
ਕੈਨੇਡਾ ਨੇ ਰੱਖਿਆ ਬੁੱਕਮ ਸਿੰਘ ਦੇ ਨਾਂਅ ’ਤੇ ਸਕੂਲ ਦਾ ਨਾਂਅ
ਬਰੈਂਪਟਨ: ਸਿੱਖਾਂ ਨੇ ਅਪਣੀ ਦਲੇਰੀ ਤੇ ਅਪਣੇ ਕਿਰਦਾਰ ਸਦਕਾ ਕਈ ਵੱਡੇ ਮੁਕਾਮ ਹਾਸਲ ਕੀਤੇ ਹਨ। ਇਸ ਦੇ ਸਦਕਾ ਹੀ ਦੁਨੀਆ ਉਨ੍ਹਾਂ ਦਾ ਲੌਹਾ ਮੰਨਦੀ ਹੈ ਤੇ ਉਨ੍ਹਾਂ ਦਾ ਬਣਦਾ ਸਤਿਕਾਰ ਵੀ ਕੀਤਾ ਜਾਂਦਾ ਹੈ। ਅਜਿਹਾ ਹੀ ਸਤਿਕਾਰ ਹੁਣ ਕੈਨੇਡਾ ਸਰਕਾਰ ਨੇ ਅਪਣੀ ਫ਼ੌਜ ਵਿਚ ਰਹੇ ਸਿੱਖ ਫ਼ੌਜੀ ਬੁੱਕਮ ਸਿੰਘ ਨੂੰ ਦਿਤਾ ਹੈ। ਸਰਕਾਰ ਨੇ ਬਰੈਂਪਟਨ ਐਲੀਮੈਂਟਰੀ ਸਕੂਲ ਦਾ ਨਾਮ ਇਸ ਸਿੱਖ ਫ਼ੌਜੀ ਦੇ ਨਾਮ ‘ਤੇ ਰੱਖਣ ਦਾ ਐਲਾਨ ਕੀਤਾ ਹੈ।
Buckam Singh
ਅਜਿਹਾ ਪਹਿਲੀ ਵਾਰ ਹੈ ਜਦੋਂ ਕੈਨੇਡਾ ਦੇ ਸਰਕਾਰੀ ਸਕੂਲ ਦਾ ਨਾਂਅ ਕਿਸੇ ਸਿੱਖ ਦੇ ਨਾਂਅ ’ਤੇ ਰੱਖਿਆ ਜਾ ਰਿਹਾ ਹੋਵੇ। ਇਸ ਦਾ ਐਲਾਨ ਪੀਲ ਜ਼ਿਲ੍ਹਾ ਸਕੂਲ ਬੋਰਡ ਵਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੁੱਕਮ ਸਿੰਘ ਪਹਿਲੇ ਸਿੱਖ ਸਨ ਜੋ ਕੈਨੇਡਾ ਦੀ ਫ਼ੌਜ ਵਿਚ ਪਹਿਲੇ ਵਿਸ਼ਵ ਯੁੱਧ ਦੌਰਾਨ ਭਰਤੀ ਹੋਏ ਸਨ। ਬੁੱਕਮ ਸਿੰਘ 14 ਸਾਲ ਦੀ ਉਮਰ ਵਿਚ ਸਾਲ 1907 ਦੌਰਾਨ ਕੈਨੇਡਾ ਪਹੁੰਚੇ ਸਨ। ਉਸ ਸਮੇਂ ਕੈਨੇਡਾ ਸਰਕਾਰ ਵਲੋਂ ਦੱਖਣੀ ਏਸ਼ਿਆਈ ਪ੍ਰਵਾਸੀਆਂ ਦਾ ਵਿਰੋਧ ਕੀਤਾ ਗਿਆ ਸੀ।
ਲੇਬਰ ਦੀ ਘਾਟ ਕਾਰਨ ਬ੍ਰਿਟਿਸ਼ ਕੋਲੰਬੀਆਂ ਨੇ ਸਿੱਖ ਮਜ਼ਦੂਰਾਂ ਨੂੰ ਭਰਤੀ ਕਰ ਲਿਆ। ਬੁੱਕਮ ਸਿੰਘ ਨੂੰ ਅਪਣੇ ਪਰਵਾਰ ਤੋਂ ਕੈਨੇਡਾ ਦੀਆਂ ਨੀਤੀਆਂ ਕਾਰਨ ਜ਼ਬਰਦਸਤੀ ਵੱਖ ਹੋਣਾ ਪਿਆ। ਉਸ ਨੇ 20ਵੀਂ ਕੈਨੇਡੀਅਨ ਇਨਫ਼ੈਂਟਰੀ ਬਟਾਲੀਅਨ ਵਿਚ ਹੁੰਦੇ ਹੋਏ ਫਲੈਂਡਰਜ਼ ਦੇ ਯੁੱਧ ਮੈਦਾਨ ਵਿਚ ਸਾਲ 1916 ਦੀ ਲੜਾਈ ਵਿਚ ਹਿੱਸਾ ਲਿਆ ਅਤੇ ਦੋ ਵਾਰ ਜ਼ਖ਼ਮੀ ਵੀ ਹੋਇਆ। ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਵਾਪਸ ਕੈਨੇਡਾ ਭੇਜ ਦਿਤਾ ਗਿਆ ਜਿੱਥੇ ਆਉਣ ਤੋਂ ਪਹਿਲਾਂ ਉਸ ਦੀ ਟੀਬੀ ਦਾ ਆਪਰੇਸ਼ਨ ਹੋ ਚੁੱਕਿਆ ਸੀ।
Buckam Singh
ਉਨ੍ਹਾਂ ਦੀ ਮੌਤ ਓਂਟਾਰੀਓ ਦੇ ਕਿਚਨਰ ਵਿਖੇ ਸਾਲ 1919 ਵਿਚ ਹੋਈ। ਮਰਦੇ ਸਮੇਂ ਉਨ੍ਹਾਂ ਕੋਲ ਨਾ ਤਾਂ ਉਨ੍ਹਾਂ ਦਾ ਪਰਵਾਰ ਸੀ ਅਤੇ ਨਾ ਹੀ ਕੋਈ ਮਿੱਤਰ ਸੀ। ਉਨ੍ਹਾਂ ਨੂੰ ਪੂਰੇ ਕੈਨੇਡੀਅਨ ਫ਼ੌਜੀ ਸਨਮਾਨ ਨਾਲ ਦਫ਼ਨਾਇਆ ਗਿਆ। ਬਰੈਂਪਟਨ ਦੇ ਵਾਰਡ ਨੰ. 9 ਤੇ 10 ਦੀ ਟਰੱਸਟੀ ਬਲਬੀਰ ਸੋਹੀ ਵਲੋਂ ਜਾਰੀ ਕੀਤੇ ਗਏ ਬਿਆਨ ਵਿਚ ਦੱਸਿਆ ਗਿਆ ਕਿ ਬਰੈਂਪਟਨ ਦੇ ਟਰੱਸਟੀਜ਼ ਵਲੋਂ ਇਕ ਨਵੇਂ ਐਲੀਮੈਂਟਰੀ ਸਕੂਲ ਦਾ ਨਾਂਅ ਬੁੱਕਮ ਸਿੰਘ ਦੇ ਨਾਂਅ ’ਤੇ ਰੱਖਣ ਦੀ ਮੰਜ਼ੂਰੀ ਦੇ ਦਿਤੀ ਗਈ ਹੈ।
ਬੁੱਕਮ ਸਿੰਘ ਕੈਨੇਡੀਅਨ ਫ਼ੌਜ ਵਿਚ ਭਰਤੀ ਹੋਣ ਵਾਲੇ ਪਹਿਲੇ ਸਿੱਖ ਸਨ। ਅਪਣੀ ਸੇਵਾ ਅਤੇ ਲਗਨ ਨਾਲ ਉਨ੍ਹਾਂ ਨਾ ਸਿਰਫ਼ ਸਿੱਖ ਭਾਈਚਾਰੇ ਲਈ ਬਲਕਿ ਪੂਰੇ ਕੈਨੇਡਾ ਲਈ ਇਕ ਮਿਸਾਲ ਕਾਇਮ ਕੀਤੀ।