ਲੰਗਰ ਦੀਆਂ ਚੀਜ਼ਾਂ ਉਤੇ ਟੈਕਸ ਦੀ ਮਾਰ ਮੋਦੀ ਦੀ ਹਿਟਲਰਸ਼ਾਹੀ
Published : Aug 7, 2017, 3:00 pm IST
Updated : Mar 29, 2018, 1:55 pm IST
SHARE ARTICLE
Langar
Langar

ਕੇਂਦਰ ਸਰਕਾਰ ਨੇ ਦੇਸ਼ ਵਿਚ ਜੀ.ਐਸ.ਟੀ. (ਵਸਤੂ ਅਤੇ ਸੇਵਾ ਟੈਕਸ) ਲਾਗੂ ਕਰ ਕੇ ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਭੁਖਮਰੀ ਦੇ ਕੰਢੇ ਲਿਆ ਖੜਾ ਕੀਤਾ ਹੈ।

ਕੇਂਦਰ ਸਰਕਾਰ ਨੇ ਦੇਸ਼ ਵਿਚ ਜੀ.ਐਸ.ਟੀ. (ਵਸਤੂ ਅਤੇ ਸੇਵਾ ਟੈਕਸ) ਲਾਗੂ ਕਰ ਕੇ ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਭੁਖਮਰੀ ਦੇ ਕੰਢੇ ਲਿਆ ਖੜਾ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵੱਡੇ ਵਪਾਰੀ ਅਤੇ ਉਦਯੋਗਪਤੀ ਸਰਕਾਰਾਂ ਨੂੰ ਟੈਕਸ ਦੇਣ ਵਿਚ ਹੇਰਾਫੇਰੀ ਕਰਦੇ ਹਨ। ਅਜਿਹੇ ਲੋਕਾਂ ਲਈ ਜੀ.ਐਸ.ਟੀ. ਵਰਗੀ ਟੈਕਸ ਪ੍ਰਣਾਲੀ ਲਿਆ ਕੇ ਸਰਕਾਰ ਨੇ ਭਾਵੇਂ ਚੰਗਾ ਕੀਤਾ ਹੈ ਪਰ ਛੋਟੇ ਦੁਕਾਨਦਾਰ, ਜਿਹੜੇ ਕਾਲੋਨੀਆਂ ਅਤੇ ਮੁਹੱਲਿਆਂ ਵਿਚ ਥੋੜ੍ਹੀ ਜਿਹੀ ਪੂੰਜੀ ਨਾਲ ਅਪਣੇ ਪ੍ਰਵਾਰ ਪਾਲ ਰਹੇ ਹਨ, ਉਨ੍ਹਾਂ ਵਾਸਤੇ ਇਸ ਨਵੀਂ ਟੈਕਸ ਪ੍ਰਣਾਲੀ ਨਾਲ ਬਹੁਤ ਵੱਡੀ ਮੁਸੀਬਤ ਖੜੀ ਹੋ ਗਈ ਹੈ।
ਸਰਕਾਰ ਨੇ ਵੱਡੇ ਵਪਾਰੀਆਂ, ਵੱਡੇ ਕਾਰਖ਼ਾਨੇਦਾਰਾਂ, ਮਿਲਾਂ ਅਤੇ ਥੋਕ ਦੇ ਕੰਮ ਕਰਨ ਵਾਲੇ ਹਰ ਤਰ੍ਹਾਂ ਦੇ ਦੁਕਾਨਦਾਰਾਂ ਨੂੰ ਟੈਕਸ ਲਾਇਆ ਹੈ। ਉਹ ਲੋਕ ਵੱਡੀਆਂ ਕਮਾਈਆਂ ਕਰ ਕੇ ਅਤੇ ਵੱਡੀਆਂ ਬੱਚਤਾਂ ਕਰ ਕੇ ਉਸ ਵਿਚੋਂ ਸਰਕਾਰ ਨੂੰ ਟੈਕਸ ਦੇਣਗੇ। ਚੰਗੀ ਗੱਲ ਹੈ। ਪਰ ਕਿਸਾਨ, ਜੋ ਦੇਸ਼ ਦਾ ਅੰਨਦਾਤਾ ਹੈ, ਉਸ ਨੂੰ ਇਸ ਕਾਰਵਾਈ ਕਰ ਕੇ ਮੌਤ ਦੇ ਮੂੰਹ ਵਿਚ ਹੀ ਧਕਿਆ ਗਿਆ ਹੈ। ਮੋਦੀ ਸਰਕਾਰ ਨੇ ਬਾਬਾ ਰਾਮਦੇਵ ਸਮੇਤ ਅਪਣੇ ਚਹੇਤਿਆਂ ਨੂੰ ਵੱਡੀ ਰਾਹਤ ਦਿਤੀ ਹੈ। ਦੇਸ਼ ਦੀ ਸਰਕਾਰ ਨੇ ਜੋ ਸੱਭ ਤੋਂ ਵੱਡਾ ਪਾਪ ਕੀਤਾ ਹੈ, ਉਹ ਇਹ ਹੈ ਕਿ ਇਸ ਨੇ ਧਰਮ ਅਸਥਾਨਾਂ ਵਿਚ ਵਰਤੀਆਂ ਜਾਣ ਵਾਲੀਆਂ ਵਸਤਾਂ ਜਿਵੇਂ ਆਟਾ, ਦਾਲਾਂ, ਚੀਨੀ, ਘਿਉ, ਮਸਾਲੇ, ਚੌਲ, ਧੂਫ਼, ਅਗਰਬੱਤੀਆਂ, ਸਿਰੋਪਾਉ ਦਾ ਕਪੜਾ, ਸਰ੍ਹੋਂ ਦੇ ਤੇਲ ਅਤੇ ਹੋਰ ਚੀਜ਼ਾਂ ਉਤੇ ਵੀ ਭਾਰੀ ਟੈਕਸ ਲਾ ਦਿਤੇ ਹਨ।
ਪ੍ਰਧਾਨ ਮੰਤਰੀ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਰੋਜ਼ਾਨਾ ਹਰ ਧਰਮ ਅਤੇ ਜਾਤ ਦੇ ਲੱਖਾਂ ਸ਼ਰਧਾਲੂ ਆ ਕੇ ਦਰਸ਼ਨ ਕਰ ਕੇ ਲੰਗਰ ਛਕਦੇ ਹਨ। ਇਹ ਲੰਗਰ ਅਤੇ ਕੜਾਹ ਪ੍ਰਸ਼ਾਦਿ ਹਰ ਸ਼ਰਧਾਲੂ ਨੂੰ ਮੁਫ਼ਤ ਅਤੇ ਬਿਨਾਂ ਕੋਈ ਪੈਸਾ ਲਿਆਂ ਮਿਲਦਾ ਹੈ। ਇਸ ਤੋਂ ਕੋਈ ਕਮਾਈ ਨਹੀਂ ਹੁੰਦੀ। ਇਸ ਦਾ ਸਾਰਾ ਖ਼ਰਚਾ ਸ਼ਰਧਾਲੂਆਂ ਵਲੋਂ ਸ਼ਰਧਾ ਨਾਲ ਭੇਟ ਮਾਇਆ (ਪੈਸੇ) ਨਾਲ ਕੀਤਾ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਹੀ ਨਹੀਂ, ਇਹ ਲੰਗਰ ਅਤੇ ਕੜਾਹ ਪ੍ਰਸ਼ਾਦਿ ਦੇਸ਼-ਵਿਦੇਸ਼ ਦੇ ਹਰ ਗੁਰਦਵਾਰਾ ਸਾਹਿਬਾਨ ਵਿਚ ਮੁਫ਼ਤ ਹੀ ਮਿਲਦਾ ਹੈ। ਇਥੇ ਹੀ ਬਸ ਨਹੀਂ, ਦੇਸ਼ ਵਿਚ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਜਿਵੇਂ ਕਿ ਭੂਚਾਲ, ਹੜ੍ਹ ਅਤੇ ਹੋਰ ਔਖੇ ਸਮਿਆਂ ਮੌਕੇ ਸ਼੍ਰੋਮਣੀ ਕਮੇਟੀ ਅਤੇ ਸੱਭ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਆਫ਼ਤ ਪੀੜਤਾਂ  ਲਈ ਲੰਗਰ ਮੁਫ਼ਤ ਭੇਜਦੀਆਂ ਹਨ। ਜਿਵੇਂ ਪਿਛੇ ਜਿਹੇ ਜੰਮੂ-ਕਸ਼ਮੀਰ ਅਤੇ ਨੇਪਾਲ ਆਦਿ ਥਾਵਾਂ ਤੇ ਸ਼੍ਰੋਮਣੀ ਕਮੇਟੀ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਥਾਨਕ ਗੁਰਦਵਾਰਾ ਕਮੇਟੀਆਂ ਨੇ ਉਥੇ ਫਸੇ ਹੋਏ ਲੋਕਾਂ ਲਈ ਵੱਡੀ ਪੱਧਰ ਤੇ ਲੰਗਰ ਪਕਾ ਕੇ ਭੇਜਿਆ ਸੀ। ਯਾਦ ਰਹੇ ਕਿ ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਪਿਛਲੇ ਸਮੇਂ ਜਦੋਂ ਉਥੇ ਅਤਿਵਾਦੀ ਹਮਲੇ ਹੋਏ ਜਾਂ ਭੂਚਾਲ ਆਦਿ ਆਏ ਤਾਂ ਉਥੋਂ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੇ ਬਿਨਾਂ ਕਿਸੇ ਵਿਤਕਰੇ ਤੋਂ ਲੋਕਾਂ ਨੂੰ ਲੰਗਰ ਛਕਾਇਆ ਅਤੇ ਮੁਸੀਬਤਜ਼ਦਾ ਲੋਕਾਂ ਲਈ ਗੁਰਦਵਾਰਿਆਂ ਦੇ ਦਰਵਾਜ਼ੇ ਖੋਲ੍ਹ ਦਿਤੇ।
ਅੱਜ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਉਸ ਵਿਚ ਅਕਾਲੀ ਦਲ (ਬਾਦਲ) ਹਿੱਸੇਦਾਰ ਹੈ। ਪਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਬੀਬੀ ਹਰਸਿਮਰਤ ਕੌਰ ਕੇਂਦਰ ਸਰਕਾਰ ਵਿਚ ਮੰਤਰੀ ਹੈ। ਕੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਆਖ ਕੇ ਹਰ ਧਾਰਮਕ ਅਸਥਾਨ, ਜਿਵੇਂ ਗੁਰਦਵਾਰਿਆਂ, ਮੰਦਰਾਂ ਅਤੇ ਮਸਜਿਦਾਂ ਵਿਚ ਜੋ ਚੀਜ਼ਾਂ ਵਰਤੀਆਂ ਜਾਂਦੀਆਂ ਹਨ, ਉਨ੍ਹਾਂ ਦੇ ਸਾਰੇ ਟੈਕਸ ਮਾਫ਼ ਨਹੀਂ ਕਰਵਾ ਸਕਦੀ ਹੈ? ਬੀਬੀ ਹਰਸਿਮਰਤ ਕੌਰ ਬਾਦਲ, ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਅਤੇ ਸਹੁਰਾ ਪਰਕਾਸ਼ ਸਿੰਘ ਬਾਦਲ ਅਖ਼ਬਾਰਾਂ ਵਿਚ ਬਿਆਨ ਦਾਗ਼ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖ ਰਹੇ ਹਨ ਕਿ 'ਤੁਸੀ ਜੀ.ਐਸ.ਟੀ. ਦੇ ਟੈਕਸ ਖ਼ਤਮ ਕਰਵਾਉ।' ਪਰਕਾਸ਼ ਸਿੰਘ ਬਾਦਲ ਅਪਣੀ ਪਾਰਟੀ ਦੀ ਵੋਟ ਤਾਂ ਮੋਦੀ ਨੂੰ ਦਿੰਦੇ ਹਨ ਪਰ ਲੰਗਰਾਂ ਉਤੇ ਜੀ.ਐਸ.ਟੀ. ਟੈਕਸ ਹਟਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਆਖ ਰਹੇ ਹਨ। ਇਸ ਬਾਰੇ ਵੀ ਉਹ ਨਰਿੰਦਰ ਮੋਦੀ ਨੂੰ ਕਿਉਂ ਨਹੀਂ ਆਖਦੇ? ਸਿਰਫ਼ ਅਖ਼ਬਾਰਾਂ ਵਿਚ ਬਿਆਨ ਦਾਗ਼ ਰਹੇ ਹਨ।
ਸਾਨੂੰ ਕਹਿਣ ਵਿਚ ਨਾ ਡਰ ਹੈ ਅਤੇ ਨਾ ਕੋਈ ਝਿਜਕ ਕਿ ਅੱਜ ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਨੇ ਅਣਐਲਾਨੀ ਐਮਰਜੈਂਸੀ ਲਾਈ ਹੋਈ ਹੈ ਅਤੇ ਨਰਿੰਦਰ ਮੋਦੀ ਤਾਨਾਸ਼ਾਹ ਬਣ ਕੇ ਦੇਸ਼ ਉਤੇ ਹਿਟਲਰ ਵਾਂਗ ਰਾਜ ਕਰ ਰਹੇ ਹਨ ਕਿਉਂਕਿ ਜਿਥੇ ਧਰਮ ਅਸਥਾਨਾਂ ਵਿਚ ਮੁਫ਼ਤ ਮਿਲਣ ਵਾਲੇ ਲੰਗਰਾਂ ਅਤੇ ਕੜਾਹ ਪ੍ਰਸ਼ਾਦ ਸਮੇਤ ਤਿਆਰ ਹੋਣ ਵਾਲੀਆਂ ਅਤੇ ਹੋਰ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਉਤੇ ਜੀ.ਐਸ.ਟੀ. ਟੈਕਸ ਲਾਇਆ ਗਿਆ ਹੈ, ਇਸੇ ਤਰ੍ਹਾਂ ਮੁਗ਼ਲਾਂ ਅਤੇ ਅੰਗਰੇਜ਼ਾਂ ਦੇ ਰਾਜ ਵਿਚ ਵੀ ਜਜ਼ੀਆ ਲਾਇਆ ਜਾਂਦਾ ਸੀ। ਦੂਜਾ ਇਹ ਅਪਣੀ ਸਰਕਾਰ ਵਿਰੁਧ ਉਠਣ ਵਾਲੀ ਹਰ ਆਵਾਜ਼ ਨੂੰ ਦਬਾ ਰਹੀ ਹੈ। ਇਸ ਦੀਆਂ ਹਰਿਆਣਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ ਆਦਿ ਹੋਰਨਾਂ ਸੂਬਿਆਂ ਵਿਚ ਜਿਥੇ ਸਰਕਾਰਾਂ ਹਨ ਉਥੇ ਸਿੱਖ ਧਰਮ ਵਿਰੁਧ ਸਕੂਲਾਂ ਵਿਚ ਪੜ੍ਹਾਇਆ ਜਾ ਰਿਹਾ ਹੈ ਅਤੇ ਸਿੱਖਾਂ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਹੈ। ਗਊ ਹਤਿਆ ਦੇ ਨਾਂ ਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਨਿਰਦੋਸ਼ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ।
ਹੁਣ ਦੇਸ਼ਵਾਸੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਜਪਾ ਹੱਥੋਂ ਦੇਸ਼ ਦਾ ਭਲਾ ਨਹੀਂ ਹੋਣ ਵਾਲਾ ਸਗੋਂ ਇਹ ਸਰਕਾਰ ਅਮੀਰ ਕਾਰਪੋਰੇਟ ਘਰਾਣਿਆਂ ਦੀ ਹੀ ਉਪਜ ਹੈ ਜਿਥੇ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਵਿਖਾਉਣ ਦੇ ਹੋਰ ਹਨ। ਇਸ ਸਰਕਾਰ ਨੇ ਦੇਸ਼ ਅੰਦਰ ਫ਼ਿਰਕੂ ਤਣਾਅ, ਪ੍ਰਗਟਾਵੇ ਦੀ ਆਜ਼ਾਦੀ ਉਤੇ ਰੋਕ, ਖ਼ਾਨਾਜੰਗੀ, ਘੱਟ ਗਿਣਤੀਆਂ ਲਈ ਐਮਰਜੈਂਸੀ ਵਰਗੇ ਹਾਲਾਤ ਅਤੇ ਪਾਕਿਸਤਾਨ ਨਾਲ ਜੰਗ ਵਰਗੇ ਹਾਲਾਤ ਪੈਦਾ ਕਰਨ ਦੇ ਨਾਲ-ਨਾਲ ਦੇਸ਼ ਦੇ ਧਾਰਮਕ, ਆਰਥਕ, ਸਮਾਜਕ ਅਤੇ ਰਾਜਨੀਤਕ ਜੀਵਨ ਅੰਦਰ ਉਥਲ-ਪੁਥਲ ਪੈਦਾ ਕਰ
ਦਿਤੀ ਹੈ।
ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਧਰਮ ਅਸਥਾਨਾਂ, ਗੁਰਦਵਾਰਿਆਂ, ਮੰਦਰਾਂ, ਮਸਜਿਦਾਂ ਅਤੇ ਗਿਰਜਾ ਘਰਾਂ ਵਿਚ ਸ਼ਰਧਾਲੂਆਂ ਲਈ ਲੰਗਰਾਂ ਅਤੇ ਹੋਰ ਚੀਜ਼ਾਂ ਆਦਿ ਤੋਂ ਜੀ.ਐਸ.ਟੀ. ਟੈਕਸ ਤੁਰਤ ਖ਼ਤਮ ਕਰੇ ਨਹੀਂ ਤਾਂ ਸਿੱਖ ਸੰਗਤਾਂ ਇਸ ਧੱਕੇ ਵਿਰੁਧ ਜਦੋਜਹਿਦ ਕਰਨਗੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੂੰ ਚਾਹੀਦਾ ਹੈ ਕਿ ਉਹ ਵੱਡੇ ਬਾਦਲ ਨੂੰ ਲੈ ਕੇ ਦਿੱਲੀ ਪ੍ਰਧਾਨ ਮੰਤਰੀ ਦੇ ਘਰ ਅੱਗੇ ਧਰਨਾ ਮਾਰਨ। ਪੂਰੀ ਕੌਮ ਉਨ੍ਹਾਂ ਦਾ ਸਾਥ ਦੇਵੇਗੀ। ਕੁੱਝ ਕਰੋ ਤਾਂ ਸਹੀ।
ਮੋਬਾਈਲ : 81949-25067

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement