
ਜਦੋਂ ਉਹ ਮੈਨੂੰ ਆਖਦਾ, ''ਮਲਿਕ ਸਾਹਬ! ਦੱਸ ਪੇਜ਼ ਉਤੇ ਵੇਖੋ'' ਤਾਂ ਮੈਂ ਸੜ ਕੇ ਆਖਦਾ, ''ਵੀਰ ਜੀ! ਤੁਸੀ ਪੇਜ ਨੂੰ ਪੇਜ਼ ਕਿਉਂ ਆਖਦੇ ਹੋ?'' ਉਹ ਠੰਢਾ ਜਿਹਾ ਬੰਦਾ ਹੱਸ...
ਜਦੋਂ ਉਹ ਮੈਨੂੰ ਆਖਦਾ, ''ਮਲਿਕ ਸਾਹਬ! ਦੱਸ ਪੇਜ਼ ਉਤੇ ਵੇਖੋ'' ਤਾਂ ਮੈਂ ਸੜ ਕੇ ਆਖਦਾ, ''ਵੀਰ ਜੀ! ਤੁਸੀ ਪੇਜ ਨੂੰ ਪੇਜ਼ ਕਿਉਂ ਆਖਦੇ ਹੋ?'' ਉਹ ਠੰਢਾ ਜਿਹਾ ਬੰਦਾ ਹੱਸ ਕੇ ਕਹਿੰਦਾ, ''ਓਏ ਤੇਰੀ!'' ਮੈਂ ਪਿੱਟ ਕੇ ਮਰ ਗਿਆ ਕਿ ਚਲੋ ਪਜਾਮੇ ਨੂੰ ਤਾਂ ਪਜ਼ਾਮਾ ਆਖ ਲਵੋ ਪਰ ਪੇਜ ਉਤੇ ਤਾਂ ਰਹਿਮ ਕਰੋ। ਆਕਸਫ਼ੋਰਡ ਨੂੰ ਜਲੰਧਰ ਅਤੇ ਕੈਮਬਰਿਜ ਨੂੰ ਫਗਵਾੜਾ ਕਿਉਂ ਬਣਾਈ ਜਾਂਦੇ ਹੋ? ਖ਼ਲੀਲ ਜਬਰਾਨ ਅਤੇ ਨਵਾਬ ਵਾਜਦ ਅਲੀ ਜਹੇ ਖ਼ਲੀਲ ਜ਼ਬਰਾਨ ਅਤੇ ਵਾਜ਼ਦ ਅਲੀ ਬਣ ਗਏ ਨੇ!
ਇਸੇ ਹੀ ਤਰ੍ਹਾਂ ਹਰ ਰੋਜ਼ ਮੈਂ ਸੜਦਾ ਭੁਜਦਾ ਰਿਹਾ ਪਰ ਜਦੋਂ ਰੇਡੀਉ, ਟੈਲੀਵਿਜ਼ਨ ਦੇ ਪਰੀਜ਼ੈਨਟਰ ਅਤੇ ਪੀ.ਐਚ.ਡੀ. ਟੀਚਰ ਵੀ ਬੋਲੀ ਦੀਆਂ ਜੱਖਣਾਂ ਪੁਟਦੇ ਵੇਖੇ ਤਾਂ ਮੈਂ ਔਲ੍ਹਣ ਲੱਗਾ ਅਤੇ ਵਿਸ ਘੋਲਣ ਲੱਗ ਪਿਆ। ਬੜੇ ਦਿਹਾੜੇ ਅੰਦਰੋਂ ਅੰਦਰ ਕੁੜ੍ਹਦਾ ਰਿਹਾ। ਇਕ ਦਿਨ ਸੋਚਿਆ ਕਿ ਇਸ ਤਰ੍ਹਾਂ ਤਾਂ ਮੇਰਾ ਫੋੜਾ ਗੰਭੀਰ ਬਣ ਜਾਏਗਾ। ਮੈਂ ਚੀਰਾ ਦੇ ਕੇ ਸੌਖਾ ਕਿਉਂ ਨਾ ਹੋ ਜਾਵਾਂ? ਹੁਣ ਵੇਲਾ ਸੀ ਕਿ ਮੈਂ ਬਾਦਸ਼ਾਹ ਨੂੰ ਨੰਗਾ ਆਖ ਦੇਵਾਂ ਪਰ ਅਪਣੇ ਲੀੜੇ ਪੜਵਾਉਣ ਤੋਂ ਵੀ ਬੜਾ ਡਰ ਲਗਦਾ ਸੀ। ਜੇ ਬਾਦਸ਼ਾਹ ਨੇ ਮੈਨੂੰ ਨੰਗਾ ਕਰ ਦਿਤਾ ਤਾਂ ਮੈਂ ਲੰਗੋਟੀ ਕਿਥੋਂ ਮੰਗਾਂਗਾ?
ਮੈਂ ਵੇਖਿਆ ਕਿ ਇਥੇ ਤਾਂ ਆਵਾ ਹੀ ਊਤਿਆ ਪਿਆ ਹੈ ਅਤੇ ਸਾਰਿਆਂ ਨੂੰ ਹੀ ਵੱਗ ਗਈ ਏ। ਇਥੇ ਤਾਂ ਵਿਹੜਾ ਹੀ ਵਿਗੜਿਆ ਪਿਆ ਹੈ। ਇਸ ਨੂੰ ਕੌਣ ਵਰਜੇ? ਨਾਲੇ ਇਹ ਵੀ ਪਤਾ ਸੀ ਕਿ ਕਈਆਂ ਨੂੰ ਮੱਤ ਦਈਏ ਤਾਂ ਉਹ ਲੱਤ ਈ ਮਾਰ ਕਢਦੇ ਨੇ। ਹੁਣ ਹੌਂਸਲਾ ਕਰਨ ਦਾ ਵੇਲਾ ਸੀ ਜਾਂ ਜੇਰਾ ਕਰ ਕੇ (ਛਿੱਤਰ) ਲਿੱਤਰ ਜਰਨ ਦੀ ਘੜੀ ਸੀ? ਇਕ ਦਿਨ ਮੈਂ ਪੰਜਾਬੀ ਰੇਡੀਉ ਸੁਣਦਾ-ਸੁਣਦਾ ਉਛਲ ਹੀ ਪਿਆ।
ਪਰੀਜ਼ੈਂਟਰ ਸਾਹਬ ਨੇ ਆਖਿਆ, ''ਮੈਂ ਹਾਂ ਤੁਹਾਡਾ ਪਰਜੈਂਟਰ ਸੁਖਵਿੰਦਰ ਤੇ ਹੁਣ ਮੈਨੂੰ ਦਿਉ ਇਜ਼ਾਜ਼ਤ।'' ਐਸੀ ਜ਼ਬਾਨ ਵਰਤੀ ਕਿ ਲੱਤਾਂ ਉਤੇ ਤੇ ਸਿਰ ਥੱਲੇ। ਸਾਡਾ ਇਕ ਉਸਤਾਦ ਆਖਦਾ ਹੁੰਦਾ ਸੀ ਕਿ ਰੇਡੀਉ, ਟੀ.ਵੀ. ਅਤੇ ਟੀਚਰ ਦੇ ਮੂੰਹੋਂ ਸਾਫ਼ ਸੁਥਰੀ ਤੇ ਨਿਰੋਲ ਬੋਲੀ ਨਿਕਲਣੀ ਚਾਹੀਦੀ ਏ ਕਿਉਂ ਜੋ ਇਸ ਨੂੰ ਸਾਰੀ ਦੁਨੀਆਂ ਸੁਣ ਕੇ ਅਪਣੀ ਬੋਲੀ ਸਿੱਧੀ ਕਰਦੀ ਏ। ਇਥੇ ਤਾਂ ਰਸਾਲਿਆਂ, ਅਖ਼ਬਾਰਾਂ ਦੇ ਐਡੀਟਰ ਵੀ ਬਗਾਟ ਦੀਆਂ ਰੋਟੀਆਂ ਪਕਾਈ ਜਾਂਦੇ ਨੇ। ਚੱਪੇ-ਚੱਪੇ ਉਤੇ ਡਾਕਟਰ ਪ੍ਰੋਫ਼ੈਸਰ ਬਣਿਆ ਫਿਰਦੈ ਪਰ ਮਾਂ ਬੋਲੀ ਉਤੇ ਤਾਂ ਜਿਵੇਂ ਫਲ੍ਹਾ ਫਿਰ ਗਿਐ।
