
ਲੱਖੀ ਵਣਜਾਰਾ ਪੰਜਾਬੀ ਦੋਗਾਣਾ ਗਾਇਕੀ 'ਚ ਇਕ ਅਜਿਹਾ ਨਾਂ ਹੈ ਜਿਸ ਦੀ ਕਿਸੇ ਸਮੇਂ ਰਕਾਟਾਂ ਵਾਲੇ ਤਵਿਆਂ ਦੇ ਜ਼ਮਾਨੇ 'ਚ ਚਾਰੇ ਪਾਸੇ ਤੂਤੀ ਬੋਲਦੀ ਸੀ।
ਲੱਖੀ ਵਣਜਾਰਾ ਪੰਜਾਬੀ ਦੋਗਾਣਾ ਗਾਇਕੀ 'ਚ ਇਕ ਅਜਿਹਾ ਨਾਂ ਹੈ ਜਿਸ ਦੀ ਕਿਸੇ ਸਮੇਂ ਰਕਾਟਾਂ ਵਾਲੇ ਤਵਿਆਂ ਦੇ ਜ਼ਮਾਨੇ 'ਚ ਚਾਰੇ ਪਾਸੇ ਤੂਤੀ ਬੋਲਦੀ ਸੀ। ਉਸ ਦਾ ਜਨਮ 1950 ਵਿਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਅਮਲੋਹ ਤੋਂ ਕੁੱਝ ਕਿਲੋਮੀਟਰ ਦੂਰ ਪੈਂਦੇ ਪਿੰਡ ਲੱਖਾ ਸਿੰਘ ਵਾਲਾ ਵਿਖੇ ਪਿਤਾ ਰਾਮ ਲਾਲ ਦੇ ਘਰ ਮਾਤਾ ਬਚਨ ਕੌਰ ਦੀ ਕੁੱਖੋਂ ਹੋਇਆ। ਦੋ ਭਰਾ ਤੇ ਸੱਤ ਭੈਣਾਂ ਦਾ ਲਾਡਲਾ ਵੀਰ ਲੱਖੀ ਵਣਜਾਰਾ ਭਾਵੇਂ ਬਹੁਤਾ ਪੜ੍ਹ ਲਿਖ ਨਹੀਂ ਸਕਿਆ ਪਰ ਪਰਵਾਰ ਦਾ ਗੁਜ਼ਾਰਾ ਚਲਾਉਣ ਲਈ ਉਸ ਨੇ ਪਿੰਡਾਂ ਤੇ ਸ਼ਹਿਰਾਂ ਵਿਚ ਛੱਲੇ, ਵੰਗਾਂ, ਕੋਕੇ ਵੇਚਣੇ ਅਤੇ ਡਰਾਈਵਰੀ ਦਾ ਕੰਮ ਵੀ ਕੀਤਾ।
Lakhi Vanjara
ਉਹ ਪਿਤਾ ਜੀ ਨਾਲ ਘਰ ਦੇ ਕੰਮ ਕਰਦਾ ਸੀ ਤਾਕਿ ਵੱਡੇ ਟੱਬਰ ਦਾ ਗੁਜ਼ਾਰਾ ਚਲ ਸਕੇ। ਬਚਪਨ 'ਚ ਹੀ ਘਰ ਵਿਚੋਂ ਉਸ ਨੂੰ ਸੰਗੀਤ ਦਾ ਮਾਹੌਲ ਮਿਲ ਗਿਆ। ਉਸ ਨੇ ਸ਼ੁਰੂਆਤੀ ਦਿਨਾਂ ਵਿਚ ਅਪਣੇ ਚਾਚਾ ਮੱਘਰ ਸਿੰਘ ਤੇ ਦਾਦਾ ਕੋਲੋਂ ਸੰਗੀਤ ਦੀਆਂ ਬਾਰੀਕੀਆਂ ਸਿਖੀਆਂ। ਉਹ ਉਸ ਨੂੰ ਅਪਣੇ ਨਾਲ ਪ੍ਰੋਗਰਾਮਾਂ 'ਚ ਲੈ ਜਾਂਦੇ ਸੀ ਜਿਥੇ ਉਹ ਇਕ-ਦੋ ਗੀਤ ਗਾ ਵੀ ਦਿੰਦਾ ਸੀ। ਲੱਖੀ ਵਣਜਾਰਾ ਨੇ ਕਾਮਰੇਡਾਂ ਦੇ ਡਰਾਮਿਆਂ ਵਿਚ ਵੀ ਗਾਇਆ। ਇਕ ਮਸ਼ਹੂਰ ਗਵਈਆ ਬਣਨ ਲਈ ਲੱਖੀ ਵਣਜਾਰਾ ਨੇ ਕਰਮ ਸਿੰਘ ਅਲਬੇਲਾ ਨੂੰ ਅਪਣਾ ਉਸਤਾਦ ਧਾਰ ਲਿਆ।
Lakhi Vanjara
ਸਾਲ 1976 ਵਿਚ ਗਾਇਕਾ ਰਸ਼ੀਦਾ ਬੇਗ਼ਮ ਨਾਲ ਰਿਕਾਰਡ 'ਸੀਟੀ ਵੱਜੇ ਚੁਬਾਰੇ' ਦੋਗਾਣੇ ਨਾਲ ਪਹਿਲੀ ਵਾਰ ਸਰੋਤਿਆਂ ਨੂੰ ਲੱਖੀ ਵਣਜਾਰਾ ਦੀ ਆਵਾਜ਼ ਸੁਣਨ ਨੂੰ ਮਿਲੀ। ਪਹਿਲੇ ਈ.ਪੀ. ਰਿਕਾਰਡ ਦੇ ਹੀ ਮਕਬੂਲ ਹੋਣ ਨਾਲ ਲੱਖੀ ਵਣਜਾਰਾ ਪੰਜਾਬ ਵਿਚ ਲਗਦੇ ਅਖਾੜਿਆਂ ਦੀ ਪਹਿਲੀ ਪਸੰਦ ਬਣ ਗਿਆ। ਲੱਖੀ ਵਣਜਾਰਾ ਨੇ ਰਸ਼ੀਦਾ ਬੇਗਮ, ਊਸ਼ਾ ਸ਼ਰਮਾ, ਕਿਰਪਾਲ ਕੌਰ ਪਾਲ, ਨੀਲਮ ਜੋਤੀ, ਵੀਨਾ ਹੰਸ, ਦਵਿੰਦਰ ਕੌਰ, ਸ਼ਰਨਜੀਤ ਸੰਮੀ, ਹਰਜੀਤ ਰਾਣੋ ਨਾਲ ਗੀਤ ਰਿਕਾਰਡ ਕਰਵਾਏ ਤੇ ਅਖਾੜਿਆਂ 'ਚ ਗਾਇਆ।
Music
ਲੱਖੀ ਵਣਜਾਰੇ ਦੀਆਂ ਮਸ਼ਹੂਰ ਕੈਸਟਾਂ ਵਿਚੋਂ 'ਢੋਲਣਾ ਵੇ ਢੋਲਣਾ', 'ਗੱਲਾਂ ਗੂੜ੍ਹੀਆਂ', 'ਜੀ.ਟੀ.ਰੋਡ ਤੇ ਉਡੀਕਾਂ', 'ਤੇਰੀ ਜੰਨ ਚੜ੍ਹੀ ਸਰਦਾਰਾ', 'ਜੇਠ ਮੇਰਾ ਚੋਰੀ ਚੋਰੀ', 'ਤਾਏ ਦੀ ਟੇਪ', 'ਘੁੰਡ ਚੁੱਕ ਦੇ ਭਾਬੀਏ', 'ਟੀ.ਟੀ ਹੁੰਦੀ ਰਹਿੰਦੀ' ਸਨ। ਲੱਖੀ ਵਣਜਾਰੇ ਦਾ ਇਨਰੀਕੋ 'ਚ ਆਇਆ ਐਲ.ਪੀ. ਰਿਕਾਰਡ 'ਮੇਰੇ ਯਾਰ ਦਾ ਵਿਆਹ' ਵੀ ਚੰਗਾ ਚਲਿਆ। ਲੱਖੀ ਵਣਜਾਰੇ ਨੇ ਬਹੁਤੇ ਗੀਤ ਅਪਣੇ ਲਿਖੇ ਹੀ ਗਾਏ।
Old Punjabi singer
ਕੁੱਝ ਮਸ਼ਹੂਰ ਗੀਤਕਾਰ ਜਿਨ੍ਹਾਂ ਦੇ ਗੀਤਾਂ ਨੂੰ ਲੱਖੀ ਵਣਜਾਰਾ ਨੇ ਅਪਣੀ ਆਵਾਜ਼ ਦਿਤੀ ਉਹ ਸਨ ਰਣਜੀਤ ਬੁਰਥਾਲੇਵਾਲਾ, ਰਾਮ ਲਬਾਣੇਵਾਲਾ, ਭਗਵੰਤ ਸਿੰਘ ਔਜਲਾ, ਹਾਕਮ ਸਿੰਘ, ਗੁਰਮੇਲ ਸਿੰਘ ਭੰਗੂ, ਸ਼ਿੰਦਰ ਪਾਲ ਬੱਬੀ, ਦੀਪ ਧੂਰੀਆਂ ਵਾਲਾ, ਗਾਮੀ ਸੰਗਤਪੁਰੀਆ, ਨਰੰਜਣ ਸਿੰਘ ਨੰਜ। ਲੱਖੀ ਵਣਜਾਰਾ ਨੂੰ ਜ਼ਿੰਦਗੀ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਗਾਇਕਾ ਰਸ਼ੀਦਾ ਬੇਗ਼ਮ ਦੀ ਮੌਤ, ਜ਼ਿਆਦਾ ਸ਼ਰਾਬ ਪੀਣ ਦੀ ਆਦਤ, ਪੰਜਾਬ ਦੇ ਮਾੜੇ ਹਾਲਾਤ ਅਤੇ ਕੋਠੇ 'ਤੇ ਸੁੱਤਾ ਰਾਤ ਨੂੰ ਉਠਣ ਲੱਗਾ ਬਨੇਰੇ ਤੋਂ ਡਿੱਗਣ ਕਰ ਕੇ ਚੂਲਾ ਟੁੱਟਣ ਨਾਲ ਉਸ ਦੇ ਮਾੜੇ ਦਿਨ ਸ਼ੁਰੂ ਹੋ ਗਏ।
Music
ਅਖੀਰ ਵਿਚ ਲੱਖੀ ਵਣਜਾਰੇ ਦੀ ਹਾਲਤ ਵੇਖ ਕੇ ਇਹ ਯਕੀਨ ਨਹੀਂ ਆਉਂਦਾ ਸੀ ਕਿ ਕਿਸੇ ਸਮੇਂ ਇਸ ਗਾਇਕ ਦੇ ਗੀਤ ਵਿਆਹਾਂ ਸ਼ਾਦੀਆਂ ਵਿਚ ਵਜਦੇ ਹੁੰਦੇ ਸਨ। ਲੱਖੀ ਵਣਜਾਰਾ ਦੇ ਪਰਵਾਰ ਵਿਚ ਉਸ ਦੀ ਪਤਨੀ ਤੇ ਚਾਰ ਬੱਚੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਰਹਿਣ ਕਰ ਕੇ ਲੱਖੀ ਵਣਜਾਰਾ ਮੰਜੇ 'ਤੇ ਹੀ ਪਿਆ ਰਿਹਾ ਤੇ ਆਖਰ 13 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਰ ਕੇ ਅਪਣੇ ਲੱਖਾਂ ਚਾਹੁਣ ਵਾਲੇ ਸਰੋਤਿਆਂ ਨੂੰ ਛੱਡ ਕੇ ਚਲਾ ਗਿਆ।
Music
ਇਹ ਬਹੁਤ ਹੀ ਮਾੜੀ ਗੱਲ ਹੈ ਕਿ ਕੋਈ ਵੀ ਮਸ਼ਹੂਰ ਕਲਾਕਾਰ ਲੱਖੀ ਵਣਜਾਰਾ ਦੇ ਸਸਕਾਰ ਸਮੇਂ ਮੌਜੂਦ ਨਹੀਂ ਸੀ। ਲੱਖੀ ਵਣਜਾਰਾ ਸਦਾ ਇਹੀ ਕਹਿੰਦਾ ਰਿਹਾ ਕਿ ਉਸ ਨੇ ਇਕ ਚੰਗਾ ਗਾਇਕ ਬਣ ਕੇ ਬਹੁਤ ਵੱਡੀ ਗ਼ਲਤੀ ਕਰ ਲਈ ਹੈ। ਉਸ ਦਾ ਕਹਿਣਾ ਸੀ ਕਿ ਜੇ ਮੈਂ ਕੁੱਝ ਹੋਰ ਕੰਮ ਕਰਦਾ ਤਾਂ ਸ਼ਾਇਦ ਮੇਰੇ ਘਰ ਦੇ ਹਾਲਾਤ ਇਹੋ ਜਿਹੇ ਨਾ ਹੁੰਦੇ।
ਭਾਵੇਂ ਕੁੱਝ ਗੀਤਕਾਰ ਜਾਂ ਗਾਇਕ ਅਪਣੀ ਚੜ੍ਹਾਈ ਵੇਲੇ ਦੇ ਕਮਾਏ ਪੈਸਿਆਂ ਨੂੰ ਸਾਂਭ ਨਹੀਂ ਸਕੇ ਤੇ ਲੱਖੀ ਵਣਜਾਰੇ ਵਰਗਿਆਂ ਨੇ ਸ਼ਰਾਬ ਜ਼ਿਆਦੀ ਪੀਣ ਦੀ ਆਦਤ ਹੋਣ ਕਰ ਕੇ ਕੁੱਝ ਨਹੀਂ ਸਾਂਭਿਆ ਪਰ ਸਾਡਾ ਫਰਜ਼ ਬਣਦਾ ਹੈ ਕਿ ਅਸੀ ਇਨ੍ਹਾਂ ਕਲਾਕਾਰਾਂ ਦੀ ਬੁਢਾਪੇ ਵੇਲੇ ਮਦਦ ਕਰੀਏ। ਗਾਇਕ ਜਾਂ ਗੀਤਕਾਰ ਦੀ ਮੌਤ ਤੋਂ ਬਾਅਦ ਬਰਸੀਆਂ ਮਨਾਉਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਗਾਇਕ ਜਾਂ ਗੀਤਕਾਰ ਦੇ ਜਿਉਂਦੇ ਜੀਅ ਉਸ ਦੀ ਬਣਦੀ ਮਦਦ ਕਰਨ।
-ਸ਼ਮਸ਼ੇਰ ਸਿੰਘ ਸੋਹੀ