ਕਿਉਂ ਪੁੱਠੇ ਪੈਰੀਂ ਟੁਰੀ ਪੰਜਾਬੀ? (ਭਾਗ 3)
Published : May 29, 2018, 11:45 am IST
Updated : May 29, 2018, 8:02 pm IST
SHARE ARTICLE
Amin Malik,
Amin Malik,

ਮੈਨੂੰ ਪਤਾ ਹੁੰਦਾ ਕਿ ਆਵਾ ਹੀ ਊਤਿਆ ਹੋਇਆ ਹੈ ਤਾਂ ਚੁੱਪ ਹੀ ਰਹਿੰਦਾ। ਪਰ ਐਡੀਟਰ ਹੋਣਾ ਇਕ ਜ਼ੁੰਮੇਵਾਰ ਅਹੁਦਾ ਜਾਂ ਪੋਸਟ ਹੈ, ਜਿਥੇ ਜ਼ਬਾਨ ਦਾਨੀ ਜਾਂ ਬੋਲੀ ਦੀ...

ਮੈਨੂੰ ਪਤਾ ਹੁੰਦਾ ਕਿ ਆਵਾ ਹੀ ਊਤਿਆ ਹੋਇਆ ਹੈ ਤਾਂ ਚੁੱਪ ਹੀ ਰਹਿੰਦਾ। ਪਰ ਐਡੀਟਰ ਹੋਣਾ ਇਕ ਜ਼ੁੰਮੇਵਾਰ ਅਹੁਦਾ ਜਾਂ ਪੋਸਟ ਹੈ, ਜਿਥੇ ਜ਼ਬਾਨ ਦਾਨੀ ਜਾਂ ਬੋਲੀ ਦੀ ਪੂਰੀ-ਪੂਰੀ ਵਾਕਫ਼ੀਅਤ ਅਤੇ ਥਹੁ ਹੋਣਾ ਚਾਹੀਦਾ ਹੈ। ਜੇ ਅਧਿਆਪਕ ਵੀ 'ਕੱਪ' (3up) ਨੂੰ 'ਸੱਪ' ਹੀ ਆਖੇਗਾ ਤਾਂ ਸਕੂਲ ਦੇ ਪੱਲੇ ਕੀ ਪੈਣਾ ਹੈ? ਐਡੀਟਰ ਸਾਹਬ ਨੇ ਮੈਨੂੰ ਜਿਹੜਾ ਜਵਾਬ ਦਿਤਾ, ਉਹ ਬੜਾ ਹੀ ਲਾਜਵਾਬ ਸੀ। ਆਖਣ ਲੱਗੇ, ''ਕੰਮਪੀਊਟਰ ਵਾਲੇ ਮਾਂ... ਨੇ ਹਰ ਜੱਜੇ ਥੱਲੇ ਬਿੰਦੀ ਐਵੇਂ ਹੀ ਪਾ ਛੱਡੀ ਏ।'' ਉਹਨੇ ਮੈਨੂੰ ਗਲੋਂ ਲਾਹਿਆ ਤੇ ਮੇਰੇ ਗਲ ਗਲ ਆ ਗਈ। ਬੜਾ ਅਫ਼ਸੋਸ ਹੋਇਆ।

ਅੱਲਾ ਭਲਾ ਕਰੇ ਇਕ ਬੰਦੇ ਦਾ ਜਿਸ ਨੇ ਹੌਲੀ ਨਾਲ ਮੇਰੇ ਕੰਨ ਵਿਚ ਆਖਿਆ, ''ਚੁੱਪ ਕਰੋ ਮਲਿਕ ਜੀ! ਅੱਜਕਲ ਤਾਂ ਦੋਆਬੇ ਵਾਲੇ ਮਾਤਾ ਗੁਜਰੀ ਨੂੰ ਵੀ 'ਗੁਜ਼ਰੀ' ਲਿਖਦੇ, ਬੋਲਦੇ ਨੇ।''ਬਜਾਏ ਇਸ ਦੇ ਕਿ ਐਡੀਟਰ ਸਾਹਬ ਮੇਰੀ ਬੇਨਤੀ ਨੂੰ ਮੁੱਖ ਰਖਦੇ, ਉਹ ਖ਼ੌਰੇ ਅੰਦਰ ਹੀ ਅੰਦਰ ਰਿਝਦੇ ਰਹੇ ਤੇ ਦੂਜੀ ਵਾਰ ਮੇਰੇ ਕੋਲੋਂ ਦੀ ਲੰਘਦੇ-ਲੰਘਦੇ ਠੱਠਾ ਕਰਦੇ ਆਖ ਗਏ, 'ਜੱਜੇ ਹੇਠ ਬਿੰਦੀ ਪਾ ਦਈਏ ਤਾਂ ਅਮੀਨ ਮਲਿਕ ਨੂੰ ਪਤਾ ਨਹੀਂ ਲੜ ਕਿਉਂ ਜਾਂਦੀ ਏ?'' ਮੈਂ ਸੋਚਿਆ ਕੋਈ ਫ਼ਾਇਦਾ ਨਹੀਂ। ਇਥੇ ਉਲਟੀ ਕੋਤਵਾਲ ਨੂੰ ਹੀ ਡਾਂਟ ਪੈਂਦੀ ਹੈ। ਨਾਲੇ ਅਸੀ ਪੰਜਾਬੀ ਹਾਂ। ਅਕਲ ਨੂੰ ਧੱਕਾ ਦੇ ਕੇ ਆਕੜ ਨੂੰ ਜੱਫਾ ਪਾਈ ਰਖਦੇ ਹਾਂ।'' 

ਅੱਜ ਵਾਲਾ ਲੇਖ ਮੈਂ ਉਸ ਦਿਹਾੜੇ ਵੀ ਲਿਖਣ ਬੈਠਾ ਸਾਂ ਪਰ ਧੌਲ ਧੱਫਾ ਅਤੇ ਲਿੱਤਰ ਪੌਲਾ ਯਾਦ ਕਰ ਕੇ ਨੰਗੇ ਬਾਦਸ਼ਾਹ ਨੂੰ ਨੰਗਾ ਨਾ ਆਖ ਸਕਿਆ। ਕੀ ਕਰੀਏ ਸਹਿਜ ਸੁਭਾਈ ਵੀ ਕਿਸੇ ਦੀ ਗ਼ਲਤੀ ਵਲ ਉਂਗਲ ਕਰੀਏ ਤਾਂ ਉਹ ਸਿਰ ਦੇ ਵਾਲਾਂ ਨੂੰ ਆਉਂਦਾ ਏ। ਕਿਸੇ ਦੀਆਂ ਨਮਾਜ਼ਾਂ ਪੜ੍ਹੀਏ ਤਾਂ ਉਹ ਅੱਗੋਂ ਲੋਟੇ ਭੰਨਦਾ ਹੈ। ਕਿਸੇ ਨੂੰ ਸਵਾਹਰਾ ਕਰਨ ਦਾ ਚਾਰਾ ਕਰੋ ਤਾਂ ਉਹ ਅੱਗੋਂ ਦੂਹਰਾ ਕਰ ਕੇ ਰੱਖ ਦੇਂਦਾ ਏ।

