
ਇੰਦਰਜੀਤ ਹਸਨਪੁਰੀ ਦਾ ਵੀ ‘ਗੜਵਾ ਚਾਂਦੀ ਦਾ’ ਤਖ਼ੱਲਸ ਬਣ ਗਿਆ। ਇਸ ਗੀਤ ਨੇ ਹਸਨਪੁਰੀ ਨੂੰ ਤਾਂ ਗੀਤਕਾਰੀ ਦੇ ਅਸਮਾਨ ’ਤੇ ਪਹੁੰਚਾਇਆ
ਕੁੱਝ ਗੀਤ ਇੰਨੇ ਮਕਬੂਲ ਹੋ ਜਾਂਦੇ ਹਨ ਕਿ ਉਹ ਗੀਤਕਾਰ ਅਤੇ ਗਾਇਕਾ ਲਈ ਤਖ਼ੱਲਸ ਬਣ ਜਾਂਦੇ ਹਨ। ਜਿਨ੍ਹਾਂ ਵਿਚੋਂ ਇੰਦਰਜੀਤ ਹਸਨਪੁਰੀ ਦਾ ਵੀ ‘ਗੜਵਾ ਚਾਂਦੀ ਦਾ’ ਤਖ਼ੱਲਸ ਬਣ ਗਿਆ। ਇਸ ਗੀਤ ਨੇ ਹਸਨਪੁਰੀ ਨੂੰ ਤਾਂ ਗੀਤਕਾਰੀ ਦੇ ਅਸਮਾਨ ’ਤੇ ਪਹੁੰਚਾਇਆ ਹੀ, ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦੀ ਪ੍ਰਸਿੱਧੀ ਨੂੰ ਵੀ ਕਿਤੇ ਦੀ ਕਿਤੇ ਪਹੁੰਚਾ ਦਿਤਾ ਸੀ। ਇਸੇ ਗੀਤ ਦੀ ਬਦੌਲਤ ਹੀ ਹਸਨਪੁਰੀ ਦੀ ਅੰਤਰਰਾਸ਼ਟਰੀ ਪਛਾਣ ਬਣੀ ।
ਜੇ ਮੁੰਡਿਆਂ ਸਾਡੀ ਤੋਰ ਤੂੰ ਦੇਖਣੀ
ਗੜਵਾ ਲੈ ਦੇ ਚਾਂਦੀ ਦਾ
ਲੱਕ ਹਿਲੇ ਮਜਾਜਣ ਜਾਂਦੀ ਦਾ
ਅਸੀ ਕੁੜੀਏ ਨਾ ਤੇਰੀ ਤੋਰ ਨੀ ਵੇਖਣੀ
ਅੱਗ ਲੌਣਾ ਗਡਵਾ ਚਾਂਦੀ ਦਾ
ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ।
ਹਸਨਪੁਰੀ ਦੇ ਘਰ ਦੇ ਮੁੱਖ ਦਰਵਾਜ਼ੇ ’ਤੇ ਲਿਖਿਆ ‘ਗੜਵਾ ਚਾਂਦੀ ਦਾ’ ਵੀ ਉਸ ਦੀ ਵਖਰੀ ਪਛਾਣ ਬਣਾ ਰਿਹਾ ਹੈ । ਇੰਦਰਜੀਤ ਹਸਨਪੁਰੀ ਦਾ ਜਨਮ 20 ਅਗੱਸਤ 1932 ਨੂੰ ਮਾਤਾ ਭਗਵਾਨ ਕੌਰ, ਪਿਤਾ ਜਸਵੰਤ ਸਿੰਘ ਦੇ ਘਰ, ਨਾਨਕਾ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਕਾਲਗੜ੍ਹ ਵਿਚ ਹੋਇਆ। ਇੰਦਰਜੀਤ ਹਸਨਪੁਰੀ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਅੰਤਾਂ ਦੇ ਸੰਘਰਸ਼ ਲੇਖੇ ਲਾਇਆ। ਪੇਂਟਰ ਦੇ ਕੰਮ ਵਿਚੋਂ ਉਨ੍ਹਾਂ ਰੋਟੀ ਲੱਭੀ। ਇਹ ਕੰਮ ਕਰਦਿਆਂ ਵੀ ਉਹ ਸੋਚਾਂ ਵਿਚ ਉਠਦੇ ਗੀਤਾਂ ’ਚ ਰੰਗ ਜ਼ਿਆਦਾ ਭਰਦੇ ਰਹੇ। ਫੇਰ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਜਦੋਂ ਗਾਇਕਾਂ ਨੇ ਅਪਣੀ ਆਵਾਜ਼ ਵਿਚ ਗਾਇਆ ਤਾਂ ਹਸਨਪੁਰੀ ਇਕ ਪ੍ਰਸਿੱਧ ਗੀਤਕਾਰ ਵਜੋਂ ਮਕਬੂਲ ਹੋਏ।
‘ਲੈ ਜਾ ਛੱਲੀਆਂ ਭੁਨਾ ਲਈਂ ਦਾਣੇ’, ‘ਢਾਈ ਦਿਨ ਨਾ ਜਵਾਨੀ ਨਾਲ ਚਲਦੀ ਕੁੜਤੀ ਮਲਮਲ ਦੀ’, ‘ਚਰਖਾ ਮੇਰਾ ਰੰਗਲਾ ਵਿਚ ਸੋਨੇ ਦੀਆਂ ਮੇਖਾਂ’, ‘ਘੁੰਡ ਕੱਢ ਕੇ ਖ਼ੈਰ ਨਾ ਪਾਈਏ’ ਸਮੇਤ ਦਰਜਨਾਂ ਹੋਰ ਗੀਤਾਂ ਦੇ ਬੋਲ ਇਹ ਦਰਸਾਉਣ ਲਈ ਕਾਫ਼ੀ ਹਨ ਕਿ ਇੰਦਰਜੀਤ ਹਸਨਪੁਰੀ ਪੰਜਾਬੀ ਗੀਤਕਾਰੀ ਦਾ ਚਮਕਦਾ ਸਿਤਾਰਾ ਸੀ। ਉਨ੍ਹਾਂ ਨੇ ਰਿਕਾਰਡਾਂ ਵਾਲੇ ਦੌਰ ਵਿਚ ਸੰਗੀਤ ਕੰਪਨੀਆਂ ਦੀਆਂ ਝੋਲੀਆਂ ਭਰਨ ਵਿਚ ਵੱਡਾ ਯੋਗਦਾਨ ਪਾਇਆ ਹੈ।
ਹਸਨਪੁਰੀ ਉਦੋਂ ਦਸ ਕੁ ਸਾਲਾਂ ਦਾ ਸੀ, ਜਦੋਂ ਉਸ ਦੇ ਸਿਰ ਤੋਂ ਪਿਤਾ ਜਸਵੰਤ ਸਿੰਘ ਦਾ ਆਸਰਾ ਲਹਿ ਗਿਆ। ਰੋਜ਼ੀ ਰੋਟੀ ਦੇ ਜੁਗਾੜ ਲਈ ਉਸ ਨੂੰ ਬੜੇ ਪਾਪੜ ਵੇਲਣੇ ਪਏ। ਉਹ ਅਪਣੇ ਤਾਏ ਕੋਲ ਦਿੱਲੀ ਚਲਾ ਗਿਆ। ਉੱਥੇ ਕਾਫ਼ੀ ਸਮਾਂ ਉਨ੍ਹਾਂ ਨਾਲ ਠੇਕੇਦਾਰੀ ਦਾ ਕੰਮ ਕੀਤਾ। ਰੋਜ਼ੀ ਲਈ ਭਾਵੇਂ ਬਹੁਤ ਕੁੱਝ ਕਰਨਾ ਪੈ ਰਿਹਾ ਸੀ, ਪਰ ਉਨ੍ਹਾਂ ਦੀ ਅਸਲ ਸੁਰਤੀ ਸਭਿਆਚਾਰਕ ਖ਼ਿੱਤੇ ਨਾਲ ਜੁੜੀ ਹੋਈ ਸੀ। 1960 ਵਿਚ ਹਸਨਪੁਰੀ ਨੇ ਪਹਿਲੀ ਵਾਰ ਮਾਇਆ ਨਗਰੀ ਮੁੰਬਈ ਵਿਚ ਪੈਰ ਧਰਿਆ। ਇਥੇ ਉਸ ਦਾ ਬੜੇ ਗੀਤਕਾਰਾਂ, ਅਦਾਕਾਰਾਂ ਨਾਲ ਮੇਲ ਹੋਇਆ। ਉਸ ਦੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਸੀ। ਉਸ ਨੇ ਇਥੇ ਪਹਿਲੀ ਵਾਰ ‘ਨਹੀਂ ਰੀਸਾਂ ਪੰਜਾਬ ਦੀਆਂ’ ਫ਼ਿਲਮ ਲਈ ਗੀਤ ਲਿਖੇ, ਜਿਹੜੇ ਮੁਹੰਮਦ ਰਫ਼ੀ ਤੇ ਆਸ਼ਾ ਭੌਂਸਲੇ ਨੇ ਗਾਏ। ਇਨ੍ਹਾਂ ਗੀਤਾਂ ਨੇ ਉਸ ਨੂੰ ਅਜਿਹੀ ਸ਼ੋਹਰਤ ਦਿਤੀ ਕਿ ਫ਼ਿਲਮ ਨਗਰੀ ਵਿਚ ਉਸ ਦੀ ਪਛਾਣ ਹੋਰ ਤੋਂ ਹੋਰ ਗੂੜ੍ਹੀ ਹੁੰਦੀ ਗਈ।
ਹਸਨਪੁਰੀ ਇਸ ਗੱਲੋਂ ਖ਼ੁਸ਼ਕਿਸਮਤ ਰਿਹਾ ਕਿ ਉਸ ਨੂੰ ਸਮਕਾਲੀ ਗੀਤਕਾਰਾਂ ਵਾਂਗ ਅੰਤਲੇ ਵੇਲੇ ਦੁੱਖਾਂ-ਭੁੱਖਾਂ ਨਾਲ ਲੜਨਾ ਨਹੀਂ ਪਿਆ। ਉਸ ਦੀ ਕਲਮ ਨੇ ਉਸ ਨੂੰ ਬੇਪਨਾਹ ਸ਼ੋਹਰਤ ਦਿਤੀ। ਇਕ ਅੰਦਾਜ਼ੇ ਮੁਤਾਬਕ ਹਸਨਪੁਰੀ ਦੇ ਢਾਈ ਕੁ ਹਜ਼ਾਰ ਗੀਤ ਰਿਕਾਰਡ ਹੋਏ, ਜਿਨ੍ਹਾਂ ਵਿਚ ਨਵੇਂ ਗਾਇਕ ਘੱਟ ਤੇ ਉਨ੍ਹਾਂ ਦੇ ਸਮਕਾਲੀ ਗਾਇਕ ਵੱਧ ਸਨ। ਉਨ੍ਹਾਂ ਦੇ ਗੀਤਾਂ ਨੂੰ ਮੁਹੰਮਦ ਰਫ਼ੀ, ਮਹਿੰਦਰ ਕਪੂਰ, ਆਸ਼ਾ ਭੌਂਸਲੇ, ਕੇ.ਦੀਪ-ਜਗਮੋਹਣ ਕੌਰ, ਸੁਰਿੰਦਰ ਕੌਰ, ਹਰਚਰਨ ਗਰੇਵਾਲ, ਨਰਿੰਦਰ ਬੀਬਾ, ਚਾਂਦੀ ਰਾਮ ਚਾਂਦੀ, ਬਖ਼ਸ਼ੀ ਰਾਮ, ਸਵਰਨ ਲਤਾ, ਸੁਰਿੰਦਰ ਛਿੰਦਾ, ਪਾਲੀ ਦੇਤਵਾਲੀਆ ਤੇ ਦਰਜਨਾਂ ਹੋਰ ਗਾਇਕਾਂ ਨੇ ਗਾਇਆ। ਉਨ੍ਹਾਂ ਦਰਜਨ ਤੋਂ ਵੱਧ ਫ਼ਿਲਮਾਂ ਦੇ ਗੀਤ ਲਿਖੇ। ਕਈ ਫ਼ਿਲਮਾਂ ਖ਼ੁਦ ਵੀ ਬਣਾਈਆਂ ਤੇ ਸਾਰੇ ਖੇਤਰਾਂ ਵਿਚ ਇਕੋ ਜਿੰਨੇ ਵਿਚਰਨ ਕਰ ਕੇ ਉਨ੍ਹਾਂ ਨੂੰ ਜਿਥੇ ਉੱਚ ਕੋਟੀ ਦੇ ਗੀਤਕਾਰ ਮੰਨਿਆ ਜਾਂਦਾ ਸੀ, ਉਥੇ ਸਫ਼ਲ ਫ਼ਿਲਮਸਾਜ਼ ਤੇ ਵਿਦਵਾਨ ਕਵੀ ਵਜੋਂ ਵੀ ਉਨ੍ਹਾਂ ਦੀ ਪਛਾਣ ਬਣੀ ਹੋਈ ਸੀ। ‘ਮਨ ਜੀਤੇ ਜਗ ਜੀਤ’, ‘ਦੁੱਖ ਭੰਜਨ ਤੇਰਾ ਨਾਮ’, ‘ਧਰਮਜੀਤ’, ‘ਯਮਲਾ ਜੱਟ’, ‘ਮਾਂ ਦਾ ਲਾਡਲਾ’ ਅਤੇ ‘ਚੋਰਾਂ ਨੂੰ ਮੋਰ’ ਫ਼ਿਲਮਾਂ ਲਈ ਉਨ੍ਹਾਂ ਗੀਤ ਲਿਖੇ। 1975 ਵਿਚ ਉਨ੍ਹਾਂ ਖ਼ੁਦ ‘ਤੇਰੀ ਮੇਰੀ ਇਕ ਜਿੰਦੜੀ’ ਫ਼ਿਲਮ ਦਾ ਨਿਰਮਾਣ ਕੀਤਾ, 1977 ਵਿਚ ਉਨ੍ਹਾਂ ‘ਦਾਜ’ ਫ਼ਿਲਮ ਬਣਾਈ ਤੇ 1979 ਵਿਚ ‘ਸੁਖੀ ਪ੍ਰਵਾਰ’ ਫ਼ਿਲਮ ਤਿਆਰ ਕੀਤੀ।
ਹਸਨਪੁਰੀ ਹੁਰਾਂ ਦਰਜਨ ਦੇ ਕਰੀਬ ਗੀਤਾਂ ਦੀਆਂ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ, ਜਿਨ੍ਹਾਂ ਵਿਚ ‘ਔਸੀਆਂ’, ‘ਜ਼ਿੰਦਗੀ ਦੇ ਗੀਤ’, ‘ਸਮੇਂ ਦੀ ਆਵਾਜ਼’, ‘ਜੋਬਨ ਨਵਾਂ ਨਕੋਰ’, ‘ਰੂਪ ਤੇਰਾ ਰੱਬ ਵਰਗਾ’, ‘ਮੇਰੀ ਜਿਹੀ ਕੋਈ ਜੱਟੀ ਨਾ’, ‘ਗੀਤ ਮੇਰੇ ਮੀਤ’, ‘ਕਿਥੇ ਗਏ ਉਹ ਦਿਨ ਅਸਲਮ’ ਅਤੇ ‘ਮੋਤੀਆਂ ਦੇ ਬਾਗ਼’ ਅਦਿ ਸਨ। ਉਨ੍ਹਾਂ ਨੇ ਕੁੱਝ ਕਵਿਤਾਵਾਂ ਵੀ ਲਿਖੀਆਂ ਜੋ ਕਾਫ਼ੀ ਮਕਬੂਲ ਹੋਈਆਂ।
ਇਕ ਭਗਵਾਨ ਦੇ ਲੱਖਾਂ ਘਰ ਨੇ
ਰਹੇ ਨਾ ਇਕ ਵਿਚ ਵੀ ਭਗਵਾਨ
ਇਕ ਵੀ ਘਰ ਨਾ ਜਿਨ੍ਹਾਂ ਕੋਲੇ
ਇਥੇ ਲੱਖਾਂ ਹੀ ਇਨਸਾਨ
ਤਾਂ ਵੀ ਭਾਰਤ ਦੇਸ਼ ਮਹਾਨ।
ਉਨ੍ਹਾਂ ਨੇ ਅਪਣੀ ਕਵਿਤਾ ਰਾਹੀਂ ਪਖੰਡਵਾਦ ’ਤੇ ਵੀ ਵਿਅੰਗ ਕੀਤਾ ਹੈ।
ਮੈਂ ਤਾਂ ਬੇਬੇ ਸਾਧ ਬਣੂੰਗਾ
ਨਾ ਬਣਨਾ ਪਟਵਾਰੀ, ਮੁਨਸ਼ੀ
ਨਾ ਚੁਕਣੀ ਨੇਤਾ ਦੀ ਝੋਲੀ
ਮੈਂ ਤਾਂ ਬੇਬੇ ਸਾਧ ਬਣੂੰਗਾ
ਪੜ੍ਹਨ ਪੁੜ੍ਹਨ ਦੇ ਮਾਰ ਤੂੰ ਗੋਲੀ
ਮੈਂ ਤਾਂ ਬੇਬੇ ਸਾਧ ਬਣੂੰਗਾ
ਅਖ਼ੀਰ 8 ਅਕਤੂਬਰ 2009 ਨੂੰ ਲੁਧਿਆਣਾ ਵਿਖੇ ਪੰਜਾਬੀ ਬੋਲੀ ਨੂੰ ਸਾਫ਼ ਸੁਥਰੀ ਗਾਇਕੀ ਦੇਣ ਵਾਲੇ ਇੰਦਰਜੀਤ ਹਸਨਪੁਰੀ ਹਮੇਸ਼ਾ ਲਈ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਉਨ੍ਹਾਂ ਵਲੋਂ ਲਿਖੇ ਗੀਤ ਹਮੇਸ਼ਾ ਅਮਰ ਰਹਿਣਗੇ।
-ਕੁਲਦੀਪ ਸਿੰਘ ਸਾਹਿਲ, ਰਾਜਪੁਰਾ।
9417990040