ਭਾਰਤੀ ਹਵਾਈ ਸੈਨਾ ਦਾ ਚਮਕਦਾ ਸਿਤਾਰਾ 'ਮੇਹਰ ਬਾਬਾ' ਕੌਣ ਸੀ?
Published : Mar 29, 2019, 6:05 pm IST
Updated : Apr 10, 2020, 9:48 am IST
SHARE ARTICLE
Mehar Singh Fighter pilot
Mehar Singh Fighter pilot

ਪਾਇਲਟ ਮੇਹਰ ਸਿੰਘ ਨੂੰ ਭਾਰਤੀ ਹਵਾਈ ਸੈਨਾ ਕਿਉਂ ਆਖਦੀ ਹੈ 'ਮੇਹਰ ਬਾਬਾ'? ਪੜ੍ਹੋ

ਭਾਰਤੀ ਹਵਾਈ ਸੈਨਾ ਦੇ ਇਤਿਹਾਸ ਵਿਚ ਏਅਰ ਕਮਾਂਡਰ ਮੇਹਰ ਸਿੰਘ ਦਾ ਨਾਂਅ ਸਭ ਤੋਂ ਪ੍ਰਮੁੱਖ ਹੈ। ਉਹਨਾਂ ਨੂੰ ਮੇਹਰ ਬਾਬਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਮੇਹਰ ਬਾਬਾ ਦਾ ਜਨਮ 20 ਮਾਰਚ, 1915 ਨੂੰ ਪਾਕਿਸਤਾਨ ਵਿਖੇ ਲਾਇਲਪੁਰ ਵਿਚ ਹੋਇਆ। 1933 ਵਿਚ ਜਦੋਂ ਉਹ ਬੀਐਸਸੀ ਦੀ ਪੜ੍ਹਾਈ ਕਰ ਰਹੇ ਸਨ ਤਾਂ ਉਹਨਾਂ ਦੀ ਚੋਣ

ਰਾਇਲ ਏਅਰ ਫੋਰਸ ਕਾਲਜ (RAFC) ਕ੍ਰਾਨਵੈਲ ਇੰਗਲੈਂਡ ਵਿਖੇ ਹੋ ਗਈ ਅਤੇ 1934 ‘ਚ ਉਹਨਾਂ ਨੇ ਉਥੇ ਦਾਖਲਾ ਲਿਆ। ਕ੍ਰਾਨਵੈਲ ਕਾਲਜ ਵਿਚ ਉਹਨਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ, ਜਿਸ ਕਰਕੇ ਕਾਲਜ ਦੇ ਅਧਿਕਾਰੀ ਉਹਨਾਂ ਤੋਂ ਪ੍ਰਭਾਵਿਤ ਸਨ।

ਏਅਰ ਵਾਈਸ ਮਾਰਸ਼ਲ ਐਚਐਮ ਗਰੇਵ, ਕਮਾਂਡੈਂਟ, RAFC ਨੇ ਮੇਹਰ ਸਿੰਘ ਬਾਰੇ ਲਿਖਿਆ ਹੈ,

‘ਦਿਲਚਸਪ, ਹਸਮੁੱਖ, ਮਿਹਨਤੀ ਅਤੇ ਹਰਮਨ ਪਿਆਰੇ। ਉਹਨਾਂ ਦੇ ਕੰਮ ਦੀ ਤੁਲਨਾ ਅੰਗਰੇਜ਼ੀ ਕੈਡਿਟਾਂ ਨਾਲ ਕੀਤੀ ਜਾਂਦੀ ਹੈ। ਇਕ ਭਰੋਸੇਯੋਗ ਯਤਨ! ਇਕ ਵਧੀਆ ਪਾਇਲਟ, ਖੇਡਾਂ ਵਿਚ ਹਸਮੁੱਖ ਅਤੇ ਕਾਲਜ ਦੀ ਹਾਕੀ ਦਾ ਪ੍ਰਤੀਨਿਧੀ ਅਤੇ ਇਕ ਸ਼ਾਨਦਾਰ ਖਿਡਾਰੀ’

ਮੇਹਰ ਸਿੰਘ ਨੂੰ ਅਗਸਤ 1936 ਵਿਚ ਪਾਇਲਟ ਅਫਸਰ ਨਿਯੁਕਤ ਕੀਤਾ ਗਿਆ ਅਤੇ ਸਕੁਆਡਰਨ ਨੰਬਰ 1 ਵਿਚ ਤੈਨਾਤ ਕੀਤਾ ਗਿਆ। ਉਹ ਉਸ ਸਮੇਂ ਰਾਇਲ ਏਅਰ ਫੋਰਸ ਵਿਚ ਇਕਲੌਤੇ ਸਕੁਆਡਰਨ ਸਨ। 1 ਅਪ੍ਰੈਲ 1933 ਵਿਚ ਉਹਨਾਂ ਨੂੰ ਚਾਰ ਵੈਸਟਲੈਂਡ ਵਾਪਿਤੀ ਏਅਰਕ੍ਰਾਫਟ ਦੇ ਨਾਲ ਕਰਾਚੀ ਭੇਜਿਆ ਗਿਆ। ਭਾਰਤੀ ਟੁੱਕੜੀ ਵਿਚ ਛੇ ਅਫਸਰ ਅਤੇ 9 ਟੈਕਨੀਸ਼ੀਅਨ ਸਨ, ਜਿਨ੍ਹਾਂ ਨੂੰ ‘ਹਵਾਈ ਸੀਪੌਆਏ’ ਕਿਹਾ ਜਾਂਦਾ ਸੀ। ਮਿਹਰ ਸਿੰਘ ਸਕੁਆਡਰਨ ਵਿਚ ਭਰਤੀ ਹੋਣ ਵਾਲੇ ਪਹਿਲੇ 6 ਅਫਸਰਾਂ ਵਿਚੋਂ ਇਕ ਸਨ।

ਵੰਡ ਤੋਂ ਪਹਿਲਾਂ ਰਾਇਲ ਇੰਡੀਅਨ ਏਅਰ ਫੋਰਸ ਦੇ ਅਫਸਰ ਏਅਰ ਮਾਰਸ਼ਲ ਅਸਗ਼ਰ ਖ਼ਾਨ ਜੋ ਕਿ ਬਾਅਦ ਵਿਚ ਪਾਕਿਸਤਾਨ ਏਅਰ ਫੋਰਸ ਦੇ ਚੀਫ ਆਫ ਏਅਰ ਸਟਾਫ ਬਣੇ, ਉਹਨਾਂ ਨੇ ਇਕ ਵਾਰ ਕਿਹਾ ਕਿ ਸਕੁਆਡਰਨ ਮੇਹਰ ਸਿੰਘ ਤੋਂ ਇਲਾਵਾ ਕੋਈ ਵੀ ਸਾਡੇ ਵਿਚ ਵਿਸ਼ਵਾਸ ਨਹੀਂ ਲਿਆ ਸਕਿਆ।

1937 ਵਿਚ ਜਦੋਂ ਉਹ ਆਪਣੇ ਏਅਰ ਗਨਰ ਅਲੀ ਨੇ ਸ਼ੇਦਾਰ ਦੇ ਟਰਾਇਬਲ ਪੋਸਟ ‘ਤੇ ਹਮਲਾ ਕਰ ਰਹੇ ਸਨ ਤਾਂ ਉਹਨਾਂ ਦੇ ਫਿਊਲ ਟੈਂਕ ‘ਤੇ ਰਾਇਫਲ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਪਥਰੀਲੇ ਇਲਾਕੇ ਵਿਚ ਉਤਾਰ ਕੇ ਆਦਿਵਾਸੀਆਂ ਤੋਂ ਬਚਦੇ ਹੋਏ ਵਾਪਿਸ ਆਰਮੀ ਲਾਈਨਜ਼ ਪਹੁੰਚੇ।

ਮੇਹਰ ਸਿੰਘ ਦੀ ਅਗਵਾਈ ਹੇਠ ਯੁੱਧ ਵਿਚ ਸਕੁਆਡਰਨ ਨੰਬਰ 6 ‘The Eyes of the 14th Army’ ਜਾਣਿਆ ਜਾਣ ਲੱਗਿਆ। ਇਸ ਸਕੁਈਡਰਨ ਦੀ ਕਮਾਨ ਸਾਂਭ ਰਹੇ ਜਰਨਲ ਵਿਲੀਅਮ ਸਲਿਮ ਨੇ ਯੁੱਧ ਪਿਛੋਂ ਕਿਹਾ:

‘ਮੈਂ ਸਿੱਖ ਨੌਜਵਾਨ ਸਕੁਆਡਰਨ ਲੀਡਰ ਦੇ ਆਚਰਣ ਤੋਂ ਬਹੁਤ ਪ੍ਰਭਾਵਿਤ ਹਾਂ’।

ਦੇਸ਼ ਦੀ ਅਜ਼ਾਦੀ ਮਗਰੋਂ ਜੰਮੂ ਕਸ਼ਮੀਰ ਦੀ ਧਰਤੀ ‘ਤੇ ਉਤਰਣ ਵਾਲੇ ਭਾਰਤੀ ਹਵਾਈ ਸੈਨਾ ਦੇ ਪਹਿਲੇ ਪਾਇਲਟ ਸਨ ਵਿੰਗ ਕਮਾਂਡਰ ਮੇਹਰ ਸਿੰਘ। ਭਾਰਤੀ ਹਵਾਈ ਸੈਨਾ ਦਾ ਪਹਿਲਾ ਜਹਾਜ਼ ਉਹਨਾਂ ਪੁੰਛ ਹਵਾਈ ਅੱਡੇ ‘ਤੇ ਉਤਾਰਿਆ। ਅਜ਼ਾਦੀ ਪਿਛੋਂ ਨਵੇਂ ਬਣੇ ਭਾਰਤ ਸਾਹਮਣੇ ਪਹਿਲੀ ਚੁਣੌਤੀ ਕੁਝ ਹੀ ਮਹੀਨਿਆਂ ਵਿਚ ਪਾਕਿਸਤਾਨੀ ਕਬਾਇਲੀਆਂ (ਆਦਿਵਾਸੀਆਂ) ਵੱਲੋਂ ਕਸ਼ਮੀਰ ਉੱਤੇ ਕੀਤੀ ਗਈ ਹਮਲੇ ਦੀ ਕੋਸ਼ਿਸ਼ ਸੀ। ਇਸ ਹਮਲੇ ਨੂੰ ਨਾਕਾਮ ਕਰਨ ਵਿਚ ਸਭ ਤੋਂ ਵੱਡਾ ਹੱਥ ਭਾਰਤੀ ਹਵਾਈ ਸੈਨਾ ਦਾ ਸੀ। ਹਵਾਈ ਸੈਨਾ ਦਾ ਇਤਿਹਾਸ ਮੇਹਰ ਸਿੰਘ ਦੀ ਅਗਵਾਈ ਨੂੰ ਹੀ ਇਸ ਪ੍ਰਾਪਤੀ ਦਾ ਜ਼ਿੰਮੇਵਾਰ ਦੱਸਦਾ ਹੈ।

27 ਸਤੰਬਰ 1948 ਵਿਚ ਮੇਹਰ ਸਿੰਘ ਨੇ ਹਵਾਈ ਸੈਨਾ ਦੇ ਕੁਝ ਉਚ ਅਧਿਕਾਰੀਆਂ ਨਾਲ ਵਿਵਾਦ ਅਤੇ ਮੱਤਭੇਦ ਦੇ ਚਲਦਿਆਂ ਭਾਰਤੀ ਹਵਾਈ ਸੈਨਾ ਤੋਂ ਅਸਤੀਫਾ ਦੇ ਦਿੱਤਾ। ਸੇਵਾ-ਮੁਕਤ ਹੋਣ ਤੋਂ ਬਾਅਦ ਉਹਨਾਂ ਨੇ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਨਿਜੀ ਸਲਾਹਕਾਰ ਵਜੋਂ ਸੇਵਾ ਨਿਭਾਈ। ਮੇਹਰ ਬਾਬਾ ਨੂੰ ਮਹਾਂ ਵੀਰ ਚੱਕਰ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।

16 ਮਾਰਚ 1952 ਨੂੰ ਮੇਹਰ ਸਿੰਘ ਇਕ ਜਹਾਜ਼ ਨੂੰ ਜੰਮੂ ਤੋਂ ਦਿੱਲੀ ਲਿਜਾ ਰਹੇ ਸਨ ਤਾਂ ਉਹਨਾਂ ਦਾ ਜਹਾਜ਼ ਤੁਫਾਨ ਵਿਚ ਘਿਰ ਗਿਆ ਅਤੇ ਹਾਦਸਾਗ੍ਰਸਤ ਹੋ ਗਿਆ। ਇਹ ਉਡਾਨ ਉਹਨਾਂ ਦੀ ਆਖਰੀ ਉਡਾਨ ਹੋ ਨਿਬੜੀ। ਭਾਰਤੀ ਹਵਾਈ ਸੈਨਾ ਦੇ ਇਤਿਹਾਸ ਦਾ ਇਹ ਸੂਰਮਾ ਆਪਣੇ 37ਵੇਂ ਜਨਮ ਦਿਨ ਤੋਂ 4 ਦਿਨ ਪਹਿਲਾਂ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। 

37 ਸਾਲ ਦੀ ਭਰ ਜਵਾਨੀ ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਮੇਹਰ ਬਾਬਾ ਨੇ ਥੋੜੇ ਸਮੇਂ ਵਿਚ ਹੀ ਅਜਿਹੇ ਕਾਰਨਾਮੇ ਕੀਤੇ ਕਿ ਭਾਰਤੀ ਹਵਾਈ ਸੈਨਾ ਅੱਜ ਵੀ ਉਹਨਾਂ ਨੂੰ ਇਕ ਮਿਸਾਲ ਮੰਨਦੀ ਹੈ। ਭਾਰਤੀ ਹਵਾਈ ਸੈਨਾ ਦੇ ਹਰ ਛੋਟੇ ਤੋਂ ਵੱਡੇ ਅਫਸਰ ਨੂੰ ਮੇਹਰ ਬਾਬਾ ਦੀਆਂ ਪ੍ਰਾਪਤੀਆਂ ਬਾਰੇ ਪਤਾ ਹੈ। ਉਹਨਾਂ ਬਾਰੇ ਗੱਲ ਕਰਦਿਆਂ ਇੱਜ਼ਤ ਅਤੇ ਮਾਣ ਵੱਡੇ ਵੱਡੇ ਅਫਸਰਾਂ ਦੇ ਸ਼ਬਦਾਂ ਅਤੇ ਚਿਹਰਿਆਂ ਉਤੇ ਸਾਫ ਝਲਕਦਾ ਹੈ। ਕਿਹਾ ਜਾਂਦਾ ਹੈ ਕਿ ਹਵਾਈ ਸੈਨਾ ਵਿਚ ਭਰਤੀ ਹੋਣ 'ਤੇ ਹਰ ਪਾਇਲਟ ਨੂੰ ਮੇਹਰ ਬਾਬਾ ਬਾਰੇ ਦੱਸਿਆ ਜਾਂਦਾ ਹੈ। ਲੋੜ ਹੈ ਆਉਣ ਵਾਲੀ ਪੀੜ੍ਹੀ ਨੂੰ ਇਸ ਮਾਣ-ਮੱਤੇ ਸਿੱਖ ਬਾਰੇ ਜਾਣੂ ਕਰਾਉਣ ਦੀ।

ਅਦਾਰਾ ਸਪੋਕਸਮੈਨ ਵੱਲੋਂ ਕਮਲਜੀਤ ਕੌਰ ਅਤੇ ਰਵਿਜੋਤ ਕੌਰ                                                                                                                            

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement