
ਭਾਰਤੀ ਏਅਰਫੋਰਸ ਦੇ ਸਭ ਤੋਂ ਸੀਨੀਅਰ ਤੇ ਫ਼ਾਈਵ ਸਟਾਰ ਰੈਂਕ ਤੱਕ ਪੁੱਜਣ ਵਾਲੇ ਇੱਕੋ ਇੱਕ ਅਫ਼ਸਰ ਸਨ...
ਚੰਡੀਗੜ੍ਹ : ਪਾਕਿਸਤਾਨ ਦੇ ਲਾਇਲਪੁਰ ਜੋ ਕਿ ਹੁਣ ਫ਼ੈਸਲਾਬਾਦ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਵਿਚ ਜਲ੍ਹਿਆਂਵਾਲੇ ਸਾਕੇ ਤੋਂ ਅਗਲੇ ਦਿਨ, 15 ਅਪ੍ਰੈਲ 1919 ਨੂੰ ਭਾਰਤ ਦੇ ਹਵਾਈ ਏਅਰ ਮਾਰਸ਼ਲ ਸਰਦਾਰ ਅਰਜਨ ਸਿੰਘ ਦਾ ਜਨਮ ਹੋਇਆ ਸੀ। ਅਰਜਨ ਸਿੰਘ ਜੀ ਦਾ ਪਰਵਾਰ ਫ਼ੌਜ ਵਿਚ ਭਰਤੀ ਹੋਣ ਦਾ ਇਤਿਹਾਸ ਰਚਦਾ ਹੈ। ਉਨ੍ਹਾਂ ਦੇ ਪਿਤਾ ਦੇ ਅਤੇ ਦਾਦੇ-ਪੜਦਾਦੇ ਅੰਗਰੇਜ਼ ਫ਼ੌਜ ਵਿਚ ਰਹੇ ਸਨ। ਤਿੰਨ ਪੀੜ੍ਹੀਆਂ ਤੋਂ ਫ਼ੌਜ ਦੇ ਹੇਠਲੇ ਦਰਜਿਆਂ ‘ਤੇ ਕੰਮ ਕਰ ਰਹੇ ਇਸ ਪਰਵਾਰ ਵਿਚੋਂ ਅਰਜਨ ਸਿੰਘ ਜੀ ਅਫ਼ਸਰ ਬਣਨ ਵਾਲੇ ਪਹਿਲੇ ਸਨ।
Air Marshal Arjan Singh
ਉਨ੍ਹਾਂ ਦਾ ਵਿਆਹ ਤੇਜ਼ੀ ਸਿੰਘ ਨਾਲ ਹੋਇਆ ਜਿਨ੍ਹਾਂ ਨਾਲ ਉਨ੍ਹਾਂ 63 ਦਾ ਵਿਅਹੁਤਾ ਜੀਵਨ ਬਤੀਤ ਕੀਤਾ। ਉਨ੍ਹਾਂ ਦੇ ਤਿੰਨ ਬੱਚੇ ਹੋਏ, ਅੱਜ ਦੀ ਅਦਾਕਾਰਾ ਮੰਦਿਰਾ ਬੇਦੀ ਉਨ੍ਹਾਂ ਦੀ ਕਰੀਬੀ ਰਿਸ਼ਤੇਦਾਰ ਹੈ। ਅਰਜਨ ਸਿੰਘ ਜੀ ਨੇ ਮਿੰਟਗੁਮਰੀ ਤੋਂ ਪੜ੍ਹਾਈ ਕੀਤੀ ਤੇ ਬਾਅਦ ਵਿਚ ਰਾਇਲ ਏਅਰ ਫੋਰਸ ਕਾਲਜ ਕ੍ਰੈਨਵੈਲ ਵਿਚ 1938 ‘ਚ ਦਾਖਲਾ ਲਿਆ। ਦਸੰਬਰ 1939 ਵਿਚ ਅਰਜਨ ਸਿੰਘ ਜੀ ਨੂੰ ਪਾਇਲਟ ਵਜੋਂ ਭਰਤੀ ਕੀਤਾ ਗਿਆ। 1943 ਵਿਚ ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਇਕ ਨੰਬਰ ਸਕੁਆਡਰਨ ਦਾ ਸਕੁਆਡਰਨ ਲੀਡਰ ਨਿਯੁਕਤ ਕੀਤਾ ਗਿਆ।
Air Marshal Arjan Singh
ਉਨ੍ਹਾਂ ਜੰਗ ਦੌਰਾਨ ਅਪਣੀ ਸਕੁਆਡਰਨ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਨੂੰ ਡਿਸਟਿੰਗੁਇਸ਼ਡ ਫਲਾਇੰਗ ਕਰਾਸ (DFC) ਨਾਲ ਸਨਮਾਨਿਤ ਕੀਤਾ ਗਿਆ। 1945 ਵਿਚ ਅਰਜਨ ਸਿੰਘ ਜੀ ਦਾ ਕੋਰਟ ਮਾਰਸ਼ਲ ਹੋ ਚਲਿਆ ਸੀ ਜਦੋਂ ਉਨ੍ਹਾਂ ਨੇ ਇਕ ਟ੍ਰੇਨੀ ਪਾਇਲਟ ਨੂੰ ਕੇਰਲਾ ਦੇ ਰਿਹਾਇਸ਼ੀ ਇਲਾਕੇ ਉਪਰੋਂ ਇਕ ਨੀਵਾਂ ਏਅਰ ਪਾਸ ਕਰਕੇ ਦਿਖਾਇਆ। ਉਨ੍ਹਾਂ ਅਪਣੇ ਬਚਾਅ ਵਿਚ ਕਿਹਾ ਕਿ ਅਜਿਹੀਆਂ ਕਾਰਵਾਈਆਂ ਹਰੇਕ ਫਾਈਟਰ ਪਾਇਲਟ ਦੀ ਸਿੱਖਿਆ ਵਾਸਤੇ ਜਰੂਰੀ ਹੁੰਦੇ ਹਨ। ਇਸੇ ਸਾਲ ਉਨ੍ਹਾਂ ਭਾਰਤੀ ਹਵਾਈ ਫ਼ੌਜ ਦੀ ਐਗਜ਼ੀਬੀਸ਼ਨ ਉਡਾਨ ਭਰੀ।
Air Chief Marshal Arjan Singh
1947 ਵਿਚ 15 ਅਗਸਤ ਨੂੰ ਦੇਸ਼ ਦੀ ਆਜ਼ਾਦੀ ਸਮੇਂ ਵਿੰਗ ਕਮਾਂਡਰ ਅਰਜਨ ਸਿੰਘ ਨੇ ਰਾਇਲ ਇੰਡੀਅਨ ਏਅਰ ਫੋਰਸ ਦੇ ਜਹਾਜ਼ ਦੀ ਦਿੱਲੀ ਦੇ ਲਾਲ ਕਿਲੇ ਉਤੋਂ ਪਹਿਲੀ ਭਰੀ। 1 ਸਤੰਬਰ 1965 ਨੂੰ ਜਦੋਂ ਪਾਕਿਸਤਾਨ ਨੇ ਹਮਲਾ ਕੀਤਾ, ਤਾਂ ਛੰਬ 'ਚ ਉਸ ਵੇਲੇ ਭਾਰਤੀ ਫੌਜ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫੌਜ ਦੇ ਕੋਲ ਰਿਜ਼ਰਵ ਫੋਰਸ ਨਹੀਂ ਸੀ। ਉਸ ਵੇਲੇ ਦੇ ਰੱਖਿਆ ਮੰਤਰੀ ਯਸ਼ਵੰਤ ਰਾਓ ਚਵਾਨ ਨੇ ਅਰਜਨ ਸਿੰਘ ਨੂੰ ਕਿਹਾ ਕਿ, ''ਏਅਰ ਚੀਫ਼ ਕੁਝ ਕਰੋ।'' ਅਰਜਨ ਸਿੰਘ ਨੇ ਕਿਹਾ, ''ਤੁਸੀਂ ਹੁਕਮ ਦਿਓ ਤਾਂ ਮੈਂ ਕੁਝ ਕਰਾਂ।''
Air Marshal Arjan Singh with Paki Air Chief
ਰੱਖਿਆ ਮੰਤਰੀ ਦੇ ਹੁਕਮ ਦਿੰਦਿਆ ਹੀ 40 ਮਿੰਟਾਂ 'ਚ ਅਰਜਨ ਸਿੰਘ ਨੇ ਪਠਾਨਕੋਟ ਤੋਂ 12 ਵੈਂਪਾਇਰ ਲੜਾਕੂ ਜਹਾਜ਼ਾਂ ਨੂੰ ਹਮਲੇ ਲਈ ਤਿਆਰ ਕੀਤਾ। ਦੁਸ਼ਮਣਾਂ ਨੂੰ ਉਨ੍ਹਾਂ ਕਰਾਰਾ ਜਵਾਬ ਦਿੱਤਾ। ਅਰਜਨ ਸਿੰਘ 1 ਅਗਸਤ 1964 ਤੋਂ 15 ਜੁਲਾਈ 1969 ਤੱਕ ਚੀਫ਼ ਆਫ਼ ਏਅਰ ਸਟਾਫ਼ ਰਹੇ। 1965 ਵਿਚ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ। ਚੀਫ਼ ਆਫ਼ ਏਅਰ ਸਟਾਫ਼ ਬਣਨ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 45 ਸਾਲ ਸੀ। ਆਮ ਤੌਰ ‘ਤੇ ਚੀਫ਼ ਆਫ਼ ਏਅਰ ਸਟਾਫ਼ ਦਾ ਕਾਰਜ਼ਕਾਲ ਢਾਈ ਤੋਂ ਤਿੰਨ ਸਾਲ ਦਾ ਹੁੰਦਾ ਹੈ।
Air marshal Arjan singh with Pakistani Air Marshal Noor Khan
ਪਰ ਅਰਜਨ ਸਿੰਘ ਜੀ ਨੇ ਇਹ ਸੇਵਾ ਪੰਜ ਸਾਲ ਨਿਭਾਈ। ਅਰਜਨ ਸਿੰਘ ਜੀ ਭਾਰਤੀ ਹਵਾਈ ਫ਼ੌਜ ਦੇ ਅਜਿਹੇ ਪਹਿਲੇ ਚੀਫ਼ ਆਫ਼ ਏਅਰ ਸਟਾਫ਼ ਬਣੇ ਜਿਨ੍ਹਾਂ ਨੂੰ ਤਰੱਕੀ ਦੇ ਕੇ ਏਅਰ ਚੀਫ਼ ਮਾਰਸ਼ਲ ਤੋਂ ਏਅਰ ਮਾਰਸ਼ਲ ਬਣਾਇਆ ਗਿਆ। ਇਹ 1965 ਦੀ ਜੰਗ ਵਿਚ ਉਨ੍ਹਾਂ ਦੇ ਪਾਏ ਯੋਗਦਾਨ ਦਾ ਸਦਕਾ ਸੀ। ਏਅਰ ਮਾਰਸ਼ਲ ਅਰਜਨ ਸਿੰਘ 50 ਸਾਲ ਦੀ ਉਮਰ ‘ਤੇ 1970 ਵਿਚ ਸੇਵਾ ਮੁਕਤ ਹੋ ਗਏ। ਸੇਵਾ ਮੁਕਤੀ ਤੋਂ ਬਾਅਦ 1971 ਵਿਚ ਏਅਰ ਮਾਰਸ਼ਲ ਅਰਜਨ ਸਿੰਘ ਜੀ ਨੂੰ ਸਵਿਟਜ਼ਰਲੈਂਡ ਅਤੇ ਵੈਟੀਕਨ ਵਿੱਚ ਭਾਰਤ ਦੇ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ।
Air Chief Arjan Singh
1974 ਤੋਂ 1977 ਤੱਕ ਉਨ੍ਹਾਂ ਨੂੰ ਭਾਰਤ ਵੱਲੋਂ ਕੀਨੀਆ ਵਿਖੇ ਹਾਈ ਕਮਿਸ਼ਨਰ ਬਣਾ ਕੇ ਭੇਜਿਆ ਗਿਆ। ਇਸਦੇ ਨਾਲ ਹੀ ਉਹ 1975 ਤੋਂ 1981 ਤੱਕ ਘੱਟ ਗਿਣਤੀਆਂ ਲਈ ਕੌਮੀ ਕਮਿਸ਼ਨ ਦੇ ਮੈਂਬਰ ਵੀ ਰਹੇ। ਇਸ ਤੋਂ ਬਾਅਦ ਦਸੰਬਰ 1989 ਤੋਂ ਦਸੰਬਰ 1990 ਤੱਕ ਉਹ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਵੀ ਰਹੇ। ਜਨਵਰੀ ਸਾਲ 2002 ਵਿਚ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ‘ਮਾਰਸ਼ਲ ਆਫ਼ ਦ ਇੰਡੀਅਨ ਏਅਰ ਫੋਰਸ’ ਦਾ ਸਨਮਾਨ ਦਿੱਤਾ ਗਿਆ। ਭਾਰਤੀ ਹਵਾਈ ਫ਼ੌਜ ਦੇ ਇਤਿਹਾਸ ਵਿਚ ਇਹ ਸਨਮਾਨ ਪਾਉਣ ਵਾਲੇ ਇਕਲੌਤੇ ਹਨ।
Air Marshal Arjan Singh
ਫੌਜ 'ਚ ਅਸੀਂ ਦੇਖਦੇ ਹਾਂ ਕਿ 2 ਫ਼ੀਲਡ ਮਾਰਸ਼ਲ ਸਨ, ਇੱਕ ਕੇਐਮ ਕਰਿਅੱਪਾ ਸੀ ਤੇ ਦੂਜੇ ਸੈਮ ਮਾਨੇਕਸ਼ਾਅ। ਏਅਰਫੋਰਸ 'ਚ ਇੱਕ ਹੀ ਸੀ, ਮਾਰਸ਼ਲ ਅਰਜਨ ਸਿੰਘ। ਮਾਰਸ਼ਲ ਅਰਜਨ ਸਿੰਘ ਦੇ ਸਨਮਾਨ ਵਿਚ ਪੱਛਮੀ ਬੰਗਾਲ ਦੇ ਪਾਨਾਗੜ੍ਹ ਏਅਰ ਫੋਰਸ ਦੇਸ਼ ਦਾ ਨਾਮ ਪਿਛਲੇ ਸਾਲ ਬਦਲ ਕੇ ਏਅਰ ਫੋਰਸ ਸਟੇਸ਼ਨ ਅਰਜਨ ਸਿੰਘ ਰੱਖਿਆ ਗਿਆ। ਭਾਰਤੀ ਏਅਰਫੋਰਸ ਨੂੰ ਆਧੁਨਿਕ ਬਣਾਉਣ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਹੀ ਬੱਝਦਾ ਹੈ। ਉਹ ਭਾਰਤੀ ਏਅਰਫੋਰਸ ਨੂੰ ਸੁਪਰਸੋਨਿਕ ਦੁਨੀਆਂ 'ਚ ਲੈ ਗਏ।
Air Chief Marshal Arjan Singh
ਅਰਜਨ ਸਿੰਘ ਦੇ ਯੋਗਦਾਨ ਸਦਕਾ ਹੀ ਅੱਜ ਭਾਰਤੀ ਏਅਰਫੋਰਸ ਨੂੰ ਦੁਨੀਆ ਦੀ ਤਾਕਤਵਰ ਫ਼ੌਜਾਂ ਵਿਚ ਗਿਣਿਆ ਜਾਂਦਾ ਹੈ। ਸ. ਅਰਜਨ ਸਿੰਘ ਜੀ ਦੀਆਂ ਦੇਸ਼ ਭਗਤੀ ਅਤੇ ਲੋਕ ਭਲਾਈ ਦੀਆਂ ਉਡਾਰੀਆਂ ਵੀ ਆਮ ਬੰਦੇ ਦੀ ਸੋਚ ਤੋਂ ਪਰੇ ਦੀ ਗੱਲ ਹੈ। ਜੁਲਾਈ 2015 ਵਿਚ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੇ ਮ੍ਰਿਤਕ ਦੇਹ ਨੂੰ ਰਾਸ਼ਟਰੀ ਸਨਮਾਨ ਦੇਣ ਮਾਰਸ਼ਲ ਅਰਜਨ ਸਿੰਘ 96 ਸਾਲ ਦੀ ਉਮਰ ਵਿਚ ਵ੍ਹੀਲਚੇਅਰ ‘ਤੇ ਪੁੱਜੇ। 98 ਸਾਲ ਉਮਰ ਤੱਕ ਵੀ ਉਹ ਦਿੱਲੀ ਗੋਲਫ਼ ਕਲੱਬ ਵਿਚ ਖੇਡਣ ਜਾਂਦੇ ਰਹੇ।
Air Chief Marshal Arjan Singh
16 ਸਤੰਬਰ 2017 ਨੂੰ ਤੜਕੇ ਸਵੇਰੇ ਹਾਰਟ ਅਟੈਕ ਦੇ ਚਲਦਿਆ ਮਾਰਸ਼ਲ ਅਰਜਨ ਸਿੰਘ ਫ਼ੌਜੀ ਹਸਪਤਾਲ ਲਿਜਾਇਆ ਗਿਆ। ਸ਼ਾਮ ਦੇ 7:47 ਵਜੇ ਉਨ੍ਹਾਂ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤੀ। ਉਨ੍ਹਾਂ ਦਾ 18 ਸਤੰਬਰ ਨੂੰ ਪੂਰੇ ਰਾਸ਼ਟਰੀ ਸਨਮਾਨਾਂ ਨਾਲ ਨਵੀਂ ਦਿੱਲੀ ਦੇ ਬਰਾੜ ਚੌਂਕ ‘ਤੇ ਅੰਤਿਮ ਸੰਸਕਾਰ ਕੀਤਾ ਗਿਆ। ਜਿਸ ਵਿਚ ਭਾਰਤੀ ਹਵਾਈ ਫ਼ੌਜ ਦੇ ਫ਼ਾਇਟਰ ਜੈਟ ਅਤੇ ਹੈਲੀਕਾਪਟਰ ਵੀ ਸ਼ਾਮਲ ਸਨ। ਭਾਰਤੀ ਹਵਾਈ ਫ਼ੌਜ ਦੇ ਇਸ ਬੇਮਿਸਾਲ ਹੀਰੋ ਦੀ ਕਹਾਣੀ ਘਰ-ਘਰ ਪਹੁੰਚਣੀ ਚਾਹੀਦੀ ਹੈ। ਮਾਰਸ਼ਲ ਅਰਜਨ ਸਿੰਘ ਨੂੰ ਸਾਡਾ ਕੋਟਿ-ਕੋਟਿ ਪ੍ਰਣਾਮ।