ਅਖ਼ੀਰ ਇਕ ਦਿਨ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਮੇਰੇ ਅੰਦਰਲੇ ਊਧੇ ਨੇ ਮੋਢੇ ਮਾਰ ਕੇ ਮੇਰੀ ਅਕਲ ਨਾਲ ਬਗ਼ਾਵਤ ਕਰ ਦਿਤੀ ਤੇ ਮੈਨੂੰ ਤੋਹੇ ਲਾਹਨਤ ਕਰ ਕੇ ਆਖਣ ਲੱਗਾ, ''ਜੇ ਸਚਾਈ ਦੀ ਮੌਤੇ ਨਹੀਂ ਮਰ ਸਕਦਾ ਤਾਂ ਉਹਦੇ ਨਾਲੋਂ ਚੰਗਾ ਏ, ਤੈਨੂੰ ਕਿਸੇ ਦੀ ਆਈ ਹੀ ਆ ਜਾਏ।'' ਇਹ ਸੁਣ ਕੇ ਮੈਂ ਅਪਣੀ ਆਈ ਉਤੇ ਆ ਗਿਆ ਤੇ ਕਲਮ ਫੜ ਲਈ।

ਹੋਇਆ ਇੰਜ ਸੀ ਕਿ ਫ਼ਿਲਮ ਇਕ ਅਜਿਹਾ ਮੀਡੀਆ ਹੈ ਜਿਸ ਵਿਚ ਪ੍ਰਫ਼ੈਕਸ਼ਨ (ਸੰਪੂਰਨਤਾ) ਪਾਈ ਜਾਂਦੀ ਹੈ ਤੇ ਜਿਸ ਵਿਚ ਹਰ ਬੰਦਾ ਅਪਣੇ-ਅਪਣੇ ਕੰਮ ਦਾ ਮਾਹਰ ਹੁੰਦਾ ਹੈ। ਜਿਵੇਂ ਕਹਾਣੀਕਾਰ, ਸਕਰਿਪਟ ਰਾਈਟਰ, ਕੈਮਰਾਮੈਨ, ਐਡੀਟਰ ਅਤੇ ਡਾਇਰੈਕਟਰ। ਡਾਇਲਾਗ ਅਤੇ ਜ਼ਬਾਨ ਦਾ ਬੜਾ ਹੀ ਧਿਆਨ ਰਖਿਆ ਜਾਂਦੈ। ਹੋਣੀ ਤਕਦੀਰ ਦੀ, ਟੀ.ਵੀ. ਉਤੇ ਇੰਡੀਅਨ ਪੰਜਾਬੀ ਫ਼ਿਲਮ ਲੱਗੀ ਹੋਈ ਸੀ। ਮੈਂ ਕਿਥੇ ਵੇਖਣੀ ਸੀ।

ਕੋਲੋਂ ਦੀ ਲੰਘਦੇ-ਲੰਘਦੇ ਦੋ ਚਾਰ ਗੱਲਾਂ ਕੰਨ ਖਜੂਰੇ ਵਾਂਗ ਕੰਨ ਵਿਚ ਵੜ ਗਈਆਂ। ਫ਼ਿਲਮ ਨੂੰ ਮਾਂ ਬੋਲੀ ਪੰਜਾਬੀ ਨਾਲ ਹੁੰਦਾ ਹੋਇਆ ਤਮਾਸ਼ਾ ਸਮਝ ਕੇ ਵੇਖਣ ਲੱਗ ਪਿਆ। ਕਿਸੇ ਜ਼ਮਾਨੇ ਵਿਚ ਪੋਸਤੀ, ਕੌਡੇ ਸ਼ਾਹ, ਚਮਨ, ਭੰਗੜਾ ਜਹੀਆਂ ਫ਼ਿਲਮਾਂ ਵੇਖੀਆਂ ਸਨ। ਪਰ ਅੱਜ ਦੀ ਸਿਰ ਪਰਨੇ ਟੁਰਨ ਵਾਲੀ ਜ਼ਬਾਨ ਵਿਚ ਲਿਖੇ ਹੋਏ ਡਾਇਲਾਗ ਜਾਂ ਸਕਰਿਪਟ ਸੁਣ ਕੇ ਫ਼ੈਸਲਾ ਕਰ ਲਿਆ ਕਿ ਪੰਜਾਬੀ ਜ਼ਬਾਨ ਨਾਲ ਹੋਣ ਵਾਲੇ ਧਰੋਹ ਬਾਰੇ ਲਿਖਾਂਗਾ ਜ਼ਰੂਰ, ਭਾਵੇਂ ਲਿਖ ਕੇ ਚੁੱਲ੍ਹੇ ਵਿਚ ਹੀ ਡਾਹ ਦਿਆਂ। ਫ਼ਿਲਮ ਦਾ ਨਾਂ ਸ਼ਾਇਦ 'ਚੰਨ ਪਰਦੇਸੀ' ਸੀ। ਇਸ ਗੋਡੇ ਲੱਗੇ ਚੰਨ ਦਾ ਮੈਂ ਬੜਾ ਕੁੱਝ ਵੇਖਿਆ।

ਪੰਜਾਬੀ ਜ਼ਬਾਨ ਨੂੰ ਬੱਜ ਲਗਦਾ ਵੇਖਿਆ, ਲਹਿਜੇ ਨੂੰ ਅੱਗ ਲਗਦੀ ਵੇਖੀ ਅਤੇ ਬਾਬਾ ਫ਼ਰੀਦ ਦੇ ਸੁੱਚੇ ਖਰੇ ਸ਼ਬਦਾਂ ਨੂੰ ਵੱਟਾ ਲਗਦਾ ਵੇਖਿਆ। ਪੰਜਾਬੀ ਦਾ ਕਜ਼ ਵੇਖਿਆ, ਪੰਜਾਬੀ ਜ਼ਬਾਨ ਦੇ ਹਰ ਮੈਦਾਨ ਵਿਚੋਂ ਹਰੇ ਹੋਏ ਮੁਹਾਵਰੇ ਅਤੇ ਫ਼ਿਕਰੇ (ਵਾਕ) ਸੁਣੇ। ਜੇ ਫ਼ਿਲਮ ਵਿਚ ਵੀ ਜ਼ਬਾਨ ਨੂੰ ਪਾਟੀ ਹੋਈ ਘਗਰੀ ਪਾ ਕੇ ਨਚਾਣਾ ਹੈ ਤਾਂ ਕੀ ਲੋੜ ਹੈ ਦੁਨੀਆਂ ਦਾ ਹਾਸਾ ਬਣਨ ਦੀ? ਦੁਨੀਆਂ ਦੀ ਕਿਸੇ ਵੀ ਜ਼ਬਾਨ ਨੂੰ ਕਿਸੇ ਨੇ ਇਸ ਤਰ੍ਹਾਂ ਭੰਨ ਤੋੜ ਕੇ ਵਲੂੰਧਰਿਆ ਨਹੀਂ। ਜ਼ਰਾ ਗ਼ੌਰ ਕਰੋ।

ਫ਼ਿਲਮ ਵਿਚ ਇਕ ਬੰਦਾ ਕਿਸੇ ਬੰਦੇ ਦੀ ਜਾਣ ਪਛਾਣ ਕਰਵਾਉਂਦੇ ਹੋਏ ਆਖਦਾ ਏ, ''ਹਜੂਰ (ਹਜ਼ੂਰ) ਇਹ ਬਹੁਤ ਵੱਡੇ ਆਦਮੀ ਨੇ ਤੇ ਇਸ ਇਲਾਕੇ ਦੇ ਰਈਸ-ਇ-ਆਜਮ (ਰਈਸਿ ਆਜ਼ਮ) ਨੇ।''ਇਹ ਜੇ ਪੰਜਾਬੀ ਫ਼ਿਲਮ ਦੀ ਸਕਰਿਪਟ ਅਤੇ ਜ਼ਬਾਨ। ਹੋਰ ਵੀ ਬੜਾ ਕੁੱਝ ਸੀ ਪਰ ਕੀ ਕੀ ਲਿਖਾਂ ਤੇ ਕੀ ਕੀ ਆਖਾਂ? ਇੰਜ ਲਗਦੈ ਜਿਵੇਂ ਸਹੁੰ ਖਾਈ ਬੈਠੇ ਨੇ ਕਿ ਅਸਾਂ ਮਿੱਥ ਦੇ ਪੁੱਠੇ ਪੈਰੀਂ ਟੁਰਨਾ ਹੈ, ਅਸਾਂ ਬੱਦ ਕੇ ਚੜ੍ਹਦੇ ਪਾਣੀ ਨੂੰ ਜਾਣਾ ਹੈ ਅਤੇ ਜ਼ਿੱਦ ਲਾ ਕੇ ਬੋਲੀ ਨੂੰ ਸਿਰ ਪਰਨੇ ਟੋਰਨਾ ਹੈ।

ਬੇਨਤੀ ਸਿਰਫ਼ ਐਨੀ ਕੁ ਹੈ ਕਿ ਜੇ ਡੱਕਾ ਨਾ ਲਾਇਆ ਗਿਆ ਜਾਂ ਕਿਸੇ ਬੇ ਲਗਾਮ ਘੋੜੀ ਨੂੰ ਹੱਥ ਨਾ ਪਾਇਆ ਗਿਆ ਤਾਂ ਇਹ ਬੇ ਲਗਾਮੀ ਘੋੜੀ, ਜ਼ਬਾਨ ਦੀ ਤੰਦਰੁਸਤ ਫ਼ਸਲ ਦਾ ਖੇਤ ਉਜਾੜ ਦੇਵੇਗੀ। ਜੇ ਕਿਸੇ ਖੇਤ ਨੂੰ ਵਾੜ ਨਾ ਦਿਤੀ ਗਈ ਤਾਂ ਰਾਹ ਛੱਡ ਕੇ ਖੇਤ ਵਿਚੋਂ ਦੀ ਰਾਹ ਪਾਉਣ ਵਾਲੇ ਭਰਾਹੇ ਰਾਹੀਂ, ਫ਼ਸਲ ਨੂੰ ਤਹਿ ਕਰ ਦੇਣਗੇ। ਕੋਈ ਅਕਲ ਦਾ ਛਾਪਾ ਜਾਂ ਧਿਆਨ ਦੀ ਢੀਂਗਰੀ ਵੱਢ ਕੇ ਮਾਂ ਬੋਲੀ ਦੇ ਖੇਤ ਦਵਾਲੇ ਗੱਡੇ ਕਿ ਰਾਹੀ ਗ਼ਲਤ ਡੰਡੀਆਂ ਪਾਣ ਤੋਂ ਬਾਜ਼ ਆ ਜਾਣ।

ਕਿਸੇ ਵੀ ਗੁਨਾਹ ਜਾਂ ਰੋਗ ਦਾ ਉਪਾਅ ਨਾ ਕੀਤਾ ਜਾਏ ਤਾਂ ਉਹ ਗੁਨਾਹ ਜਾਂ ਰੋਗ, ਹਯਾਤੀ ਦਾ ਹਿੱਸਾ ਬਣ ਜਾਂਦੈ। ਜਿਵੇਂ ਰਿਸ਼ਵਤ ਨੂੰ ਮੰਦਾ ਆਖ ਕੇ ਉਸ ਦਾ ਖੰਡਨ ਨਾ ਕੀਤਾ ਜਾਵੇ ਤਾਂ ਇਕ ਦਿਨ ਉਹ ਰਿਸ਼ਵਤ ਵੀ ਇਸ ਤਰ੍ਹਾਂ ਪ੍ਰਚਲਤ ਹੋ ਜਾਵੇਗੀ ਜਿਵੇਂ ਇਹ ਵੀ ਕੋਈ ਨਾਰਮਲ ਜਿਹਾ ਆਮ ਅਮਲ ਹੈ। ਦੁੱਧ ਵਿਚ ਪਾਏ ਹੋਏ ਪਾਣੀ ਦੀ ਨਿਖੇਧੀ ਜਾਂ ਵਿਰੋਧਤਾ ਕਰਨ ਵਾਲਾ ਕੋਈ ਨਾ ਰਿਹਾ ਤਾਂ ਉਸ ਪਾਣੀ ਵਾਲੇ ਦੁੱਧ ਨੂੰ ਹੀ ਦੁੱਧ ਆਖ ਕੇ ਸ਼ੁੱਧ ਸਮਝ ਲਿਆ ਜਾਵੇਗਾ ਅਤੇ ਪਾਣੀ ਵੀ ਦੁੱਧ ਦਾ ਹਿੱਸਾ ਅਖਵਾਉਣ ਲੱਗ ਪਵੇਗਾ।

ਕਿਸੇ ਕੁੱਕੜ ਨੂੰ ਉਸ ਦਾ ਆਲਾ ਜਾਂ ਖੁੱਡਾ ਨਾ ਵਿਖਾਇਆ ਜਾਵੇ ਜਾਂ ਟੋਕਰੇ ਹੇਠ ਨਾ ਤਾੜਿਆ ਜਾਵੇ ਤਾਂ ਕੁਕੜੀ ਕਦੀ ਖੁਰਲੀ ਵਿਚ ਆਂਡਾ ਦੇਵੇਗੀ, ਕਿਸੇ ਉਖਲੀ ਵਿਚ ਬਹਿ ਜਾਏਗੀ ਜਾਂ ਛੱਪੜ ਕੰਢੇ ਉੱਗੇ ਨੜੂ ਵਿਚ ਕੰਮ ਸਾਰ ਲਵੇਗੀ।ਮੁਜਰਮ ਨੂੰ ਮੁਜ਼ਰਮ ਜਾਂ ਰਵਾਜ ਨੂੰ ਰਵਾਜ਼ ਆਖਣ ਤਕ ਹੀ ਗੱਲ ਰ੍ਹਵੇ ਤਾਂ ਚਲੋ ਇਹ ਅੱਕ ਤਾਂ ਚੱਬ ਲਵਾਂਗੇ ਪਰ ਜਦੋਂ ਪੇਜ (page) ਨੂੰ ਪੇਜ਼ (pa੍ਰe) ਅਤੇ ਕਵਰੇਜ ਨੂੰ ਕਵਰੇਜ਼ ਆਖਦੇ ਨੇ ਤਾਂ ਕਿਸੇ ਸਾਹਮਣੇ ਨੱਕ ਨਹੀਂ ਦਿਤਾ ਜਾਂਦਾ।ਮੇਰਾ ਇਕ ਸਤਮਾਹੀਆ ਜਿਹਾ ਮਸ਼ਵਰਾ ਇਹ ਹੈ ਕਿ ਇੰਜ ਕਰਨ ਵਾਲੇ ਲੋਕ ਹਾਲ ਦੀ ਘੜੀ ਜੱਜੇ ਥਲਿਉਂ ਬਿੰਦੀ ਕੱਢ ਦੇਣ। ਇਉਂ 50 ਫ਼ੀ ਸਦੀ ਸ਼ਬਦ ਤਾਂ ਸਿੱਧੇ ਹੋ ਹੀ ਜਾਣਗੇ। ਜਿਸ ਵੇਲੇ ਸ਼ਬਦਾਂ ਬਾਰੇ ਪੱਕ ਹੋ ਜਾਏ, ਫਿਰ ਬਿੰਦੀ ਦੀ ਵਰਤੋਂ ਸ਼ੁਰੂ ਕਰਨ।

