਏ। ਕਿਸੇ ਮਾਸੀ ਨੇ ਭਣੇਵੇਂ ਨੂੰ ਰਿਸ਼ਤੇ ਦੀ ਖ਼ੈਰ ਪਾਈ ਹੈ।
ਮੈਂ ਉਸ ਦਾ ਸਵਾਦ ਲੈ ਰਿਹਾ ਸਾਂ ਕਿ ਮੇਰੇ ਕੋਲ ਆ ਕੇ ਆਖਣ ਲੱਗਾ, ''ਭਾਅ ਜੀ ਕਿਥੋਂ ਆਏ ਓ?'' ਮੈਂ ਉਸ ਨੂੰ ਦਸ ਦਿਤਾ ਕਿ ਤੇਰੇ ਵਾਲੀ ਮੁਸੀਬਤ ਨਗਰੀ ਵਿਚੋਂ ਆ ਕੇ ਤੇਰੇ ਵਾਲੇ ਸਿਆਪੇਖ਼ਾਨੇ ਵਿਚ ਹੀ ਬੰਦ ਹਾਂ। ਉਸ ਨੇ ਦਸਿਆ, ''ਮੈਂ ਸਿਆਲਕੋਟੋਂ ਆਇਆ ਦਾ ਜੇ।'' ਮੈਂ ਆਖਿਆ ਬੜੀ ਅੱਛੀ ਥਾਂ ਤੋਂ ਆਏ ਹੋ ਅਤੇ ਹੁਣ ਹੋਰ ਵੀ ਅੱਛੀ ਥਾਂ ਅੱਪੜ ਗਏ ਹੋ। ਨਾਲ ਹੀ ਮੈਂ ਉਸ ਦੀ ਟਾਈ ਦੀ ਗੰਢ ਜ਼ਰਾ ਨਿੱਕੀ ਕੀਤੀ ਕਿਉਂ ਜੇ ਉਹਦੀ ਗੰਢ ਇੰਜ ਸੀ ਜਿਵੇਂ ਬੋਕੇ ਨੂੰ ਲੱਜ ਬੰਨ੍ਹੀ ਹੁੰਦੀ ਹੈ ਜਾਂ ਸੁਹਾਗੇ ਦੇ ਕੰਨ ਨੂੰ ਬੀੜ ਪਾਇਆ ਏ।
ਨਾਲ ਹੀ ਸਵੈਟਰ ਤੋਂ ਬਾਹਰ ਕੱਢੀ ਹੋਈ ਟਾਈ ਮੈਂ ਅੰਦਰ ਕਰ ਦਿਤੀ... ਗੋਰੇ ਹਸਦੇ ਸਨ। ਉਸ ਨੇ ਮੈਥੋਂ ਤਾਰੀਖ਼ ਪੁੱਛੀ ਤੇ ਆਖਣ ਲੱਗਾ ''ਭਾਅ ਜੀ ਤੁਹਾਨੂੰ ਭੁਲੇਖਾ ਲੱਗੇ ਕਰਦਾ ਜੇ। ਅੱਜ ਤਾਂ ਸੋਲ੍ਹਾਂ ਤਾਰੀਖ਼ ਹੋ ਗਈ ਦੀ ਜੇ।'' ਸਿਆਲਕੋਟ ਅਤੇ ਗੁਰਦਾਸਪੁਰ ਹਰ ਫ਼ਿਕਰੇ ਪਿਛੇ ਐਵੇਂ ਹੀ ''ਦਾ'' ਲਾ ਦੈਂਦੇ ਨੇ। ਇਨ੍ਹਾਂ ਨੂੰ ਖ਼ੌਰੇ ''ਦਾ'' ਲਾਣਾ ਚੰਗਾ ਕਿਉਂ ਲਗਦਾ ਏ? ਫ਼ਰਕ ਐਨਾ ਹੈ ਕਿ ਅੰਗਰੇਜ਼ ਫ਼ਿਕਰੇ ਦੇ ਪਹਿਲਾਂ ''ਦਾ'' ਲਾਉਂਦਾ ਏ। ''ਦਾ'' ਦੇ ਦੋਵੇਂ ਹੀ ਮਾਸਟਰ ਹਨ.. ਜਦੋਂ ਸਾਡੀ ਤਾਰੀਖ਼ ਦਾ ਝਗੜਾ ਪੈ ਗਿਆ ਤਾਂ ਅਸੀ ਦੋਵੇਂ ਹੀ ਘਾਬਰ ਗਏ। ਉਹ ਸੋਲ੍ਹਾਂ ਆਖੇ ਤੇ ਮੈਂ ਪੰਦਰਾਂ।
ਰੱਟਾ ਨਾ ਮੁੱਕਾ ਤੇ ਉਸ ਨੇ ਕੌੜਾ ਘੁੱਟ ਕਰ ਕੇ ਨਾਲ ਦੇ ਗੋਰੇ ਕੋਲੋਂ ਤਾਰੀਖ਼ ਕੁੱਝ ਇੰਜ ਪੁੱਛੀ ‘Sir, how much is the date’ ਗੋਰੇ ਨੇ ਇਕ ਦੋ ਵਾਰੀ ਪਾਰਡਨ ਪਾਰਡਨ ਕੀਤਾ ਤੇ ਮੂੰਹ ਪਰਲੇ ਪਾਸੇ ਕਰ ਲਿਆ। ਮੈਨੂੰ ਹਾਸਾ ਤੇ ਬੜਾ ਆਇਆ ਪਰ ਰਾਣੀ ਨੇ ਗੁੱਸੇ ਨਾਲ ਆਖਿਆ ''ਵਿਚਾਰੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਜ਼ਲੀਲ ਕਿਉਂ ਕਰਵਾਨਾ ਏਂ।'' ਮੈਂ ਆਖਿਆ, ''ਦਾ, ਦੀ ਤਾਂ ਪੰਜਾਬੀ ਨਾਲ ਵੀ ਲਾ ਲੈਂਦਾ ਏ, ਹੋਰ ਅੰਗਰੇਜ਼ੀ ਕਿਸ ਤਰ੍ਹਾਂ ਹੁੰਦੀ ਏ?'' ਨਵਾਂ ਜਵਾਈ ਮੁੜ ਮੈਨੂੰ ਆਖਣ ਲੱਗਾ, ''ਭਾਅ ਜੀ ਪੱਕ ਕਰ ਲਵੋ, ਤੁਹਾਨੂੰ ਭੁਲੇਖਾ ਲੱਗੇ ਕਰਦਾ ਜੇ''।
ਮੈਂ ਉਸ ਨੂੰ ਆਖਿਆ, ''ਬਾਊੂ ਜੀ, how much ਨਾ ਆਖੋ, ਤੁਸੀ ਤਾਂ ਤਾਰੀਖ਼ ਤਕੜੀ 'ਤੇ ਤੋਲ ਵਾਂਗ ਸੇਰਾਂ ਛਟਾਂਕਾਂ ਵਿਚ ਪੁਛਦੇ ਓ। ਡੇਟ ਮਿਕਦਾਰ ਵਿਚ ਨਹੀਂ ਤਾਅਦਾਦ ਵਿਚ ਪੁੱਛੀਦੀ ਏ।'' ਮੈਂ ਸਿਖਾ ਪੜ੍ਹਾ ਕੇ ਟੋਰਿਆ ਤੇ ਮੇਰੇ ਪੇਂਡੂ ਭਰਾ ਨੇ ਫਿਰ ਇਕ ਗੋਰੇ ਨੂੰ ਜਾ ਆਖਿਆ ‘Sir, how much is the date’ ਗੋਰੇ ਨੇ ਉਸ ਨੂੰ ਅਵਾਜ਼ਾਰ ਹੋ ਕੇ ਪਰਾਂਹ ਕਰ ਦਿਤਾ। ਜਦੋਂ ਪੇਂਡੂ ਬਾਊ ਜੀ ਅਤੇ ਅੰਗਰੇਜ਼ੀ ਦੋਵੇਂ ਜ਼ਲੀਲ ਹੋ ਗਏ, ਮੈਂ ਕਿਸੇ ਘੜੀ ਉਤੋਂ ਉਸ ਨੂੰ ਪੰਦਰਾਂ ਤਾਰੀਖ਼ ਵਿਖਾ ਦਿਤੀ। ਜ਼ਮੀਨ ਉਤੇ ਥੁੱਕ ਕੇ ਉਹ ਬਾਹਰ ਨਿਕਲ ਗਿਆ। ਸਰਕਾਰੀ ਭੱਤਾ ਲੈਣ ਵਾਸਤੇ ਸ਼ਾਇਦ ਉਸ ਦੇ ਸਹੁਰੇ ਨੇ ਇਕ ਦਿਨ ਪਹਿਲਾਂ ਹੀ ਟੋਰ ਦਿਤਾ ਸੀ।
ਰਾਣੀ ਨੇ ਗੁੱਸੇ ਨਾਲ ਆਖਿਆ, ''ਕਾਹਨੂੰ ਉਸ ਦੀ ਬੇਇੱਜ਼ਤੀ ਕਰਵਾਈ ਊ।'' ਮੈਂ ਕਿਹਾ ਉਸ ਨੇ ਜਿਹੜੀ ਬੇਇੱਜ਼ਤੀ ਅੰਗਰੇਜ਼ੀ ਦੀ ਕੀਤੀ ਹੈ, ਤੂੰ ਨਹੀਂ ਵੇਖੀ।''
ਰਾਣੀ ਨੇ ਆਖਿਆ, ''ਦਫ਼ਾ ਕਰ ਅੰਗਰੇਜ਼ੀ ਨੂੰ।'' ਮੈਂ ਆਖਿਆ ਕਿਤੀ ਊ ਨਾ ਪੰਜਾਬੀਆਂ ਵਾਲੀ ਗੱਲ, ਉਹ ਵੀ ਪੰਜਾਬ ਵਿਚ ਰਹਿ ਕੇ ਆਖਦੇ ਨੇ ਹੁਣ ਦਫ਼ਾ ਕਰੋ ਪੰਜਾਬੀ ਨੂੰ। ਤੂੰ ਵੀ ਵਲਾਇਤੀ ਪਾਸਪੋਰਟ ਹੱਥ ਵਿਚ ਫੜ ਕੇ ਅੰਗਰੇਜ਼ੀ ਦਾ ਆਦਰ ਨਹੀਂ ਕਰਦੀ। ਅਸੀ ਵਿਹਲੇ ਹੋ ਕੇ ਰਾਹ ਵਿਚ ਬੱਚੀ ਨੂੰ ਟੀਕਾ ਲਗਵਾਉਣ ਲਈ ਡਾਕਟਰ ਦੀ ਸਰਜਰੀ ਵਿਚ ਵੜ ਗਏ।
ਪਤਾ ਨਹੀਂ ਅੱਜ ਦਿਹਾੜਾ ਹੀ ਇੰਜ ਦਾ ਸੀ ਜਾਂ ਮੈਂ ਹੀ ਜ਼ਿਆਦਾ ਗਹੁ ਕਰਨ ਲੱਗ ਪਿਆ ਸਾਂ। ਡਾਕਟਰ ਨੇ ਚੈੱਕਅਪ ਕਰ ਕੇ ਇਕ ਮੀਰ ਪੁਰ ਪਾਸੇ ਦੀ ਜ਼ਨਾਨੀ ਨੂੰ ਪੁਛਿਆ, ''ਤੇਰਾ ਵਜ਼ਨ ਕਿਤਨਾ ਹੈ?'' ਜ਼ਨਾਨੀ ਨੇ ਤੁਰਤ ਜਵਾਬ ਦਿਤਾ ‘8alf pass ten stone’ ਅੱਜ ਅੰਗਰੇਜ਼ੀ ਨੂੰ ਜੁੱਤੀਆਂ ਪੈਂਦੀਆਂ ਵੇਖ ਕੇ ਬੜਾ ਰਾਜ਼ੀ ਹੋ ਕੇ ਸੋਚਿਆ ਕਿ ਕੋਈ ਕੈਲੰਡਰ ਦੀ ਗੱਲ ਸੇਰਾਂ ਧੜਿਆਂ ਧਾਨਾਂ ਵਿਚ ਪਿਆ ਕਰਦਾ ਏ ਤੇ ਕੋਈ ਵਜ਼ਨ ਨੂੰ ਟਾਈਮ ਪੀਸ ਅਤੇ ਵਾਲ ਕਲਾਕ ਵਿਚ ਦਸਦਾ ਏ (ਸਹੁੰ ਖਾ ਕੇ ਇਹ ਗੱਲਾਂ ਸੱਚੀਆਂ ਹਨ)। (ਚਲਦਾ)