ਦੁਹਾਈ ਰੱਬ ਦੀ। ਮਜਬੂਰੀ ਨੂੰ ਮਜ਼ਬੂਰੀ, ਵਾਜਬ ਨੂੰ ਵਾਜ਼ਬ, ਰਵਾਜ ਨੂੰ ਰਵਾਜ਼, ਤਜਰਬੇ ਨੂੰ ਤਜ਼ਰਬਾ ਅਤੇ ਮੁਜਰਮ ਨੂੰ ਮੁਜ਼ਰਮ। ਅੱਗੋਂ ਵੀਜ਼ੇ ਨੂੰ ਵੀਜਾ ਤੇ ਵਿਜ਼ਿਟਰ ਨੂੰ ਵਿਜੀਟਰ। ਕਿੱਡਾ ਸੋਹਣਾ ਲੱਗ ਰਿਹਾ ਸੀ ਮੇਰਾ ਰੇਡੀਉ ਦਾ ਪਰੀਜ਼ੈਂਟਰ ਵੀਰ ਜਦੋਂ ਉਸ ਨੇ ਖ਼ਬਰ ਦਿਤੀ ਕਿ 'ਕਲ ਕਬੱਡੀ ਦੇ ਖਿਡਾਰੀਆਂ ਨੂੰ ਟੈਲੀਬੀਜਨ ਉਤੇ ਪਰਾਈਜ (ਪ੍ਰਾਈਜ਼) ਦਿਤੇ ਜਾਣਗੇ।
ਮੇਰੇ ਬਾਦਸ਼ਾਹਾਂ ਨੇ ਪੰਜਾਬੀ ਮਾਂ ਬੋਲੀ ਦੀਆਂ ਲੱਤਾਂ ਉਤੇ ਤੇ ਸਿਰ ਥੱਲੇ ਕੀਤਾ ਹੀ ਸੀ, ਨਾਲ ਅੰਗਰੇਜ਼ੀ ਦਾ ਵੀ ਨਿਕਾਲ ਪੁੱਟ ਕੇ ਸਿਰ ਪਰਨੇ ਕਰ ਸੁੱਟੀ ਹੈ। ਕਸਰ ਕੋਈ ਵੀ ਨਹੀਂ ਛੱਡੀ। ਇਥੋਂ ਤਕ ਕਿ ਵਲਾਇਤ ਵਿਚ ਰਹਿੰਦੀ ਰੋਜ਼ਮੈਰੀ ਵਿਚਾਰੀ ਨੂੰ ਰੋਜ ਮੈਰੀ ਆਖ ਕੇ ਧੱਕੋ ਧੱਕੀ ਦੋਆਬੇ ਵਿਚ ਵਾੜ ਦਿਤਾ। ਕੀ ਸੋਚਿਆ ਹੋਵੇਗਾ (Rose marry) ਨੇ? ਸੜ ਗਿਆ ਹੋਵੇਗਾ ਉਹਦੀ ਰੂਹ ਦਾ ਗੁਲਾਬ।
ਮੈਂ ਅੱਗੇ ਹੀ ਕੰਡੇ ਲੂਹੰਦਾ ਫਿਰਦਾ ਸਾਂ ਅਤੇ ਕਚੀਚੀਆਂ ਵੱਟ ਕੇ ਵੱਟ ਚੜ੍ਹਾਈ ਫਿਰਦਾ ਸਾਂ, ਉਤੋਂ ਇਕ ਕਵੀ ਦਰਬਾਰ ਦਾ ਦੋਆਬੀਆ ਵੀਰ ਕੰਪੀਅਰਇੰਗ ਕਰ ਰਿਹਾ ਸੀ। ਆਖਣ ਲੱਗਾ, ''ਲਉ ਜੀ ਤੁਸਾਂ ਹੁਣੇ ਮਨਜੀਤ ਦਿਲਗੀਰ ਨੂੰ ਸੁਣਿਐ ਜਿਹੜੇ ਅਪਣੀ ਨਜਮ ਬੜੀ ਲਗ਼ਜ਼ਿਸ਼ ਨਾਲ ਪੜ੍ਹ ਕੇ ਗਏ ਨੇ।'' ਇਹ ਸੁਣ ਕੇ ਮੈਂ ਨਜਮ (ਨਜ਼ਮ) ਨੂੰ ਤਾਂ ਹਜ਼ਮ ਕਰ ਲਿਆ ਪਰ ਜਦੋਂ ਲਫ਼ਜ਼ ਲਗ਼ਜ਼ਿਸ਼ ਉਤੇ ਗ਼ੌਰ ਕੀਤਾ ਤਾਂ ਰੋਣ ਨੂੰ ਜੀਅ ਕੀਤਾ। ਸੋਚਿਆ ਕਿ ਜੇ ਉਰਦੂ ਦਾ ਰੋਹਬ ਪਾਉਣ ਨੂੰ ਜੀਅ ਕਰਦਾ ਸੀ ਤਾਂ 'ਲਗ਼ਜ਼ਿਸ਼' ਦੇ ਅਰਥ ਤਾਂ ਪੁੱਛ ਲੈਂਦੇ। ਕਿਥੇ ਰਾਮ-ਰਾਮ ਕਿਥੇ ਟੈਂ-ਟੈਂ। ਗੱਲ ਹਾਸੇ ਵਾਲੀ ਸੀ ਪਰ ਰੋਣ ਵਾਲਾ ਹੋ ਗਿਆ ਮੈਂ।
ਇਹ ਸਾਰਾ ਕੁੱਝ ਵੇਖ ਕੇ ਮੇਰੇ ਸਬਰ ਦਾ ਠੂਠਾ ਉਛਲਦਾ ਰਿਹਾ। ਮੈਂ ਨੱਕੋ ਨੱਕ ਆ ਗਿਆ ਅਤੇ ਕੋਈ ਸ਼ੈਅ ਅੰਦਰੋਂ ਹੁੱਜਾਂ ਮਾਰਨ ਲੱਗ ਪਈ। ਮੇਰੇ ਕੋਲ ਹੌਂਸਲਾ ਨਹੀਂ ਸੀ ਕਿ ਚੌਧਰਾਣੀ ਨੂੰ ਆਖਾਂ ਕਿ ਲੀੜਾ ਸਵਾਹਰਾ ਕਰ। ਮੈਂ ਅਪਣੀਆਂ ਹੀ ਸੋਚਾਂ ਦੀ ਹਾਂਡੀ ਥੱਲੇ ਅਪਣੀ ਬੇਵਸੀ ਦਾ ਬਾਲਣ ਬਣ ਕੇ ਬਲਦਾ ਰਿਹਾ ਤੇ ਬਾਦਸ਼ਾਹ ਦੇ ਨੰਗੇਜ ਵਲ ਵੇਖ ਕੇ ਅੱਖਾਂ ਮੀਟੀ ਰਖੀਆਂ।
ਕਦੀ ਹਿੰਮਤ ਕਰ ਕੇ ਉਫ਼ ਵੀ ਕੀਤੀ ਤਾਂ ਸਿਆਣੀ ਬੀਵੀ ਨੇ ਸਿਆਣਪ ਦੀ ਨੱਥ ਪਾ ਕੇ ਮਜਬੂਰੀ ਦੇ ਕਿੱਲੇ ਨਾਲ ਫਾਹੇ ਲਾ ਦਿਤਾ। ਮੈਂ ਚਰਦਾ ਰਿਹਾ ਸੁੱਕੀ ਪਰਾਲੀ ਅਤੇ ਸਬਰ ਦਾ ਲਾਣਾ। ਅੱਜ ਵੀ ਉਹ ਮੇਰੇ ਕਮਰੇ ਵਿਚ ਆਈ ਸੀ। ਪਰ ਮੈਂ ਅਪਣਾ ਇਹ ਲੇਖ ਇੰਜ ਲੁਕਾ ਲਿਆ ਜਿਵੇਂ ਕੋਈ ਨਿੱਕਾ ਜਿਹਾ ਬਾਲ ਮਾਂ ਕੋਲੋਂ ਤੀਲਾਂ ਵਾਲੀ ਡੱਬੀ ਲੁਕਾ ਲੈਂਦੈ। ਰਾਣੀ ਨਹੀਂ ਸੀ ਚਾਹੁੰਦੀ ਕਿ ਕੋਈ ਮਵਾਤਾ ਲੱਗੇ।
ਸੱਚੀ ਗੱਲ ਤਾਂ ਇਹ ਹੈ ਕਿ ਮੈਂ ਬਲਦਾ ਵੀ ਰਿਹਾ ਤੇ ਲਾਂਬੂ ਲੁਕਾਣ ਦੇ ਯਤਨ ਵੀ ਕਰਦਾ ਰਿਹਾ। ਸੋਚਣ ਵਾਲੀ ਗੱਲ ਹੈ ਕਿ ਜੇ ਕੋਈ ਬੰਦਾ ਲੰਗੜਾਏ, ਝੋਲ ਮਾਰੇ, ਪੈਰ ਡੁੱਡਾ ਕਰ ਕੇ ਟੁਰੇ ਜਾਂ ਢੀਚਕ ਮਾਰੇ ਤਾਂ ਬਰਦਾਸ਼ਤ ਵੀ ਕਰ ਲਈਦੈ ਪਰ ਜੇ ਉਹ ਸਿਰ ਪਰਨੇ ਹੋ ਕੇ ਜਾਂ ਪੁੱਠੇ ਪੈਰੀਂ ਟੁਰਨ ਲੱਗ ਪਵੇ ਤਾਂ ਵਰਜਣਾ ਬਣਦਾ ਏ ਜਾਂ ਠਾਕਣਾ ਜਾਇਜ਼ ਹੋ ਜਾਂਦੈ। ਇਹ ਵਖਰੀ ਗੱਲ ਹੈ ਕਿ ਸ਼ਬਦਾਂ ਦੀ ਕੌੜੀ ਗੱਲ ਨੂੰ ਪਿਆਰ ਦੀ ਖੰਡ ਚੜ੍ਹਾ ਕੇ ਖਵਾਇਆ ਜਾਏ, ਜਿਵੇਂ ''ਕਾਣੇ ਨੂੰ ਆਖੀਏ ਕਾਣਾ ਤਾਂ ਕਾਣੇ ਨੂੰ ਚੜ੍ਹਦੈ ਵੱਟ, ਨੇੜੇ ਹੋ ਕੇ ਪੁਛੀਏ ਵੀਰਾ ਕਿਵੇਂ ਲੱਗੀ ਸੱਟ।''
ਮੈਂ ਬੜਾ ਟਿਲ ਲਾ ਕੇ ਕੋਸ਼ਿਸ਼ ਕੀਤੀ ਕਿ ਚੁੱਪ ਹੀ ਰ੍ਹਵਾਂ ਪਰ ਕਿਥੇ ਕਿਥੇ ਮੈਨੂੰ ਸਬਰ ਦਾ ਪਿਆਲਾ ਨਾ ਪੀਣਾ ਪਿਆ। ਲੰਡਨ ਵਿਚ ਇਕ ਲੋਕਲ ਮੈਗਜ਼ੀਨ ਦਾ ਐਡੀਟਰ ਸਾਹਬ ਮੈਨੂੰ ਇਕ ਇਕੱਠ ਵਿਚ ਮਿਲਿਆ ਤਾਂ ਮੈਂ ਇਸ਼ਾਰਾ ਕੀਤਾ ਕਿ ਮੇਰੀ ਕਹਾਣੀ ਵਿਚ ਸ਼ਬਦ 'ਜ਼ੰਜੀਰ' ਨੂੰ ਤੁਸਾਂ 'ਜੰਜ਼ੀਰ' ਲਿਖ ਕੇ ਸਿਰ ਪਰਨੇ ਕਿਉਂ ਕੀਤਾ ਹੈ? ਮਤਲਬ ਕਿ ਬੱਦ ਕੇ ਜਾਂ ਮਿੱਥ ਕੇ ਪਿਛਲੇ 'ਜੱਜੇ' (ਜ) ਥਲਿਉਂ ਬਿੰਦੀ ਨੂੰ ਕੱਢ ਕੇ ਅਗਲੇ 'ਜੱਜੇ' ਹੇਠ ਪਾਇਆ ਹੈ ਕਿ ਪਤਾ ਲਗਦਾ ਰ੍ਹਵੇ ਕਿ ਅਸੀ ਲਿਖਣ ਪੜ੍ਹਨ ਵਿਚ ਵੀ ਪੁੱਠੇ ਪੈਰੀਂ ਟੁਰਦੇ ਹਾਂ। (ਚਲਦਾ) -43 ਆਕਲੈਂਡ ਰੋਡ, ਲੰਡਨ-ਈ 15-2ਏਐਨ, ਫ਼ੋਨ : 0208-519 21 39