ਅਖ਼ੀਰ ਉਤੇ ਮੈਂ ਹੱਥ ਬੰਨ੍ਹ ਕੇ ਇਹੀ ਆਖਾਂਗਾ ਕਿ ਮੈਂ ਇਹ ਲੇਖ ਲਿਖ ਕੇ ਅਪਣੇ ਅੰਦਰ ਚਿਰਾਂ ਤੋਂ ਹੁੱਜਾਂ ਮਾਰਦੀ ਹੋਈ ਇਕ ਉਲਝਣ ਜਾਂ ਖ਼ਲਿਸ਼ ਨੂੰ ਬਾਹਰ ਕਢਿਐ। ਮੇਰੀ ਇਹ ਬਿਲਕੁਲ ਵੀ ਇੱਛਾ ਨਹੀਂ ਕਿ ਕਿਸੇ ਦਾ ਮਨ ਦੁਖੇ ਜਾਂ ਮੈਂ ਅਪਣੀ ਅਕਲ ਭੰਗਾਰਾਂ ਕਿਉਂ ਜੇ ਮੈਂ ਇਸ ਗੱਲ ਨੂੰ ਦਿਲ ਤੋਂ ਕਬੂਲਦਾ ਹਾਂ ਕਿ ਇਲਮ ਜਾਂ ਵਿਦਿਆ ਦੀ ਮੋਹਰਲੀ ਮੰਗ ਇਹ ਹੈ ਕਿ ਬੰਦਾ ਪਹਿਲਾਂ ਅਪਣੀ ਹਯਾਤੀ ਦਾ ਹਿਸਾਬ ਕਰ ਕੇ ਅਪਣੇ ਆਪ ਨੂੰ ਤੋਲ-ਜੋਖ ਲਵੇ ਜਾਂ ਅਪਣੇ ਵਜੂਦ ਨੂੰ ਚੰਗੀ ਤਰ੍ਹਾਂ ਕੱਛ ਲਵੇ। ਕੁੱਝ ਆਖਣ ਤੋਂ ਪਹਿਲਾਂ ਅਪਣਾ ਹਾੜਾ ਕਰ ਕੇ ਪਾਸਕੂ ਕੱਢ ਲੈਣਾ ਜ਼ਰੂਰੀ ਹੈ।

ਪਹਿਲਾਂ ਅਪਣੇ ਕੋਝ, ਕੋੜ੍ਹ, ਕਜ ਅਤੇ ਬੱਜ ਵਲ ਝਾਤੀ ਮਾਰਨੀ ਜ਼ਰੂਰੀ ਹੈ। ਕਿਸੇ ਇਲਮ ਦੀ ਤਲਵਾਰ ਨਾਲ ਸਿਰਫ਼ ਦੂਜਿਆਂ ਦੇ ਘਾਟੇ ਵਾਧੇ ਨੂੰ ਚੋਂਭੜਾਂ ਲਾਣਾ ਸਿਰਫ਼ ਤਕੱਬੁਰ ਜਾਂ ਗ਼ਰੂਰ ਹੈ। ਜੇ ਕਿਸੇ ਨੂੰ ਮੇਰੀ ਕੋਈ ਗੱਲ ਵੀ ਵਾਰੇ ਵਿਚ ਨਾ ਆਈ ਹੋਵੇ ਤਾਂ ਮੈਂ ਉਸ ਵੀਰ ਕੋਲੋਂ ਨਿਰੀ ਮੁਆਫ਼ੀ ਹੀ ਨਹੀਂ ਮੰਗਦਾ ਸਗੋਂ ਉਹ ਪੁਸਤਕ ਵਿਚ ਦਿਤੇ ਹੋਏ ਪਤੇ ਉਤੇ ਮੈਨੂੰ ਤੋਏ ਲਾਹਨਤ ਕਰ ਕੇ ਖਿੱਚ-ਧਰੂ ਵੀ ਕਰ ਸਕਦਾ ਹੈ। ਮੇਰਾ ਸਿਰ ਹਾਜ਼ਰ ਹੈ।   (ਸਮਾਪਤ) -43 ਆਕਲੈਂਡ ਰੋਡ, ਲੰਡਨ-ਈ 15-2ਏਐਨ,  ਫ਼ੋਨ : 0208-519 21 39 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement